‘ਆਖਿਰ ਕਿਉਂ ਆਬਕਾਰੀ ਅਧਿਕਾਰੀਆਂ ਨੇ ਪਤਾ ਹੁੰਦਿਆਂ ਵੀ ਚੁੱਪ ਵੱਟ ਲਈ !

Spread the love

ਗੈਰਕਾਨੂੰਨੀ ਠੇਕਿਆਂ ਦਾ ਹੜ੍ਹ- 1

ਹਰਿੰਦਰ ਨਿੱਕਾ , ਬਰਨਾਲਾ  22 ਮਈ 2023

     ਜਿਲ੍ਹੇ ਅੰਦਰ ਕੁੱਝ ਆਬਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਥਿਤ ਮਿਲੀਭੁਗਤ ਸਦਕਾ ਗੈਰਕਾਨੂੰਨੀ ਠੇਕਿਆਂ ਦਾ ਹੜ੍ਹ ਆਇਆ ਪਿਆ ਹੈ। ਪਰੰਤੂ ਪਤਾ ਨਹੀਂ ਕਿਉਂ ! ਮਹਿਕਮਾ ਪੁਲਿਸ ਵੱਲੋਂ ਵੀ ਗੈਰਕਾਨੂੰਨੀ ਢੰਗ ਨਾਲ ਸ਼ਰੇਆਮ ਸੜ੍ਹਕਾਂ ਤੇ ਧਰਕੇ ਹੋ ਰਹੀ ਸ਼ਰਾਬ ਦੀ ਵਿਕਰੀ ਨੂੰ ਸਖਤੀ ਨਾਲ ਠੱਲ੍ਹਣ ਦੀ ਬਜਾਏ ,ਦੇਖ ਕੇ ਵੀ ਅਣਦੇਖਿਆਂ ਕੀਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਆਬਕਾਰੀ ਮਹਿਕਮੇ ਦੇ ਜਿੰਨ੍ਹਾਂ ਅਧਿਕਾਰੀਆਂ ਦੀ ਡਿਊਟੀ ਸ਼ਰਾਬ ਦੀ ਵਿਕਰੀ ਲਈ ਤੈਅ ਨਿਯਮ ਅਤੇ ਸਮੇਂ-ਸਮੇਂ ਤੇ ਜ਼ਾਰੀ ਗਾਈਲਲਾਈਨਜ ਦੀ ਪਾਲਣਾ ਕਰਵਾਉਣ ਦੀ ਬਣਦੀ ਹੈ। ਉਹੀਂ ਅਧਿਕਾਰੀ ਸ਼ਰਾਬ ਠੇਕੇਦਾਰਾਂ ਨਾਲ ਮਿਲ ਮਿਲਾ ਕੇ, ਆਪਣੀਆਂ ਜੇਬਾਂ ਭਰਨ ਦੇ ਲਾਲਚ ਵਿੱਚ ਜਿਲ੍ਹੇ ਵਿੱਚ ਗੈਰਕਾਨੂੰਨੀ ਠੇਕਿਆਂ ਰਾਹੀਂ ਹੋ ਰਹੀ ਸ਼ਰਾਬ ਦੀ ਵਿਕਰੀ ਰੋਕਣ ਦੀ ਬਜਾਏ, ਕੋਈ ਕਾਰਵਾਈ ਨਾ ਕਰਕੇ, ਠੇਕੇਦਾਰਾਂ ਨੂੰ ਹੱਲਾਸ਼ੇਰੀ ਦੇ ਰਹੇ ਹਨ।                                 

ਇਹ ਐ ਸ਼ਰਾਬ ਦੇ ਠੇਕਿਆਂ ਸਬੰਧੀ ਜ਼ਾਰੀ ਹਦਾਇਤਾਂ

        ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ 15 ਦਸੰਬਰ  2016 ਵਿੱਚ ਹੁਕਮ ਜ਼ਾਰੀ ਕਰਕੇ ਕਿਹਾ ਸੀ ਕਿ ਨੈਸ਼ਨਲ ਅਤੇ ਸਟੇਟ ਹਾਈਵੇ ਉੱਪਰ ਸ਼ਰਾਬ ਦੇ ਠੇਕਿਆਂ ਨੂੰ ਸੜਕ ਤੋਂ 220 ਮੀਟਰ ਦੂਰ ਖੋਲ੍ਹਿਆ ਜਾਵੇ। ਪਰੰਤੂ ਦੇਸ਼ ਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਨੇ 1 6 ਅਪ੍ਰੈਲ 2017 ਨੂੰ ਜਾਰੀ ਹੁਕਮ ਵਿੱਚ ਲਿਖਿਆ ਕਿ ਇਹ ਦੂਰੀ 500 ਮੀਟਰ ਤੋਂ ਘੱਟ ਨਹੀਂ ਹੋਣੀ ਚਾਹੀਂਦੀ ਹੈ। ਰੋਡ ਟਰਾਂਸਪੋਰਟ ਐਂਡ ਹਾਈਵੇਜ ਮੰਤਰਾਲੇ ਵੱਲੋਂ ਵੀ 1 ਜੂਨ 2017 ਨੂੰ ਨੋਟੀਫਿਕੇਸ਼ਨ ਜ਼ਾਰੀ ਕਰਕੇ, ਸੁਪਰੀਮ ਕੋਰਟ ਦੇ ਹੁਕਮਾਂ ਤੇ ਪੱਕੀ ਮੋਹਰ ਲਾ ਦਿੱਤੀ । ਪਰੰਤੂ ਉੱਚ ਅਦਾਲਤਾਂ ਦੇ ਹੁਕਮਾਂ ਅਤੇ ਮੰਤਰਾਲੇ ਦੀਆਂ ਹਦਾਇਤਾਂ ਦੀ ਪਾਲਣਾ ਕਰਵਾਉਣਾ ਤਾਂ ਆਬਕਾਰੀ ਵਿਭਾਗ / ਪੁਲਿਸ ਅਤੇ ਰੋਡ ਟਰਾਂਸਪੋਰਟ ਐਂਡ ਹਾਈਵੇਜ ਮੰਤਰਾਲੇ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਮੋਢਿਆਂ ਤੇ ਟਿਕੀ ਹੋਈ ਹੈ।                                                     

 ਮੌਕਾ ਦੇਖਿਆ ਤਾਂ ਹੋਇਆ ਹੈਰਾਨੀਜਨਕ ਖੁਲਾਸਾ

    ਬਰਨਾਲਾ ਟੂਡੇ ਦੀ ਟੀਮ ਨੇ ਬਰਨਾਲਾ –ਰਾਏਕੋਟ ਸਟੇਟ ਹਾਈਵੇ ਨੰਬਰ 13 ਤੇ ਖੁੱਲ੍ਹੇ ਠੇਕਿਆਂ ਦਾ ਮੌਕਾ ਵੇਖਿਆ ਤਾਂ ਸ਼ਰਾਬ ਠੇਕੇਦਾਰਾਂ ਅਤੇ ਆਬਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਦਾ ਹੈਰਾਨੀਜਨ ਖੁਲਾਸਾ ਹੋਇਆ। ਬਰਨਾਲਾ ਸ਼ਹਿਰ ਤੋਂ ਬਾਹਰ ਨਿੱਕਲੇ ਤਾਂ ਸਭ ਤੋਂ ਪਹਿਲਾਂ ਸਟੇਟ ਹਾਈਵੇ ਤੇ ਵਜੀਦਕੇ ਖੁਰਦ, ਫਿਰ ਵਜੀਦਕੇ ਕਲਾਂ ਅਤੇ ਸਹਿਜੜਾ ਕੋਲ ਠੇਕਿਆਂ ਦਾ ਦੀਦਾਰ ਹੋਇਆ। ਥੋੜ੍ਹਾ ਅੱਗੇ ਵਧੇ ਤਾਂ ਫਿਰ ਮਹਿਲ ਕਲਾਂ ਬੱਸ ਅੱਡੇ ਤੋਂ ਪਹਿਲਾਂ ਸੜਕ ਤੇ ਖੁੱਲ੍ਹੇ ਠੇਕੇ ਪਰ ਗ੍ਰਾਹਕਾਂ ਨੂੰ ਜੀ ਆਇਆਂ ਕਹਿਣ ਲਈ ਠੇਕੇ ਦੇ ਕਰਿੰਦੇ ਵੱਲੋਂ ਪਾਣੀ ਛਿੜਕਿਆ ਜਾ ਰਿਹਾ ਸੀ। ਹੋਰ ਅੱਗੇ ਚੱਲੇ ਤਾਂ ਅਕਾਲ ਅਕੈਡਮੀ (ਸਕੂਲ )ਦੇ ਲੱਗਭੱਗ ਸਾਹਮਣੇ ਟਰੱਕ ਯੂਨੀਅਨ ਮਹਿਲ ਕਲਾਂ ਨੇੜੇ ਵੀ ਠੇਕਾ ਖੁੱਲ੍ਹਾ ਮਿਲਿਆ। ਗੱਲ ਇੱਥੇ ਹੀ ਬੱਸ ਨਹੀਂ, ਸਰਕਾਰੀ ਹਦਾਇਤਾਂ ਤੋਂ ਉਲਟ ਸੜ੍ਹਕ ਤੋਂ ਲੰਘਦੇ ਲੋਕਾਂ ਨੂੰ ਠੇਕਿਆਂ ਵੱਲ ਖਿੱਚਣ ਲਈ ਵੱਡੇ-ਵੱਡੇ ਬੋਰਡ ਵੀ ਰੱਖੇ ਪਏ ਸਨ। ਉੱਕਤ ਜਿਕਰਯੋਗ ਸਾਰੇ ਹੀ ਸ਼ਰਾਬ ਦੇ ਠੇਕੇ ਕਿਸੇ ਪਰਦੇ ਵਿੱਚ ਨਹੀਂ, ਜਿਸ ਦੀ ਸੂਚਨਾ ਕਿਸੇ ਮੁਖਬਰ ਖਾਸ ਨੂੰ ਮਹਿਕਮਾ ਪੁਲਿਸ ਅਤੇ ਆਬਕਾਰੀ ਵਿਭਾਗ ਨੂੰ ਦੇਣੀ ਪਵੇ । ਫਿਰ ਵੀ ਦੋਵੇਂ ਮਹਿਕਮਿਆਂ ਦੇ ਅਧਿਕਾਰੀਆਂ ਦੀਆਂ ਹੂਟਰ ਮਾਰ-ਮਾਰ ਕੇ ਕੋਲੋਂ ਲੰਘਦੀਆਂ ਗੱਡੀਆਂ ਇੱਨ੍ਹਾਂ ਠੇਕਿਆਂ ਕੋਲ ਬ੍ਰੇਕ ਮਾਰ ਕੇ ਚੈਕਿੰਗ ਲਈ ਰੁਕਣਾ ਮੁਨਾਸਿਬ ਨਹੀਂ ਸਮਝਦੀਆਂ।                                                 

ਮੈਸਜ ਪੜ੍ਹਿਆ ਤੇ ਚੁੱਪ ਵੱਟ ਲਈ,,

     ਬਰਨਾਲਾ – ਰਾਏਕੋਟ ਸਟੇਟ ਹਾਈਵੇ ਤੇ ਖੁੱਲ੍ਹੇ ਸ਼ਰਾਬ ਦੇ ਠੇਕਿਆਂ ਬਾਰੇ ਆਬਕਾਰੀ ਵਿਭਾਗ ਦੇ ਈ.ਟੀ.ੳ. ਵਿਨੀਤ ਕੁਮਾਰ ਅਤੇ ਆਬਕਾਰੀ ਇੰਸਪੈਕਟਰ ਰਾਜੇਸ਼ ਕੁਮਾਰ ਗੋਇਲ ਦਾ ਪੱਖ ਜਾਣਨ ਲਈ, ਇੱਕ ਵਾਰ ਨਹੀਂ, ਦੋ-ਦੋ ਵਾਰ ਫੋਨ ਕੀਤਾ ਗਿਆ। ਪਰੰਤੂ ਉਨਾਂ ਫੋਨ ਰਿਸੀਵ ਕਰਨਾ ਠੀਕ ਨਹੀਂ ਸਮਝਿਆ। ਦੋਵਾਂ ਅਧਿਕਾਰੀਆਂ ਨੂੰ ਕ੍ਰਮਾਨੁਸਾਰ ਲਿਖਤੀ ਮੈਸਜ ਵੀ ਭੇਜਿਆ , ਪਰ ਦੋਵਾਂ ਨੇ ਮੈਸਜ ਵੇਖਿਆ ਤੇ ਪੜ੍ਹਿਆ , ਪਰ ਫੋਨ ਕਰਕੇ ਕੋਈ ਜੁਆਬ ਦੇਣਾ ਜਾਂ ਮੈਸਜ ਦੇ ਰੂਪ ਵਿੱਚ ਵੀ ਆਪਣਾ ਕੋਈ ਪੱਖ ਨਹੀਂ ਰੱਖਿਆ। ਜਿਸ ਤੋਂ ਸਪੱਸ਼ਟ ਹੀ ਹੋ ਗਿਆ ਕਿ ਆਬਕਾਰੀ ਵਿਭਾਗ ਦੇ ਇੱਨ੍ਹਾਂ ਅਧਿਕਾਰੀਆਂ ਕੋਲ ਗੈਰਕਾਨੂੰਨੀ ਠੇਕਿਆਂ ਸਬੰਧੀ ਆਪਣਾ ਪੱਖ ਰੱਖਣ ਲਈ ਜ਼ਾਂ ਤਾਂ ਕੋਈ ਦਲੀਲ ਨਹੀਂ, ਜਾਂ ਫਿਰ ਉਹ ਇਸ ਸਬੰਧੀ ਜੁਆਬ ਦੇਣ ਦੀ ਕੋਈ ਲੋੜ ਹੀ ਨਹੀਂ ਸਮਝਦੇ।

ਅਧਿਕਾਰੀਆਂ ਨੇ ਪੱਖ ਦੇਣ ਦੀ ਥਾਂ ਠੇਕੇਦਾਰਾਂ ਨੂੰ ਦੱਸਿਆ

ਬੇਸ਼ੱਕ ਈ.ਟੀ.ਉ ਵਿਨੀਤ ਕੁਮਾਰ ਅਤੇ ਇੰਸਪੈਕਟਰ ਰਾਜੇਸ਼ ਗੋਇਲ ਵੱਲੋਂ ਠੇਕਿਆਂ ਸਬੰਧੀ ਆਪਣਾ ਕੋਈ ਪੱਖ ਪੱਤਰਕਾਰਾਂ ਕੋਲ ਨਹੀਂ ਰੱਖਿਆ। ਪਰੰਤੂ ਅਧਿਕਾਰੀਆਂ ਨੂੰ ਭੇਜੇ ਮੈਸਜ ਤੋਂ ਸਿਰਫ 19 ਮਿੰਟ ਬਾਅਦ ਹੀ, ਠੇਕੇਦਾਰਾਂ ਦੇ ਕਰੀਬੀਆਂ ਨੇ ਖਬਰ ਨਾ ਲਾਉਣ ਲਈ, ਸਿਫਾਰਿਸ਼ਾਂ ਅਤੇ ਇਸ਼ਤਿਹਾਰ ਦੇਣ ਦੀਆਂ ਪੇਸ਼ਕਸ਼ਾਂ ਭੇਜਣੀਆਂ ਸ਼ੁਰੂ ਕਰ ਦਿੱਤੀ। ਜਿਸ ਤੋਂ ਸਾਫ ਹੋ ਗਿਆ, ਸ਼ਰਾਬ ਠੇਕੇਦਾਰਾਂ ਅਤੇ ਆਬਕਾਰੀ ਵਿਭਾਗ ਵਾਲਿਆਂ ਦੀ ਕਿੰਨ੍ਹੀ ਗੂੜੀ ਸਾਂਝ ਭਿਆਲੀ ਹੈ।


Spread the love
Scroll to Top