ਰਾਜੇਸ਼ ਗੌਤਮ/ ਪਟਿਆਲਾ, 4 ਨਵੰਬਰ 2022
ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਨੇ ਪੰਜਾਬੀ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੀ ਮਾਂ ਬੋਲੀ ਪੰਜਾਬੀ ਦੀ ਪ੍ਰਫੁਲਤਾ ਲਈ ਆਪਣਾ ਯੋਗਦਾਨ ਪਾਉਣ। ਗੁਰਪ੍ਰੀਤ ਸਿੰਘ ਥਿੰਦ, ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਹ ਦੌਰਾਨ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੱਢੀ ਗਈ ਪੰਜਾਬੀ ਚੇਤਨ ਰੈਲੀ ਵਿੱਚ ਸ਼ਮੂਲੀਅਤ ਕਰਕੇ ਇਸ ਦੀ ਸ਼ੁਰੂਆਤ ਕਰਵਾ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ ਤੇ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਵੀ ਮੌਜੂਦ ਸਨ।
ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬੀ ਚੇਤਨਾ ਰੈਲੀ ਦੀ ਸ਼ੁਰੂਆਤ ਮੌਕੇ ਗੁਰਪ੍ਰੀਤ ਸਿੰਘ ਥਿੰਦ ਨੇ ਕਿਹਾ ਕਿ ਅਜੋਕੀ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਨਾਲ ਜੋੜਨ ਲਈ ਚੇਤਨਾ ਸਮਾਗਮ ਕਰਨੇ ਅਤਿ ਜਰੂਰੀ ਹਨ। ਇਸ ਰੈਲੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਕਰਵਾਏ ਜਾ ਰਹੇ ਸਮਾਗਮਾਂ ਨਾਲ ਪੰਜਾਬੀ ਭਾਸ਼ਾ ਦੀਆਂ ਜੜ੍ਹਾਂ ਹੋਰ ਮਜਬੂਤ ਹੋਣਗੀਆਂ। ਸ. ਥਿੰਦ ਨੇ ਕਿਹਾ ਕਿ ਇਨਸਾਨ ਸਭ ਤੋਂ ਵਧੀਆ ਸੰਚਾਰ ਆਪਣੀ ਭਾਸ਼ਾ ਵਿੱਚ ਕਰ ਸਕਦਾ ਹੈ, ਇਸ ਕਰਕੇ ਬੱਚਿਆਂ ਨੂੰ ਮਾਤ ਭਾਸ਼ਾ ਨਾਲ ਜੋੜਨ ਲਈ ਘਰ ਸਭ ਤੋਂ ਪਹਿਲੀ ਪਾਠਸ਼ਾਲਾ ਹੈ। ਉਨ੍ਹਾਂ ਭਾਸ਼ਾ ਵਿਭਾਗ ਦੇ ਮੁਲਾਜ਼ਮਾਂ ਨੂੰ ਸ਼ੁਭਕਾਮਨਾਵਾਂ ਦੇ ਕੇ ਰੈਲੀ ਲਈ ਰਵਾਨਾ ਕੀਤਾ।
ਭਾਸ਼ਾ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਡਾ. ਵੀਰਪਾਲ ਕੌਰ ਤੇ ਡਿਪਟੀ ਡਾਇਰੈਕਟਰ ਹਰਪ੍ਰੀਤ ਕੌਰ ਦੀ ਅਗਵਾਈ ਹੇਠਲੀ ਇਸ ਪੰਜਾਬੀ ਚੇਤਨਾ ਰੈਲੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ਼ੁਰੂ ਹੋਕੇ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ, ਖੰਡਾ ਚੌਂਕ, ਲੀਲਾ ਭਵਨ, ਵਾਈ.ਪੀ.ਐਸ. ਚੌਂਕ, ਨਗਰ ਨਿਗਮ ਦਫ਼ਤਰ, ਸਰਕਾਰੀ ਮਹਿੰਦਰਾ ਕਾਲਜ, ਮੁਲਤਾਨੀ ਮੱਲ ਮੋਦੀ ਕਾਲਜ ਤੋਂ ਹੁੰਦੇ ਹੋਏ ਲੋਅਰ ਮਾਲ ਪਟਿਆਲਾ ਰਾਹੀਂ ਭਾਸ਼ਾ ਵਿਭਾਗ ਪਟਿਆਲਾ ਸ਼ੇਰਾ ਵਾਲਾ ਗੇਟ ਵਿਖੇ ਜਾਕੇ ਸਮਾਪਤੀ ਕੀਤੀ। ਇਸ ਰੈਲੀ ਦਾ ਭਾਸ਼ਾ ਵਿਭਾਗ ਵਿਖੇ ਸਾਹਿਤਕਾਰ ਡਾ. ਸੁਰਜੀਤ ਸਿੰਘ ਭੱਟੀ, ਡਾ. ਦਰਸ਼ਨ ਸਿੰਘ ਬੁੱਟਰ, ਡਾ. ਜੋਗਾ ਸਿੰਘ ਅਤੇ ਹੋਰਨਾਂ ਪਤਵੰਤਿਆਂ ਨੇ ਰੈਲੀ ਦਾ ਸਵਾਗਤ ਕੀਤਾ।
ਸ਼ਹਿਰ ਦੇ ਵੱਖ ਵੱਖ ਚੌਂਕਾਂ ਵਿੱਚ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ, ਗੁਰਮੇਲ ਸਿੰਘ ਵਿਰਕ, ਜਗਮੇਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਾਂ ਬੋਲੀ ਪੰਜਾਬੀ ਨੂੰ ਆਪਣੇ ਘਰਾਂ ਤੋਂ ਹੀ ਨਵੀਂ ਪੀੜ੍ਹੀ ਨੂੰ ਸਿਖਾਉਣ ਦੀ ਮੁਹਿੰਮ ਆਰੰਭ ਕਰਨ। ਉਨ੍ਹਾਂ ਪੰਜਾਬੀ ਭਾਸ਼ਾ ਨੂੰ ਪਰਿਵਾਰ ਤੇ ਰੋਜ਼ਗਾਰ ਦੀ ਭਾਸ਼ਾ ਬਣਾਉਣ ਦਾ ਹੋਕਾ ਦਿੱਤਾ। ਭਾਸ਼ਾ ਵਿਭਾਗ ਵੱਲੋਂ ਕੱਢੀ ਰੈਲੀ ਦੌਰਾਨ ਪੰਜਾਬੀ ਹੈ ਅਨਮੋਲ, ਮਾਣ ਨਾਲ ਪੜ੍ਹ ਲਿਖ ਤੇ ਬੋਲ, ਅਤੇ ਨਵੀਂ ਸਦੀ ਦੀ ਨਵੀਂ ਪੁਕਾਰ ਮਾਂ ਬੋਲੀ ਦਾ ਕਰੀਏ ਸਤਿਕਾਰ ਨਾਲ ਪਟਿਆਲਾ ਸ਼ਹਿਰ ਪੰਜਾਬੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ।
ਇਸ ਮੌਕੇ ਸਹਾਇਕ ਡਾਇਰੈਕਟਰ ਹਰਭਜਨ ਕੌਰ, ਸਤਨਾਮ ਸਿੰਘ, ਅਮਰਿੰਦਰ ਸਿੰਘ, ਪਰਵੀਨ ਕੁਮਾਰ, ਸੁਖਪ੍ਰੀਤ ਕੌਰ, ਸੁਰਿੰਦਰ ਕੌਰ ਸਮੇਤ ਵੱਡੀ ਗਿਣਤੀ ਪਤਵੰਤੇ ਹਾਜ਼ਰ ਸਨ।
ਫੋਟੋ ਕੈਪਸ਼ਨ- ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੱਢੀ ਗਈ ਪੰਜਾਬੀ ਚੇਤਨਾ ਰੈਲੀ ‘ਚ ਸ਼ਮੂਲੀਅਤ ਕਰਕੇ ਰੈਲੀ ਦੀ ਸ਼ੁਰੂਆਤ ਕਰਵਾਉਂਦੇ ਹੋਏ।