ਆਪਣੇ ਜੋੜੀਦਾਰ ‘ਮਲਾਗਰ’ ਨੂੰ ਜਾ ਮਿਲਿਆ ਪਿੰਡ ਬਾਦਲ ਦਾ ‘ਪ੍ਰਕਾਸ਼’

Spread the love

ਅਸ਼ੋਕ ਵਰਮਾ , ਬਠਿੰਡਾ 26 ਅਪ੍ਰੈਲ 2023
      ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਕੇ ਆਪਣੇ ਪਿੰਡ ਦੇ ਆਪਣੇ ਖਾਸ ਜੋੜੀਦਾਰ ਆਪਣੇ ਹਮ-ਉਮਰ ਮਲਾਗਰ ਸਿੰਘ ਕੋਲ ਚਲੇ ਗਏ ਹਨ। ਪਿੰਡ ਬਾਦਲ ਵਿੱਚ ਵੱਡੇ ਬਾਦਲ ਅਤੇ ਮਲਾਗਰ ਹਾਣੋ ਹਾਣੀ ਸਨ। ਜਾਣਕਾਰੀ ਅਨੁਸਾਰ ਮਲਾਗਰ ਸਿੰਘ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਪਿੰਡ ਬਾਦਲ ਵਿੱਚ ਸਾਬਕਾ ਮੁੱਖ ਮੰਤਰੀ ਬਾਦਲ ਦਾ ਸਿਰਫ਼ ਇੱਕੋ ਹਾਣੀ ਮੁਲਾਗਰ ਸਿੰਘ ਹੀ ਸੀ ਜਿਸ ਨੂੰ ਉਹ ਬਹੁਤ ਮੰਨਦੇ ਸਨ।
    ਬਿਨਾਂ ਸ਼ੱਕ ਵੱਡੇ ਬਾਦਲ ਦਾ ਸੁਭਾਅ ਆਮ ਲੋਕਾਂ ਖਾਸ ਤੌਰ ਤੇ ਆਪਣੇ ਪਿੰਡ ਵਾਸੀਆਂ ਨਾਲ ਵੀ ਮਿਲਾਪੜਾ ਸੀ । ਪਰ ਮਲਾਗਰ ਸਿੰਘ ਉਨ੍ਹਾਂ ਦਾ ਬੇਹੱਦ ਨੇੜਲਾ ਸਾਥੀ  ਰਿਹਾ ਹੈ। ਮਲਾਗਰ ਸਿੰਘ ਨੇ ਸ੍ਰੀ ਬਾਦਲ ਨਾਲ ਜੇਲ੍ਹਾਂ ਵੀ ਕੱਟੀਆਂ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਖੜਾ ਰਿਹਾ। ਵੱਡੇ ਬਾਦਲ ਨੇ ਸਰਪੰਚੀ ਤੋਂ ਆਪਣਾ ਸਿਆਸੀ ਜੀਵਨ ਆਰੰਭਿਆ ਸੀ, ਜਦੋਂਕਿ ਮੁਲਾਗਰ ਸਿੰਘ ਦੋ ਵਾਰ ਪੰਚਾਇਤ ਮੈਂਬਰ ਬਣਿਆ । ਦੱਸਦੇ ਹਨ ਕਿ ਵੱਡੇ ਬਾਦਲ ਅਤੇ  ਹਾਣੀ ਮਲਾਗਰ ਸਿੰਘ ਵਿਚਕਾਰ ਦਿਲੀ ਮੋਹ ਸੀ । ਜਿਸ ਦੀ ਪਿੰਡ ਵਿੱਚ ਮਿਸਾਲ ਦਿੱਤੀ ਜਾਂਦੀ ਸੀ।
    ਪਿੰਡ ਵਾਸੀਆਂ ਦਾ ਵੀ ਕਹਿਣਾ ਹੈ ਕਿ ‘ਪ੍ਰਕਾਸ਼ ਸਿੰਘ ਬਾਦਲ ਤੇ ਮੁਲਾਗਰ ਸਿੰਘ ’ ਦੀ ਜੋੜੀ ਦੀ ਪਿੰਡ  ਵਿੱਚ ਝੰਡੀ ਰਹੀ ਹੈ।  ਅਕਾਲੀ ਸਰਕਾਰ ਦੌਰਾਨ ਵੱਡੇ ਬਾਦਲ ਕਾਫ਼ੀ ਵਾਰ ਮਲਾਗਰ ਸਿੰਘ ਦੇ ਘਰ ਹਾਲ-ਚਾਲ ਵੀ ਪੁੱਛਣ ਗਏ ਸਨ। ਜਾਣਕਾਰੀ ਅਨੁਸਾਰ ਜਦੋਂ ਮਲਾਗਰ ਸਿੰਘ ਨੇ ਇਸ ਜਹਾਨ ਨੂੰ ਅਲਵਿਦਾ ਆਖਿਆ ਤਾਂ ਵੱਡੇ ਬਾਦਲ ਬੇਹੱਦ ਉਦਾਸ ਹੋਏ ਸਨ । ਪਿੰਡ ਬਾਦਲ ਨਾਲ ਲੰਬਾ ਸਮਾਂ ਜੁੜੇ ਰਹੇ ਸਮਾਜਿਕ ਕਾਰਕੁੰਨ ਰਮੇਸ਼ ਸੇਠੀ ਦਾ ਕਹਿਣਾ ਹੈ ਕਿ ਇਹ ਦੋਵੇਂ ਬਜ਼ੁਰਗ ਸਤਿਕਾਰਤ ਨੇਤਾ ਤੇ ਪਿੰਡ ਦੀ ਆਨ ਤੇ ਸ਼ਾਨ ਸਨ। 
    ਜਾਣਕਾਰੀ ਅਨੁਸਾਰ ਰਾਜਨੀਤੀ ਵਿੱਚ ਆਪਣਾ ਸਿੱਕਾ ਜਮਾਉਣ ਅਤੇ ਸਿਆਸਤ ਦਾ ਬਾਬਾ ਬੋਹੜ ਅਖਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਬਹੁਤ ਘੱਟ ਮੌਕਿਆਂ ਤੇ ਉਦਾਸ ਦੇਖਿਆ ਗਿਆ ਹੈ। ਆਪਣੀ ਜੀਵਨ ਸਾਥਣ ਬੀਬੀ ਸੁਰਿੰਦਰ ਕੌਰ ਬਾਦਲ ਦੇ ਦਿਹਾਂਤ ਉਪਰੰਤ ਵੱਡੇ ਬਾਦਲ ਕਾਫੀ ਗ਼ਮਗੀਨ ਹੋਏ ਸਨ । ਆਪਣੇ ਛੋਟੇ ਭਰਾ ਗੁਰਦਾਸ  ਬਾਦਲ ਦੀ ਮੌਤ ਵੇਲੇ ਵੱਡੇ ਬਾਦਲ ਗਮ ਵਿਚ ਡੁੱਬੇ ਰਹੇ। ਪਿੰਡ ਬਾਦਲ ਵਿਚ ਦੋਵਾਂ ਭਰਾਵਾਂ ਨੂੰ ਦਾਸ ਤੇ ਪਾਸ਼ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਆਮ ਲੋਕ ਵੀ ਦੋਹਾਂ ਭਰਾਵਾਂ ਨੂੰ ਰਾਮ ਲਕਸ਼ਮਣ ਦੀ ਜੋੜੀ ਆਖਦੇ ਸਨ।  ਭਰਾ ਦੀ ਮੌਤ ਨੇ ਬਾਦਲ ਸਾਹਿਬ ਦੇ ਦਿਲੋ ਦਿਮਾਗ ਤੇ ਡੂੰਘਾ ਅਸਰ ਪਾਇਆ ।
    ਬਹੁਤ ਘੱਟ ਮੌਕੇ ਆਏ ਜਦੋਂ ਵੱਡੇ ਬਾਦਲ ਨੂੰ ਕਿਸੇ ਨੇ ਉਦਾਸ ਦੇਖਿਆ ਹੋਵੇ ਬਲਕਿ ਉਹਨਾਂ ਨੇ ਰਾਜਨੀਤੀ ਵਿੱਚ ਧਾਕੜ ਸ਼ੈਲੀ ਬਰਕਰਾਰ ਰੱਖੀ  । ਖਾਸ ਤੌਰ ਤੇ ਆਪਣੀ ਪਾਰਟੀ ਅਕਾਲੀ ਦਲ ਦੇ ਮਾੜੇ ਦਿਨਾਂ ਦੌਰਾਨ ਵੀ ਉਹਨਾਂ ਨੇ ਹੌਸਲਾ ਨਹੀਂ ਹਾਰਿਆ ਅਤੇ ਚੜ੍ਹਦੀ ਕਲਾ ਵਿੱਚ ਦਿਖਾਈ ਦਿੱਤੇ। ਆਪਣੀ ਸਿਹਤ ਖਰਾਬ ਹੋਣ ਦੇ ਬਾਵਜੂਦ ਵੀ ਉਹ ਆਪਣੇ ਹਲਕੇ ਲੰਬੀ ‘ਚ ਆਮ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੁੰਦੇ ਰਹੇ । ਭਾਵੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਦੀਵੀ ਵਿਛੋੜਾ ਦੇ ਗਏ ਹਨ । ਪਰ ਜਿਸ ਤਰ੍ਹਾਂ ਆਪਣੇ  ਪਿੰਡ ਬਾਦਲ ਨੂੰ ਉਨ੍ਹਾਂ ਨੇ ਦੁਨੀਆਂ ਦੇ ਨਕਸ਼ੇ ਤੇ ਪਹੁੰਚਾਇਆ ਪਿੰਡ ਵਾਸੀ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਗੇ।
ਪਿੰਡ ਵਾਸੀਆਂ ਦੀ ਉਮੀਦ ਟੁੱਟੀ
   ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਵੀ ਕਈ ਵਾਰ ਬੀਮਾਰ ਹੋ ਚੁੱਕੇ ਸਨ ਅਤੇ ਹਰ ਵਾਰ ਠੀਕ ਹੋਣ ਤੋਂ ਬਾਅਦ ਪਿੰਡ ਵਾਪਸ ਆ ਜਾਂਦੇ ਸਨ। ਇਸ ਵਾਰ ਜਦੋਂ ਉਹ ਇਲਾਜ ਲਈ ਹਸਪਤਾਲ ਦਾਖਲ ਹੋਏ ਤਾਂ ਪਿੰਡ ਵਾਸੀਆਂ ਨੂੰ ਉਮੀਦ ਸੀ ਕਿ ਜਲਦੀ ਤੰਦਰੁਸਤ ਹੋ ਕੇ ਉਹ ਵਾਪਸ ਪਿੰਡ ਪਰਤਣਗੇ ਪਰ ਐਤਕੀਂ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਬਹੁਤੇ ਪਿੰਡ ਵਾਸੀਆਂ ਨੂੰ ਅਜੇ ਵੀ ਯਕੀਨ ਨਹੀ ਆ ਰਿਹਾ ਹੈ ਕਿ ਕਿ ਵੱਡੇ ਬਾਦਲ ਉਨ੍ਹਾਂ ਨੂੰ ਹਮੇਸ਼ਾ ਲਈ ਛੱਡ ਕੇ ਚਲੇ ਗਏ ਹਨ।
ਪਾਸ਼ ਦਾ ਰਾਹ ਤੱਕ ਰਿਹਾ ਪਿੰਡ ਬਾਦਲ
   ਪਿੰਡ ਬਾਦਲ ਨੂੰ ਆਪਣੇ ਖਾਸ ਗਰਾਈਂ ਦਾ ਪਹਿਲੀ  ਵਾਰ ਅਜਿਹਾ ਰਾਹ ਤੱਕਣਾ ਪੈ ਰਿਹਾ ਹੈ । ਇਹ ਆਖ਼ਰੀ ਮੌਕਾ ਹੋਵੇਗਾ , ਜਦੋਂ  ਵੀਰਵਾਰ ਨੂੰ  ਪਿੰਡ ਵਾਸੀ ਆਪਣੇ ਬਾਦਲ ਨੂੰ ਅੰਤਿਮ ਵਿਦਾਇਗੀ  ਦੇਣਗੇ । ਵੱਡੇ ਬਾਦਲ ਦੇ ਚਲੇ ਜਾਣ ਤੋਂ ਬਾਅਦ ਇਸ ਪਿੰਡ ਦੀ ਜੂਹ ਨੂੰ ਸਭ ਕੁੱਝ ਸੁੰਨਾ-ਸੁੰਨਾ ਲੱਗ ਰਿਹਾ ਹੈ। ਪਿੰਡ ਬਾਦਲ ਦੇ ਦਿਲ ਵਿੱਚ ਵੱਡੇ ਬਾਦਲ ਪ੍ਰਤੀ ਹਮੇਸ਼ਾਂ ਹੀ ਤਾਂਘ ਬਰਕਰਾਰ ਰਹੀ ਹੈ। ਅੱਜ ਵੀ ਪਿੰਡ ਵਿੱਚ ਉਹਨਾਂ ਦੇ ਸਤਿਕਾਰ ਪ੍ਰਤੀ ਦੁਕਾਨਾਂ ਅਤੇ ਹੋਰ ਅਦਾਰੇ ਬੰਦ ਰੱਖੇ ਗਏ।

Spread the love
Scroll to Top