ਲੁੱਟ, ਜਬਰ ਅਤੇ ਦਾਬੇ ਤੇ ਟਿਕਿਆ ਲੋਕ ਦੋਖੀ ਢਾਂਚਾ ਬਦਲਣਾ ਲਾਜਮੀ- ਨਰਾਇਣ ਦੱਤ
ਸ਼ਹੀਦੀ ਕਾਨਫਰੰਸਾਂ ਅਤੇ ਨਾਟਕ ਮੇਲਿਆਂ ਰਾਹੀਂ ਸ਼ਹੀਦਾਂ ਦੀ ਵਿਚਾਰਧਾਰਾ ਦਾ ਲੋਕਾਂ ਨੂੰ ਦਿਆਂਗੇ ਸੁਨੇਹਾ-ਰਜਿੰਦਰਪਾਲ
ਪ੍ਰੋਗਰਾਮ ਦੇ ਅਖੀਰਲੇ ਦਿਨ 23 ਮਾਰਚ ਨੂੰ ਕੁਰੜ ਵਿਖੇ ਹੋਵੇਗੀ ਸ਼ਹੀਦੀ ਕਾਨਫਰੰਸ ਅਤੇ ਨਾਟਕ ਮੇਲਾ
ਬਰਨਾਲਾ 15 ਮਾਰਚ
ਇਨਕਲਾਬੀ ਕੇਂਦਰ ਪੰਜਾਬ ਦੀ ਜਿਲ੍ਹਾ ਕਮੇਟੀ ਬਰਨਾਲਾ ਦੀ ਵਧਵੀਂ ਮੀਟਿੰਗ ਡਾ.ਰਜਿੰਦਰ ਪਾਲ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਵੱਡੀ ਗਿਣਤੀ ਵਿੱਚ ਭਾਗ ਲਿਆ। ਮੀਟਿੰਗ ਵਿੱਚ ਹੋਏ ਫੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਅਮਰਜੀਤ ਕੌਰ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਵਿਗਿਆਨਕ ਵਿਚਾਰਧਾਰਾ ਦਾ ਸੁਨੇਹਾ ਘਰ-ਘਰ ਪਹੁੰਚਾਉਣਾ ਅਤੇ ਸ਼ਹੀਦਾਂ ਦੇ ਅਧੂਰੇ ਕਾਰਜ ਉੱਤੇ ਪਹਿਰਾ ਦੇਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ। ਖਾਸ ਕਰ ਮੌਜੂਦਾ ਦੌਰ ‘ਚ ਮੋਦੀ-ਸ਼ਾਹ ਹਕੂਮਤ ਵੱਲੋਂ ਘੱਟ ਗਿਣਤੀ ਮੁਸਲਮਾਨਾਂ ਉੱਤੇ ਬੋਲੇ ਫਿਰਕੂ ਫਾਸ਼ੀ ਹੱਲੇ ਖਿਲ਼ਾਫ ਮੈਦਾਨ ‘ਚ ਨਿੱਤਰਨਾ, ਸੰਘਰਸ਼ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕਰਨਾ ਸਮੇਂ ਦੀ ਹਕੀਕੀ ਲੋੜ ਹੈ। ਮੀਟਿੰਗ ਨੇ ਮਹਿਸੂਸ ਕੀਤਾ ਕਿ ਇਹ ਹਮਲਾ ਸਿਰਫ ਮੁਸਲਿਮ ਘੱਟ ਗਿਣਤੀ ਦੇ ਖਿਲ਼ਾਫ ਹੀ ਨਹੀਂ ਹੈ। ਸਗੋਂ ਅਸਲ ਸੱਚ ਇਹ ਹੈ ਕਿ ਆਉਣ ਵਾਲੇ ਸਮੇਂ ਮੋਦੀ-ਸ਼ਾਹ ਹਕੂਮਤ ਦਾ ਇਹ ਹੱਲਾ ਹੋਰਨਾਂ ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤਾਂ ਖਿਲ਼ਾਫ ਵੀ ਸੇਧਿਤ ਹੋਵੇਗਾ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ’ਤੇ ਸ਼ਾਮਲ ਹੋਏ ਸੂਬਾ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਕਿਹਾ ਕਿ ਮੋਦੀ-ਸ਼ਾਹ ਹਕੂਮਤ ਇਸ ਫਿਰਕੂ ਫਾਸ਼ੀ ਹੱਲੇ ਦੇ ਪਰਦੇ ਥੱਲੇ ਲੋਕ ਵਿਰੋਧੀ ਸਾਮਰਾਜ ਪੱਖੀ ਨੀਤੀਆਂ ਲਾਗੂ ਕਰ ਰਹੀ ਹੈ। ਜਿਸ ਕਾਰਨ ਨਾਲ ਮੁਲਕ ਦੀ ਆਰਥਿਕਤਾ ਮੂਧੇ ਮੂੰਹ ਸੁੱਟ ਦਿੱਤੀ ਹੈ। ਹਰ ਖੇਤਰ ਰੇਲਵੇ,ਜਹਾਜਰਾਨੀ,ਬੈਂਕਾਂ,ਐਲਆਈਸੀ,ਬੀਐਸਐਨਐਲ,ਭਾਰਤ ਪੈਟਰੋਲੀਅਮ ਵਰਗੇ ਜਨਤਕ ਖੇਤਰ ਅਦਾਰਿਆਂ ਦੇ ਮੂੰਹ ਅਡਾਨੀਆਂ,ਅੰਬਾਨੀਆਂ ਲਈ ਖੋਲ੍ਹ ਦਿੱਤੇ ਹਨ। ਇਹ ਉਹ ਅਦਾਰੇ ਹਨ ਜੋ ਤਿੰਨ ਕੁ ਸਾਲ ਪਹਿਲਾਂ ਮੁਨਾਫਾ ਕਮਾ ਰਹੇ ਸਨ। ਅੱਜ ਇਹ ਅਦਾਰੇ ਇਸ ਰੂਪ ‘ਚ ਕੰਗਾਲ ਕਰ ਦਿੱਤੇ ਹਨ ਕਿ ਇਨ੍ਹਾਂ ਅਦਾਰਿਆਂ ਨੂੰ ਤਨਖਾਹਾਂ ਸਮੇਤ ਹੋਰ ਅਦਾਇਗੀਆਂ ਦਾ ਭੁਗਤਾਨ ਕਰਨਾ ਔਖਾ ਕਰ ਦਿੱਤਾ ਹੈ। ਇਸ ਲਈ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਵਿਚਾਰਧਾਰਾ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵਧੇਰੇ ਸਾਰਥਿਕ ਹੈ ਕਿ ਇਸ ਲੁੱਟ, ਜਬਰ ਅਤੇ ਦਾਬੇ ਤੇ ਟਿਕਿਆ ਲੋਕ ਦੋਖੀ ਢਾਂਚਾ ਲਾਜਮੀ ਬਦਲਣਾ ਪੈਣਾ ਹੈ।
ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 17,18 ਅਤੇ 20 ਮਾਰਚ ਨੂੰ ਵੱਖ-ਵੱਖ ਪਿੰਡਾਂ ਵਿੱਚ ਨੁੱਕੜ ਨਾਟਕਾਂ ਅਤੇ ਕਾਨਫਰੰਸਾਂ ਰਾਹੀਂ ਸ਼ਹੀਦਾਂ ਦੀ ਵਿਚਾਰਧਾਰਾ ਦਾ ਸੁਨੇਹਾ ਦਿੰਦਿਆਂ ਪ੍ਰੋਗਰਾਮ ਦਾ ਅਖੀਰ ਪਿੰਡ ਕੁਰੜ ਵਿਖੇ ਸਾਂਝੇ ਤੌਰ ਤੇ 23 ਮਾਰਚ ਬਾਅਦ ਦੁਪਿਹਰ ਵਿਸ਼ਾਲ ਨਾਟਕ ਮੇਲਾ/ਸ਼ਹੀਦੀ ਕਾਨਫਰੰਸ ਕਰਵਾਉਣ ਦਾ ਫੈਸਲਾ ਕੀਤਾ ਗਿਆ। 25 ਮਾਰਚ ਨੂੰ ਪੰਜਾਬ ਦੀਆਂ ਨੌਂ ਇਨਕਲਾਬੀ ਜਥੇਬੰਦੀਆਂ ਅਤੇ ਪਾਰਟੀਆਂ ਵੱਲੋਂ ਮੋਦੀ-ਸ਼ਾਹ ਹਕੂਮਤ ਵੱਲੋਂ ਜਬਰੀ ਮੜ੍ਹੇ ਨਾਗਰਿਕਤਾ ਸੋਧ ਕਾਨੂੰਨ, ਨਾਗਰਿਕਤਾ ਰਜਿਸਟਰ ਅਤੇ ਜਨਗਣਨਾ ਰਜਿਸਟਰ ਵਿਰੁੱਧ ਲੁਧਿਆਣਾ ਵਿਖੇ ਕੀਤੀ ਜਾਣ ਵਾਲੀ ਵਿਸ਼ਾਲ ਰੈਲੀ ਦਾ ਪੋਸਟਰ ਵੀ ਜਾਰੀ ਕੀਤਾ। ਨੁੱਕੜ ਨਾਟਕਾਂ/ਸ਼ਹੀਦੀ ਕਾਨਫਰੰਸਾਂ ਸਮੇਂ ਇਸ ਵਿਸ਼ਾਲ ਰੈਲੀ ਦੀ ਤਿਆਰੀ ਦਾ ਲੀਫਲੈਟ ਵੀ ਵੰਡਕੇ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦਾ ਸੁਨੇਹਾ ਦਿੱਤਾ ਜਾਵੇਗਾ। ਅੱਜ ਦੀ ਇਸ ਮੀਟਿੰਗ ਵਿੱਚ ਸੁਖਵਿੰਦਰ ਸਿੰਘ, ਅਜਮੇਰ ਕਾਲਸਾਂ, ਜਸਪਾਲ ਚੀਮਾ, ਗੁਰਮੇਲ ਠੁੱਲੀਵਾਲ, ਗੁਰਮੀਤ ਸੁਖਪੁਰ, ਗੁਰਦੇਵ ਮਾਂਗੇਵਾਲ, ਜਗਰਾਜ ਹਰਦਾਸਪੁਰਾ, ਕਾਲਾ ਜੈਦ, ਮੁਕੰਦ ਹਰਦਾਸਪੁਰਾ, ਸੋਨੀ ਨੰਦਵਾਲ, ਮਨਜਿੰਦਰ ਠੁੱਲੀਵਾਲ , ਹਰਚਰਨ ਚਹਿਲ, ਬਿੱਕਰ ਔਲਖ, ਕੁਲਵੀਰ ਔਲਖ, ਗੁਰਜੰਟ ਸਿੰਘ, ਗੁਰਮੇਲ ਜੋਧਪੁਰ ਤੋਂ ਸਿਵਾਏ ਬਹੁਤ ਸਾਰੇ ਆਗੂ ਵੀ ਸ਼ਾਮਿਲ ਸਨ। ਆਗੂਆਂ ਨੇ ਸਮੂਹ ਲੋਕਾਂ ਨੂੰ ਇਨ੍ਹਾਂ ਸਮਾਗਮਾਂ ਨੂੰ ਸਫਲ ਬਨਾਉਣ ਲਈ ਚਲਾਈ ਜਾਣ ਵਾਲੀ ਫੰਡ ਮੁਹਿੰਮ ਸਮੇਤ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।