ਇਹ ਐ ! ਬਠਿੰਡਾ ਨਗਰ ਨਿਗਮ ਦਾ ਪ੍ਰਬੰਧ , ਬੂਹੇ ਆਈ ਜੰਨ ‘ਤੇ ਵਿੰਨੋ ਕੁੜੀ ਦੇ ਕੰਨ

Spread the love

ਅਸ਼ੋਕ ਵਰਮਾ , ਬਠਿੰਡਾ 26 ਜੂਨ 2023
    ਬੂਹੇ ਆਈ ਜੰਨ ਤੇ ਵਿੰਨੋ ਕੁੜੀ ਦੇ ਕੰਨ ਦੀ ਕਹਾਵਤ ਨਗਰ ਨਿਗਮ ਬਠਿੰਡਾ ਤੇ ਪੂਰੀ ਤਰ੍ਹਾਂ ਠੀਕ ਬੈਠਦੀ ਹੈ । ਮਾਮਲਾ ਬਾਰਸ਼ਾਂ ਦੌਰਾਨ ਬਰਸਾਤੀ ਪਾਣੀ ਦੀ ਨਿਕਾਸੀ ਨਾਲ ਜੁੜਿਆ ਹੈ ਜਿਸ ਦੇ ਪ੍ਰਬੰਧਾਂ ਲਈ ਨਗਰ ਨਿਗਮ ਨੇ ਹੁਣ ਸਰਗਰਮੀ ਦਿਖਾਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪਾਣੀ ਦਾ ਨਿਕਾਸ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਰੋਡ ਜਾਲੀਆਂ  ਸਾਫ਼ ਕਰਨ ਦਾ ਕੰਮ ਵੀ ਨਗਰ ਨਿਗਮ 28 ਜੂਨ ਤੋਂ ਸ਼ੁਰੂ ਕਰਨ ਜਾ ਰਿਹਾ ਹੈ। ਇਸ ਤੋਂ ਜਾਹਰ ਹੈ ਕਿ ਇਸ ਵਾਰ ਵੀ ਬਠਿੰਡਾ ਸ਼ਹਿਰ ਨੂੰ ਪਾਣੀ ਵਿੱਚ ਗੋਤੇ ਲਾਉਣ ਤੋਂ ਕੋਈ ਬਚਾ ਨਹੀਂ ਸਕਦਾ ਹੈ।  ਬੀਤੀ ਦੇਰ ਸ਼ਾਮ ਪਈ  ਬਾਰਸ਼ ਨੇ ਨਾ ਕੇਵਲ ਨਗਰ ਨਿਗਮ ਬਲਕਿ ਆਮ ਲੋਕਾਂ ਨੂੰ ਇਸ ਸਬੰਧੀ ਸ਼ੀਸ਼ਾ ਦਿਖਾ ਦਿੱਤਾ ਹੈ।                                               
                 ਪਤਾ ਲੱਗਿਆ ਹੈ ਕਿ ਨਗਰ ਨਿਗਮ ਇਸ ਕੰਮ ਤੇ 18 ਲੱਖ ਰੁਪਏ ਖਰਚ ਕਰ ਰਿਹਾ ਹੈ। ਨਗਰ ਨਿਗਮ ਵੱਲੋਂ ਇਸ ਸਬੰਧੀ 27 ਜੂਨ ਨੂੰ ਹੋਣ ਵਾਲੀ ਫਾਈਨਾਂਸ ਐਂਡ ਕੰਟਰੈਕਟ ਕਮੇਟੀ ਦੀ ਮੀਟਿੰਗ ਵਿਚ ਵਰਕ ਆਰਡਰ ਜਾਰੀ ਕੀਤਾ ਜਾਏਗਾ। ਇਸ ਤੋਂ ਬਾਅਦ ਰੋਡ ਜਾਲੀਆਂ ਦੀ ਸਫ਼ਾਈ ਸ਼ੁਰੂ ਹੋਣ ਦੇ ਆਸਾਰ ਹਨ। ਤਕਨੀਕੀ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਮੌਨਸੂਨ ਵਕਤ ਸਿਰ ਆ ਜਾਂਦਾ ਹੈ ਨਗਰ ਨਿਗਮ ਵੱਲੋਂ ਖਰਚੇ ਲੱਖਾਂ ਰੁਪਏ ਮਿੱਟੀ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਕੰਮ ਤਾਂ ਫਰਵਰੀ ਮਹੀਨੇ ਉਹ ਸ਼ੁਰੂ ਕਰਕੇ ਅਪ੍ਰੈਲ ਦੇ ਅੰਤ ਤੱਕ ਮੁਕੰਮਲ ਕਰ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀ ਜਿਨ੍ਹਾਂ ਇਹ ਕੰਮ ਸੌਖਾ ਸਮਝ ਰਹੇ ਹਨ ਓਨਾ ਹੈ ਨਹੀਂ।
               ‌‌      ਦੱਸਣਯੋਗ ਹੈ ਕਿ ਬਰਸਾਤ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਲਈ ਸੜਕਾਂ ਤੇ ਬਣੀਆਂ ਜਾਲੀਆਂ, ਮੇਨ ਲਾਈਨਾਂ ਅਤੇ ਸੀਵਰੇਜ ਦੀ ਸਫ਼ਾਈ ਕਰਵਾਉਣੀ ਹੁੰਦੀ  ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਆਉਣ ਕਾਰਨ ਪਾਣੀ ਭਰਨ ਦੀ ਸਮੱਸਿਆ ਨਾ ਆਵੇ।  ਨਗਰ ਨਿਗਮ ਦੀਆਂ ਤਿਆਰੀਆਂ ਇਸ ਵਾਰ ਵੀ ਦੇਰੀ ਨਾਲ ਸ਼ੁਰੂ ਹੋ ਰਹੀਆਂ ਹਨ।  ਸ਼ਹਿਰ ਨੂੰ 8 ਜ਼ੋਨਾਂ ਵਿੱਚ ਵੰਡਿਆ ਗਿਆ ਹੈ।  ਸ਼ਹਿਰ ਦੀਆਂ 1, 3, 5, 6, 7 ਅਤੇ 8 ਵਿੱਚ ਪੈਂਦੀਆਂ ਗਲੀਆਂ ਅਤੇ ਸੜਕਾਂ ਦੀਆਂ ਜਾਲੀਆਂ ਦੀ ਸਫਾਈ ਲਈ ਟੈਂਡਰ ਕੱਢੇ ਗਏ ਹਨ।  ਛੇ ਜ਼ੋਨਾਂ ਵਿੱਚ ਪੈਂਦੇ ਕਰੀਬ 50 ਹਜ਼ਾਰ ਸੜਕੀ ਜਾਲੀਆਂ ਦੀ ਸਫ਼ਾਈ ਕੀਤੀ ਜਾਣੀ ਹੈ।  ਇੱਕ ਟੀਮ ਨੂੰ ਇੱਕ ਦਿਨ ਵਿੱਚ 10 ਤੋਂ 15 ਸੜਕਾਂ ਦੇ ਜਾਲੀਆਂ ਵਿੱਚ ਜੰਮੀ ਗਾਰ ਨੂੰ ਸਾਫ਼ ਕਰਨ ਤੋਂ ਇਲਾਵਾ ਕਨੈਕਟਿੰਗ ਲਾਈਨ ਦੀ ਸਫਾਈ ਕਰਨੀ ਪੈਂਦੀ ਹੈ।
                    ਤਕਨੀਕੀ ਮਾਹਿਰ ਦੱਸਦੇ ਹਨ ਕਿ ਇਸ ਕੰਮ ਨੂੰ ਮੁਕੰਮਲ ਕਰਨ ਲਈ ਘਟੋ ਘੱਟ ਦੋ ਮਹੀਨੇ ਦਾ ਸਮਾਂ ਲੱਗੇਗਾ। ਇਸ ਤੋਂ ਜ਼ਾਹਿਰ ਹੈ ਕਿ ਬਠਿੰਡਾ ਦੇ ਵੱਖ ਵੱਖ ਮੁਹੱਲਿਆਂ ਨੂੰ ਅਤੇ ਬਾਜ਼ਾਰਾਂ ਨੂੰ ਇਸ ਵਾਰ ਵੀ ਪਾਣੀ ਭਰਨ ਦੀ ਸਮੱਸਿਆ ਨਾਲ ਜੂਝਣਾ ਪਵੇਗਾ।ਲੋਕ ਆਖਦੇ ਹਨ ਕਿ ਲੀਡਰਾਂ ਨੂੰ ਸਿਆਸੀ ਤੀਰ ਚਲਾਉਣ ਦੀ ਦੀ ਥਾਂ ਲੋਕਾਂ ਦੇ ਫ਼ਿਕਰ ਕਰਨ ਦੀ ਲੋੜ ਹੈ ਕਿਉਂਕਿ   ਸ਼ਹਿਰ ਹਰ ਸਾਲ ਬਿਪਤਾ ’ਚ ਘਿਰਦਾ ਹੈ । ਸ਼ਹਿਰ ਵਿੱਚ ਬਾਰਸ਼ ਤਾਂ  ਰੁਕ ਜਾਂਦੀ ਹੈ ਪ੍ਰੰਤੂ ਮੁਸ਼ਕਿਲਾਂ ਹਨ ਜੋ ਕਈ ਕਈ ਦਿਨ ਰੁਕਣ ਦਾ ਨਾਮ ਨਹੀਂ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਬਠਿੰਡਾ ਵਾਸੀਆਂ ਦੀ ਸਾਰ ਲੈਣੀ ਚਾਹੀਦੀ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ ਸਰੂਪ ਚੰਦ ਸਿੰਗਲਾ ਦਾ ਪ੍ਰਤੀਕਰਮ ਸੀ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੋਵਾਂ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ।
             ਇਸ ਮਾਮਲੇ ’ਚ ਸ਼ਹਿਰ ਦੇ ਸਭ ਤੋਂ ਸੰਵੇਦਨਸ਼ੀਲ ਖਿੱਤੇ ਸਿਰਕੀ ਬਜ਼ਾਰ, ਪਾਵਰ ਹਾਊਸ ਰੋਡ, ਅਮਰੀਕ ਸਿੰਘ ਰੋਡ, ਵੀਰ ਕਲੋਨੀ ਅਤੇ ਪਰਸ ਰਾਮ ਨਗਰ ਦੇ ਆਮ ਲੋਕਾਂ ਅਤੇ ਦੁਕਾਨਦਾਰਾਂ ਨੇ ਕਿਹਾ ਕਿ ਲੋਕਾਂ ਨੂੰ ਲੇਟ ਲਤੀਫੀ  ਦੀ ਨਹੀਂ, ਬਲਕਿ ਫੌਰੀ ਤੌਰ ਤੇ ਰਾਹਤ ਦੀ ਜਰੂਰਤ ਹੈ। ਉਨ੍ਹਾਂ ਦੱਸਿਆ  ਕਿ ਬਾਰਸ਼ਾਂ ਕਰ ਕੇ ਸ਼ਹਿਰ ਹਰ ਸਾਲ ਸੰਕਟ ’ਚ ਫਸਦਾ ਹੈ। ਲੋਕਾਂ ਦੇ ਘਰਾਂ ਵਿੱਚ ਪਾਣੀ ਮੇਲ੍ਹਦਾ ਹੈ ਅਤੇ ਗਰੀਬ ਬਸਤੀਆਂ ਦੇ ਦੁੱਖਾਂ ਦਾ ਕੋਈ ਅੰਤ ਨਹੀਂ ਰਹਿੰਦਾ ਪਰ ਬਿਪਤਾ ’ਚ ਘਿਰੇ ਲੋਕਾਂ ਦੀ ਬਾਂਹ ਨਹੀਂ ਫੜ੍ਹੀ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਹਰੇਕ ਲੀਡਰ  ਸਮੱਸਿਆ ਨੂੰ ਹੱਲ ਕਰਨ ਦਾ ਦਾਅਵਾ ਕਰਕੇ  ਜਾਂਦਾ ਹੈ ਪਰ ਕਦੇ ਕੋਈ ਮੁੜਿਆ ਨਹੀਂ ਹੈ। ਗੌਰਤਲਬ ਹੈ ਕਿ ਬਠਿੰਡਾ ਵਿੱਚ ਤਾਂ ਬਰਸਾਤੀ ਪਾਣੀ ਵੱਡੇ ਅਫਸਰਾਂ ਆਈ ਜੀ , ਡਿਪਟੀ ਕਮਿਸ਼ਨਰ ਅਤੇ ਐਸਐਸਪੀ ਦੀ ਕੋਠੀ ਕੋਲ ਵੀ ਖੜ੍ਹ ਜਾਂਦਾ ਹੈ।
   ਵਰਕਰ  ਆਰਡਰ 27 ਜੂਨ ਨੂੰ: ਕਮਿਸ਼ਨਰ 
ਨਗਰ ਨਿਗਮ ਦੇ ਕਮਿਸ਼ਨਰ ਰਾਹੁਲ ਸਿੰਧੂ ਦਾ ਕਹਿਣਾ ਸੀ ਕਿ ਰੋਡ ਜਾਲਿਆਂ ਨੂੰ ਸਾਫ ਕਰਵਾਉਣ ਲਈ ਟੈਂਡਰ ਨੂੰ ਅੰਤਮ ਰੂਪ ਦੇ ਦਿੱਤਾ ਗਿਆ ਹੈ ਅਤੇ 27 ਜੂਨ ਨੂੰ ਹੋਣ ਵਾਲੀ ਫਾਈਨਾਂਸ ਐਂਡ ਕੰਟਰੈਕਟ ਕਮੇਟੀ ਦੀ ਮੀਟਿੰਗ ਵਿੱਚ ਵਰਕ ਆਰਡਰ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਕੰਮ 28 ਜੂਨ ਨੂੰ ਸ਼ੁਰੂ ਕਰਕੇ ਇਕ ਹਫਤੇ ਦੇ ਅੰਦਰ-ਅੰਦਰ ਜਿਆਦਾ ਗਾਰ ਵਾਲੀਆਂ ਜਾਲੀਆਂ ਸਾਫ਼ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਕੰਮ ਬਾਰਸ਼ਾਂ ਦੌਰਾਨ ਵੀ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਪਾਣੀ ਦੀ ਨਿਕਾਸੀ ਨਾਲ ਜੁੜੇ ਬਾਕੀ ਕੰਮ ਵੀ ਕਰਵਾਏ ਜਾਣਗੇ ਤਾਂ ਜੋ ਬਾਰਸ਼ਾਂ ਦੌਰਾਨ ਪਾਣੀ ਵਿੱਚ ਕੋਈ ਰੁਕਾਵਟ ਨਾ ਆਵੇ।
     ਹੈਰਾਨੀ ਵਾਲੀ ਗੱਲ : ਕੁਸਲਾ 
ਸਿਦਕ ਫੋਰਮ ਦੇ ਪ੍ਰਧਾਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਹੈਰਾਨੀ ਵਾਲੀ ਗੱਲ ਹੈ ਕਿ ਬਾਰਸ਼ਾਂ ਸ਼ੁਰੂ ਹੋ ਗਈਆਂ ਹਨ ਤੇ ਨਗਰ ਨਿਗਮ ਨੂੰ ਜਾਲੀਆਂ ਸਾਫ ਕਰਵਾਉਣ ਦੀ ਹੁਣ ਯਾਦ ਆਈ ਹੈ। ਉਨ੍ਹਾਂ ਕਿਹਾ ਕਿ ਦਾਅਵਿਆਂ ਦੇ ਬਾਵਜੂਦ ਨਗਰ ਨਿਗਮ ਵੀ ਪੂਰੀ ਤਰਾਂ ਫੇਲ੍ਹ ਸਾਬਤ ਹੋਇਆ  ਹੈ ਤਾਂ ਹੁਣ ਤੱਕ ਆਈਆਂ ਸਰਕਾਰਾਂ ਵੀ ਇਸ ਮੁੱਦੇ ਤੇ ਕੁਝ ਨਹੀਂ ਸੰਵਾਰ ਸਕੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦਾ ਫਿਕਰਮੰਦ ਹੋਣਾ ਜਾਇਜ ਹੈ ਕਿਉਂਕਿ ਹਰ ਵਾਰ ਉਨ੍ਹਾਂ ਨੂੰ ਪਾਣੀ ਦੀ ਮਾਰ ਝੱਲਣੀ ਪੈਂਦੀ ਹੈ। ਉਨ੍ਹਾਂ ਆਖਿਆ ਕਿ ਵੱਡੇ ਅਫਸਰਾਂ ਦੀਆਂ ਕੋਠੀਆਂ ਕੋਲ ਖਲੋਂਦਾ ਪਾਣੀ ਨਗਰ ਨਿਗਮ ਦੇ ਪ੍ਰਬੰਧਾਂ ਦੀ ਪੋਲ ਖੋਲ੍ਹਣ ਲਈ ਕਾਫੀ ਹੈ। 

Spread the love
Scroll to Top