ਇਹ ਤਾਂ ਕੋਬਰਾ ਸੱਪ ਨੂੰ ਵੀ ਅੱਗਿਉਂ ਹੋ ਕੇ ਟੱਕਰਦੈ,,,,

Spread the love

ਕੋਬਰਾ ਸੱਪ ਦੇ ਡੰਗ ਵੀ ਨਾ ਰੋਕ ਸਕੇ ਬਠਿੰਡਾ ਦੇ ਗੁਰਵਿੰਦਰ ਦਾ ਰਾਹ

ਅਸ਼ੋਕ ਵਰਮਾ ਬਠਿੰਡਾ,20 ਅਪ੍ਰੈਲ 2023
        ਬਠਿੰਡਾ ਸ਼ਹਿਰ ਦੇ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਦਾ ਰਾਹ ਖਤਰਨਾਕ ਕੋਬਰਾ ਸੱਪ ਦੇ ਡੰਗ ਵੀ ਨਹੀਂ ਰੋਕ ਸਕੇ। ਸੱਪ ਵੱਲੋਂ ਡੰਗਣ ਦੇ ਬਾਵਜੂਦ ਵੀ ਉਹ ਸੇਵਾ ਕਾਰਜਾਂ ਲਈ ਹਰ ਸਮੇਂ ਤਿਆਰ-ਬਰ-ਤਿਆਰ ਰਹਿੰਦਾ ਹੈ। ਕੁੱਝ ਦਿਨ ਪਹਿਲਾਂ ਜਦੋਂ ਕਿ ਗੁਰਵਿੰਦਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਖੁੱਡੀ ਕਲਾਂ ਸੱਪ ਫੜਨ ਗਿਆ ਤਾਂ ਉਥੇ ਇੱਕ ਬੇਹੱਦ ਜ਼ਹਿਰੀਲੇ ਕੋਬਰਾ ਨੇ ਉਸ ਨੂੰ ਡੰਗ ਮਾਰ ਦਿੱਤਾ ਸੀ। ਉਸ ਦੀ ਦੀਦਾ ਦਲੇਰੀ ਦੇਖੋ ਕੇ ਡੰਗ ਵੱਜਣ ਤੋਂ ਬਾਅਦ ਉਹ ਆਪਣੇ ਸਾਥੀ ਨਾਲ ਬਠਿੰਡਾ ਪੁੱਜਾ ਅਤੇ ਹਸਪਤਾਲ ਦਾਖਲ ਹੋਇਆ।    ਹਸਪਤਾਲ ਦੇ ਡਾਕਟਰਾਂ ਵੱਲੋਂ ਦਿਨ-ਰਾਤ ਇਕ ਕਰਕੇ ਉਸ ਦਾ ਕੀਤਾ ਗਿਆ ਇਲਾਜ ਅੰਤ ਨੂੰ ਰੰਗ ਲਿਆਇਆ। ਇਹ ਦੀਨ ਦੁਖੀਆਂ ਜਾਂ ਪੀੜਤ ਲੋਕਾਂ ਅਤੇ ਸ਼ਹਿਰ ਦੇ ਸਮਾਜਿਕ ਆਗੂਆਂ ਤੋਂ ਇਲਾਵਾ ਬਠਿੰਡਾ ਵਾਸੀਆਂ ਦੀਆਂ ਦੁਆਵਾਂ ਹੀ ਸਨ ਜੋ ਗੁਰਵਿੰਦਰ ਨੂੰ ਮੌਤ ਦੇ ਮੂੰਹ ਚੋਂ ਮੋੜ ਲਿਆਈਆਂ। ਸੋਮਵਾਰ ਸ਼ਾਮ ਨੂੰ ਗੁਰਵਿੰਦਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਸਰੀਰਕ ਕਮਜ਼ੋਰੀ ਕਾਰਨ ਉਸ ਨੂੰ ਕੁੱਝ ਦਿਨ ਆਰਾਮ ਲਈ ਕਿਹਾ ਹੈ।  ਡਾਕਟਰਾਂ ਨੇ ਉਸ  ਦੀ  ਸਥਿਤੀ ਨੂੰ ਦੇਖਦਿਆਂ ਹਾਲ ਦੀ ਘੜੀ ਕਿਸੇ ਕਿਸਮ ਦਾ ਬੋਝ ਨਾ ਲੈਂਣ ਦੀ ਸਲਾਹ ਦਿੱਤੀ ਹੈ । 
     ਇਸ ਦੇ ਬਾਵਜਦ  ਉਹ ਜਲਦੀ ਤੋਂ ਜਲਦੀ ਤੰਦਰੁਸਤ ਹੋ ਕੇ ਲੋਕਾਂ ਦੀ ਸਹਾਇਤਾ ਵਿਚ ਹਾਜ਼ਰ ਹੋਣਾ ਚਾਹੁੰਦਾ ਹੈ।  ਆਪਣੇ ਇਲਾਜ ਦੌਰਾਨ ਵੀ ਗੁਰਵਿੰਦਰ ਸੋਸ਼ਲ ਮੀਡੀਆ ਰਾਹੀਂ ਆਮ ਲੋਕਾਂ ਨਾਲ ਜੁੜਿਆ ਰਿਹਾ ਅਤੇ ਸ਼ਹਿਰ ਵਾਸੀਆਂ ਵੱਲੋਂ ਦਿੱਤੇ ਪਿਆਰ ਸਤਿਕਾਰ ਦਾ ਧੰਨਵਾਦ ਵੀ ਕੀਤਾ। ਉਸ ਨੇ ਫੇਸਬੁੱਕ ਤੇ ਪਾਈ ਪੋਸਟ ਦੌਰਾਨ ਦਿਲ ਦੇ ਵਲਵਲੇ ਵੀ ਸਾਂਝੇ ਕੀਤੇ ਹਨ। ਉਸਨੇ ਆਖਿਆ ਕਿ ਅਸਲ ਵਿਚ ਸਮਾਜ ਸੇਵਾ ਇਕ ਜਨੂੰਨ ਹੈ ਜਿਸਨੂੰ ਪੀੜਤਾਂ ਦੇ ਹਿੱਤ ਵਿੱਚ ਜਾਰੀ ਰੱਖਣਾ ਬਣਦਾ ਹੈ।
    ਦਰਅਸਲ ਅੱਜ ਜਿਸ ਤਰ੍ਹਾਂ ਦਾ ਗੁਰਵਿੰਦਰ ਦਿਖਾਈ ਦੇ ਰਿਹਾ ਹੈ ਪਹਿਲਾਂ ਉਹ ਆਮ ਨਾਗਰਿਕਾਂ ਵਾਂਗ ਹੀ ਸੀ। ਜਦੋਂ ਗੁਰਵਿੰਦਰ ਤੋਂ  ਬਿਮਾਰੀਆਂ ਨਾਲ ਪੀੜਤ ਲੋਕਾਈ ਦਾ ਦੁੱਖ ਨਾਂ ਦੇਖਿਆ ਗਿਆ ਤਾਂ ਉਹ ਲੋਕਾਂ ਦਾ ਦਰਦ ਵੰਡਾਉਣ ਲਈ ਅਜਿਹਾ ਤੁਰਿਆ ਕਿ ਮੁੜ ਪਿੱਛੇ ਨਹੀਂ ਵੇਖਿਆ। ਆਪਣੇ ਬਿਮਾਰ ਹੋਣ ਤੋਂ ਪਹਿਲਾਂ ਉਸ ਨੂੰ ਕਦੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਦੇਖ ਭਾਲ ਕਰਦੇ ਦੇਖਿਆ ਜਾ ਸਕਦਾ ਸੀ ਅਤੇ ਕਦੋਂ ਜ਼ਹਿਰੀਲੇ ਸੱਪ ਫੜ੍ਹਦਾ ਨਜ਼ਰ ਆਉਂਦਾ ਸੀ। ਕਈ ਵਾਰ ਤਾਂ ਉਸ ਨੇ ਅਜਿਹੇ ਸੱਪ ਕਾਬੂ ਕੀਤੇ ਸਨ ਜਿਨ੍ਹਾਂ ਨੂੰ ਦੇਖਣ ਸੁਣਨ ਵਾਲੇ ਦੰਗ ਰਹਿ ਜਾਂਦੇ। ਹੁਣ ਤੱਕ ਉਹ ਲੋਕਾਂ ਨੂੰ ਦਰਜਨਾਂ ਖਤਰਨਾਕ  ਸੱਪਾਂ ਦੇ ਫੁਕਾਰਿਆਂ ਤੋਂ ਨਜ਼ਾਤ ਦਵਾ ਚੁੱਕਾ ਹੈ।
      ਬਠਿੰਡਾ ਦਾ ਇਹ ਨੌਜਵਾਨ ਪਹਿਲੀ ਵਾਰ ਉਦੋਂ ਚਰਚਾ ’ਚ ਆਇਆ ਜਦੋਂ ਉਹ ਮਾਪਿਆਂ ਨੂੰ ਨਾਲ ਲੈ ਕੇ ਪ੍ਰਾਈਵੇਟ ਸਕੂਲਾਂ ਦੀ ਕਥਿਤ ਲੁੱਟ ਖਿਲਾਫ ਸੜਕਾਂ ਤੇ ਉਤਰਿਆ ਸੀ। ਦੇਖਦਿਆਂ ਹੀ ਦੇਖਦਿਆਂ ਇਸ ਨੌਜਵਾਨ ਦਾ ਕਾਫਲਾ ਕਾਰਵਾਂ ਦਾ ਰੂਪ ਧਾਰਨ ਕਰ ਗਿਆ ਅਤੇ ਇਸ ਮੁੱਦੇ ਦੀ ਗੱਲ ਹੱਟੀ ਭੱਠੀ ਤੇ ਹੋਣ ਲੱਗੀ। ਭਾਵੇਂ ਸਥਿਤੀ ਤਾਂ ਬਹੁਤ ਨਹੀਂ ਬਦਲ ਸਕੀ ਪਰ ਮਾਪੇ ਮੰਨਦੇ ਹਨ ਕਿ ਮੋੜਾ ਪਿਆ ਹੈ। ਜਦੋਂ ਉਹ ਪੀੜਤ ਵਿਅਕਤੀ ਦੇਖਦਾ ਤਾਂ ਉਸ ਦੀ ਸਹਾਇਤਾ ਲਈ ਤੜਪ ਉੱਠਦਾ ਹੈ। ਕਰੋਨਾ ਦੌਰਾਨ ਜਦੋਂ   ਆਕਸੀਜਨ ਲਈ ਮਾਰਾ ਮਾਰੀ ਸੀ ਤਾਂ ਉਹ ਆਪਣੀ ਕਾਰ ਤੇ  ਸਿਲੰਡਰ ਢੋਹਦਾਂ ਅਤੇ ਮੁਫ਼ਤ ਵੰਡਦਾ  ਰਿਹਾ।
    ਮਹੱਤਵਪੂਰਨ ਤੱਥ ਹੈ ਕਿ ਹੰਗਾਮੀ ਹਾਲਾਤਾਂ ਦੌਰਾਨ ਜਦੋਂ ਆਪਣੇ ਵੀ ਸਾਥ ਛੱਡ ਗਏ ਹਨ ਤਾਂ ਉਸ ਨੇ ਇਸ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਹਸਪਤਾਲ ਭਿਜਵਾਇਆ। ਸਰਕਾਰੀ ਸਕੂਲਾਂ ਵਿਚ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਬੂਟ ਜੁਰਾਬਾਂ ਵੰਡੀਆਂ ਅਤੇ ਕਈ ਸਕੂਲਾਂ ਵਿੱਚ ਠੰਢ ਤੋਂ ਬਚਣ ਲਈ ਗਰਮ ਕੱਪੜਿਆਂ ਦੀ ਵੰਡ ਵੀ ਕੀਤੀ।ਲੋਕਾਂ ਦੇ ਦੁੱਖਾਂ ਦੀ ਦਾਰੂ ਬਣਨ ਦਾ ਬੀੜਾ ਚੁੱਕਣ ਵਾਲਾ ਗੁਰਵਿੰਦਰ  ਵਹੀਲ ਚੇਅਰਾਂ ਵੰਡਦਾ  ਹੈ ।ਉਸ ਨੇ  ਲੋੜਵੰਦ ਪ੍ਰੀਵਾਰਾਂ  ਨੂੰ ਰਾਸ਼ਨ ਵੰਡਣ ਦੀ ਠਾਣੀ ਹੋਈ ਹੈ ਅਤੇ  ਗਰੀਬ ਘਰਾਂ ਦੀਆਂ ਲੜਕੀਆਂ ਦੇ ਵਿਆਹਾਂ ਮੌਕੇ ਉਨ੍ਹਾਂ ਦੇ ਸਿਰਾਂ ਤੇ ਹੱਥ ਰੱਖਦਾ ਹੈ।
    ਇਸ ਕੰਮ ਲਈ ਉਸ ਨੂੰ ਉਸ ਦੇ ਦੋਸਤਾਂ-ਮਿੱਤਰਾਂ ਅਤੇ ਹੋਰ ਲੋਕਾਂ ਦਾ ਵੱਡਾ ਸਹਿਯੋਗ ਮਿਲਦਾ ਹੈ। ਸਮਾਜ ਸੇਵਾ ਦੇ ਕੰਮ ਲਈ ਉਸ ਨੇ ਸਹਿਯੋਗ ਵੈਲਫੇਅਰ ਕਲੱਬ ਬਣਾਇਆ ਹੋਇਆ ਹੈ। ਇਹ ਉਸ ਦੀ ਨੇਕ ਨੀਤੀ ਅਤੇ ਦਿਆਨਤਦਾਰੀ ਦਾ ਨਤੀਜਾ ਹੈ ਕਿ ਸ਼ਹਿਰ ਦੇ ਦਾਨਵੀਰ ਅਤੇ ਸਮਾਜ ਲਈ ਕੁੱਝ ਕਰ ਗੁਜ਼ਰਨ ਦੀ ਚਾਹਤ ਰੱਖਣ ਵਾਲੇ ਨੌਜਵਾਨ ਉਸ ਦੀਆਂ ਖੱਬੀਆਂ ਸੱਜੀਆਂ ਬਾਹਾਂ ਹਨ। ਗਮੀ ਖੁਸ਼ੀ ਦੇ ਸਮਾਗਮਾਂ ’ਚ ਵੀ ਉਹ ਆਮ ਲੋਕਾਂ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕਰਨਾ ਨਹੀਂ ਭੁੱਲਦਾ ਹੈ।
 ਸਾਹ ਵਗਦੇ ਤੱਕ ਇਹੀ ਰਾਹ: ਗੁਰਵਿੰਦਰ
 
   ਅੱਜ ਵੀ ਜਦੋਂ ਇਸ ਪੱਤਰਕਾਰ ਨੇ ਗੁਰਵਿੰਦਰ ਸ਼ਰਮਾ ਨਾਲ ਗੱਲ ਕੀਤੀ ਤਾਂ ਉਸ ਦਾ ਬੜਾ ਸਟੀਕ ਪ੍ਰਤੀਕਰਮ ਸੀ ਕਿ ਜਦੋਂ ਤੱਕ ਸਾਹ ਵਗਦੇ ਹਨ , ਉਹ ਇਸੇ ਰਾਹ ਤੇ ਚੱਲਦਾ ਰਹੇਗਾ ਇਹ ਅਲਹਿਦਾ ਹੈ ਕਿ ਸਾਹਾਂ ਦੀ ਡੋਰ ਟੁੱਟਣ ਤੋਂ ਬਾਅਦ ਕੋਈ ਕਦਰਦਾਨ ਸਾਂਭ ਲਵੇ ਤਾਂ ਉਸ ਦੀ ਮਰਜੀ  ਨਹੀਂ ਤਾਂ ਕਿਸ ਨੇ ਦੇਖਣਾ ਹੈ ਕਿ ਕਟੀ ਪਤੰਗ ਕਿਸ ਤਰਫ ਜਾਂਦੀ ਹੈ। ਉਸ ਨੇ ਆਖਿਆ ਕਿ ਇਨਸਾਨ ਖਾਲੀ ਹੱਥ ਆਇਆ ਹੈ ਤੇ ਖਾਲੀ ਹੱਥ ਹੀ ਵਾਪਿਸ ਚਲੇ ਜਾਣਾ ਹੈ ਇਸ ਲਈ ਜੇ ਇਹ ਜਿੰਦਗੀ ਕਿਸੇ ਦੇ ਕੰਮ ਆ ਜਾਏ ਤਾਂ ਹੋਰ ਕੀ ਚਾਹੀਦਾ ਹੈ।     
 ਪ੍ਰੇਰਣਾ ਲਏ ਨਵਾਂ ਪੋਚ : – ਪਠਾਣੀਆ
    ਫਸਟ ਏਡ ਫਸਟ ਟ੍ਰੇਨਰ ਅਤੇ ਸਮਾਜਿਕ ਕਾਰਕੁੰਨ ਨਰੇਸ਼ ਪਠਾਣੀਆ ਦਾ ਕਹਿਣਾ ਹੈ ਕਿ ਨਵੇਂ ਪੋਚ ( ਨਵੀਂ ਪੀੜ੍ਹੀ )ਨੂੰ ਵੀ ਗੁਰਵਿੰਦਰ ਸ਼ਰਮਾ ਵਰਗੇ ਸਮਾਜ ਸੇਵੀ ਤੋਂ ਪ੍ਰਰੇਣਾ ਲੈਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦਾ ਫਲਸਫਾ ਹੀ ਮਾਨਵਤਾ ਦੀ ਸੇਵਾ ਵਾਲਾ ਹੈ , ਇਸ ਲਈ  ਇਸ ਨੌਜਵਾਨ ਦੀ ਜਿੰਨੀਂ ਵੀ ਸ਼ਲਾਘਾ ਕੀਤੀ ਜਾਏ ਘੱਟ ਹੈ । ਉਨ੍ਹਾਂ ਕਿਹਾ ਕਿ ਜੇਕਰ ਗੁਰਵਿੰਦਰ ਸ਼ਰਮਾ ਦੀ ਤਰਾਂ ਹੋਰ ਵੀ ਲੋਕ  ਦੀਨ ਦੁਖੀਆਂ ਦੀ ਸਹਾਇਤਾ ਦੇਣ ਲਈ ਅੱਗੇ ਆਉਣ ਤਾਂ ਨਿਰਸੰਦੇਹ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।

Spread the love
Scroll to Top