ਇਹ ਤਾਂ ਹੋਰ ਹੀ ਨਿੱਕਲਿਆ ਜਿੰਨ੍ਹ ! ਬਠਿੰਡਾ ਛਾਉਣੀ ‘ਚ 4 ਫੌਜੀਆਂ ਦੀ ਹੱਤਿਆ ਦਾ ਕੌੜਾ ਸੱਚ

Spread the love

ਬਠਿੰਡਾ ਛਾਉਣੀ ਕਤਲ ਕਾਂਡ ‘ਚ ਸਾਥੀ ਫੌਜੀ ਨੇ ਹੀ ਕੀਤੀ ਸੀ ਫੌਜੀਆਂ ਦੀ ਹੱਤਿਆ- ਮੁਲਜਮ ਕਰ ਲਿਆ ਗ੍ਰਿਫਤਾਰ

ਅਸ਼ੋਕ ਵਰਮਾ , ਬਠਿੰਡਾ 17 ਅਪ੍ਰੈਲ 2023
    ਪੰਜਾਬ ਪੁਲਿਸ ਨੇ ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ ਬਠਿੰਡਾ ‘ਚ ਪਿਛਲੇ ਦਿਨੀਂ ਕੀਤੀ ਗਈ ਚਾਰ ਫੌਜੀਆਂ  ਦੀ ਹੱਤਿਆ ਦੇ ਮਾਮਲੇ ਵਿੱਚ ਹੋਰ ਹੀ ਜ਼ਿੰਨ੍ਹ ਨਿੱਕਲ ਆਇਆ ਹੈ, ਹੱਤਿਆਕਾਂਡ ਦੀ ਰੰਜਸ਼ ਨੇ ਸਾਰਿਆ ਨੂੰ ਮੂੰਹ ਵਿੱਚ ਉਗਲੀਆਂ ਪਾ ਕੇ, ਸੋਚਣ ਲਈ ਮਜਬੂਰ ਕਰ ਦਿੱਤਾ। ਪੁਲਿਸ ਤੇ ਫੌਜੀ ਅਧਿਕਾਰੀਆਂ ਨੇ ਮਾਮਲੇ ਦੀ ਗੁੱਥੀ ਸੁਲਝਾ ਲੈਣ ਅਤੇ ਦੋਸ਼ੀ ਨੂੰ ਗਿਰਫਤਾਰ ਕਰ ਲੈਣ ਅਤੇ ਉਸ ਦੇ ਕਬਜ਼ੇ ਵਿੱਚੋਂ ਹੱਤਿਆ ਸਮੇਂ ਵਰਤਿਆ ਕੁੱਝ ਸਮਾਨ ਵੀ ਬਰਾਮਦ ਕਰ ਲੈਣ ਦੀ ਜਾਣਕਾਰੀ ਬਕਾਇਦਾ ਮੀਡੀਆ ਨੂੰ ਪ੍ਰੈਸ ਕਾਨਫਰੰਸ ਕਰਕੇ ਦੇ ਦਿੱਤੀ। ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਕਾਤਲ ਕੋਈ ਬਾਹਰੋਂ ਨਹੀਂ ਆਏ ਸਨ ਅਤੇ ਨਾ ਹੀ ਉਨ੍ਹਾਂ ਨੇ ਕੋਈ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਸੀ, ਬਲਕਿ ਮਿ੍ਤਕ ਜਵਾਨਾਂ ਦੇ ਇੱਕ ਸਾਥੀ ਨੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ  ਦੇਸਾਈ ਮੋਹਨ ਨਾਂ ਦੇ ਇੱਕ ਗਨਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰੈਸ ਵਾਰਤਾ ਦੌਰਾਨ ਅਧਿਕਾਰੀਆਂ ਨੇ ਹੱਤਿਆਕਾਂਡ ਦੀ ਵਜ੍ਹਾ ਰੰਜਸ਼ ਦੱਸਣ ਤੋਂ ਫਿਲਹਾਲ ਇਹ ਕਹਿੰਦਿਆਂ ਟਾਲਾ ਵੱਟ ਲਿਆ ਕਿ ਇਹ ਡਿਫੈਂਸ ਨਾਲ ਜੁੜਿਆ ਮੁੱਦਾ ਹੈ।                                                       
     ਪੁਲਿਸ ਨੇ ਇਸ ਕਤਲ ਕਾਂਡ ਨੂੰ ਨਿੱਜੀ ਰੰਜਿਸ਼ ਦਾ ਮਾਮਲਾ ਦੱਸ ਰਹੀ ਹੈ , ਜਦੋਂ ਕਿ ਸੂਤਰ ਇਸ ਨੂੰ ਜਿਨਸੀ ਸ਼ੋਸ਼ਣ ਦਾ ਸਿੱਟਾ ਦੱਸ ਰਹੇ ਹਨ । ਜਾਣਕਾਰੀ ਅਨੁਸਾਰ ਸਮੂਹਿਕ ਕਤਲ ਕਾਂਡ ਨੂੰ ਅੰਜਾਮ ਦੇਣ ਲਈ ਹੱਤਿਆਰੇ ਨੇ ਬੜੇ ਯੋਜਨਾਬੱਧ ਢੰਗ ਨਾਲ ਪਹਿਲਾਂ ਇਨਸਾਸ ਰਾਈਫਲ ਚੋਰੀ ਕੀਤੀ ਅਤੇ ਬਾਅਦ ਵਿੱਚ ਚਿੱਟੇ ਕੁੜਤੇ ਪਜਾਮੇ ਅਤੇ ਕੁਹਾੜੀ ਵਾਲੀ ਕਹਾਣੀ ਘੜ ਲਈ । ਉਹ ਪਹਿਲਾਂ ਇਸ ਕੇਸ ਦਾ ਚਸ਼ਮਦੀਦ ਗਵਾਹ ਬਣਿਆ  ,ਪਰ ਪੁਲਸ ਜਾਂਚ ਵਿਚ ਉਹ ਹਤਿਆਰੇ ਵਜੋਂ ਸਾਹਮਣੇ ਆ ਗਿਆ। 
      ਦੇਸਾਈ ਮੋਹਨ ਨੇ ਪੁਲਿਸ ਨੂੰ ਦੱਸਿਆ ਸੀ ਕੀ ਹੱਤਿਆਰੇ ਦੋ ਸਨ  । ਜਿਨ੍ਹਾਂ ਨੇ ਚਿੱਟੇ ਕੁੜਤੇ ਪਜਾਮੇ ਪਾਏ ਹੋਏ ਸਨ ।  ਉਨ੍ਹਾਂ ਵਿਚੋਂ ਇੱਕ ਦੇ ਹੱਥ ਵਿੱਚ ਇਨਸਾਸ ਰਾਈਫਲ ਅਤੇ ਦੂਸਰੇ ਕੋਲ ਕੁਹਾੜੀ ਫੜੀ ਹੋਈ ਸੀ ਅਤੇ ਉਹ ਕਤਲ ਕਰਨ ਤੋਂ ਬਾਅਦ ਜੰਗਲ ਵੱਲ ਦੌੜ ਗਏ । ਦਿਲਚਸਪ ਪਹਿਲੂ ਇਹ  ਹੈ ਕਿ ਪੋਸਟਮਾਰਟਮ ਰਿਪੋਰਟ ਵਿੱਚ ਕੁਹਾੜੀ ਦਾ ਕੋਈ ਵਾਰ ਸਾਹਮਣੇ ਨਹੀਂ ਸੀ ਆਇਆ।  ਪੁਲਿਸ ਨੂੰ ਸ਼ੁਰੂਆਤੀ ਦੌਰ ਵਿੱਚ ਹੀ ਉਸ ਦੇ ਬਿਆਨਾਂ ਤੇ ਸ਼ੱਕ ਸੀ । ਪਰ ਮਾਮਲਾ ਭਾਰਤੀ ਫੌਜ ਨਾਲ ਜੁੜਿਆ ਹੋਣ ਕਰਕੇ ਜਾਂਚ ਅਧਿਕਾਰੀ ਹਰ ਕਦਮ ਫ਼ੂਕ ਫੂਕ ਕੇ ਰੱਖ ਰਹੇ ਸਨ।
       ਪੜਤਾਲ ਦੌਰਾਨ ਦੇਸਾਈ ਮੋਹਨ ਬਾਰ-ਬਾਰ ਬਿਆਨ ਬਦਲ ਰਿਹਾ ਸੀ । ਜਿਸ ਨੂੰ ਦੇਖਦਿਆਂ ਸ਼ੱਕ ਹੋਰ ਡੂੰਘਾ ਹੋ ਗਿਆ ਅਤੇ ਆਖਿਰਕਾਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ।  ਪਤਾ ਲੱਗਿਆ ਹੈ  ਕਿ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਬਠਿੰਡਾ ਛਾਉਣੀ ਦੇ ਤਕਰੀਬਨ ਇੱਕ ਦਰਜਨ ਫੌਜੀ ਜਵਾਨਾਂ ਨੂੰ ਨੋਟਿਸ ਜਾਰੀ ਕੀਤਾ ਸੀ । ਦੱਸਿਆ ਜਾਂਦਾ ਹੈ ਕਿ ਪੁਲਿਸ ਨੇ ਇਹਨਾਂ ਵਿੱਚੋਂ ਕੁੱਝ ਫੌਜੀਆਂ ਤੋਂ ਪੁੱਛਗਿੱਛ ਕੀਤੀ । ਜਿਹੜੀ ਦੇਸਾਈ ਮੋਹਨ ਦੀ ਇਸ ਹੱਤਿਆ ਕਾਂਡ ਵਿੱਚ ਸ਼ਮੂਲੀਅਤ ਹੋਣ ਵੱਲ ਇਸ਼ਾਰਾ ਕਰਦੀ ਨਜ਼ਰ ਆ ਰਹੀ ਸੀ। 
      ਅੰਤ ਨੂੰ ਜਦੋਂ ਦੇਰ ਰਾਤ ਤੱਕ  ਪੁਲਸ ਨੇ ਦੇਸਾਈ ਮੋਹਨ ਤੋਂ ਸਖਤੀ ਨਾਲ ਪੁੱਛ-ਪੜਤਾਲ ਕੀਤੀ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ। ਭਾਵੇਂ ਪ੍ਰੈਸ ਕਾਨਫਰੰਸ ਦੌਰਾਨ  ਪੁਲਿਸ ਅਧਿਕਾਰੀਆਂ ਨੇ ਸਿੱਧੇ ਤੌਰ ਤੇ ਕੁੱਝ ਨਹੀਂ ਕਿਹਾ, ਪਰ ਅਹਿਮ ਸੂਤਰ ਦੱਸਦੇ ਹਨ ਕਿ ਦੇਸਾਈ ਮੋਹਨ ਨੇ ਪੁਲਿਸ ਕੋਲ ਕਬੂਲ ਕੀਤਾ ਹੈ ਕਿ ਹੈ ਇਹ ਉਸ ਦਾ ਜਿਨਸੀ ਸ਼ੋਸ਼ਣ ਕਰਦੇ ਸਨ, ਜਿਸ ਤੋਂ ਤੰਗ ਆ ਕੇ ਉਸ ਨੇ ਚੌਹਾਂ ਦੀ ਹੱਤਿਆ ਕਰ ਦਿੱਤੀ। ਥਾਣਾ ਕੈਂਟ ਪੁਲਿਸ ਨੇ ਇਸ ਸਬੰਧ ਵਿੱਚ ਮੇਜਰ ਆਸ਼ੂਤੋਸ਼ ਸ਼ੁਕਲਾ ਦੀ ਸ਼ਿਕਾਇਤ ਦੇ ਅਧਾਰ ਤੇ ਧਾਰਾ 302 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਸੀ।
     ਪਰੈਸ ਕਾਨਫਰੰਸ ਦੌਰਾਨ ਇਸ ਮਾਮਲੇ ਦਾ ਖੁਲਾਸਾ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਗੁਲਨੀਤ ਖੁਰਾਣਾ ਨੇ ਦੱਸਿਆ ਕਿ  ਦੇਸਾਈ ਮੋਹਨ ਨੇ ਇਹ ਕਤਲ ਨਿੱਜੀ ਰੰਜਿਸ਼ ਕਰਕੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਦੇਸਾਈ ਮੋਹਨ ਕੋਲੋਂ 8 ਕਾਰਤੂਸਾਂ ਵਿੱਚੋਂ 7 ਰੋਂਦ ਤੇ ਰਾਇਫਲ ਲਪੇਟ ਕੇ ਲਿਆਉਣ ਲਈ ਵਰਤੇ ਕਾਲੇ ਰੰਗ ਦੇ ਕੱਪੜੇ ਤੇ ਪਲਾਸਟਿਕ ਦਾ ਗੱਟਾ ਵੀ ਬਰਾਮਦ ਕਰ ਲਿਆ । ਉਨ੍ਹਾਂ ਦੱਸਿਆ ਕਿ ਹੈ ਮੁਲਜ਼ਮ ਨੇ ਰਾਈਫ਼ਲ  ਅਤੇ ਕਾਰਤੂਸ ਚੋਰੀ ਕਰਨ ਇਲਾਵਾ ਇਨ੍ਹਾਂ ਨੂੰ ਵਾਰਦਾਤ ਲਈ ਵਰਤਣ ਦੀ ਗੱਲ ਕਬੂਲ ਕੀਤੀ ਹੈ।
     ਉਨ੍ਹਾਂ ਦੱਸਿਆ ਕਿ ਦੇਸਾਈ ਮੋਹਨ ਵੱਲੋਂ ਦਿੱਤੀ ਜਾਣਕਾਰੀ ਦੇ ਅਧਾਰ ਤੇ ਪੁਲਿਸ ਨੇ ਫੌਜ ਪ੍ਰਸਾਸ਼ਨ ਨਾਲ ਮਿਲਕੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਨੂੰ ਦੇਖਿਆ , ਜਿਸ ਤੋਂ ਇਹ ਸਪਸ਼ਟ ਹੋਇਆ ਕਿ ਇਸ ਮਾਮਲੇ ਵਿੱਚ ਕਿਸੇ ਬਾਹਰੀ ਵਿਅਕਤੀ ਦੀ ਕੋਈ ਸ਼ਮੂਲੀਅਤ ਨਹੀਂ ਹੈ। ਹੁਣ ਪੁਲੀਸ ਵੱਲੋਂ ਮੁਲਜ਼ਮ ਫੌਜੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ। 
ਇਹ ਹੈ ਬਠਿੰਡਾ ਛਾਉਣੀ ਕਤਲ ਕਾਂਡ
   ਵਰਨਣਯੋਗ ਹੈ ਕਿ ਲੰਘੀ 12 ਅਪ੍ਰੈਲ ਨੂੰ ਬਠਿੰਡਾ ਫੌਜੀ ਛਾਉਣੀ ਵਿਚ ਚਾਰ ਜਵਾਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ।ਇਸ ਹੱਤਿਆ-ਕਾਂਡ ਵਿੱਚ ਮਾਰੇ ਗਏ  ਫੌਜੀ ਜਵਾਨਾਂ ਦੀ ਪਛਾਣ ਡੀ ਐਮਟੀ ਸੰਤੋਸ਼, ਡੀ ਐਮਟੀ ਕਮਲੇਸ਼, ਗਨਰ ਯੋਗੇਸ਼ ਕੁਮਾਰ ਅਤੇ ਡਰਾਈਵਰ ਸਾਗਰਬਨ ਵਜੋਂ ਹੋਈ ਸੀ। ਇਹ ਘਟਨਾ ਫੌਜ ਦੇ ਅਫਸਰਾਂ ਦੀ  ਮੈਸ ਦੇ ਨਜ਼ਦੀਕ ਬਣੀ ਹੋਈ ਬੈਰਕ ਵਿੱਚ ਵਾਪਰੀ ਸੀ। ਵਾਰਦਾਤ ਵੇਲੇ ਮ੍ਰਿਤਕ ਜਵਾਨ  ਕਮਰਿਆਂ ਵਿੱਚ ਸਨ। ਮ੍ਰਿਤਕ ਜਵਾਨਾਂ ਦਾ ਸਬੰਧ ਕਰਨਾਟਕ ਅਤੇ ਤਾਮਿਲ ਨਾਡੂ ਨਾਲ ਸੀ ਅਤੇ ਉਹ ਭਾਰਤੀ ਫੌਜ ਦੇ ਤੋਪਖਾਨੇ ਦੀ 80 ਮੀਡੀਅਮ ਰਜਮੈਂਟ ਵਿੱਚ ਤਾਇਨਾਤ ਸਨ।

Spread the love
Scroll to Top