ਰਾਜ ਪੱਧਰੀ ਵਣ ਮਹਾਂਉਤਸਵ ਦਾ ਵੀ ਹੋਵੇਗਾ ਆਗਾਜ਼
ਚੌਗਿਰਦੇ ਦੀ ਸੰਭਾਲ ਲਈ ਪਲਾਸਟਿਕ ਦੀ ਵਰਤੋਂ ਰੋਕਣ ਤੇ ਹਰਿਆਲੀ ਲਈ ਵੱਧ ਤੋਂ ਵੱਧ ਬੂਟੇ ਲਾਉਣ ਲਈ ਲੋਕਾਂ ਨੂੰ ਕੀਤਾ ਜਾਵੇਗਾ ਸੁਚੇਤ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 2 ਅਗਸਤ 2022
ਸਿਰਫ ਇੱਕੋ ਵਾਰ ਵਰਤੇ ਜਾ ਸਕਣ ਵਾਲੇ ਪਲਾਸਟਿਕ ਨਾਲ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸਦੀ ਵਰਤੋਂ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਇਸਦੀ ਵਰਤੋਂ ਵਿਰੁੱਧ ਜਾਗਰੂਕਤਾ ਲਈ 5 ਅਗਸਤ ਨੂੰ ਧੂਰੀ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਵਾਤਾਵਰਨ ਨੂੰ ਮੁੜ ਤੋਂ ਹਰਿਆ-ਭਰਿਆ ਬਣਾਉਣ ਲਈ ਲੋਕਾਂ ਨੂੰ ਵਣ ਮਹਾਂਉਤਸਵ ਤਹਿਤ ਵੱਧ ਤੋਂ ਵੱਧ ਬੂਟੇ ਲਾਉਣ ਲਈ ਜਾਗਰੂਕ ਵੀ ਕੀਤਾ ਜਾਵੇਗਾ। ਇਸ ਸੂਬਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਸੱਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਜਤਿੰਦਰ ਜੋਰਵਾਲ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰ ਲਏ ਜਾਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮਾਗਮ ਲਈ ਇੱਕਹਿਰੀ ਵਰਤੋਂ ਵਾਲੇ ਪਲਾਸਟਿਕ ਦਾ ਨਿਰਮਾਣ ਕਰਨ ਤੋਂ ਲੈ ਕੇ ਵਰਤੋਂ ਕਰਨ ਤੱਕ ਨਾਲ ਸਬੰਧਤ ਲਗਭਗ ਸਾਰੀਆਂ ਧਿਰਾਂ ਨੂੰ ਸੱਦਿਆ ਜਾਵੇਗਾ ਤਾਂ ਜੋ ਪਾਬੰਦੀ ਨੂੰ ਪੂਰਨ ਰੂਪ ‘ਚ ਲਾਗੂ ਕੀਤਾ ਜਾ ਸਕੇ। ਇਸ ਮੌਕੇ ਪਲਾਸਟਿਕ ਦੇ ਬਦਲ ਵਜੋਂ ਜੂਟ ਦੇ ਥੈਲੇ ਵੀ ਵੰਡੇ ਜਾਣਗੇ ਤੇ ਪਲਾਸਟਿਕ ਦੀ ਵਰਤੋਂ ਦੇ ਵਾਤਾਵਰਨ ‘ਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਵੀ ਲੋਕਾਂ ਨੂੰ ਸੁਚੇਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਾਬੰਦੀ ਲਾਏ ਜਾਣ ਤੋਂ ਤੁਰੰਤ ਬਾਅਦ ਹੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਪਲਾਸਟਿਕ ਨਿਰਮਾਣ ਦੀਆਂ ਯੂਨਿਟਾਂ ਉਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਲਿਫਾਫੇ/ਇਕਹਿਰੀ ਵਰਤੋਂ ਵਾਲੀ ਪਲਾਸਟਿਕ ਬਣਾਉਂਣ ਵਾਲ਼ਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਕਾਰਵਾਈ ਦੇ ਨਾਲ ਹੀ ਸਬੰਧਤ ਧਿਰਾਂ ਨੂੰ ਪਲਾਸਟਿਕ ਦੇ ਨਿਰਮਾਣ, ਖਰੀਦ, ਵੇਚ ਅਤੇ ਵਰਤੋਂ ਬਾਰੇ ਸਮਝਾਉਣ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਪਲਾਸਿਟਕ ਉਤੇ ਪਾਬੰਦੀ ਸਬੰਧੀ ਇਸ ਦੇ ਨਿਰਮਾਣ ਕਰਤਾਵਾਂ, ਉਤਪਾਦਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਡੀ.ਸੀ. ਵਿਕਾਸ ਵਰਜੀਤ ਵਾਲੀਆ, ਏ.ਡੀ.ਸੀ. ਅਨਮੋਲ ਸਿੰਘ ਧਾਲੀਵਾਲ, ਏ.ਡੀ.ਸੀ. ਸ਼ਹਿਰੀ ਵਿਕਾਸ ਲਤੀਫ਼ ਅਹਿਮਦ, ਐਸ.ਡੀ.ਐਮ ਧੂਰੀ ਅਮਿਤ ਗੁਪਤਾ, ਐਸ.ਡੀ.ਐਮ ਸੰਗਰੂਰ ਚਰਨਜੋਤ ਸਿੰਘ ਵਾਲੀਆ, ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ, ਡੀ.ਐਫ.ਓ. ਮੋਨਿਕਾ ਯਾਦਵ, ਐਕਸੀਅਨ ਪੀ.ਪੀ.ਸੀ.ਬੀ. ਰਾਜੀਵ ਗੁਪਤਾ ਤੇ ਡੀ.ਈ.ਓ. ਕੁਲਤਰਨਜੀਤ ਸਿੰਘ ਵੀ ਹਾਜ਼ਰ ਸਨ।