ਬਰਨਾਲਾ ਸਿਵਲ ਹਸਪਤਾਲ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਭਰਤੀ ਕੋਰੋਨਾ ਵਾਇਰਸ ਦੇ ਤਿੰਨੋ ਸ਼ੱਕੀ ਮਰੀਜਾਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਖਤਰਾ ਫਿਲਹਾਲ ਟਲਿਆ ਹੈ। ਐਸ.ਐਮ.ਓ ਡਾਕਟਰ ਜੋਤੀ ਕੌਂਸਲ ਨੇ ਦੱਸਿਆ ਕਿ ਠੁੱਲੀਵਾਲ ਪਿੰਡ ਦੇ ਭਰਤੀ ਮਰੀਜ਼ ਦੀ ਰਿਪੋਰਟ ਸ਼ੁਕਰਵਾਰ ਨੂੰ ਹੀ ਨੈਗੇਟਿਵ ਆ ਗਈ ਸੀ ਜਦੋਂ ਕਿ 22 ਏਕੜ ਖੇਤਰ ‘ਚ ਰਹਿਣ ਵਾਲੀ ਇੱਕ ਔਰਤ ਤੇ ਐਚ.ਡੀ.ਐਫ.ਸੀ. ਬੈਂਕ ਦੇ ਨਜਦੀਕ ਰਹਿਣ ਵਾਲੇ ਵਿਅਕਤੀ ਦੀ ਵੀ ਰਿਪੋਰਟ ਨੈਗੇਟਿਵ ਆਈ ਹੈ ਉਨ੍ਹਾਂ ਕਿਹਾ ਕਿ ਹਸਪਤਾਲ ‘ਚ ਤਿੰਨ ਸ਼ੱਕੀ ਮਰੀਜ਼ਾਂ ਦੇ ਭਰਤੀ ਹੋਣ ਨਾਲ ਲੋਕਾਂ ਵਿੱਚ ਭਾਰੀ ਸਹਿਮ ਦਾ ਮਾਹੋਲ ਬਣਿਆ ਹੋਇਆ ਸੀ। ਹਸਪਤਾਲ ਦੇ ਸਟਾਫ ਤੇ ਵੀ ਭਾਰੀ ਬੋਝ ਸੀ। ਹੁਣ ਤਿੰਨਾਂ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਇੱਕ ਵਾਰ ਖਤਰਾ ਟਲ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹਤਿਆਤ ਦੇ ਤੌਰ ਤੇ ਸਿਹਤ ਵਿਭਾਗ ਵੱਲੋਂ ਸੁਝਾਏ ਸੁਝਾਅ ਲਾਗੂ ਕਰਨੇ ਚਾਹੀਦੇ ਹਨ।
ਮਹਿਲ ਕਲਾਂ ਦੇ ਪਿੰਡ ਕੁਰੜ ਦੀ ਰਹਿਣ ਵਾਲੀ ਆਇਲਟਸ ਸੈਂਟਰ ਵਿੱਚ ਕੰਮ ਕਰਦੀ ਇੱਕ ਕੁੜੀ ਨੂੰ ਵੀ ਹੁਣ ਸ਼ੱਕੀ ਮੰਨਿਆ ਜਾ ਰਿਹਾ ਹੈ।ਉਸਦੇ ਸੈਂਪਲ ਜਾਂਚ ਲਈ ਭੇਜੇੇ ਜਾ ਚੁੱਕੇ ਹਨ।