ਉਹ ਮਰ ਗਈ ,ਪਰ ਅਸੀਂ ਤਾਂ ਨਹੀਂ ਚਾਹੁੰਦੇ ਸੀ ਉਸ ਨੂੰ ਮਾਰਨਾ

Spread the love

ਜਦੋਂ ਤੱਕਿਆ ਸੋਨਾ ਪਾਇਆ ਤੇ ਮਨ ਵਿੱਚ ਲਾਲਚ ਆਇਆ 

2 ਘੰਟੇ ਪਹਿਲਾਂ ਘੜੀ ਸਾਜ਼ਿਸ਼ ਤੇ ਫਿਰ ਚਾੜ੍ਹਤਾ ਚੰਦ ,ਲੁੱਟਿਆ ਸੋਨਾ, ਨਗਦੀ ਤੇ ਮਹਿੰਗੀ ਘੜੀ ਹੋਈ ਬਰਾਮਦ


ਹਰਿੰਦਰ ਨਿੱਕਾ , ਬਰਨਾਲਾ 7 ਨਵੰਬਰ 2022

   ਉਹ ਮਰ ਗਈ, ਪਰ ਅਸੀਂ ਉਹਨੂੰ ਮਾਰਨਾ ਨਹੀਂ ਚਾਹੁੰਦੇ ਸੀ, ਮੀਡੀਆ ਸਾਹਮਣੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਨ.ਆਰ.ਆਈ. ਬਜੁਰਗ ਔਰਤ ਦੀ ਹੱਤਿਆ ਅਤੇ ਡਕੈਤੀ ਦੇ ਦੋਸ਼ ਵਿੱਚ ਪੁਲਿਸ ਵੱਲੋਂ ਗਿਰਫਤਾਰ ਕੀਤੇ ਮੁਜਰਮਾਂ ਨੇ  ਕੀਤਾ। ਮੀਡੀਆ ਨੂੰ ਮੁਖਾਤਿਬ ਹੁੰਦਿਆਂ ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਖੁਲਾਸਾ ਕੀਤਾ 3 ਨਵੰਬਰ ਨੂੰ ਐਨ.ਆਰ.ਆਈ. ਮਾਸਟਰ ਲਛਮਣ ਸਿੰਘ ਦੇ ਘਰ ਦਾਖਿਲ ਹੋ ਕੇ, ਉਨਾਂ ਦੀ ਪਤਨੀ ਅਮਰਜੀਤ ਕੌਰ ਦੀ ਹੱਤਿਆ ਕਰਨ ਅਤੇ ਉਨ੍ਹਾਂ ਦੇ ਘਰੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਗਦੀ ਲੁੱਟ ਕੇ ਫਰਾਰ ਹੋਏ, ਦੋਸ਼ੀਆਂ ਨੂੰ ਟ੍ਰੇਸ ਕਰਕੇ, ਗਿਰਫਤਾਰ ਵੀ ਕਰ ਲਿਆ ਗਿਆ ਹੈ। ਦੋਸ਼ੀਆਂ ਦੇ ਕਬਜ਼ੇ ਵਿੱਚੋਂ ਲੁੱਟਿਆ ਗਿਆ ਸੋਨਾ, ਨਗਦੀ ਅਤੇ ਇੱਕ ਮਹਿੰਗੀ ਘੜੀ ਵੀ ਬਰਾਮਦ ਕਰਵਾ ਲਈ ਗਈ ਹੈ।

   ਐਸ.ਐਸ.ਪੀ. ਮਲਿਕ ਨੇ ਦੱਸਿਆ ਕਿ ਥਾਣਾ ਸਹਿਣਾ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਕਨੇਡਾ ਤੋਂ ਆਏ ਲਛਮਣ ਸਿੰਘ ਰਿਟਾਇਰਡ ਹੈੱਡ ਮਾਸਟਰ ਅਤੇ ਉਸ ਦੀ ਪਤਨੀ ਅਮਰਜੀਤ ਕੌਰ ਹਰ ਸਾਲ ਦੀ ਤਰਾਂ ਅਕਤੂਬਰ-ਨਵੰਬਰ ਦੇ ਮਹੀਨੇ ਵਿੱਚ ਆਪਣੇ ਜੱਦੀ ਪਿੰਡ ਸਹਿਣਾ ਵਿਖੇ ਆਏ ਹੋਏ ਸੀ। 3 ਨਵੰਬਰ ਦੀ ਸਵੇਰੇ ਕਰੀਬ 5.00 ਵਜੇ ਜਦੋਂ ਅਮਰਜੀਤ ਕੌਰ ਨੇ ਚਾਹ ਬਣਾਉਣ ਲਈ ਆਪਣੀ ਰਸੋਈ ਦਾ ਗੇਟ ਖੋਲਿਆ ਤਾਂ 5/6 ਨਾਮਲੂਮ ਵਿਅਕਤੀਆਂ ਨੇ ਉਸ ਪਰ ਧਾਵਾ ਬੋਲ ਦਿੱਤਾ। ਜਿਸ ਦੀਆਂ ਚੀਕਾਂ ਸੁਣ ਕੇ ਲਛਮਣ ਸਿੰਘ ਬਾਹਰ ਆਉਣ ਲੱਗਾ ਤਾਂ ਨਾ-ਮਾਲੂਮ ਵਿਅਕਤੀਆਂ ਨੇ ਉਸ ਨੂੰ ਵੀ ਫੜ ਲਿਆ ਤੇ ਇਨ੍ਹਾਂ ਵਿਅਕਤੀਆਂ ਨੇ ਅਮਰਜੀਤ ਕੌਰ ਦਾ ਮੂੰਹ ਬੰਦ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਮਾਸਟਰ ਲਛਮਣ ਸਿੰਘ ਦੀਆਂ ਬਾਹਾਂ ਬੰਨ ਕੇ ਉਸਦਾ 07 ਤੋਲੇ ਦਾ ਸੋਨੇ ਦਾ ਕੜਾ ਉਤਾਰ ਲਿਆ ਅਤੇ ਕਿਹਾ ਕਿ ਤੁਸੀ ਕਨੇਡਾ ਤੋਂ ਆਏ ਹੋ, ਤੁਹਾਡੇ ਕੋਲ ਪੈਸੇ ਹਨ, ਅਗਰ ਆਪਣੀ ਜਾਨ ਬਚਾਉਣੀ ਹੈ ਤਾਂ ਪੈਸੇ ਦਿਉ, ਤਾਂ ਲਛਮਣ ਸਿੰਘ ਨੇ ਕਿਹਾ ਕਿ ਉਸ ਪਾਸ ਕੋਈ ਪੈਸਾ ਨਹੀਂ, ਤਾਂ ਉਹਨਾ ਨੇ ਬੈਡਰੂਮ ਵਿੱਚ ਪਈ ਅਲਮਾਰੀ ਖੋਲ੍ਹ ਕੇ ਉਸ ‘ਚੋਂ ਇੱਕ ਕਾਲੇ ਰੰਗ ਦਾ ਬੈਗ ਚੁੱਕ ਲਿਆ ਅਤੇ ਉਸ ਵਿੱਚੋਂ ਅਮਰਜੀਤ ਕੌਰ ਦੇ ਸੋਨੇ ਦੇ ਜੇਵਰਾਤ ਅਤੇ ਡਾਕੂਮੈਂਟ ਲੈ ਗਏ। ਇਸ ਵਾਰਦਾਤ ਸਬੰਧੀ ਮੁਕੱਦਮਾ ਨੰਬਰ 73 ਮਿਤੀ 03-11-2022 ਅਰਧ 460, 148, 149 ਹਿੰ:ਦ ਥਾਣਾ ਸਹਿਣਾ ਦਰਜ ਰਜਿਸਟਰ ਕੀਤਾ ਗਿਆ।

ਕਿਵੇਂ ਟ੍ਰੇਸ ਹੋਏ ਦੋਸ਼ੀ ਤੇ ਕੀ ਹੋਇਆ ਬਰਾਮਦ

ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਇਸ ਘਟਨਾ ਨੂੰ ਟਰੇਸ ਕਰਨ ਲਈ ਸ੍ਰੀ ਰਵਨੀਸ਼ ਕੁਮਾਰ ਚੌਧਰੀ ਐੱਸ.ਪੀ(ਡੀ) ਬਰਨਾਲਾ ਦੀ ਨਿਗਰਾਨੀ ਹੇਠ ਰਵਿੰਦਰ ਸਿੰਘ ਰੰਧਾਵਾ PPS, ਉਪ ਕਪਤਾਨ ਤਪਾ, ਸ੍ਰੀ ਮਾਨਵਜੀਤ ਸਿੰਘ ਸਿੱਧੂ PPS, ਉਪ ਕਪਤਾਨ ਪੁਲਿਸ (ਡੀ) ਬਰਨਾਲਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਬਰਨਾਲਾ ਅਤੇ ਜਗਦੇਵ ਸਿੰਘ SHO ਸ਼ਹਿਣਾ ਦੀ ਟੀਮ ਨੇ ਬਹੁਤ ਹੀ ਡੂੰਘਾਈ ਨਾਲ ਵੱਖ ਵੱਖ ਪਹਿਲੂਆਂ ਤੋਂ, ਤਕਨੀਕੀ ਅਤੇ ਸੰਚਾਰੂ ਢੰਗਾਂ ਨਾਲ ਤਫਤੀਸ਼ ਅਮਲ ਵਿੱਚ ਲਿਆ ਕੇ ਮੁਕੱਦਮਾ ਵਿੱਚ ਹੇਠ ਲਿਖੇ 05 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਦੋਂਕਿ ਇਹਨਾਂ ਦੇ ਇੱਕ ਹੋਰ ਸਾਥੀ ਦੀ ਗ੍ਰਿਫਤਾਰੀ ਬਾਕੀ ਹੈ।

ਕੌਣ ਹੈ ਗਿਰਫਤਾਰ ਕੀਤੇ ਦੋਸ਼ੀ

ਐਸ.ਐਸ.ਪੀ. ਮਲਿਕ ਨੇ ਦੱਸਿਆ ਕਿ ਮ੍ਰਿਤਕ ਐਨ.ਆਰ.ਆਈ. ਅਮਰਜੀਤ ਕੌਰ ਦੇ ਗੁਆਂਢੀ ਹਰਬੰਸ ਸਿੰਘ ਉਰਫ ਬੰਸੀ ਪੁੱਤਰ ਸਰੂਪ ਸਿੰਘ ਵਾਸੀ ਸਹਿਣਾ ਤੇ ਉਸ ਦੇ ਸਾਥੀਆਂ ਹਰਜਿੰਦਰ ਸਿੰਘ ਉਰਫ ਸੁੱਖਾ ਪੁੱਤਰ ਹਾਕਮ ਸਿੰਘ ਵਾਸੀ ਸਹਿਣਾ ਤੇ. ਗੁਰਦੀਪ ਸਿੰਘ ਉਰਫ ਦੀਪਾ ਉਰਫ ਟੱਲੀ ਵਾਸੀ ਸਹਿਣਾ , ਸਤਵਿੰਦਰ ਸਿੰਘ ਉਰਫ ਸੱਤਾ ਪੁੱਤਰ ਰਾਜ ਸਿੰਘ ਵਾਸੀ ਸਹਿਣਾ ,  ਸੁਖਪ੍ਰੀਤ ਸਿੰਘ ਉਰਫ ਸੁੱਖੀ ਪੁੱਤਰ ਬਲਜਿੰਦਰ ਸਿੰਘ ਵਾਸੀ ਸਹਿਣਾ ਨੂੰ ਗਿਰਫਤਾਰ ਕਰ ਲਿਆ ਹੈ। ਦੋਸੀਆਨ ਪਾਸੋਂ ਇੱਕ ਕੜਾ ਸੋਨਾ ਵਜਨੀ ਕਰੀਬ 7 ਤੋਲੇ , 2 ਚੂੜੀਆਂ ਸੋਨਾ ਕਰੀਬ 4 ਤੋਲੇ 5000/- ਰੁਪੈ ਨਗਦੀ, ਇੱਕ ਘੜੀ RADO, ਰੰਗ ਗੋਲਡਨ (ਕੀਮਤ ਕਰੀਬ 1 ਲੱਖ 10 ਹਜਾਰ ਰੁਪੈ) , 1 ਸਪਲੈਂਡਰ ਮੋਟਰ ਸਾਈਕਲ ਰੰਗ ਕਾਲਾ ਬਰਾਮਦ ਕਰ ਲਿਆ ਗਿਆ ਹੈ।

ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨਸ਼ੇੜੀ

ਐਸ.ਐਸ.ਪੀ. ਮਲਿਕ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ ਦੋਸ਼ੀ ਸਹਿਣਾ ਪਿੰਡ ਦੇ ਹੀ ਰਹਿਣ ਵਾਲੇ ਹਨ ਤੇ ਨਸ਼ਾ ਕਰਨ ਦੇ ਆਦੀ ਹਨ। ਦੋਸ਼ੀ ਹਰਬੰਸ ਸਿੰਘ ਉਰਫ ਬੰਸੀ , ਕੇਸ ਦੇ ਮੁਦਈ ਲਛਮਣ ਸਿੰਘ ਦਾ ਗੁਆਂਢੀ ਹੈ। ਦੋਸ਼ੀਆਂ ਨੇ ਇੰਕਸ਼ਾਫ ਕੀਤਾ ਕਿ ਉਨ੍ਹਾਂ ਵਾਰਦਾਤ ਤੋਂ ਕਰੀਬ ਦੋ ਘੰਟੇ ਪਹਿਲਾਂ ਹੀ ਸਾਜ਼ਿਸ਼ ਘੜੀ ਸੀ। ਗਿਰਫਤਾਰ ਦੋਸ਼ੀਆਂ ਖਿਲਾਫ ਪਹਿਲਾਂ ਵੀ ਚੋਰੀ , NDPS ACT ਅਤੇ ਡਾਕੇ ਦੀ ਯੋਜਨਾ ਅਤੇ ਅਸਲਾ ਐਕਟ ਤਹਿਤ ਵੱਖ ਵੱਖ ਥਾਣਿਆਂ ਵਿੱਚ ਕੇਸ ਦਰਜ਼ ਹਨ।

ਵੱਖ ਵੱਖ ਥਾਣਿਆਂ ਵਿੱਚ ਦਰਜ ਕੇਸਾਂ ਦਾ ਵੇਰਵਾ:-

  1. ਮੁਕੱਦਮਾ ਨੰਬਰ 05 ਮਿਤੀ 03-1-2016 ਅ/ਧ 20,29/61/85 ਐਨ.ਡੀ.ਪੀ.ਐਸ. ਐਕਟ ਥਾਣਾ ਬਰਨਾਲਾ
  2. ਮੁਕਦਮਾ ਨੰਬਰ 37 ਮਿਤੀ 12-04-2020 ਅਧ 188 ਹਿੰ:ਦੰ: ਥਾਣਾ ਸਹਿਣਾ
  3. ਮੁਕੱਦਮਾ ਨੰਬਰ 415 ਮਿਤੀ 19-08-2021 ਅੱਧ 380, 411 ਹ ਦੇ ਥਾਣਾ ਸਿਟੀ ਬਰਨਾਲਾ
  4. ਮੁਕੱਦਮਾ ਨੰਬਰ 163 ਮਿਤੀ 26-04-2022 ਅੱਧ 399,402,411 ਹਿੰਦ 25/54/59 ਅਸਲਾ ਐਕਟ ਥਾਣਾ ਸਿਟੀ ਬਰਨਾਲਾ
  5. ਮੁਕੱਦਮਾ ਨੰਬਰ 57 ਮਿਤੀ 22-08-2022 ਅ/ਧ 457,380 ਹਿੰ:ਦੰ: ਥਾਣਾ ਸਹਿਣਾ
  6. ਮੁਕੱਦਮਾ ਨੰਬਰ 68 ਮਿਤੀ 07-10-2022 ਅਧ 457,380 ਹਿੰ:ਦੰ: ਥਾਣਾ ਸਹਿਣਾ।

Spread the love
Scroll to Top