ਐਡਵੇਕੇਟ ਨਵਰੀਤ ਨੇ ਪਾਈ ਨਵੀਂ ਰੀਤ , ਹਾਈਕੋਰਟ ‘ਚ ਬਣੀ ਜਿਲ੍ਹੇ ਦੀ ਪਹਿਲੀ ਮਹਿਲਾ AAG 

Spread the love

ਬਰਨਾਲਾ ਦੀ ਧੀ ਨੇ ਵਧਾਇਆ ਜਿਲ੍ਹੇ ਦਾ ਮਾਣ , ਬਾਬਾ ਗਾਂਧਾ ਸਿੰਘ ਸਕੂਲ ਚੋ ਕੀਤੀ 10 ਵੀਂ ਤੱਕ ਦੀ ਪੜ੍ਹਾਈ

BGS ਸਕੂਲ ਦੇ ਡਾਇਰੈਕਟਰ ਰਣਪ੍ਰੀਤ ਸਿੰਘ ਅਤੇ ਪ੍ਰਿੰਸਪੀਲ ਬਿੰਨੀ ਆਹਲੂਵਾਲੀਆ ਨੇ ਨਵਰੀਤ ਨੂੰ ਦਿੱਤੀ ਵਧਾਈ 


ਹਰਿੰਦਰ ਨਿੱਕਾ , ਬਰਨਾਲਾ 8 ਸਤੰਬਰ 2022

   ਖੁਦੀ ਕੋ ਕਰ ਬੁਲੰਦ ਇਤਨਾ, ਕਿ ਖੁਦਾ ,ਖੁਦ ਬੰਦੇ ਸੇ ਪੂਛੇ ਤੇਰੀ ਰਜ਼ਾ ਕਿਆ ਹੈ, ਇਨ੍ਹਾਂ ਸਤਰਾਂ ਨੂੰ ਹਕੀਕਤ ਵਿੱਚ ਬਦਲਦਿਆਂ ਮੁਕਾਬਲੇ ਦੇ ਦੌਰਾ ‘ਚ ਖੁਦ ਨੂੰ ਸਾਬਿਤ ਕੀਤਾ ਹੈ, ਬਰਨਾਲਾ ਸ਼ਹਿਰ ਦੇ ਸੰਧੂ ਪੱਤੀ ਇਲਾਕੇ ਦੀ ਜੰਮਪਲ ਐਡਵੋਕੇਟ ਨਵਰੀਤ ਕੌਰ ਬਰਨਾਲਾ ਨੇ । ਪੰਜਾਬ ਸਰਕਾਰ ਨੇ ਫੌਜਦਾਰੀ ਅਤੇ ਮੈਟਰੀਮੋਨੀਅਲ ਕੇਸਾਂ ਵਿੱਚ ਮੁਹਾਰਤ ਦੇ ਬਲਬੂਤੇ ਜਿਲ੍ਹਾ ਬਠਿੰਡਾ ਦੀਆਂ ਅਦਾਲਤਾਂ ਵਿੱਚ ਧਾਂਕ ਜਮਾਉਣ ਵਾਲੀ, ਐਡਵੋਕੇਟ ਨਵਰੀਤ ਕੌਰ ਬਰਨਾਲਾ ਦੀ, ਨਿਯੁਕਤੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਪੰਜਾਬ ਦੇ ਐਡਵੋਕੇਟ ਜਰਨਲ ਦਫਤਰ ‘ਚ ਬਤੌਰ AAG ਕੀਤੀ ਹੈ। ਨਵਰੀਤ ਨੇ ਬਰਨਾਲਾ ਸ਼ਹਿਰ ਹੀ ਨਹੀਂ , ਬਲਕਿ ਜਿਲ੍ਹੇ ਦੀ ਪਹਿਲੀ ਮਹਿਲਾ AAG ਬਣ ਕੇ ਨਵੀਂ ਰੀਤ ਸ਼ੁਰੂ ਕੀਤੀ ਹੈ। ਨਵਰੀਤ ਦੇ ਇਸ ਮੁਕਾਮ ਤੇ ਪਹੁੰਚਣ ਨਾਲ , ਉਸ ਨੇ ਆਪਣੇ ਮਾਪਿਆਂ ਦਾ ਹੀ ਨਹੀਂ, ਸਗੋਂ ਬਰਨਾਲਾ ਜਿਲ੍ਹੇ ਦਾ ਵੀ ਮਾਣ ਵਧਾਇਆ ਹੈ । ਹਰਰਾਜ ਸਿੰਘ ਦੇ ਘਰ ਤੇ ਮਾਤਾ ਪਰਮਜੀਤ ਕੌਰ ਦੀ ਕੁੱਖੋਂ ਪੈਦਾ ਹੋਈ ਨਵਰੀਤ ਕੌਰ ਬਰਨਾਲਾ ਨੇ ਦੱਸਿਆ ਕਿ ਉਨ੍ਹਾਂ ਦਸਵੀਂ ਤੱਕ ਦੀ ਪੜ੍ਹਾਈ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਤੋਂ ਪ੍ਰਾਪਤ ਕੀਤੀ। ਉੱਚ ਸਿੱਖਿਆ ਲਈ, ਨਵਰੀਤ ਕੌਰ ਨੇ ਲੁਧਿਆਣਾ ਸ਼ਹਿਰ ਵੱਲ ਪੁਲਾਂਘ ਪੁੱਟੀ ਤੇ B.Com ਕੀਤੀ। ਫਿਰ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਵਕਾਲਤ ਦੀ ਡਿਗਰੀ ਹਾਸਿਲ ਕਰਕੇ, ਨੈਸ਼ਨਲ ਲਾਅ ਸਕੂਲ ਬੈਂਗਲੂਰ ਤੋਂ ਲਾਅ ਦੀ ਮਾਸਟਰ ਡਿਗਰੀ ਪ੍ਰਾਪਤ ਕੀਤੀ। ਨਵਰੀਤ ਕੌਰ ਦੀ ਸ਼ਾਦੀ , ਬੈਂਕ ਮੈਨੇਜਰ ਮਨਮੋਹਿਤ ਸਿੰਘ ਬਠਿੰਡਾ ਨਾਲ ਹੋਈ ਤੇ ਐਡਵੋਕੇਟ ਨਵਰੀਤ ਨੇ ਬਠਿੰਡਾ ਜਿਲ੍ਹਾ ਅਦਾਲਤ ਵਿੱਚ ਹੀ ਵਕਾਲਤ ਦੀ ਪ੍ਰੈਕਟਿਸ ਆਰੰਭ ਦਿੱਤੀ। ਫੌਜਦਾਰੀ ਅਤੇ ਮੈਟਰੋਮੋਨੀਅਲ ਕੇਸਾਂ ਵਿੱਚ , ਆਪਣੀ ਮਿਹਨਤ ਦੇ ਬਲਬੂਤੇ ਨਾਮਣਾ ਖੱਟਣ ਵਾਲੀ ਨਵਰੀਤ ਕੌਰ ਨੇ ਦੱਸਿਆ ਕਿ ਬੇਸ਼ੱਕ ਮੇਰੇ ਪੇਕੇ ਪਰਿਵਾਰ ਵਿੱਚ ਕੋਈ ਉੱਚ ਵਿੱਦਿਆ ਪ੍ਰਾਪਤ ਨਹੀਂ ਹੈ, ਫਿਰ ਵੀ ਮੇਰੇ ਮਰਹੂਮ ਦਾਦਾ ਹਰਦੇਵ ਸਿੰਘ ਦਾ ਸੁਪਨਾ ਸੀ ਕਿ ਉਸਦੀ ਪੋਤੀ, ਚੰਗਾ ਨਾਮਣਾ ਖੱਟੇ ਤੇ ਉੱਚੇ ਅਹੁਦੇ ਤੇ ਪਹੁੰਚ ਕੇ ਲੋਕਾਂ ਦੀ ਸੇਵਾ ਕਰੇ। ਨਵਰੀਤ ਨੇ ਆਪਣੇ ਮਾਤਾ ਪਿਤਾ ਅਤੇ ਪਤੀ ਵੱਲੋਂ ਮਿਲੇ ਹਰ ਤਰਾਂ ਦੇ ਸਹਿਯੋਗ ਦਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਆਪਣੀ ਨਿਯੁਕਤੀ ਲਈ ਸ਼ੁਕਰੀਆ ਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਪੂਰੀ ਮਿਹਨਤ ਅਤੇ ਲਗਨ ਨਾਲ, ਸਰਕਾਰ ਦਾ ਪੱਖ ਮਾਨਯੋਗ ਹਾਈਕੋਰਟ ‘ਚ ਪੇਸ਼ ਕਰਨ ਵਿੱਚ ਕੋਈ ਕਮੀ ਨਹੀਂ ਰਹਿਣ ਦਿਆਂਗੀ। AAG ਨਵਰੀਤ ਕੌਰ ਬਰਨਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਾਈਕੋਰਟ ਵਿੱਚ ਹਰ ਦਿਨ ਪੇਸ਼ੀਆਂ ਭੁਗਤਣ ਲਈ ਪਹੁੰਚਦੇ ਤਫਤੀਸ਼ੀ ਪੁਲਿਸ ਅਫਸਰਾਂ ਨੂੰ ਰਾਹਤ ਦੇਣ ਅਤੇ ਥਾਣਿਆਂ ਵਿੱਚ ਤਫਤੀਸ਼ੀ ਅਫਸਰਾਂ ਦੀ ਰਹਿੰਦੀ ਕਮੀ ਕਾਰਣ ਆਮ ਲੋਕਾਂ ਨੂੰ ਹੁੰਦੀ ਖੱਜਲਖੁਆਰੀ ਤੋਂ ਬਚਾਉਣ ਲਈ, ਨਵੀਂ ਨੀਤੀ ਅਪਣਾਈ ਹੈ। ਜਿਸ ਦੇ ਤਹਿਤ ਹੁਣ ਹਰ ਪੇਸ਼ੀ ਤੇ ਪੁਲਿਸ ਅਫਸਰਾਂ ਦਾ ਹਾਈਕੋਰਟ ਵਿੱਚ ਪਹੁੰਚਣਾ ਲਾਜਿਮੀ ਨਹੀਂ ਹੋਵੇਗਾ। ਉਨਾਂ ਕਿਹਾ ਕਿ ਤਫਤੀਸ਼ੀ ਅਫਸਰ, ਮੁਕੱਦਮੇ ਦੇ ਹਾਲਤ ਅਤੇ ਵਾਕਿਆਤ ਇੱਕ ਪ੍ਰੋਫਾਰਮੇ ਰਾਹੀਂ, ਐਸ.ਐਚ.ੳ. ਤੋਂ ਤਸਦੀਕ ਕਰਵਾਕੇ ਕੇ, ਏ.ਜੀ. ਦਫਤਰ ਪੇਸ਼ ਕਰਿਆ ਕਰਨਗੇ । ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਦੇ ਡਾਇਰੈਕਟਰ ਰਣਪ੍ਰੀਤ ਸਿੰਘ ਅਤੇ ਪ੍ਰਿੰਸੀਪਲ ਬਿੰਨੀ ਆਹਲੂਵਾਲੀਆ ਨੇ ਨਵਰੀਤ ਦੇ ਏ.ਏ.ਜ਼ੀ. ਬਣਨ ਲਈ ਵਧਾਈ ਦਿੰਦਿਆਂ ਕਿਹਾ ਕਿ ਨਵਰੀਤ ਕੌਰ ਨੇ ਸਕੂਲ ਦਾ ਵੀ ਮਾਣ ਵਧਾਇਆ ਹੈ। 


Spread the love
Scroll to Top