ਐਮ.ਪੀ. ਸਿਮਰਨਜੀਤ ਸਿੰਘ ਮਾਨ ਨੇ ਸੁਣੀਆਂ ਉਦਯੋਗਪਤੀਆਂ ਦੀਆਂ ਮੁਸ਼ਕਿਲਾਂ

Spread the love

ਗਗਨ ਹਰਗੁਣ, ਬਰਨਾਲਾ, 22 ਅਗਸਤ 2023

     ਇੰਡਸਟਰੀਜ਼ ਚੈਂਬਰ ਜ਼ਿਲ੍ਹਾ ਸੰਗਰੂਰ ਵੱਲੋਂ ਬਰਨਾਲਾ ਦੇ ਉਦਯੋਗਪਤੀਆਂ ਨੂੰ  ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦੇ ਸੰਬੰਧ ਵਿੱਚ ਲੋਕ ਸਭਾ ਹਲਕਾ ਸੰਗਰੂਰ ਦੇ ਐਮ.ਪੀ. ਸ. ਸਿਮਰਨਜੀਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਅਤੇ ਐਮ.ਪੀ. ਸੰਗਰੂਰ ਦਾ ਹਲਕੇ ਦੇ ਬਿਜਲੀ ਨਵੀਨੀਕਰਨ ਲਈ ਕਰੋੜਾਂ ਰੁਪਏ ਦਾ ਪ੍ਰੋਜੈਕਟ ਮੰਜੂਰ ਕਰਵਾਉਣ ਲਈ ਧੰਨਵਾਦ ਕੀਤਾ | ਐਮ.ਪੀ. ਸੰਗਰੂਰ ਅਤੇ ਉਦਯੋਗਪਤੀਆਂ ਦੀ ਮੀਟਿੰਗ ਸਮੇਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ਵੀ ਮੌਕੇ ‘ਤੇ ਮੌਜੂਦ ਸਨ |                           
      ਉਦਯੋਗਪਤੀਆਂ ਨੇ ਐਮ.ਪੀ. ਸੰਗਰੂਰ ਨੂੰ  ਦਿੱਤੇ ਮੰਗ ਵਿੱਚ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਉਦਯੋਗਪਤੀਆਂ ਦੀਆਂ ਮੰਗਾਂ ਲਟਕਦੀਆਂ ਆ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ  ਆਪਣੀਆਂ ਇੰਡਸਟਰੀਜ਼ ਚਲਾਉਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਬਰਨਾਲਾ ਵਿੱਚ ਕੋਈ ਫੋਕਲ ਪੁਆਇੰਟ ਨਹੀਂ ਹੈ | ਜਿਸ ਕਾਰਨ ਬਰਨਾਲਾ ਦੇ ਲੋਕਾਂ ਨੂੰ  ਇੰਡਸਟਰੀਜ ਲਗਾਉਣ ਲਈ ਲੱਖਾਂ ਕਰੋੜਾਂ ਰੁਪਏ ਦੀ ਜਮੀਨ ਖਰੀਦਣ ‘ਤੇ ਖਰਚ ਕਰਨੇ ਪੈਂਦੇ ਹਨ, ਜੋ ਕਿ ਨਵੀਂ ਇੰਡਸਟਰੀ ਲਗਾਉਣ ਵਾਲੇ ਵਿਅਕਤੀ ਦੇ ਵਿੱਤ ਤੋਂ ਬਾਹਰ ਹੈ | ਇਹੋ ਕਾਰਨ ਹੈ ਕਿ ਬਰਨਾਲਾ ਵਿੱਚ ਇੰਡਸਟਰੀਜ ਘੱਟ ਲੱਗ ਰਹੀ ਹੈ | ਇਸ ਤੋਂ ਇਲਾਵਾ ਉਨ੍ਹਾਂ ਨੂੰ  ਉਦਯੋਗ ਚਲਾਉਣ ਵਿੱਚ ਪੇਸ਼ ਆਉਣ ਵਾਲੀਆਂ ਹੋਰ ਸਮੱਸਿਆਵਾਂ ਬਾਰੇ ਵੀ ਚਾਨਣਾ ਪਾਇਆ | ਇਸ ਦੌਰਾਨ ਉਦਯੋਗਪਤੀਆਂ ਨੇ ਐਮ.ਪੀ. ਸੰਗਰੂਰ ਵੱਲੋਂ ਆਪਣੇ ਇੱਕ ਸਾਲ ਦੇ ਕਾਰਜਕਾਲ ਵਿੱਚ ਕੀਤੇ ਗਏ ਕੰਮਾਂ ਦੀ ਸ਼ਲਾਘਾ ਵੀ ਕੀਤੀ | ਉਨ੍ਹਾਂ ਲੋਕ ਸਭਾ ਹਲਕੇ ਦੇ ਤਿੰਨੋਂ ਜਿਲਿਆਂ ਬਰਨਾਲਾ, ਮਾਲੇਰਕੋਟਲਾ ਤੇ ਸੰਗਰੂਰ ਦੇ ਮੁਕੰਮਲ ਬਿਜਲੀ ਨਵੀਨੀਕਰਨ ਲਈ ਕਰੋੜਾਂ ਰੁਪਏ ਦਾ ਪ੍ਰੋਜੈਕਟ ਮੰਨਜੂਰ ਕਰਵਾਉਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਐਮ.ਪੀ. ਸੰਗਰੂਰ ਦਾ ਧੰਨਵਾਦ ਵੀ ਕੀਤਾ |  
     ਉਦਯੋਗਪਤੀਆਂ ਦੀਆਂ ਸਾਰੀਆਂ ਮੁਸ਼ਕਿਲਾਂ ਅਤੇ ਮੰਗਾਂ ਨੂੰ  ਧਿਆਨ ਸੁਨਣ ਉਪਰੰਤ ਐਮ.ਪੀ. ਸ. ਸਿਮਰਨਜੀਤ ਸਿੰਘ ਮਾਨ ਨੇ ਭਰੋਸਾ ਦੁਆਇਆ ਕਿ ਉਨ੍ਹਾਂ ਨੂੰ  ਪੇਸ਼ ਆਉਣ ਵਾਲੀਆਂ ਸਾਰੀਆਂ ਮੁਸ਼ਕਿਲਾਂ ਨੂੰ  ਹੱਲ ਕਰਨ ਦਾ ਪੂਰਾ ਯਤਨ ਕੀਤਾ ਜਾਵੇ | ਸ. ਮਾਨ ਨੇ ਕਿਹਾ ਕਿ ਕਿਸੇ ਵੀ ਇਲਾਕੇ ਦੀ ਤਰੱਕੀ ਲਈ ਇਲਾਕੇ ਵਿੱਚ ਇੰਡਸਟਰੀ ਦਾ ਹੋਣਾ ਬਹੁਤ ਜਰੂਰੀ ਹੈ, ਤਾਂ ਜੋ ਇਲਾਕੇ ਦੇ ਲੋਕਾਂ ਲਈ ਰੁਜਗਾਰ ਦੇ ਵਸੀਲੇ ਵਧ ਸਕਣ | ਉਦਯੋਗਪਤੀਆਂ ਦੀਆਂ ਮੁਸ਼ਕਿਲਾਂ ਹੱਲ ਹੋਣ ਨਾਲ ਇਲਾਕੇ ਦੇ ਗਰੀਬ ਲੋਕਾਂ ਨੂੰ  ਵੀ ਲਾਭ ਮਿਲੇਗਾ | ਸ. ਮਾਨ ਨੇ ਕਿਹਾ ਕਿ ਐਮ.ਪੀ. ਹੋਣ ਦੇ ਨਾਤੇ ਹਲਕੇ ਦੇ ਹਰੇਕ ਵਰਗ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ  ਹੱਲ ਕਰਵਾਉਣਾ ਅਤੇ ਹਲਕੇ ਦੀ ਉੱਨਤੀ ਲਈ ਕੰਮ ਕਰਨਾ ਉਨ੍ਹਾਂ ਦੀ ਜਿੰਮੇਵਾਰੀ ਹੈ ਅਤੇ ਆਪਣੀ ਇਸ ਜਿੰਮੇਵਾਰੀ ਨੂੰ  ਉਹ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ |                                                     
     ਇਸ ਮੌਕੇ ਰਾਈਸ ਮਿਲਜ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ, ਵਪਾਰ ਮੰਡਲ ਦੇ ਪ੍ਰਧਾਨ ਅਨਿਲ ਕੁਮਾਰ ਬਾਂਸਲ, ਰੋਟਰੀ ਕਲੱਬ ਬਰਨਾਲਾ ਦੇ ਪ੍ਰਧਾਨ ਰਾਜ ਕੁਮਾਰ ਸ਼ਰਮਾ, ਚੇਅਰਮੈਨ ਜਤਿੰਦਰ ਸ਼ਰਮਾ, ਬਾਬੂ ਹੇਮਰਾਜ ਐਮ.ਸੀ., ਸ਼ਿਵਾਚੰਦ ਸਿੰਗਲਾ, ਅਜੈ ਬਾਂਸਲ, ਇਕਬਾਲ ਸਿੰਘ ਸਰਾਂ, ਪ੍ਰੇਮ ਚੰਦ ਸਿੰਗਲਾ, ਮਹਾਂਵੀਰ ਗੋਇਲ ਸਮੇਤ ਹੋਰ ਉਦਯੋਗਪਤੀਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਯੂਥ ਪ੍ਰਧਾਨ ਗੁਰਪ੍ਰੀਤ ਸਿੰਘ ਖੁੱਡੀ, ਸੁਖਪਾਲ ਸਿੰਘ ਛੰਨਾ, ਸਰਪੰਚ ਸੁਖਜਿੰਦਰ ਸਿੰਘ ਕਲਕੱਤਾ ਵੀ ਹਾਜਰ ਸਨ | 


Spread the love
Scroll to Top