ਥਾਣੇਦਾਰ ਨੂੰ ਸ਼ਾਂਤ ਕਰਨ ਪਹੁੰਚਿਆ ਐਸਪੀ, ਬੈਲਟ ਮੌੜ ਕੇ ਫੜ੍ਹਾਈ
-ਐਸਪੀ ਦਫਤਰ ਬਾਹਰ ਹੰਗਾਮਾ, ਜੰਗਲ ਦੀ ਅੱਗ ਵਾਂਗ ਫੈਲੀ ਖਬਰ
- ਥਾਣੇਦਾਰ ਬੋਲਿਆ,, ਬਿਨਾਂ ਗੱਲੋਂ , ਗਾਲ੍ਹਾਂ ਵੀ ਨਹੀ ਸਹਿ ਹੁੰਦੀਆਂ,,
ਬਰਨਾਲਾ ਟੂਡੇ,
ਪੁਲਿਸ ਦੀਆਂ ਗਾਲ੍ਹਾਂ ਆਮ ਲੋਕਾਂ ਲਈ ਭਾਂਵੇ ਕੋਈ ਨਵੀ ਗੱਲ ਨਹੀਂ, ਪਰ ਜਿਲ੍ਹੇ ਦੇ ਇੱਕ ਐਸਪੀ ਵੱਲੋਂ ਸ਼ਨੀਵਾਰ ਦੀ ਸਵੇਰੇ ਕਰੀਬ ਸਾਢੇ ਕੁ ਦਸ ਵਜੇ ਇੱਕ ਥਾਣੇਦਾਰ ਨੂੰ ਆਪਣੇ ਦਫਤਰ ਚ, ਬੁਲਾ ਕੇ ਕੱਢੀ ਗਾਲ੍ਹ ਨੇ ਵੱਡਾ ਹੰਗਾਮਾ ਖੜ੍ਹਾ ਕਰ ਦਿੱਤਾ। ਗਾਲ੍ਹ ਤੋਂ ਭੜ੍ਹਕੇ ਥਾਣੇਦਾਰ ਨੂੰ ਵੀ ਗੁੱਸਾ ਚੜ੍ਹਿਆ ਤਾਂ ਉਸ ਨੇ ਆਪਣੀ ਵਰਦੀ ਨੂੰ ਲਾਈ ਬੈਲਟ ਲਾਹ ਕੇ ਐਸਪੀ ਦੇ ਪੈਰਾਂ ਵਿੱਚ ਮਾਰੀ ,ਕਹਿੰਦਾ ਆਹ ਚੱਕ ਮੈਂ ਨੀ ਕਰਨੀ ਇਹੋ ਜਿਹੀ ਨੌਕਰੀ,,,ਤੇ ਬੁੜ-ਬੁੜ ਕਰਦਾ ਹੋਇਆ, ਦਫਤਰ ਵਿੱਚੋਂ ਬਾਹਰ ਭੱਜ ਨਿੱਕਲਿਆ। ਹੌਲਦਾਰ ਤੋਂ ਨਵੇਂ ਨਵੇਂ ਬਣੇ ਥਾਣੇਦਾਰ ਦਾ ਰੋਹਬ ਦੇਖ ਕੇ ਐਸਪੀ ਦਾ ਗੁੱਸਾ ਢੈਲਾ ਪੈ ਗਿਆ। ਥਾਣੇਦਾਰ ਨੂੰ ਮਨਾਉਣ ਤੇ ਸ਼ਾਂਤ ਕਰਨ ਲਈ ਐਸਪੀ ਨੂੰ ਆਪਣੀ ਕੁਰਸੀ ਤੋਂ ਉੱਠ ਬਾਹਰ ਆਉਣਾ ਪਿਆ। ਬੱਸ ਫਿਰ ਕੀ ਸੀ, ਥਾਣੇਦਾਰ ਮੂਹਰੇ ਮੂਹਰੇ ਤੇ ਐਸਪੀ ਸਾਬ੍ਹ ਉਹਨੂੰ ਸ਼ਾਂਤ ਕਰਨ ਲਈ ਪਿੱਛੇ-ਪਿੱਛੇ। ਸਾਡਾ ਮੀਆਂ ਘਰ ਨਹੀਂ, ਤੇ ਸਾਨੂੰ ਕਿਸੇ ਦਾ ਡਰ ਨਹੀ ਦੇ ਅਖਾਣ ਅਨੁਸਾਰ ਵੱਡੇ ਸਾਬ੍ਹ ਯਾਨੀ ਐਸਐਸਪੀ ਦੀ ਗੈਰ ਹਾਜ਼ਰੀ ਵਿੱਚ ਹੋਏ ਇਸ ਹੰਗਾਮੇ ਨੇ ਕੁਝ ਪੁਲਿਸ ਅਧਿਕਾਰੀਆਂ ਦੇ ਅੱਖੜ ਸੁਭਾਅ ਤੋਂ ਛੋਟੇ ਅਧਿਕਾਰੀਆਂ ਤੇ ਕਰਮਚਾਰੀਆਂ ਚ, ਪੈਦਾ ਹੋਏ ਰੋਹ ਦਾ ਰੂਪ ਵੱਡੇ ਅਫਸਰ ਦੇ ਮੂਹਰੇ ਸ਼ੀਸ਼ੇ ਦੀ ਤਰਾਂ ਦਿਖਾ ਦਿੱਤਾ। ਆਖਿਰ ਐਸਪੀ ਨੇ ਖੁਦ ਬਾਹਰ ਆ ਕੇ ਭੱਜੇ ਜਾ ਰਹੇ ਥਾਣੇਦਾਰ ਨੂੰ ਉਸਦੀ ਬੈਲਟ ਮੌੜ ਦਿੱਤੀ।
-ਐਸਪੀ ਨੂੰ ਸੱਦੀ ਬੈਠਕ ਕਰਨੀ ਪਈ ਰੱਦ,,
ਥਾਣੇਦਾਰ ਤੇ ਐਸਪੀ ਦੀ ਹੱਦੋਂ ਵੱਧ ਹੋਈ ਤਕਰਾਰ ਦੀ ਖਬਰ ਜਿਲ੍ਹਾ ਹੈਡ ਕਵਾਟਰ ਦੀ ਹਰ ਬਰਾਂਚ ਤੱਕ ਪਹੁੰਚ ਗਈ। ਜਿਹੜੇ ਅਧਿਕਾਰੀ ਜਾਂ ਕਰਮਚਾਰੀ ਨਾਲ ਗੱਲ ਕੀਤੀ, ਸਾਰੇ ਹੀ ਥਾਣੇਦਾਰ ਨਾਲ ਹਮਦਰਦੀ ਤੇ ਐਸਪੀ ਦੇ ਦੁਰਵਿਵਹਾਰ ਦੀ ਨਿੰਦਿਆ ਕਰਦੇ ਦਿਖੇ। ਵੱਖ ਵੱਖ ਬਰਾਂਚਾਂ ਵਿੱਚੋਂ ਕਾਫੀ ਸੰਖਿਆ ਵਿੱਚ ਅਧਿਕਾਰੀ ਤੇ ਕਰਮਚਾਰੀ ਐਸਪੀ ਦਫਤਰ ਦੇ ਬਾਹਰ ਜਮ੍ਹਾ ਹੋਣਾ ਸ਼ੁਰੂ ਹੋ ਗਏ। ਸਾਰੇ ਕਰਮਚਾਰੀ ਭਾਂਵੇ ਆਪਸੀ ਗੱਲਬਾਤ ਦੌਰਾਨ ਇਸੇ ਹੀ ਘਟਨਾ ਦੀ ਚੁੰਝ ਚਰਚਾ ਕਰਦੇ ਰਹੇ, ਪਰ ਪੁੱਛਣ ਤੇ ਹਰ ਕੋਈ ਅਧਿਕਾਰੀ ਤੇ ਕਰਮਚਾਰੀ ਡਿਸਪਲਨ ਫੋਰਸ ਹੋਣ ਕਰਕੇ ਮੂੰਹ ਇਸ ਘਟਨਾ ਬਾਰੇ ਕੁਝ ਵੀ ਕਹਿਣ ਲਈ ਤਿਆਰ ਨਹੀ ਹੋਇਆ। ਕੁਝ ਅਧਿਕਾਰੀਆਂ ਨੇ ਕਿਹਾ ਕਿ 2011 ਬੈਚ ਦੇ ਅਧਿਕਾਰੀਆਂ ਦੀ ਜਿਲ੍ਹਾ ਦਫਤਰ ਚੋਂ ਛਾਂਟੀ ਕਰਨ ਲਈ ਐਸਪੀ ਨੇ ਹਰ ਇੱਕ ਨਾਲ ਗੱਲਬਾਤ ਕਰਨ ਲਈ ਤੇ ਬਰਾਂਚ ਦੇ ਕੰਮ ਦਾ ਲੇਖਾ ਜੋਖਾ ਕਰਨ ਲਈ ਬੈਠਕ ਬੁਲਾਈ ਸੀ। ਇਸ ਕਰਕੇ ਸਾਰੇ ਮੁਲਾਜ਼ਮ ਐਸਪੀ ਦਫਤਰ ਪਹੁੰਚੇ ਹਨ। ਪਰੰਤੂ ਜਦੋਂ ਹੀ ਕਰਮਚਾਰੀਆਂ ਦੇ ਇਕੱਠ ਦੀਆਂ ਫੋਟੋਆਂ ਖਿੱਚੀਆਂ ਤਾਂ ਇਸ ਦੀ ਭਿਣਕ ਐਸਪੀ ਸਾਬ੍ਹ ਨੂੰ ਵੀ ਲੱਗ ਗਈ,ਅੰਦਰੋ ਹੀ ਹੁਕਮ ਸੁਣਾ ਦਿੱਤਾ ਕਿ ਗੈਟ-ਟੂ-ਗੈਟ ਰੱਖੀ ਬੈਠਕ ਹੁਣ ਰੱਦ ਕਰ ਦਿੱਤੀ ਹੈ। ਅਗਲੇ ਹੁਕਮਾਂ ਬਾਰੇ ਉੱਨ੍ਹਾਂ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ।
-ਦੱਬੀ ਜੁਬਾਨ ਚ, ਬੋਲਿਆ ਐਸਪੀ ਮੂਹਰੇ ਗੜ੍ਹਕਿਆ ਥਾਣੇਦਾਰ
ਥਾਣੇਦਾਰ ਨੂੰ ਜਦੋਂ ਪੂਰੀ ਘਟਨਾ ਬਾਰੇ ਜਾਨਣ ਲਈ ਫੋਨ ਤੇ ਗੱਲ ਕੀਤੀ ਤਾਂ,ਪਹਿਲਾਂ ਤਾਂ ਉਸ ਨੇ ਕੋਈ ਗੱਲ ਨਾ ਹੋਣ ਬਾਰੇ ਕਿਹਾ,ਪਰੰਤੂ ਜਦੋਂ ਉਸ ਨੂੰ ਘਟਨਾ ਦੇ ਸਮੇਂ ਬਰਨਾਲਾ ਟੂਡੇ ਦੀ ਟੀਮ ਦੇ ਮੌਜੂਦ ਹੋਣ ਦੀ ਗੱਲ ਕਹੀ ਤਾਂ, ਉਸ ਨੇ ਦੱਬੀ ਜਵਾਨ ਚ, ਘਟਨਾਕ੍ਰਮ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਗੱਲ ਕੋਈ ਵੱਡੀ ਨਹੀ ਸੀ, ਲੱਗਦੈ, ਸਾਬ੍ਹ ਕਿਸੇ ਗੱਲੋਂ ਘਰੋਂ ਹੀ ਭੜਕੇ ਆਏ ਹੋਣਗੇ, ਕਿਸੇ ਹੋਰ ਗੱਲ ਦਾ ਗੁੱਸਾ ਉਹ ਮੇਰੇ ਤੇ ਕੱਢਣ ਲੱਗ ਪਏ। ਉਨ੍ਹਾਂ ਕਿਹਾ ਕਿ ਅਸੀਂ ਹਰ ਤਰਾਂ ਦੀ ਸਖਤ ਤੋਂ ਸਖਤ ਡਿਊਟੀ ਕਰਨ ਨੂੰ ਹਰ ਵੇਲੇ ਤਿਆਰ ਹਾਂ, ਪਰ ਬਿਨਾਂ ਗੱਲ ਤੋਂ ਗਾਲ੍ਹਾਂ ਵੀ ਨਹੀ ਸਹਿ ਹੁੰਦੀਆਂ। ਉਸ ਨੇ ਕਿਹਾ ਵੀਰ ਜੀ, ਕੋਈ ਗੱਲ ਨਹੀ, ਸਾਬ੍ਹ ਉਸ ਦੀ ਬੈਲਟ ਖੁਦ ਬਾਹਰ ਆ ਕੇ ਮੌੜ ਗਏ ਸਨ। ਇਸ ਲਈ ਇਸ ਚੈਪਟਰ ਨੂੰ ਕਲੋਜ਼ ਹੀ ਕਰਜ ਦਿਉ। ਵੱਡਿਆਂ ਨੂੰ ਕੋਈ ਨਹੀਂ ਪੁੱਛਦਾ, ਕਸੂਰ ਤਾਂ ਛੋਟੇ ਮੁਲਾਜ਼ਮ ਦਾ ਹੀ ਨਿਕਲਦਾ ਹੈ।
-ਐਸਐਸਪੀ ਨੇ ਕਿਹਾ ਮੈਨੂੰ ਜਾਣਕਾਰੀ ਨਹੀਂ,,
ਐਸਐਸਪੀ ਸੰਦੀਪ ਗੋਇਲ ਨੂੰ ਜਦੋਂ ਐਸਪੀ ਤੇ ਥਾਣੇਦਾਰ ਵਿਚਕਾਰ ਗਾਲ੍ਹ ਕੱਢਣ ਦੇ ਹੋਏ ਝਗੜੇ ਬਾਰੇ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਹਾਲੇ ਤੱਕ ਇਸ ਘਟਨਾ ਬਾਰੇ ਕੋਈ ਇਲਮ ਨਹੀ ਹੈ। ਜਦੋਂ ਮਾਮਲਾ ਧਿਆਨ ਚ, ਆਵੇਗਾ, ਤਾਂ ਉਦੋਂ ਹੀ ਕੋਈ ਕਾਰਵਾਈ ਬਾਰੇ ਵਿਚਾਰ ਕਰਾਂਗਾ। ਉਧਰ ਸਬੰਧਿਤ ਐਸਪੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਸੰਪਰਕ ਨਹੀ ਹੋਇਆ।