–ਬੰਦ ਹੋਏ ਮੋੜਾਂ ਤੇ ਵੱਜਦੇ ਲਲਕਾਰੇ ਤੇ ਸੀਟੀਆਂ,,
ਬਰਨਾਲਾ- ਜਿਲ੍ਹੇ ਦੇ ਨਵਨਿਯੁਕਤ ਐਸ.ਐਸ.ਪੀ. ਸੰਦੀਪ ਕੁਮਾਰ ਗੋਇਲ ਦੇ ਕਦਮਾਂ ਦੀ ਆਹਟ ਨਾਲ ਲੋਕਾਂ ਚ, ਭਰੋਸਾ ਤੇ ਅਪਰਾਧੀਆਂ ਚ ਖੌਫ ਪੈਦਾ ਹੋਇਆ ਹੈ। ਇਨ੍ਹਾਂ ਹੀ ਨਹੀ, ਲੰਬੇ ਸਮੇਂ ਤੋਂ ਮਟਕਣੀ ਚਾਲ ਚੱਲ ਰਹੀ ,ਪੁਲਿਸ ਨੇ ਵੀ ਆਪਣੇ ਕੰਮ ਦਾ ਢੰਗ ਬਦਲਿਆ ਹੈ। ਇਸ ਦਾ ਚੰਗਾ ਪ੍ਰਭਾਵ ਵੀ ਲੋਕਾਂ ਨੂੰ ਵੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਦੇ ਲੱਗਭੱਗ ਹਰ ਗਲੀ-ਮੁਹੱਲੇ ਅਤੇ ਚੌਂਕ ਚੌਰਾਹੇ ਤੇ ਜੁਆਨੀ ਦੇ ਨਸ਼ੇ ਚ, ਮਦਹੋਸ਼ ਮੁਸ਼ਟੰਡਿਆਂ ਦੀਆਂ, ਕੋਲੋਂ ਲੰਘਦੀਆਂ ਮੁਟਿਆਰਾਂ ਨੂੰ ਵੇਖ ਕੇ ਵੱਜਦੀਆਂ ਸੀਟੀਆਂ ਵੀ ਬੰਦ ਹੋ ਗਈਆਂ ਹਨ। ਸੜ੍ਹਕਾਂ ਤੇ ਚੌਂਕਾ ਕੋਲ ਖੜ੍ਹ ਕੇ ਵੱਡੇ ਘਰਾਂ ਦੇ ਕਾਕਿਆਂ ਵੱਲੋਂ ਸਰੇਆਮ ਅਤੇ ਬੇਖੌਫ ਸ਼ਰਾਬ ਪੀ ਕੇ ਵੱਜਦੇ ਲਲਕਾਰੇ ਤੇ ਰਾਹਗੀਰਾਂ ਲਈ ਮੁਸੀਬਤ ਬਣਦੀ ਖੜਮਸਤੀ ਵੀ ਬੰਦ ਹੋ ਗਈ ਹੈ। ਹੋਵੇ ਵੀ ਕਿਉਂ ਨਾ ਨਵੇ ਪੁਲਿਸ ਕਪਤਾਨ ਦੀ ਪੁਲਿਸ ਆਲ੍ਹਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਿੱਤੀ ਘੁਰਕੀ ਨੇ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇੱਥੇ ਹੀ ਬੱਸ ਨਹੀ, ਪਿਛਲੇ ਕੁਝ ਸਮੇਂ ਤੋਂ ਪੁਲਿਸ ਅਧਿਕਾਰੀਆਂ ਕੋਲ ਜਾ ਜਾ ਕੇ ਲੋਕਾਂ ਤੇ ਪ੍ਰਭਾਵ ਜਮਾਉਣ ਵਾਲੇ ਘੜੰਮ ਚੌਧਰੀ ਵੀ ਹੁਣ ਅਧਿਕਾਰੀਆਂ ਦੇ ਦਫਤਰਾਂ ਵਿੱਚੋਂ ਗਾਇਬ ਹੋ ਚੁੱਕੇ ਹਨ। ਹਾਲਤ ਇਹ ਬਣ ਚੁੱਕੇ ਹਨ ਕਿ ਪੁਲਿਸ ਦੇ ਕੰਮ ਢੰਗ ਵਿੱਚ ਕੁਝ ਦਿਨਾਂ ਤੋਂ ਆਈ ਸਿਫਤੀ ਤਬਦੀਲੀ ਨੇ ਲੋਕਾਂ ਨੂੰ ਪੁਲਿਸ ਦੀਆਂ ਸਿਫਤਾਂ ਕਰਨ ਲਈ ਮਜ਼ਬੂਰ ਕਾ ਦਿੱਤਾ ਹੈ। ਇਹ ਅਸਰ ਕਿੰਨ੍ਹਾਂ ਸਮਾਂ ਰਹੇਗਾ, ਇਹ ਤੇ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ।
-ਸ਼ਿਵਰਾਤਰੀ ਦੇ ਮੌਕੇ,ਖੁਦ ਪਿੱਚ ਦੇ ਡਟਿਆ ਕਪਤਾਨ
ਤਿਉਹਾਰਾਂ ਦੇ ਮੌਕਿਆਂ ਤੇ ਪੁਲਿਸ ਅਧਿਕਾਰੀਆਂ ਦੇ ਸਖਤੀ ਕਰਨ ਦੇ ਹੁਕਮ ਅਕਸਰ ਹੀ ਕਾਗਜ਼ਾਂ ਤੱਕ ਸੀਮਿਤ ਹੁੰਦੇ ਰਹੇ ਹਨ। ਪਰ ਹੁਣ ਇਹੀ ਹੁਕਮ ਸਖਤੀ ਨਾਲ ਲਾਗੂ ਕਰਵਾਉਣ ਲਈ ਖੁਦ ਐਸ.ਐਸ.ਪੀ. ਨੇ ਕਮਾਨ ਸੰਭਾਲ ਲਈ ਹੈ। ਸ਼ੁਕਰਵਾਰ ਨੂੰ ਮਹਾ ਸ਼ਿਵਰਾਤਰੀ ਦੇ ਮੌਕੇ ਤੇ ਐਸ.ਐਸ.ਪੀ. ਸੰਦੀਪ ਕੁਮਾਰ ਗੋਇਲ ਖੁਦ ਵੀ ਪਿੱਚ ਤੇ ਡਟਿਆ ਰਿਹਾ। ਜਿਸ ਦੀ ਬਦੌਲਤ ਸਦਰ ਬਾਜ਼ਾਰ ਅੰਦਰ ਰਾਤ ਕਰੀਬ 8 ਕੁ ਵਜੇ, ਪੁਲਿਸ ਵਰਦੀ ਦੇ ਨਸ਼ੇ ਵਿੱਚ ਭੀੜ੍ਹ ਚੋਂ ਲੰਘ ਰਿਹਾ, ਕਾਰ ਸਵਾਰ ਇੱਕ ਪੁਲਿਸ ਅਧਿਕਾਰੀ ਵੀ ਕੁੜਿੱਕੀ ਚ, ਫਸ ਗਿਆ। ਹੋਇਆ ਇਉਂ ਕਿ ਨਹਿਰੂ ਦੇ ਬੁੱਤ ਕੋਲ ਵੱਡੀ ਸਕਰੀਨ ਤੇ ਸ਼ਿਵਰਾਤਰੀ ਦਾ ਪ੍ਰੋਗਰਾਮ ਦਿਖਾਇਆ ਜਾ ਰਿਹਾ ਸੀ। ਸੁਰੱਖਿਆਂ ਪ੍ਰਬੰਧ ਤਹਿਤ ਆਸ-ਪਾਸ ਪਹਿਲਾਂ ਦੀ ਤਰਾਂ ਪੁਲਿਸ ਤਾਇਨਾਤ ਸੀ, ਇਸ ਦੀ ਦੇਖ-ਰੇਖ ਖੁਦ ਐਸ.ਐਸ.ਪੀ ਕਰ ਰਿਹਾ ਸੀ। ਇਸੇ ਦੌਰਾਨ, ਜਿੰਦਾ ਕੁੰਜੀ ਮੋਰਚੇ ਦੀ ਤਰਫੋਂ ਇੱਕ ਸਫੈਦ ਰੰਗ ਦੀ ਕਾਰ ਤੇਜ਼ ਰਫਤਾਰ ਨਾਲ, ਸਦਰ ਬਾਜ਼ਾਰ ਨੂੰ ਕਰਾਸ ਕਰਨ ਲੱਗੀ, ਜਦੋਂ ਪੁਲਿਸ ਕਰਮਚਾਰੀਆਂ ਨੇ ਕਾਰ ਚਾਲਕ ਨੂੰ ਹੌਲੀ ਲੰਘਣ ਲਈ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਰੁਕਣਾ ਜਰੂਰੀ ਨਹੀ ਸਮਝਿਆ, ਬੱਸ ਇਸ ਦੇ ਕਪਤਾਨ ਦੀ ਨਜ਼ਰ ਪਈ, ਫੌਰਨ ਕਾਰ ਨੂੰ ਰੋਕਣ ਲਈ, ਡੀਐਸਪੀ ਰਾਜੇਸ਼ ਛਿੱਬਰ ਸਣੇ ਹੋਰ ਅਧਿਕਾਰੀ ਤੇੇ ਕਰਮਚਾਰੀ ਭੱਜ ਨਿੱਕਲੇ। ਕਾਰ ਸਵਾਰ ਵਰਦੀ ਦੇ ਨਸ਼ੇ ਵਿੱਚ ਤਾਕੀ ਖੋਹਲ ਕੇ ਰੌਹਬ ਝਾੜਣ ਲਈ ਉਤਰਿਆਂ ਤਾਂ ਪੁਲਿਸ ਦਾ ਸਖਤ ਰੁੱਖ ਦੇਖ ਕੇ ਭਿੱਜੀ ਬਿੱਲੀ ਬਣ ਗਿਆ। ਖੁਦ ਐਸਐਸਪੀ ਤੇ ਡੀਐਸਪੀ ਛਿੱਬਰ ਨੇ ਚੰਗੀ ਝਾੜ-ਝੰਬ ਕੀਤੀ। ਕਪਤਾਨ ਦੇ ਹੁਕਮ ਤੇ ਪੁਲਿਸ ਵਾਲਿਆਂ ਨੇ ਕਾਰ ਕਬਜ਼ੇ ਚ ਲੈ ਕੇ ਵਰਦੀਧਾਰੀ ਪੁਲਿਸ ਅਧਿਕਾਰੀ ਨੂੰ ਹਿਰਾਸਤ ਵਿੱਚ ਲੈ ਲਿਆ, ਪੁੱਛਣ ਤੇ ਮੌਕੇ ਤੇ ਤਾਇਨਾਤ ਕਿਸੇ ਵੀ ਅਧਿਕਾਰੀ ਨੇ ਇਹ ਨਹੀ ਦੱਸਿਆ ਕਿ ਕਾਰ ਸਵਾਰ ਦੇ ਵਿਰੁੱਧ ਕੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
-ਖੜਮਸਤੀ ਕਰਦੇ ਕਈ ਫੜ੍ਹੇ
ਸ਼ਹਿਰ ਦੋ ਦੋਵਾਂ ਥਾਣਿਆਂ ਦੀ ਪੁਲਿਸ ਨੇ ਕਪਤਾਨ ਦੇ ਸਖਤ ਹੁਕਮ ਦੀ ਤਾਮੀਲ ਕਰਦਿਆਂ, 22 ਏਕੜ੍ਹ, ਆਈਟੀਆਈ ਚੌਂਕ, ਚਾਵਲਾ ਰੈਸਟੇਰੈਂਟ ਅਤੇ ਹੋਰ ਥਾਵਾਂ ਤੋਂ ਰਾਤ ਸਮੇਂ ਸ਼ਰਾਬ ਪੀ ਰਹੇ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਉੱਨ੍ਹਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ। ਇੱਨ੍ਹਾ ਹੀ ਨਹੀ, ਪੁਲਿਸ ਦੇ ਸ਼ਿਕੰਜੇ ਚ ਫਸੇ ਇੱਨ੍ਹਾਂ ਵਿਅਕਤੀਆਂ ਨੂੰ ਛੁੜਵਾਉਣ ਲਈ ਪਹੁੰਚੇ ਘੜੰਮ ਚੌਧਰੀਆਂ ਨੂੰ ਨਿਰਾਸ਼ ਹੋ ਕੇ ਹੀ ਵਾਪਿਸ ਮੁੜਨਾ ਪਿਆ। ਪੁਲਿਸ ਦੀ ਇਸ ਸਖਤੀ ਨੂੰ ਸਦਰ ਬਾਜ਼ਾਰ ਦੇ ਦੁਕਾਨਦਾਰਾਂ ਸੰਦੀਪ ਨੋਨੀ, ਵਜੀਰ ਬਾਂਸਲ, ਸੁਰੇਸ਼ ਦਾਦੂ, ਟਿੰਕੂ ਪਾਨਵਾੜੀ, ਅੰਕੁਸ਼ ਕੁਮਾਰ, ਦਿਨੇਸ਼ ਕੁਮਾਰ, ਰਿੰਕੂ ਬਾਂਸਲ ਆਦਿ ਨੇ ਕਾਫੀ ਸਰਾਹਿਆ। ਦੁਕਾਨਦਾਰਾਂ ਨੇ ਕਿਹਾ ਕਿ ਉੱਨ੍ਹਾ ਆਪਣੀ ਉਮਰ ਵਿੱਚ ਪਹਿਲੀ ਵਾਰ ਇਹ ਸਖਤੀ ਵੇਖੀ ਹੈ।ਇਹ ਇਸੇ ਤਰਾਂ ਬਰਕਰਾਰ ਰਹੀ ਤਾਂ ਲੋਕਾਂ ਨੂੰ ਸੁੱਖ ਦਾ ਸਾਹ ਆਵੇਗਾ।