ਪੁਲਿਸ ਵਾਲੇ ਕਹਿੰਦੇ ਕੌਣ ਹੁੰਦੈ ਸੀਐਮਉ ਕਰਫਿਉ ਚ, ਕੈਮਿਸਟਾਂ ਨੂੰ ਛੋਟ ਦੇਣ ਵਾਲਾ
-ਡੀਸੀ ਫੂਲਕਾ ਨੇ ਬੁਲਾਈ ਕੈਮਿਸਟ ਐਸੋਸੀਏਸ਼ਨ ਦੀ ਬੈਠਕ
ਬਰਨਾਲਾ 25 ਮਾਰਚ
ਜਿਲ੍ਹਾ ਪ੍ਰਸ਼ਾਸ਼ਨ ਦੀ ਹਿਦਾਇਤ ਤੇ ਕਰਫਿਊ ਦੌਰਾਨ ਲੋਕਾਂ ਨੂੰ ਘਰੋ-ਘਰ ਪਹੁੰਚ ਕੇ ਐਮਰਜੈਂਸੀ ਹਾਲਤ ਵਿੱਚ ਦਵਾਈਆਂ ਮੁਹੱਈਆਂ ਕਰਵਾਉਣ ਲਈ ਵਾਲੰਟੀਅਰ ਭਾਵਨਾ ਨਾਲ ਆਪਣੀ ਜਾਨ ਜੋਖਿਮ ਚ, ਪਾ ਕੇ ਨਿੱਤਰੇ ਕੈਮਿਸਟ ਹੁਣ ਹੋਮ ਡਿਲਵਰੀ ਨਹੀ ਕਰਨਗੇ। ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਕੈਮਿਸਟ ਐਸੋਸੀਏਸ਼ਨ ਨੂੰ ਅਜਿਹਾ ਸਖਤ ਫੈਸਲਾ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਕਰਫਿਊ ਦੌਰਾਨ ਮਨ-ਮਰਜ਼ੀ ਤੇ ਉੱਤਰੀ ਹੋਈ ਪੁਲਿਸ ਨੇ ਬੁੱਧਵਾਰ ਦੁਪਿਹਰ ਨੂੰ ਇੱਕ ਮਰੀਜ਼ ਲਈ ਦਵਾਈ ਦੇਣ ਜਾ ਰਹੇ ਇੱਕ ਕੈਮਿਸਟ ਨੂੰ ਪੁਲਿਸ ਨੇ ਕਰੀਬ ਤਿੰਨ ਘੰਟਿਆਂ ਦੀ ਗੈਰਕਾਨੂੰਨੀ ਹਿਰਾਸਤ ਵਿੱਚ ਰੱਖਿਆ ਤੇ ਪੁਲਿਸ ਕਰਮਚਾਰੀਆਂ ਨੇ ਨਾ ਉਸਦੀ ਕੋਈ ਗੱਲ ਸੁਣੀ ਤੇ ਨਾ ਹੀ ਕਿਸੇ ਨੂੰ ਫੋਨ ਤੇ ਮੈਸਜ ਲਾਉਣ ਦਾ ਮੌਕਾ ਦਿੱਤਾ। ਆਖਿਰ ਤਿੰਨ ਘੰਟਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਹੀ ਕੈਮਿਸਟ ਐਸੋਸੀਏਸ਼ਨ ਦੇ ਆਗੂਆਂ ਨੇ ਉਸ ਨੂੰ ਥਾਣੇ ਚੋਂ ਰਿਹਾ ਕਰਵਾਇਆ। ਪੁਲਿਸ ਦੇ ਰਵੱਈਏ ਤੋਂ ਅੱਕ ਕੇ ਕੈਮਿਸਟ ਐਸੋਸੀਏਸ਼ਨ ਨੇ ਹੋਮ ਡਿਲਵਰੀ ਕਰਨ ਤੋਂ ਤੌਬਾ ਕਰ ਲਈ।
-ਅਚਾਣਕ ਕਿਵੇਂ ਵਾਪਰਿਆ ਇਹ ਘਟਨਾਕ੍ਰਮ
ਕੈਮਿਸਟ ਐਸੋਸੀਏਸ਼ਨ ਜਿਲ੍ਹਾ ਬਰਨਾਲਾ ਦੇ ਪ੍ਰਧਾਨ ਐਨਕੇ ਅਰੋੜਾ ਨੇ ਦੱਸਿਆ ਕਿ ਕਰਫਿਊ ਦੇ ਦੌਰਾਨ ਲੋੜਵੰਦ ਮਰੀਜਾਂ ਨੂੰ ਐਮਰਜੈਂਸੀ ਹਾਲਤ ਵਿੱਚ ਦਵਾਈਆਂ ਦੀ ਹੋਮ ਡਿਲਵਰੀ ਕਰਨ ਲਈ ਜਿਲ੍ਹਾ ਪ੍ਰਸ਼ਾਸ਼ਨ ਨੇ ਹੁਕਮ ਦਿੱਤਾ ਸੀ। ਪ੍ਰਸ਼ਾਸ਼ਨ ਦੀ ਮੰਗ ਤੇ ਜਿਲ੍ਹੇ ਦੇ 26 ਕੈਮਿਸਟਾਂ ਨੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਹੋਮ ਡਿਲਵਰੀ ਕਰਨ ਲਈ ਆਪਣੇ ਨਾਮ ਪੇਸ਼ ਕਰ ਦਿੱਤੇ ਸਨ। 2 ਦਿਨ ਤੱਕ ਕੈਮਿਸਟ ਇਹ ਸੇਵਾ ਨਿਭਾਉਂਦੇ ਵੀ ਰਹੇ। ਅਰੋੜਾ ਨੇ ਦੱਸਿਆ ਕਿ ਬੁੱਧਵਾਰ ਕਰੀਬ 11 ਕੁ ਵਜੇ ਉਨ੍ਹਾਂ ਨੂੰ ਗਾਂਧੀ ਨਗਰ ਬਰਨਾਲਾ ਦੇ ਖੇਤਰ ਚ, ਰਹਿੰਦੇ ਇੱਕ ਵਿਅਕਤੀ ਦਾ ਫੋਨ ਆਇਆ ਕਿ ਉਨ੍ਹਾਂ ਦੇ ਘਰ ਇੱਕ ਸੂਗਰ ਦਾ ਮਰੀਜ਼ ਹੈ,ਜਿਸ ਦੀ ਸੂਗਰ ਦਾ ਲੇਬਲ ਸਾਢੇ ਚਾਰ ਸੌ ਨੂੰ ਪਾਰ ਕਰ ਗਿਆ ਹੈ। ਇਸ ਹਾਲਤ ਵਿੱਚ ਉਸ ਨੂੰ ਤੁਰੰਤ ਇੰਸੂਲੀਨ ਦੀ ਜਰੂਰਤ ਹੈ। ਇਨਸਾਨੀਅਤ ਦੀ ਭਾਵਨਾ ਨਾਲ ਹੀ ਉਸਨੇ ਭਵਾਨੀ ਮੈਡੀਕਲ ਹਾਲ ਦੇ ਸੰਚਾਲਕ ਕਰਾਂਤੀ ਨੂੰ ਮਰੀਜ਼ ਨੂੰ ਦਵਾਈ ਪਹੁੰਚਾਉਣ ਲਈ ਕਹਿ ਦਿੱਤਾ। ਜਦੋਂ ਕਰਾਂਤੀ ਬਾਜਾਰ ਚੋਂ ਦਵਾਈ ਲੈ ਕੇ ਮਰੀਜ਼ ਵੱਲ ਜਾ ਰਿਹਾ ਸੀ ਤਾਂ ਨਹਿਰੂ ਦੇ ਬੁੱਤ ਕੋਲ ਖੜ੍ਹੇ ਪੁਲਿਸ ਕਰਮਚਾਰੀਆਂ ਨੇ ਉਸ ਦੀ ਕੋਈ ਗੱਲ ਸੁਣੇ ਬਿਨਾਂ ਹੀ ਬਰਨਾਲਾ ਸਿਟੀ ਥਾਣੇ ਚ, ਬੰਦ ਕਰ ਦਿੱਤਾ। ਕਰਾਂਤੀ ਦੇ ਅਨੁਸਾਰ ਉਸ ਨੇ ਪੁਲਿਸ ਕਰਮਚਾਰੀਆਂ ਨੂੰ ਕਿਹਾ ਕਿ ਉਨ੍ਹਾਂ ਦੀ ਇਹ ਡਿਊਟੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਸੀਐਮਉ ਬਰਨਾਲਾ ਦੇ ਕਹਿਣ ਤੇ ਲਗਾਈ ਹੈ। ਪੁਲਿਸ ਵਾਲਿਆਂ ਨੇ ਅੱਗੋਂ ਜਵਾਬ ਦਿੱਤਾ ਕਿ ਕੌਣ ਹੁੰਦੈ, ਸੀਐਮਉ ਕਰਫਿਊ ਚ, ਆਉਣ ਜਾਣ ਦੀ ਛੋਟ ਦੇਣ ਵਾਲਾ। ਉਨ੍ਹਾਂ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਵੀ ਗੱਲ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ।
-ਐਸਐਚਉ ਵੀ ਬੋਲਿਆ ਝੂਠ,ਕਹਿੰਦਾ ਸਾਡੇ ਕੋਲ ਨਹੀਂ ਕੋਈ ਕੈਮਿਸਟ
ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਰੋੜਾ ਨੇ ਦੱਸਿਆ ਕਿ ਅਸੀ ਕਰਾਂਤੀ ਦੀ ਭਾਲ ਲਈ ਥਾਣਾ ਸਿਟੀ ਪਹੁੰਚੇ, ਐਸਐਚਉ ਨੇ ਵੀ ਕਰਾਂਤੀ ਦੇ ਥਾਣੇ ਵਿੱਚ ਨਾ ਹੋਣ ਦੀ ਗੱਲ ਕਹਿ ਦਿੱਤੀ,ਫਿਰ ਕੈਮਿਸਟ ਐਸੋਸੀਏਸ਼ਨ ਦੇ ਜਿਲ੍ਹਾ ਸੈਕਟਰੀ ਵਿਪਨ ਗੁਪਤਾ ਨੇ ਆਪਣੇ ਪੱਧਰ ਤੇ ਪਤਾ ਲੈ ਕੇ ਦੱਸਿਆ ਕਿ ਕਰਾਂਤੀ ਸਿਟੀ 1 ਥਾਣਾ ਬਰਨਾਲਾ ਵਿਖੇ ਹੀ ਬੰਦ ਹੈ। ਉਨ੍ਹਾਂ ਕਿਹਾ ਕਿ ਫਿਰ ਅਸੀਂ ਥਾਣੇ ਚੋਂ ਕੈਮਿਸਟ ਕਰਾਂਤੀ ਨੂੰ ਰਿਹਾ ਕਰਵਾਇਆ।
-ਡੀਸੀ ਫੂਲਕਾ ਨੇ ਬਲਾਈ ਬੈਠਕ-ਅਰੋੜਾ
ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਰੋੜਾ ਨੇ ਦੱਸਿਆ ਕਿ ਹੋਮ ਡਿਲਵਰੀ ਬੰਦ ਕਰਨ ਦੇ ਐਲਾਨ ਤੋਂ ਬਾਅਦ ਡੀਸੀ ਸਾਹਿਬ ਨੇ ਅੱਜ ਸ਼ਾਮ ਕਰੀਬ 7 ਵਜੇ ਆਪਣੇ ਦਫਤਰ ਵਿੱਚ ਇਸ ਮੁੱਦੇ ਤੇ ਗੱਲ ਕਰਨ ਲਈ ਕੈਮਿਸਟ ਐਸੋਸੀਏਸ਼ਨ ਦੀ ਬੈਠਕ ਬੁਲਾ ਲਈ ਹੈ। ਇਸ ਬੈਠਕ ਤੋਂ ਬਾਅਦ ਹੀ ਅਗਲਾ ਕੋਈ ਨਿਰਣਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀ ਪ੍ਰਸ਼ਾਸ਼ਨ ਨੂੰ ਸਾਫ ਕਹਿ ਦਿਆਂਗੇ ਕਿ ਅਸੀਂ ਕਿਸੇ ਵੀ ਸੂਰਤ ਵਿੱਚ ਹੋਮ ਡਿਲਵਰੀ ਨਹੀ ਕਰਾਂਗੇ। ਜੇਕਰ ਪ੍ਰਸ਼ਾਸ਼ਨ ਚਾਹੁੰਦਾ ਹੈ ਤਾਂ ਅਸੀ ਸਿਲਸਿਲੇ ਵਾਰ ਦੁਕਾਨਾਂ ਖੋਹਲ ਸਕਦੇ ਹਾਂ। ਹੁਣ ਸਭ ਦੀਆਂ ਨਜ਼ਰਾਂ ਡੀਸੀ ਨਾਲ ਹੋਣ ਵਾਲੀ ਕੈਮਿਸਟ ਐਸੋਸੀਏਸ਼ਨ ਦੀ ਬੈਠਕ ਤੇ ਲੱਗੀਆਂ ਹੋਈਆਂ ਹਨ।