ਕਿਸਾਨਾਂ ਦਾ ਮੋਹ ਕਿਉਂ ਭੰਗ ਹੋ ਰਿਹੈ ?,ਚਿੱਟੀਆਂ ਕਪਾਹ ਦੀਆਂ ਫੁੱਟੀਆਂ’ ਤੋਂ ,,,

Spread the love

ਕਪਾਹ-ਨਰਮੇ ਹੇਠ ਘੱਟਦੇ ਰਕਬੇ ਨੇ ਖੇਤੀ ਵਿਭਾਗ ਤੇ ਸਰਕਾਰ ਦਾ ਫ਼ਿਕਰ ਵਧਾਇਆ

ਅਸ਼ੋਕ ਵਰਮਾ , ਬਠਿੰਡਾ,3 ਮਈ 2023
    ਪੰਜਾਬ ਸਰਕਾਰ ਲਈ ਨਰਮੇ-ਕਪਾਹ ਹੇਠਲੇ ਰਕਬੇ ਵਿੱਚ ਕਟੌਤੀ ਨੂੰ ਰੋਕਣਾ ਮੁਸ਼ਕਲ ਬਣ ਗਿਆ ਹੈ।  ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਕਾਰਨ ਬਹੁਤੇ ਕਿਸਾਨ ਐਤਕੀਂ ਜੀਰੀ ਨੂੰ ਤਰਜੀਹ ਦੇ ਰਹੇ ਹਨ , ਜਿਸ ਕਰਕੇ ਨਰਮੇ ਹੇਠਲਾ ਰਕਬਾ ਘਟ ਸਕਦਾ ਹੈ।ਕਪਾਹ ਹੇਠ ਰਕਬਾ ਘਟਣ ਤੋਂ ਰੋਕਣ ਲਈ ਖੇਤੀ ਮਹਿਕਮਾ ਪੱਬਾਂ ਭਾਰ ਹੋਇਆ ਪਿਆ ਹੈ। ਖੇਤੀ ਮਹਿਕਮਾ ਨਰਮੇ ਦੀ ਵੱਧ ਤੋਂ ਵੱਧ ਬਿਜਾਂਦ ਕਰਾਉਣ ਵਾਸਤੇ ਕੈਂਪ ਲਾਉਣ ਲੱਗਿਆ ਹੋਇਆ ਹੈ। ਵਿਭਾਗ ਵੱਲੋਂ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਮੁਹੱਇਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
            ਕਪਾਹ ਪੱਟੀ ਦੇ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਅਤੇ ਬਿਨਾਂ ਰੋਕ ਨਹਿਰੀ ਪਾਣੀ ਦੀ ਸਪਲਾਈ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਨੇ ਪਾਵਰਕੌਮ ਅਤੇ ਨਹਿਰ ਮਹਿਕਮੇ  ਨੂੰ ਇਸ ਬਾਰੇ ਜਾਣੂ ਕਰਾ ਦਿੱਤਾ ਹੈ। ਪੰਜਾਬ ਸਰਕਾਰ ਨੇ ਇਸ ਵਾਰ ਨਰਮੇ ਦੇ  ਬੀਜ ਤੇ ਸਬਸਿਡੀ ਵੀ ਐਲਾਨੀ ਹੈਂ । ਪੰਜਾਬ ਸਰਕਾਰ ਵੱਲੋਂ ਖੇਤੀ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਡਰ ਤੋਂ ਮੁਕਤ ਕੀਤਾ ਜਾਵੇ ਤਾਂ ਜੋ ਉਹ ਬੇਫ਼ਿਕਰ ਹੋ ਕੇ ਨਰਮੇ ਕਪਾਹ ਦੀ ਬਿਜਾਂਦ ਕਰ ਸਕਣ । ਇਹੋ ਕਾਰਨ ਹੈ ਕਿ ਖੇਤੀ ਅਫ਼ਸਰ ਲਗਾਤਾਰ ਪਿੰਡਾਂ ਵਿੱਚ ਕਿਸਾਨਾਂ ਦੇ ਬੂਹੇ ਖੜਕਾ ਰਹੇ ਹਨ।
            ਖੇਤੀਬਾੜੀ  ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ  ਦੇ ਬਾਵਜੂਦ  ਕਿਸਾਨਾਂ ਦੇ ਮਨਾਂ ਵਿੱਚੋਂ ‘ਚਿੱਟੀ ਮੱਖੀ ਤੇ ਗੁਲਾਬੀ ਸੁੰਡੀ’ ਦਾ ਖੌਫ਼ ਕੱਢਣ ਦਾ ਕੰਮ ਸਫਲ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਪਿਛਲੇ ਦਿਨਾਂ ਦੌਰਾਨ ਲਗਾਤਾਰ ਪੈ ਰਹੀਆਂ ਬਾਰਸ਼ਾਂ ਵੀ ਨਰਮੇ ਦੀ ਬਿਜਾਈ ਵਿੱਚ ਅੜਿੱਕਾ ਸਾਬਤ ਹੋ ਰਹੀਆਂ ਹਨ। ਕਿਸਾਨਾਂ ਨੂੰ ਚਿੰਤਾ ਹੈ ਕਿ ਮੀਂਹ ਕਾਰਨ ਨਰਮਾ ਕਰੰਡ ਹੋ ਸਕਦਾ ਹੈ, ਜਿਸ ਕਰਕੇ ਉਹ ਪਛੇਤੀ ਬਿਜਾਈ ਕਰਨ ਬਾਰੇ ਸੋਚ ਰਹੇ ਹਨ ।ਖੇਤੀ ਮਾਹਿਰਾਂ ਵੱਲੋਂ ਨਰਮੇ ਦੀ ਬਿਜਾਂਦ ਲਈ  15 ਅਪ੍ਰੈਲ ਤੋਂ 15 ਮਈ ਤੱਕ ਦਾ ਸਮਾਂ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।  ਕੋਸ਼ਿਸ਼ਾਂ ਦੇ ਬਾਵਜੂਦ ਨਰਮੇ ਦੀ ਬਿਜਾਈ ਕੀੜੀ ਚਾਲ ਚੱਲ ਰਹੀ ਹੈ ।ਜਿਸ ਨੇ ਖੇਤੀ ਵਿਭਾਗ ਅਤੇ ਸਰਕਾਰ ਦੇ ਫ਼ਿਕਰ ਵਧਾਏ ਹੋਏ ਹਨ।                           
        ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਵਿੱਚ ਖੇਤੀ ਵਿਭਾਗ ਨੇ ਤਕਰੀਬਨ ਡੇਢ ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਫ਼ਸਲ ਬੀਜਣ ਦਾ ਟੀਚਾ ਮਿਥਿਆ ਹੋਇਆ ਹੈ ਜੋ ਹੁਣ ਤੱਕ ਦੇ ਹਾਲਾਤਾਂ ਨੂੰ ਦੇਖਦਿਆਂ  ਪੂਰਾ ਹੋਣਾ ਅਸੰਭਵ ਜਾਪਦਾ ਹੈ। ਇਸ ਮਾਮਲੇ ਨਾਲ ਜੁੜਿਆ ਵਿਸ਼ੇਸ਼ ਪਹਿਲੂ ਇਹ ਵੀ ਹੈ ਕਿ ਕਿਸੇ ਸਮੇਂ ਦੌਰਾਨ ਇਹ ਦੋਨੋ ਜ਼ਿਲ੍ਹੇ ਨਰਮੇ ਕਪਾਹ ਦੀ ਫਸਲ ਦਾ ਗੜ੍ਹ ਮੰਨੇ ਜਾਂਦੇ ਸਨ। ਕਿਸਾਨ ਦੱਸਦੇ ਹਨ ਕਿ ਲਗਾਤਾਰ ਖਰਾਬ ਹੋਈਆਂ ਫਸਲਾਂ ਨੇ ਉਨ੍ਹਾਂ ਦਾ ਨਰਮੇ-ਕਪਾਹ ਤੋਂ ਭੰਗ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਨਰਮੇ ਦੀ ਫਸਲ ਉਨ੍ਹਾਂ ਲਈ ਵਰਦਾਨ ਸੀ ਉਹ ਹੁਣ ਸਰਾਪ ਬਣ ਗਈ ਹੈ। ਉਹਨਾਂ ਦੱਸਿਆ ਕਿ ਕਿਸਾਨ ਸਿਰਫ਼ ਉਸੇ ਜਮੀਨ ਵਿੱਚ ਨਰਮਾ ਬੀਜ ਰਹੇ ਹਨ, ਜਿੱਥੇ ਝੋਨਾ ਨਹੀਂ ਹੋ ਸਕਦਾ ਹੈ।
ਸੁੰਡੀਆਂ ਅਤੇ ਮੱਖੀਆਂ ਨੇ ਡੰਗੇ ਕਿਸਾਨ
 
   ਪੰਜਾਬ ਵਿੱਚ ਕਿਸੇ ਵਕਤ ਖੇਤਾਂ ਵਿੱਚ ਕਪਾਹ ਦੀ ਫਸਲ ਹੀ ਦਿਖਾਈ ਦਿੰਦੀ ਸੀ ।ਸਾਲ 1991-92 ‘ਚ ਪਹਿਲੀ ਵਾਰ ਨਰਮੇ ਤੇ ਅਮਰੀਕਨ ਸੁੰਡੀ ਦਾ ਹਮਲਾ ਹੋਇਆ ਸੀ। ਬੀਟੀ ਬੀਜਾਂ ਨੇ ਅਮਰੀਕਨ ਸੁੰਡੀ ਤਾਂ ਕਾਬੂ ਵਿਚ ਕਰ ਲਈ ਪਰ ਮਗਰੋਂ ਤੰਬਾਕੂ ਸੁੰਡੀ ਨੇ ਕਹਿਰ ਵਰਤਾ ਦਿੱਤਾ। ਮਿੱਲੀ ਬੱਗ ਨੇ ਵੀ ਨਰਮੇ ਨੂੰ ਤਬਾਹ ਕਰਨ ਵਿੱਚ  ਵੱਡਾ ਯੋਗਦਾਨ ਪਾਇਆ । ਸਾਲ 2015 ਵਿਚ ਚਿੱਟੀ ਮੱਖੀ ਨੇ ਕਿਸਾਨਾਂ ਦਾ ਲੱਕ ਬੁਰੀ ਤਰ੍ਹਾਂ ਤੋੜ ਦਿੱਤਾ ਸੀ। ਹਾਲਾਂਕਿ ਖੇਤੀ ਮਾਹਿਰ ਇੱਕ ਵਾਰ ਚਿੱਟੀ ਮੱਖੀ ਨੂੰ ਕਾਬੂ ਕਰਨ ਵਿੱਚ ਸਫ਼ਲ ਰਹੇ, ਪਰ ਲਗਾਤਾਰ ਦੋ ਸਾਲ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਕਾਰਨ ਫਸਲਾਂ ਬਰਬਾਦ ਹੋ ਗਈਆਂ । ਜਿਸ ਕਰਕੇ ਕਿਸਾਨ ਹੌਸਲਾ ਨਹੀਂ ਫੜ੍ਹ ਰਹੇ ਹਨ।
ਗੁਜਰਾਤੀ ਬੀਜਾਂ ਤੋਂ ਮੂੰਹ ਮੋੜਿਆ
  ਨਰਮਾ ਬੀਜਣ ਦੇ ਚਾਹਵਾਨ ਕਿਸਾਨਾਂ ਨੇ ਐਤਕੀ ਗੁਜਰਾਤ ਦੇ ਬੀਟੀ ਬੀਜਾਂ ਤੋਂ ਮੂੰਹ ਮੋੜ ਲਿਆ ਹੈ। ਇਸ ਤੋਂ ਪਹਿਲਾਂ ਗੁਜਰਾਤੀ ਵਪਾਰੀਆਂ ਨੇ ਆਪਣੇ ਏਜੰਟਾਂ ਰਾਹੀਂ ਭਾਰੀ ਮਾਤਰਾ ਵਿਚ ਬੀਜ ਵੇਚਿਆ , ਜਿਸ ਦੇ ਨਤੀਜੇ ਕਿਸਾਨਾਂ ਦੀ ਉਮੀਦ ਤੋਂ ਉਲਟ ਰਹੇ। ਇਹੀ ਕਾਰਨ ਹੈ ਕਿ ਇਸ ਵਾਰ  ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤਾ ਬੀਜ ਖਰੀਦਣ ਨੂੰ ਪਹਿਲ ਦੇ ਰਹੇ ਹਨ । ਜਿਸ ਤੇ ਪੰਜਾਬ ਸਰਕਾਰ ਤੇ 33 ਫੀਸਦੀ ਸਬਸਿਡੀ ਵੀ ਦੇ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਸਬਸਿਡੀ ਸਿਰਫ ਪੰਜ ਏਕੜ ਤੱਕ ਦੇ ਕਿਸਾਨਾਂ ਨੂੰ ਹੀ ਦਿੱਤੀ ਜਾਣੀ ਹੈ।
ਮੌਸਮ ਦਾ ਅਸਰ: ਡਾਇਰੈਕਟਰ 
  ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਨਰਮੇ ਦੀ ਬੀਜਾਂਦ ਦੀ ਰਫ਼ਤਾਰ ਸੁਸਤ  ਹੋਣ ਦਾ ਵੱਡਾ ਕਾਰਨ  ਮੌਸਮ ਵਿੱਚ ਆਈ ਤਬਦੀਲੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਕਈ ਵਾਰ ਬੇਮੌਸਮੀ ਮੀਂਹ ਪੈ ਚੁੱਕਾ ਹੈ ਅਤੇ ਆਉਂਦੇ ਦਿਨੀਂ ਵੀ ਮੌਸਮ ਵਿਭਾਗ ਨੇ ਬਾਰਸ਼ ਦੀ ਚੇਤਾਵਨੀ ਦਿੱਤੀ ਹੈ । ਜਿਸ ਕਰਕੇ ਕਿਸਾਨ ਨਰਮਾ ਕਰੰਡ ਹੋਣ ਤੋਂ ਬਚਾਉਣ ਲਈ ਬੀਜਾਈ ਵਿਚ ਦੇਰੀ ਕਰ ਰਹੇ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਦੋ ਹਫ਼ਤਿਆਂ ਦੌਰਾਨ ਤੈਅ ਕੀਤੇ ਟੀਚੇ ਨੂੰ ਮੁਕੰਮਲ ਕਰ ਲਿਆ ਜਾਵੇਗਾ।
ਸਰਕਾਰਾਂ ਕਸੂਰਵਾਰ: ਕਿਸਾਨ ਆਗੂ
    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਨਰਮੇ ਦੀ ਫ਼ਸਲ ਤੋਂ ਮੋਹ ਭੰਗ ਹੋਣ ਲਈ ਸਰਕਾਰਾਂ ਨੂੰ ਕਸੂਰਵਾਰ ਠਹਿਰਾਇਆ ਹੈ। ਉਹਨਾਂ ਆਖਿਆ ਕਿ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਵਧੀਆ ਬੀਜ ਅਤੇ ਕੀਟਨਾਸ਼ਕ ਮੁਹੱਈਆ ਕਰਵਾਏ। ਪਰ ਪੰਜਾਬ ਵਿੱਚ ਨਕਲੀ ਖੇਤੀ ਲਾਗਤਾਂ ਵਸਤਾਂ ਦੀ ਵਿਕਰੀ ਨਹੀਂ ਰੋਕੀ ਜਾ ਸਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਫ਼ਸਲ ਦੇ ਖ਼ਰਾਬੇ ਦਾ ਵੀ ਢੁੱਕਵਾਂ ਮੁਆਵਜ਼ਾ ਨਹੀਂ ਦਿੱਤਾ । ਜਿਸ ਕਰਕੇ ਵੀ ਕਿਸਾਨਾਂ ਨੇ ਨਰਮੇ ਤੋਂ ਮੂੰਹ ਮੋੜਿਆ ਹੈ । ਉਨ੍ਹਾਂ ਕਿਹਾ ਕਿ ਸਰਕਾਰ ਚਾਹੇ ਤਾਂ ਅੱਜ ਵੀ ਨਰਮੇ ਦੀ ਫ਼ਸਲ ਲਈ ਹਾਲਾਤ ਸਾਜ਼ਗਾਰ ਹੋ ਸਕਦੇ ਹਨ।

Spread the love
Scroll to Top