ਕੇਂਦਰੀ ਰਾਜ ਮੰਤਰੀ ਰਾਮੇਸ਼ਵਰ ਤੇਲੀ ਨਾਭਾ ਬਾਟਲਿੰਗ ਪਲਾਂਟ ‘ਚ ਪੁੱਜੇ

Spread the love

ਰਿਚਾ ਨਾਗਪਾਲ , ਪਟਿਆਲਾ, 10 ਮਾਰਚ 2023
         ਭਾਰਤ ਸਰਕਾਰ ਦੇ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਕਿਰਤ ਤੇ ਰੋਜ਼ਗਾਰ ਮੰਤਰਾਲੇ ਦੇ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਅੱਜ ਨਾਭਾ ਸਥਿਤ ਇੰਡੀਅਨ ਆਇਲ ਦੇ ਐਲ.ਪੀ.ਜੀ. ਬਾਟਲਿੰਗ ਪਲਾਂਟ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬਾਟਲਿੰਗ ਪਲਾਂਟ ਦੇ ਅਧਿਕਾਰੀਆਂ, ਡਿਸਟ੍ਰੀਬਿਊਟਰਾਂ ਅਤੇ ਹੋਰ ਸਬੰਧਤਾਂ ਨਾਲ ਗੱਲਬਾਤ ਕੀਤੀ।                             
       ਰਾਮੇਸ਼ਵਰ ਤੇਲੀ ਨੇ ਇੱਥੇ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਵੀ ਲਗਾਏ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਚਲਾਈ ਗਈ ਉਜਵਲਾ ਯੋਜਨਾ ਤਹਿਤ ਘਰ-ਘਰ ਗੈਸ ਪਹੁੰਚਾਉਣ ਦਾ ਟੀਚਾ ਪੂਰਾ ਕੀਤਾ ਜਾ ਰਿਹਾ ਹੈ ਅਤੇ ਦੇਸ਼ ਦੀਆਂ ਮਹਿਲਾਵਾਂ ਦੀ ਮੰਗ ਅਨੁਸਾਰ ਫਾਈਬਰ ਦੇ ਸਿਲੰਡਰ ਰਾਹੀਂ ਗੈਸ ਸਪਲਾਈ ਕਰਨ ਦਾ ਪ੍ਰੋਗਰਾਮ ਵੀ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ।
      ਇਸ ਮੌਕੇ ਕੇਂਦਰੀ ਰਾਜ ਮੰਤਰੀ ਨੇ ਸਭ ਤੋਂ ਪੁਰਾਣੀ ਏਜੰਸੀ ਸ਼ਰਨ ਗੈਸ ਪਟਿਆਲਾ ਦੀਆਂ ਮਹਿਲਾ ਡਿਸਟ੍ਰੀਬਿਊਟਰ ਦਾ ਸਨਮਾਨ ਵੀ ਕੀਤਾ। ਉਨ੍ਹਾਂ ਨੇ ਬਾਟਲਿੰਗ ਪਲਾਂਟ ਦਾ ਦੌਰਾ ਕਰਨ ਮੌਕੇ ਕਰਮਚਾਰੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦਿਆਂ ਹੋਰ ਸੁਧਾਰਾਂ ਲਈ ਸੁਝਾਉ ਵੀ ਦਿੱਤੇ।                       
     ਇਸ ਮੌਕੇ ਪੰਜਾਬ ਰਾਜ ਦੇ ਕਾਰਜਕਾਰੀ ਡਾਇਰੈਕਟਰ ਜਿਤੇਂਦਰ ਕੁਮਾਰ, ਸੀ.ਜੀ.ਐਮ. (ਐਲ.ਪੀ.ਜੀ.) ਆਰ. ਗਨਪਤੀ ਸੁਬਰਾਮਨੀਅਮ, ਨਾਭਾ ਬਾਟਲਿੰਗ ਪਲਾਂਟ ਦੇ ਡੀ.ਜੀ.ਐਮ. ਸੰਜੀਵ ਸ਼ਰਮਾ ਨੇ ਰਾਮੇਸ਼ਵਰ ਤੇਲੀ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ। ਉਨ੍ਹਾਂ ਨਾਲ ਸੀ.ਜੀ.ਐਮ. ਪਿਯੂਸ਼ ਗੋਇਲ ਤੇ ਜੀ.ਐਮ. ਐਲ.ਪੀ.ਜੀ. ਪਵਨ ਸਰੀਨ ਵੀ ਮੌਜੂਦ ਸਨ। ਅਧਿਕਾਰੀਆਂ ਨੇ ਇੰਡੀਅਨ ਆਇਲ ਵੱਲੋਂ ਪੰਜਾਬ, ਜੰਮੂ ਕਸ਼ਮੀਰ, ਲੇਹ ਅਤੇ ਹਿਮਾਚਲ ਪ੍ਰਦੇਸ਼ ਵਿਖੇ ਸ਼ੁਰੂ ਕੀਤੇ ਗਏ ਨਿਵੇਕਲੇ ਪ੍ਰਾਜੈਕਟਾਂ ਬਾਰੇ ਵੀ ਜਾਣੂ ਕਰਵਾਇਆ।                                     
    ਕੇਂਦਰੀ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਪੈਟਰੋਲੀਅਮ ਇੰਡਸਟਰੀ ‘ਚ ਹਾਲ ਹੀ ‘ਚ ਹੋਈਆਂ ਨਵੀਂ ਸੋਧਾਂ ਤੇ ਵਿਕਾਸ ਬਾਰੇ ਵੀ ਜਾਣੂ ਕਰਵਾਉਂਦਿਆਂ ਬਾਂਸ ਤੋਂ ਈਥਾਨੋਲ ਬਨਾਉਣ ਬਾਰੇ ਵੀ ਦੱਸਿਆ ਤੇ ਕਿਹਾ ਕਿ ਇਸ ਨੇ ਈਥਾਨੋਲ ਉਤਪਾਦਨ ‘ਚ ਨਵੀਂ ਕਰਾਂਤੀ ਆਈ ਹੈ। ਕੇਂਦਰੀ ਮੰਤਰੀ ਰਾਮੇਸ਼ਵਰ ਤੇਲੀ ਨੇ ਇੰਡੀਅਨ ਆਇਲ ਵੱਲੋਂ ਪੰਜਾਬ ਰਾਜ ਵਿੱਚ ਊਰਜਾ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਪਾਏ ਜਾ ਰਹੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਐਸ.ਡੀ.ਐਮ. ਦਮਨਦੀਪ ਕੌਰ, ਐਸ.ਪੀ. ਹਰਬੰਤ ਕੌਰ, ਡੀ.ਐਸ.ਪੀ. ਰਾਜੇਸ਼ ਛਿੱਬਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।


Spread the love
Scroll to Top