ਕੋਰੋਨਾ ਦੀ ਕਰੋਪੀ-ਅਮਰੀਕਾ ਤੋਂ ਆਇਆ 1 ਹੋਰ ਸ਼ੱਕੀ ਮਰੀਜ ਹਸਪਤਾਲ ਭਰਤੀ

Spread the love

ਆਈਸੋਲੇਸ਼ਨ ਵਾਰਡ ,ਚ ਰੱਖਿਆ ਤੇ ਜਾਂਚ ਲਈ ਭੇਜੇ ਸੈਂਪਲ

ਬੀ.ਟੀ.ਐਨ. ਬਰਨਾਲਾ
ਸਿਰਫ 9  ਦਿਨ ਪਹਿਲਾ ਹੀ ਅਮਰੀਕਾ ਤੋਂ ਬਰਨਾਲਾ ਦੇ ਪਟੇਲ ਨਗਰ ਵਿੱਚ ਆਪਣੇ ਘਰ ਪਹੁੰਚੇ ਕੋਰੋਨਾ ਦੇ ਸ਼ੱਕੀ ਨੌਜਵਾਨ ਮਰੀਜ ਨੂੰ ਐਤਵਾਰ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਨੌਜਵਾਨ ਨੂੰ ਤੇਜ਼ ਬੁਖਾਰ, ਖੰਘ ਤੇ ਜੁਕਾਮ ਦੀ ਤਕਲੀਫ ਕਾਰਣ ਹਸਪਤਾਲ ਲਿਆਂਦਾ ਗਿਆ। ਤੁਰੰਤ ਹੀ ਇਸ ਨੌਜਵਾਨ ਮਰੀਜ਼ ਨੂੰ ਅਮਰੀਕਾ ਤੋਂ ਆਏ ਹੋਣ ਕਰਕੇ ਜਿਲ੍ਹੇ ਦੇ ਅਸਥਾਈ ਤੌਰ ਤੇ ਖੁੱਡੀ ਕਲਾਂ-ਬਰਨਾਲਾ ਲਿੰਕ ਰੋਡ ਤੇ ਸੋਹਲ ਪੱਤੀ ਨਜ਼ਦੀਕ ਪੈਂਦੇ ਨਸ਼ਾ ਛੁਡਾਉ ਕੇਂਦਰ ਚ, ਤਿਆਰ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕਰ ਲਿਆ ਗਿਆ।

ਸ਼ੱਕੀ ਮਰੀਜ਼ ਦੇ ਹਸਪਤਾਲ ਭਰਤੀ ਹੋਣ ਦੀ ਪੁਸ਼ਟੀ ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਭਾਂਵੇ ਬਦਲਦੇ ਮੌਸਮ ਦੀ ਵਜ੍ਹਾ ਕਰਕੇ ਆਮ ਤੌਰ ਤੇ ਅਕਸਰ ਹੀ ਵਿਅਕਤੀ ਨੂੰ ਖੰਘ,ਜੁਕਾਮ ਤੇ ਬੁਖਾਰ ਹੋ ਜਾਂਦਾ ਹੈ। ਪਰੰਤੂ ਇਹੋ ਲੱਛਣ ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀ ਦੇ ਵੀ ਹੁੰਦੇ ਹਨ। ਇਸ ਲਈ ਜੇਕਰ ਕੋਈ ਵੀ ਮਰੀਜ਼ ਵਿਅਕਤੀ ਵਿਦੇਸ਼ ਜਾਂ ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਦੇ ਸਮਾਗਮਾਂ ਚ, ਸ਼ਮੂਲੀਅਤ ਕਰਕੇ ਆਇਆ ਹੋਵੇ ਤਾਂ, ਕੋਰੋਨਾ ਦੇ ਪ੍ਰਕੋਪ ਦੇ ਕਾਰਣ ਭਰਤੀ ਮਰੀਜ਼ ਨੂੰ ਕੋਰੋਨਾ ਦਾ ਸ਼ੱਕ ਦੂਰ ਕਰਨ ਲਈ ਉਸ ਦੇ ਸੈਂਪਲ ਜਾਂਚ ਲਈ ਪਟਿਆਲਾ ਭੇਜ਼ ਦਿੱਤੇ ਜਾਂਦੇ ਹਨ। ਜਦੋਂ ਤੱਕ ਉਸ ਦੀ ਰਿਪੋਰਟ ਨਹੀਂ ਆ ਜਾਂਦੀ, ਉਦੋਂ ਤੱਕ ਮਰੀਜ਼ ਨੂੰ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕਰਕੇ ਉਸ ਦਾ ਇਲਾਜ਼ ਸ਼ੁਰੂ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਦੇ ਡਰ ਨੂੰ ਦੂਰ ਕਰਦਿਆਂ ਕਿਹਾ ਕਿ ਸਿਰਫ ਮਰੀਜ਼ ਦੇ ਸੈਂਪਲ ਜਾਂਚ ਲਈ ਭੇਜਣ ਨੂੰ ਹੀ ਕੋਰੋਨਾ ਦਾ ਮਰੀਜ਼ ਨਹੀਂ ਸਮਝਣਾ ਚਾਹੀਦਾ।
-ਲੋਕੀ ਕਰਨ ਦੁਆਵਾਂ, ਰੱਬਾ ਖੈਰ ਕਰੀ,,,
ਕੋਰੋਨਾ ਵਾਇਰਸ ਦੇ ਕਿਸੇ ਵੀ ਸ਼ੱਕੀ ਮਰੀਜ਼ ਦੀ ਰਿਪੋਰਟ ਦਾ ਹਾਲੇ ਤੱਕ ਪੌਜੇਟਿਵ ਨਹੀ ਆਉਣਾ ਲੋਕਾਂ ਤੇ ਪ੍ਰਸ਼ਾਸ਼ਨ ਲਈ ਸ਼ੁਭ ਸੰਕੇਤ ਜਰੂਰ ਹੈ। ਪਰੰਤੂ ਕੋਰੋਨਾ ਦੇ ਸ਼ੱਕੀ ਮਰੀਜਾਂ ਦਾ ਹਸਪਤਾਲ ਚ, ਲਗਾਤਾਰ ਆਉਂਦੇ ਰਹਿਣਾ ਦਾ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਰਿਹਾ ਹੈ। ਜਿਵੇਂ ਹੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਕੋਈ ਸ਼ੱਕੀ ਮਰੀਜ਼ ਦੇ ਪਹੁੰਚਣ ਦੀ ਭਿਣਕ ਲੋਕਾਂ ਨੂੰ ਮਿਲਦੀ ਹੈ। ਉਦੋਂ ਹੀ ਘਰੋ-ਘਰੀ ਕੋਰੋਨਾ ਦੇ ਕਹਿਰ ਤੋਂ ਸਹਿਮੇ ਲੋਕਾਂ ਦੀਆਂ ਧੜਕਣਾ ਤੇਜ਼ ਹੋ ਜਾਂਦੀਆਂ ਹਨ। ਮਰੀਜ਼ ਕੌਣ ਹੈ,ਇਸ ਦਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਪਰ ਘਰਾਂ ਚ, ਬੈਠੇ ਸਾਰੇ ਲੋਕ ਹੀ ਸ਼ੱਕੀ ਮਰੀਜ਼ ਦੀ ਰਿਪੋਰਟ ਨੈਗੇਟਿਵ ਆਉਣ ਲਈ ਦੁਆਵਾਂ ਸ਼ੁਰੂ ਕਰ ਦਿੰਦੇ ਹਨ ਕਿ ਰੱਬਾ ਖੈਰ ਕਰੀਂ।


Spread the love
Scroll to Top