ਕੋਰੋਨਾ ਵਾਇਰਸ ਦੀ ਸ਼ੱਕੀ 80 ਸਾਲਾ ਔਰਤ ਮਰੀਜ ਪਟਿਆਲਾ ਹਸਪਤਾਲ ਰੈਫਰ ** ਆਨੰਦਪੁਰ ਸਾਹਿਬ ਹੋਲਾ ਮਹੱਲਾ ਚ, ਸ਼ਾਮਿਲ ਹੋਇਆ ਸੀ ਔਰਤ ਮਰੀਜ਼ ਦਾ ਪਰਿਵਾਰ

Spread the love

ਜੋਧਪੁਰ ਪਿੰਡ ਰਹਿੰਦੀ ਔਰਤ ਦੇ ਪਰਿਵਾਰ ਦੇ ਘਰੋਂ ਨਿੱਕਲਣ ਤੇ ਲਾਈ ਰੋਕ
ਪੂਰੇ ਪਰਿਵਾਰ ਦੀ ਜਾਂਚ ਲਈ ਪਹੁੰਚੀ ਸਿਹਤ ਵਿਭਾਗ ਦੀ ਟੀਮ
ਬਰਨਾਲਾ ਟੂਡੇ ਬਿਊਰੋ,
ਕੋਰੋਨਾ ਵਾਇਰਸ ਦਾ ਪ੍ਰਕੋਪ ਹਰ ਪਲ ਵੱਧਦਾ ਹੀ ਜਾ ਰਿਹਾ ਹੈ। ਸ਼ਹਿਰ ਹੀ ਨਹੀਂ, ਹੁਣ ਕੋਰੋਨਾ ਨੇ ਆਪਣੇ ਪੈਰ ਪੇਂਡੂ ਖੇਤਰਾਂ ਵੱਲ ਵੀ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਸਿਵਲ ਹਸਪਤਾਲ ਦੇ ਡਾਕਟਰਾਂ ਕੋਲ ਮਰੀਜ਼ ਨੂੰ ਦਾਖਿਲ ਕਰਕੇ ਉਸ ਦੇ ਸੈਂਪਲ ਲੈ ਕੇ ਰਜਿੰਦਰਾ ਹਸਪਤਾਲ ਜਾਂਚ ਲਈ ਭੇਜਣ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀ ਹੈ। ਸੋਮਵਾਰ-ਮੰਗਲਵਾਰ ਦੀ ਅੱਧੀ ਰਾਤ ਨੂੰ ਜੋਧਪੁਰ ਪਿੰਡ ਦੀ ਇੱਕ ਕਰੀਬ  80 ਸਾਲਾ ਔਰਤ ਨੂੰ ਸਾਂਹ ਲੈਣ ਵਿੱਚ ਆ ਰਹੀ ਦਿੱਕਤ, ਖਾਂਸੀ, ਪੇਟ ਦਰਦ ਤੇ ਬੁਖਾਰ ਦੀ ਵਜ੍ਹਾ ਕਰਕੇ ਇਲਾਜ਼ ਲਈ ਹਸਪਤਾਲ ਲਿਆਂਦਾ ਗਿਆ। ਪਰੰਤੂ ਹਾਲਤ ਗੰਭੀਰ ਹੋਣ ਕਾਰਣ ਡਿਊਟੀ ਤੇ ਤਾਇਨਾਤ ਡਾਕਟਰਾਂ ਨੇ ਉਸ ਨੂੰ ਮੁੱਢਲੇ ਇਲਾਜ਼ ਤੋਂ ਬਾਅਦ ਹੀ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ। ਡਾਕਟਰਾਂ ਮੁਤਾਬਿਕ ਕੋਰੋਨਾ ਵਾਇਸਰ ਦੀ ਸ਼ੱਕ ਕਾਰਣ ਉਸ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ਼ ਦਿੱਤੇ ਗਏ ਹਨ। ਸ਼ੱਕੀ ਔਰਤ ਮਰੀਜ਼ ਦੀ ਕੇਸ ਹਿਸਟਰੀ ਦੇ ਅਨੁਸਾਰ ਬਜੁਰਗ ਔਰਤ ਦਾ ਪਰਿਵਾਰ ਪਿਛਲੇ ਦਿਨੀਂ ਸ੍ਰੀ ਆਨੰਦਪੁਰ ਸਾਹਿਬ ਹੋਲਾ ਮਹੱਲਾ ਦੇ ਸਮਾਗਮਾਂ ਵਿੱਚ ਸ਼ਿਰਕਤ ਕਰਕੇ ਆਇਆ ਹੈ। ਇਹ ਜਾਣਕਾਰੀ ਮਿਲਦਿਆਂ ਹੀ ਸਿਹਤ ਵਿਭਾਗ ਦੀਆਂ ਟੀਮਾਂ ਨੇ ਬਰਨਾਲਾ-ਬਾਜ਼ਾਖਾਨਾ ਰੋਡ ਤੇ ਪੈਂਦੇ ਪਿੰਡ ਜੋਧਪੁਰ ਵੱਲ ਬਜੁਰਗ ਔਰਤ ਮਰੀਜ਼ ਦੇ ਘਰ ਵੱਲ ਵਹੀਰਾਂ ਘੱਤ ਦਿੱਤੀਆਂ। ਸਿਹਤ ਵਿਭਾਗ ਦੇ ਸੂਤਰਾਂ ਦੇ ਅਨੁਸਾਰ ਮਰੀਜ਼ ਦੇ ਪੂਰੇ ਪਰਿਵਾਰ ਤੇ ਉਨ੍ਹਾਂ ਦੇ ਘਰੋਂ ਬਾਹਰ ਨਿੱਕਲਣ ਤੋ ਰੋਕ ਲਾ ਦਿੱਤੀ ਹੈ। ਔਰਤ ਦੇ ਘਰ ਅੱਗੇ ਪੁਲਿਸ ਦਾ ਸਖਤ ਪਹਿਰਾ ਵੀ ਲਾ ਦਿੱਤਾ ਹੈ। ਪਰਿਵਾਰ ਨੂੰ ਹੋਰ ਵਿਅਕਤੀਆਂ ਤੋਂ ਉਦੋਂ ਤੱਕ ਦੂਰੀ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ, ਜਦੋਂ ਤੱਕ ਬਜੁਰਗ ਔਰਤ ਮਰੀਜ਼ ਦੀ ਜਾਂਚ ਰਿਪੋਰਟ ਨੈਗੇਟਿਵ ਨਹੀਂ ਆ ਜਾਂਦੀ। ਬਰਨਾਲਾ ਜਿਲ੍ਹੇ ਚ, ਇਹ ਪਹਿਲਾ ਕੇਸ ਸਾਹਮਣੇ ਆਇਆ ਹੈ, ਜਿਸ ਦਾ ਸਬੰਧ ਹੋਲਾ ਮਹੱਲਾ ਸਮਾਗਮਾਂ ਨਾਲ ਜੁੜਿਆ ਹੋਇਆ ਹੈ। ਹੁਣ ਤੋਂ ਪਹਿਲਾਂ ਜਿੰਨ੍ਹੇ ਵੀ ਸ਼ੱਕੀ ਮਰੀਜ ਸਾਹਮਣੇ ਆਏ ਸਨ। ਉਹਨਾਂ ਸਾਰਿਆਂ ਦਾ ਸਬੰਧ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਵਿਦੇਸ਼ ਯਾਨੀ ਦੁਬਈ ਨਾਲ ਜੁੜਿਆ ਹੋਇਆ ਸੀ। ਹਸਪਤਾਲ ਚ, ਭਰਤੀ ਕੀਤੇ ਇੱਨ੍ਹਾਂ ਸਾਰੇ ਮਰੀਜਾਂ ਦੀ ਰਿਪੋਰਟ ਨੈਗੇਟਿਵ ਹੀ ਆਈ ਹੈ।
-ਹਾਲੇ ਵੀ ਨਹੀਂ ਆਈ ਕੁਰੜ ਵਾਲੀ ਕੁੜੀ ਦੀ ਰਿਪੋਰਟ
ਮਹਿਲ ਕਲਾਂ ਦੇ ਪਿੰਡ ਕੁਰੜ ਦੀ ਰਹਿਣ ਵਾਲੀ ਤੇ ਆਈਲੈਟਸ ਸੈਂਟਰ ਮਹਿਲ ਕਲਾਂ ਵਿਖੇ ਹੀ ਨੌਕਰੀ ਕਰ ਰਹੀ, ਪਛਲੇ ਤਿੰਨ ਦਿਨਾਂ ਤੋਂ ਸਿਵਲ ਹਸਪਤਾਲ ਚ, ਭਰਤੀ ਕੋਰੋਨਾ ਤੇ ਸਵਾਇਨ ਫਲੂ ਦੀ ਸ਼ੱਕੀ ਮਰੀਜ਼ ਕੁੜੀ ਦੀ ਰਿਪੋਰਟ ਤੀਸਰੇ ਦਿਨ ਵੀ ਹਸਪਤਾਲ ਨਹੀਂ ਪਹੁੰਚੀ। ਐਸ.ਐਮ.ਓ ਡਾਕਟਰ ਤਪਿੰਦਰਜੋਤ ਜੋਤੀ ਕੌਂਸਲ ਨੇ ਮੰਨਿਆ ਕਿ ਕੁਰੜ ਵਾਲੀ ਕੁੜੀ ਦੇ ਕੋਰੋਨਾ ਵਾਇਰਸ ਅਤੇ ਸਵਾਇਨ ਫਲੂ ਦੀ ਜਾਂਚ ਲਈ ਟੈਸਟ ਭੇਜੇ ਗਏ ਸਨ, ਪਰ ਹਾਲੇ ਤੱਕ ਰਿਪੋਰਟ ਮਿਲਣ ਦਾ ਹੀ ਇੰਤਜਾਰ ਹੈ। ਡਾਕਟਰ ਕੌਸ਼ਲ ਨੇ ਕਿਹਾ ਕਿ ਜੋਧਪੁਰ ਦੀ ਬਜੁਰਗ ਔਰਤ ਨੂੰ ਕੋਰੋਨਾ ਦੀ ਸ਼ੱਕੀ ਮਰੀਜ ਹੋਣ ਕਰਕੇ ਤੇ ਹਾਲਤ ਗੰਭੀਰ ਹੋਣ ਕਰਕੇ ਰਾਤ ਨੂੰ ਹੀ ਪਟਿਆਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਉਸ ਦੇ ਬਾਕੀ ਦੇ ਪਿੰਡ ਰਹਿੰਦੇ ਪਰਿਵਾਰ ਦੇ ਮੈਂਬਰਾਂ ਦੀ ਵੀ ਕੌਂਸਲਿੰਗ ਕੀਤੀ ਗਈ ਹੈ। ਸਿਹਤ ਵਿਭਾਗ ਦੀ ਟੀਮ ਦੀ ਨਿਗਰਾਨੀ ਹੇਠ ਹੀ ਪਰਿਵਾਰ ਨੂੰ ਘਰ ਵਿੱਚ ਹੀ ਰੱਖਿਆ ਗਿਆ ਹੈ। ਜਦੋਂ ਹੀ ਉਨ੍ਹਾਂ ਵਿੱਚ ਕੋਰੋਨਾ ਵਾਇਰਸ ਦੇ ਸ਼ੱਕੀ ਲੱਛਣ ਸਾਹਮਣੇ ਆਏ ਤਾਂ ਉਨ੍ਹਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਣਗੇ। ਡਾਕਟਰ ਕੌਸ਼ਲ ਨੇ ਲੋਕਾਂ ਨੂੰ ਕਰਫਿਊ ਦੀ ਪਾਲਣਾ ਕਰਨ ਅਤੇ ਘਰਾਂ ਵਿੱਚ ਹੀ ਰਹਿ ਕੇ ਇਹਤਿਆਤ ਵਰਤਣ ਦੀ ਅਪੀਲ ਵੀ ਕੀਤੀ।


Spread the love
Scroll to Top