ਖੁਸ਼ੀ ‘ਚ ਖੀਵੇ ਹੋਏ ਕਾਂਗਰਸੀਆਂ ਨੇ ਵੰਡੇ ਲੱਡੂ, ਕਿਹਾ ਹੁਣ ਦੇਸ਼ ‘ਚੋਂ ਭਾਜਪਾ ਦੇ ਸਫਾਏ ਦਾ ਮੁੱਢ ਬੱਝਿਆ

Spread the love

ਆਉਣ ਵਾਲੀਆਂ 2024 ਲੋਕ ਸਭਾ ਚੋਣਾ ਚ ਦੇਸ ਭਰ ਦੇ ਲੋਕਾਂ ਨੇ ਭਾਜਪਾ ਦਾ ਤਖ਼ਤਾ ਪਲਟਣ ਦਾ ਮਨ ਬਣਾਇਆ – ਮੱਖਣ, ਲੋਟਾ

ਜੇ.ਐਸ. ਚਹਿਲ , ਬਰਨਾਲਾ,15 ਮਈ 2023
   ਦੱਖਣੀ ਸੂਬੇ ਕਰਨਾਟਕਾ ਦੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਪਾਰਟੀ ਨੂੰ ਮਿਲੇ ਵੱਡੇ ਬਹੁਮੱਤ ਦੀ ਖੁਸ਼ੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਮੁਨੀਸ਼ ਬਾਂਸਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਰਨਾਲਾ ਕਾਂਗਰਸ ਵਲੋਂ ਪੀਪੀਸੀਸੀ ਮੈਂਬਰ ਮੱਖਣ ਸ਼ਰਮਾ (ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ) ਅਤੇ ਸ਼ਹਿਰੀ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ (ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਬਰਨਾਲਾ) ਦੀ ਅਗਵਾਈ ਵਿੱਚ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
    ਇਸ ਮੌਕੇ ਗੱਲਬਾਤ ਕਰਦਿਆਂ ਮੱਖਣ ਸ਼ਰਮਾ ਅਤੇ ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਬੀਤੇ ਕਰੀਬ 9 ਸਾਲ ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਦੇਸ਼ ਨੂੰ ਫ਼ਿਰਕਾਪ੍ਰਸਤੀ ਦੀ ਅੱਗ ਵਿੱਚ ਝੋਕਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ। ਭਾਜਪਾ ਦੀਆਂ ਪਾੜੋ ਤੇ ਰਾਜ ਕਰੋ ਦੀਆਂ ਨੀਤੀਆਂ ਕਾਰਣ ਦੇਸ਼ ਭਰ ਅੰਦਰ ਚਿਰਾਂ ਤੋਂ ਚੱਲੀ ਆ ਰਹੀ ਆਪਸੀ ਭਾਈਚਾਰਕ ਸਾਂਝ ਦੀ ਬਿਜਾਏ ਹਰ ਪਾਸੇ ਧਰਮ ਅਤੇ ਜਾਤ-ਪਾਤ ਦੀ ਫਿਕਾਪ੍ਰਸਤੀ ਅਤੇ ਨਫਰਤ ਦਾ ਬੋਲਬਾਲਾ ਹੋ ਰਿਹਾ ਹੈ। ਉਨਾਂ ਕਿਹਾ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ ਹੈ ਤੇ ਇੱਥੇ ਸਭ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਜਾਂਦਾ ਰਿਹਾ ਹੈ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ ਦੇ ਵਿਕਾਸ ਲਈ ਕੁੱਝ ਕਰਨ ਦੀ ਥਾਂ ਕੇਵਲ ਲੋਕ ਮਨਾ ਅੰਦਰ ਧਾਰਮਿਕ ਨਫ਼ਰਤ ਫਿਲਾਉਣ ਤੇ ਜੋਰ ਦਿੱਤਾ ਹੈ।                                                             
     ਉਹਨਾ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਨਿੱਜੀ ਹਿੱਤਾਂ ਲਈ ਦੇਸ ਦੀ ਵਾਗਡੋਰ ਵੱਡੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਸੌਂਪ ਕੇ ਛੋਟੇ ਦੁਕਾਨਦਾਰ ਆਦਿ ਨੂੰ ਖ਼ਤਮ ਕਰਨ ਦੇ ਕਿਨਾਰੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਮੋਦੀ ਸਰਕਾਰ ਦੀਆਂ ਇਹਨਾ ਗ਼ਲਤ ਨੀਤੀਆਂ ਦਾ ਸ਼ਿਕਾਰ ਹੋ ਕੇ ਦੇਸ਼ ਦਾ ਕਿਸਾਨ ਅਤੇ ਛੋਟਾ ਦੁਕਾਨਦਾਰ ਆਤਮ ਹੱਤਿਆਵਾਂ ਦੇ ਰਾਹ ਪੈ ਰਿਹਾ ਹੈ। ਉਹਨਾ ਕਿਹਾ ਕਿ ਭਾਜਪਾ ਦੀਆਂ ਦੇਸ਼ ਵਿਰੋਧੀ ਨੀਤੀਆਂ ਤੋਂ ਖਹਿੜਾ ਛੁਡਾਉਣ ਲਈ ਬੀਤੇ ਸਮੇਂ ਦੌਰਾਨ ਹਿਮਾਚਲ ਵਿਧਾਨ ਸਭਾ ਤੋਂ ਬਾਅਦ ਹੁਣ ਕਰਨਾਟਕਾ ਵਿਧਾਨ ਸਭਾ ਵਿੱਚ ਉੱਥੇ ਦੇ ਲੋਕਾਂ ਨੇ ਭਾਜਪਾ ਨੂੰ ਨਕਾਰਦਿਆਂ ਕਾਂਗਰਸ ਪਾਰਟੀ ਨੂੰ ਵੱਡੇ ਬਹੁਮੱਤ ਨਾਲ ਜਿਤਾ ਕੇ 2024 ਦੀਆਂ ਲੋਕ ਸਭਾ ਚੋਣਾਂ ਲਈ ਮਾਹੌਲ ਤਿਆਰ ਕਰਕੇ , ਦੇਸ ਅੰਦਰੋਂ ਭਾਜਪਾ ਦਾ ਸੂਫੜਾ ਸਾਫ਼ ਕਰਨ ਦਾ ਮੁੱਢ ਬੰਨਿਆ ਹੈ।
   ਇਸ ਮੌਕੇ ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ,ਭੁਪਿੰਦਰ ਸਿੰਘ ਝਲੂਰ, ਬਲਦੇਵ ਸਿੰਘ ਭੁੱਚਰ, ਕੌਂਸਲਰ ਗੁਰਪ੍ਰੀਤ ਸਿੰਘ ਕਾਕਾ,ਕੌਂਸਲਰ ਅਜੇ ਕੁਮਾਰ, ਜਸਵਿੰਦਰ ਸਿੰਘ ਟਿੱਲੂ,ਨਰਿੰਦਰ ਸ਼ਰਮਾ,ਜਸਮੇਲ ਸਿੰਘ ਡੇਅਰੀ ਵਾਲਾ,ਚੰਦ ਸਿੰਘ ਸਾਬਕਾ ਸਰਪੰਚ,ਸੂਰਤ ਸਿੰਘ ਬਾਜਵਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਵੀ ਹਾਜ਼ਰ ਸਨ।

Spread the love
Scroll to Top