25 ਅਗਸਤ ਤੱਕ ਕਰਵਾਈ ਜਾ ਸਕਦੀ ਹੈ ਰਜਿਸਟ੍ਰੇਸ਼ਨ
ਜ਼ਿਲਾ ਖੇਡ ਦਫ਼ਤਰ ਬਰਨਾਲਾ ਅਤੇ ਸਕੂਲਾਂ ਦੀਆਂ ਕੰਪਿਊਟਰ ਲੈਬਜ਼ ’ਚ ਵੀ ਐਂਟਰੀ ਕਰਵਾਉਣ ਦਾ ਪ੍ਰਬੰਧ
ਸਕੂਲਾਂ/ ਕਾਲਜਾਂ/ ਸੰਸਥਾਵਾਂ ਦੇ ਖਿਡਾਰੀਆਂ ਨੂੰ ਖੇਡ ਸਮਰੱਥਾ ਦਿਖਾਉਣ ਲਈ ਮੁਕਾਬਲਿਆਂ ’ਚ ਹਿੱਸਾ ਲੈਣ ਦਾ ਸੱਦਾ
ਰਘਵੀਰ ਹੈਪੀ , ਬਰਨਾਲਾ, 22 ਅਗਸਤ 2022
ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਲਾਕ ਪੱਧਰੀ ਖੇਡਾਂ 1 ਸਤੰਬਰ, 2022 ਤੋਂ ਕਰਵਾਈਆਂ ਜਾ ਰਹੀਆਂ ਹਨ, ਜਿਨਾਂ ਲਈ ਵੱਖ-ਵੱਖ ਉਮਰ ਵਰਗ ਦੇ ਖਿਡਾਰੀ/ਟੀਮਾਂ ਆਪਣੀ ਆਨਲਾਈਨ ਰਜਿਸਟ੍ਰੇਸ਼ਨ – ਕਮ – ਐਂਟਰੀ www.punjabkhedmela2022.in ’ਤੇ ਕਰਵਾ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 25 ਅਗਸਤ 2022 ਹੈ। ਉਨਾਂ ਦੱਸਿਆ ਕਿ ਜਿਹੜੇ ਖਿਡਾਰੀ ਜਾਂ ਟੀਮਾਂ ਆਪਣੀ ਐਂਟਰੀ ਆਨਲਾਈਨ ਨਹੀਂ ਕਰਵਾ ਸਕਦੀਆਂ, ਉਨਾਂ ਲਈ ਸਕੂਲਾਂ ਦੀਆਂ ਕੰਪਿਊਟਰ ਲੈਬਜ਼ ਅਤੇ ਜ਼ਿਲਾ ਖੇਡ ਦਫ਼ਤਰ ਵਿਖੇ ਵੀ ਐਂਟਰੀ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲਾ ਖੇਡ ਦਫ਼ਤਰ ਵੱਲੋਂ ਹੈਲਪਲਾਈਨ ਨੰਬਰ 78774-57309 ਵੀ ਜਾਰੀ ਕੀਤਾ ਗਿਆ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਸਿੱਖਿਆ ਵਿਭਾਗ, ਖੇਡ ਵਿਭਾਗ, ਯੁਵਕ ਸੇਵਾਵਾਂ ਦਫਤਰ ਵੱਲੋਂ ਕੈਂਪ ਲਗਾ ਕੇ ਖਿਡਾਰੀਆਂ ਨੂੰ ਰਜਿਸਟ੍ਰੇਸ਼ਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਜ਼ਿਲਾ ਬਰਨਾਲਾ ਦੇ ਖਿਡਾਰੀਆਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਹੋਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਖੇਡ ਮੁਕਾਬਲਿਆਂ ਵਿੱਚ ਅੰਡਰ-14, ਅੰਡਰ-17 ਅਤੇ ਅੰਡਰ-21 ਤੋਂ ਇਲਾਵਾ 21 ਤੋਂ 40, 41 ਅਤੇ 50 ਅਤੇ 50 ਸਾਲ ਤੋਂ ਵੱਧ ਉਮਰ ਵਰਗ ਦੇ ਓਪਨ ਗਰੁੱਪਾਂ ਸਮੇਤ ਵੱਖ-ਵੱਖ ਉਮਰ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਇਨਾਂ ਮੁਕਾਬਲਿਆਂ ਲਈ ਉਮਰ 1 ਜਨਵਰੀ, 2022 ਦੇ ਆਧਾਰ ’ਤੇ ਲਈ ਜਾਵੇਗੀ। ਬਲਾਕ ਪੱਧਰੀ ਟੂਰਨਾਮੈਂਟ 1 ਤੋਂ 7 ਸਤੰਬਰ ਤੱਕ ਕਰਵਾਏ ਜਾਣਗੇ, ਜਿਸ ਵਿੱਚ ਵਾਲੀਬਾਲ, ਅਥਲੈਟਿਕਸ, ਫੁੱਟਬਾਲ, ਕਬੱਡੀ, ਖੋ-ਖੋ ਅਤੇ ਰੱਸਾਕਸ਼ੀ ਦੇ ਮੁਕਾਬਲੇ ਹੋਣਗੇ, ਜਦਕਿ 12 ਤੋਂ 22 ਸਤੰਬਰ ਤੱਕ ਹੋਣ ਵਾਲੇ ਜ਼ਿਲਾ ਪੱਧਰੀ ਟੂਰਨਾਮੈਂਟਾਂ ਵਿੱਚ ਐਥਲੈਟਿਕਸ, ਫੁੱਟਬਾਲ, ਕਬੱਡੀ, ਖੋ-ਖੋ, ਵਾਲੀਬਾਲ, ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈੱਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸਤੀ, ਤੈਰਾਕੀ, ਬਾਕਸਿੰਗ, ਟੇਬਲ ਟੈਨਿਸ ਅਤੇ ਵੇਟ ਲਿਫਟਿੰਗ ਖੇਡਾਂ ਹੋਣਗੀਆਂ।
ਇਸੇ ਤਰਾਂ 10 ਤੋਂ 21 ਅਕਤੂਬਰ ਤੱਕ ਹੋਣ ਵਾਲੇ ਰਾਜ ਪੱਧਰੀ ਟੂਰਨਾਮੈਂਟਾਂ ਵਿੱਚ ਸਾਰੀਆਂ ਜ਼ਿਲਾ ਪੱਧਰੀ ਖੇਡਾਂ ਤੋਂ ਇਲਾਵਾ ਕਿੱਕ ਬਾਕਸਿੰਗ, ਤੀਰਅੰਦਾਜੀ, ਨਿਸਾਨੇਬਾਜ਼ੀ, ਸ਼ਤਰੰਜ, ਰੋਇੰਗ, ਜਿਮਨਾਸਟਿਕ, ਤਲਵਾਰਬਾਜ਼ੀ ਅਤੇ ਪਾਵਰ ਲਿਫਟਿੰਗ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਨੇ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਇਨਾਂ ਮੁਕਾਬਲਿਆਂ ਵਿੱਚ ਆਪਣੀ ਖੇਡ ਸਮਰੱਥਾ ਦਾ ਹੁਨਰ ਦਿਖਾਉਣ ਲਈ ਪੋਰਟਲ ’ਤੇ ਰਜਿਸਟ੍ਰੇਸ਼ਨ ਕਰਵਾਉਣ ਦਾ ਸੱਦਾ ਦਿੱਤਾ।
Pingback: ਖੇਡਾਂ ਵਤਨ ਪੰਜਾਬ ਦੀਆਂ’ ਦੀ ਰਜਿਸਟ੍ਰੇਸ਼ਨ ਲਈ ਖਿਡਾਰੀਆਂ ਨੂੰ ਕੀਤਾ ਜਾ ਰਿਹੈ ਪ੍ਰੇਰਿਤ