ਖੇਤਾਂ ਵਿੱਚ ਭੰਗ ਭੁੱਜਦੀ- ਗਲ ਲੱਗ ਕੇ ਸੀਰੀ ਦੇ ਜੱਟ ਰੋਵੇ

Spread the love

ਅਸ਼ੋਕ ਵਰਮਾ , ਬਠਿੰਡਾ, 12 ਅਪਰੈਲ 2023
          ਕਿਸਾਨ ਬਲਦੇਵ ਸਿੰਘ  ਲਈ ਆਪਣੀ ਧੀ ਨੂੰ ਬੂਹੇ ਤੋਂ ਉਠਾਉਣਾ ਪਰਬਤੋਂ ਭਾਰਾ ਕਾਰਜ ਬਣ ਗਿਆ ਹੈ। ਇਸ ਕਿਸਾਨ ਨੇ ਕਣਕ ਦੇ ਹੱਸਦੇ ਖੇਤ ਦੇਖ ਕੇ ਪੂਰੀ ਧੂਮਧਾਮ ਨਾਲ ਧੀ ਦਾ ਵਿਆਹ ਕਰਨ ਦਾ ਮਨ ਬਣਾਇਆ ਸੀ ਪ੍ਰੰਤੂ ਮੌਸਮ ਦੇ ਝੱਖੜ ਝੋਲਿਆਂ ਨੇ ਉਸਦੇ ਚਾਅ-ਮਲ੍ਹਾਰ ਮਿੱਟੀ ਵਿਚ ਮਿਲਾ ਦਿੱਤੇ ਹਨ। ਫਾਜ਼ਿਲਕਾ ਜ਼ਿਲ੍ਹੇ ਦੇ ਇਸ ਕਿਸਾਨ ਦੀ ਕਣਕ ਦੀ ਫਸਲ ਪਿਛਲੇ ਦਿਨਾਂ ਦੌਰਾਨ ਹੋਈ ਗੜ੍ਹੇਮਾਰੀ ਅਤੇ ਬਾਰਸ਼ ਨੇ ਤਬਾਹ ਕਰ ਦਿੱਤੀ ਹੈ।
       ਕਿਸਾਨ ਬਲਦੇਵ ਸਿੰਘ ਆਖਦਾ ਹੈ ਕਿ ਰੱਬ ਅਜਿਹਾ ਵੈਰੀ ਹੋਇਆ ਤੇ ਸਭ ਕੁੱਝ ਸੁਆਹ ਹੋ ਗਿਆ ।ਉਸ ਨੇ ਆਖਿਆ ਕਿ ਜਿਸ ਬੱਚੀ ਨੂੰ ਪਰਿਵਾਰ ਨੇ ਘਰ ਲੱਛਮੀ ਆਈ ਕਹਿਕੇ ਵਡਿਆਇਆ ਸੀ ਹੁਣ ਉਸੇ ਨੂੰ ਬੂਹਿਓਂ ਉਠਾਉਣ ਤੋਂ  ਮੋਢੇ ਅਸਮਰੱਥ ਹੋ ਗਏ ਹਨ।  ਇਹ ਕਹਾਣੀ ਇਕੱਲੇ ਬਲਦੇਵ ਸਿੰਘ ਦੀ ਨਹੀਂ ਬਲਕਿ ਮਾਲਵੇ ਦੇ ਇੱਕ ਦਰਜਨ ਜ਼ਿਲ੍ਹਿਆਂ ਵਿਚਲੇ ਸੈਂਕੜੇ ਕਿਸਾਨਾਂ ਦੀ ਹੈ ਜੋ ਗੜੇਮਾਰੀ ਅਤੇ ਬੇਰੁੱਤੀ ਬਾਰਸ਼ ਦਾ ਸ਼ਿਕਾਰ ਹੋਏ ਹਨ।
              ਕਈ ਕਿਸਾਨ ਪਰਿਵਾਰ ਤਾਂ ਅਜਿਹੇ ਵੀ ਹਨ ਜਿਨ੍ਹਾਂ ਦੇ ਪਿਛਲੇ ਸਮੇਂ ਦੌਰਾਨ ਖੇਤੀ ਸੰਕਟ ਕਾਰਨ  ਸਿਰ ਚੜ੍ਹਿਆ ਕਰਜਾ ਅਤੇ ਤਬਾਹ ਹੁੰਦੀਆਂ ਫਸਲਾਂ ਘਰਾਂ ਦੇ ਕਈ ਕਈ ਜੀਆਂ ਨੂੰ ਖਾ ਚੁੱਕੀਆਂ ਹਨ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਇਹਨਾਂ ਕਿਸਾਨਾਂ ਨੂੰ ਇਸ ਜਿੱਲ੍ਹਣ ਵਿੱਚੋਂ ਨਿਕਲਣ ਦਾ ਕੋਈ ਰਸਤਾ ਵੀ ਦਿਖਾਈ ਨਹੀਂ ਦੇ ਰਿਹਾ ਹੈ।ਜਾਣਕਾਰੀ ਅਨੁਸਾਰ ਖੇਤੀ ਮਹਿਕਮੇ ਅਨੁਸਾਰ ਪੰਜਾਬ ਵਿਚ ਤਕਰੀਬਨ 13.60 ਲੱਖ ਹੈਕਟੇਅਰ ਫ਼ਸਲ ਮੀਂਹ ਤੇ ਝੱਖੜ ਨਾਲ ਪ੍ਰਭਾਵਿਤ ਹੋਈ ਹੈ ਜਿਸ ਵਿੱਚੋਂ ਕਰੀਬ ਇੱਕ ਲੱਖ ਹੈਕਟੇਅਰ ਫ਼ਸਲ ਦਾ ਸੌ ਫ਼ੀਸਦੀ ਨੁਕਸਾਨ ਦੱਸਿਆ ਜਾ ਰਿਹਾ ਹੈ।
                        
         ਮੁਕਤਸਰ ਜਿਲ੍ਹੇ ਦੇ ਪਿੰਡ ਭਲਾਈਆਣਾ ਦੇ ਕਿਸਾਨ ਸਾਧੂ ਸਿੰਘ ਦੇ ਪਰਿਵਾਰ ਨਾਲ ਤਾਂ ਜੱਗੋਂ ਤੇਰਵੀਂ ਹੋਈ ਹੈ। ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਅਤੇ ਗੜ੍ਹੇਮਾਰੀ ਕਾਰਨ ਆਪਣੀਆਂ ਤਬਾਹ ਹੋਈ ਕਣਕ ਦੀ ਫ਼ਸਲ ਦਾ ਦੁੱਖ ਨਾ ਸਹਾਰਦਿਆਂ ਉਸ ਨੇ ਖੁਦਕੁਸ਼ੀ ਕਰ ਲਈ । ਕਿਸਾਨ ਸਾਧੂ ਸਿੰਘ ਕੋਲ ਆਪਣੇ  ਤਿੰਨ ਕਿੱਲੇ ਜ਼ਮੀਨ ਹੈ ਅਤੇ 25 ਕਿੱਲੇ ਜ਼ਮੀਨ ਕਾਫੀ ਮਹਿੰਗੇ ਭਾਅ ਠੇਕੇ ਤੇ ਲਈ ਸੀ। ਜਦੋ ਗੜੇਮਾਰੀ ਅਤੇ ਬਾਰਸ਼ ਕਾਰਨ ਸਾਰੀ ਫਸਲ ਵਿਛ ਗਈ ਤਾਂ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ।
       ਦੋ ਦਿਨ ਪਹਿਲਾਂ ਕਿਸਾਨ ਸਾਧੂ ਸਿੰਘ ਘਰੋਂ ਮੋਟਰਸਾਈਕਲ ਲੈ ਕੇ ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਨਹਿਰ ਤੇ ਚਲਾ ਗਿਆ। ਜਦੋਂ ਉਸ ਨੇ ਦੇਖਿਆ ਕਿ ਨਹਿਰ ਵਿਚ ਪਾਣੀ ਨਹੀਂ ਹੈ ਤਾਂ ਅੱਗੇ ਜਾਕੇ ਉਸ ਨੇ ਆਪਣੇ ਮੋਟਰਸਾਈਕਲ ਸਮੇਤ ਡੂੰਘੇ ਪਾਣੀ ਵਿਚ ਛਾਲ ਮਾਰ ਦਿੱਤੀ ਅਤੇ ਜਿੰਦਗੀ ਨੂੰ ਅਲਵਿਦਾ ਆਖ ਗਿਆ।  ਪਿੰਡ ਭਲਾਈਆਣਾ ਨਿਵਾਸੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੁਕਤਸਰ ਜਿਲ੍ਹੇ ਦੇ ਜਰਨਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ  ਨੇ ਇਸ ਵਰਤਾਰੇ ਪ੍ਰਤੀ ਫ਼ਿਕਰ ਜ਼ਾਹਰ ਕੀਤੇ ਹਨ। 
          ਉਨ੍ਹਾਂ ਕਿਹਾ ਕਿ  ਜਦੋਂ ਫਸਲਾਂ ਤਬਾਹ ਹੋ ਗਈਆਂ ਤਾਂ  ਭਾਰੀ ਪਰੇਸ਼ਾਨੀ ਦੇ ਆਲਮ ਵਿੱਚ ਸਾਧੂ ਸਿੰਘ ਖ਼ੁਦਕਸ਼ੀ ਦੇ ਰਸਤੇ ਪੈ ਗਿਆ। ਉਹਨਾਂ ਦੱਸਿਆ ਕਿ ਕਿਸਾਨ ਸਾਧੂ ਸਿੰਘ ਸਿਰ ਕਾਫ਼ੀ ਕਰਜ਼ਾ ਸੀ ਜਿਸ ਨੂੰ ਉਹ ਮੋੜਨ ਤੋਂ ਅਸਮਰਥ ਸੀ।     ਕਿਸਾਨ ਆਗੂ ਨੇ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ, ਫਿਰ ਚੜ੍ਹਿਆ ਪੂਰਾ ਕਰਜ਼ਾ ਮੁਆਫ ਕਰਨ ਅਤੇ ਪ੍ਰਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।                                            ਇਹ ਮੰਦਭਾਗੀ ਦਾਸਤਾਂ ਇਕੱਲੇ ਕਿਸਾਨ ਸਾਧੂ ਸਿੰਘ ਦੀ ਨਹੀਂ ਬਲਕਿ ਕਪਾਹ ਪੱਟੀ ਦੇ ਖੇਤਾਂ ‘ਚ ਉੱਘੀ ਖੁਦਕਸ਼ੀਆਂ ਦੀ ਫਸਲ ਦੇ ਝੰਬੇ ਸੈਂਕੜੇ ਪਰਿਵਾਰਾਂ ਦਾ ਸੱਚ ਹੈ ਜਿੰਨ੍ਹਾਂ ਲਈ ਵਕਤ ਲਗਾਤਾਰ ਦੁੱਖ ਵੰਡਦਾ ਆ ਰਿਹਾ ਹੈ। ਇਹਨਾਂ ਵਿਚੋਂ  ਕਿਸੇ ਨੂੰ ਕਰਜੇ ਦੀ ਭਾਰੀ ਪੰਡ ਲੈ ਬੈਠੀ ਤੇ ਕਿਸੇ ਨੂੰ ਬੀਮਾਰੀ ਦਾ ਕਹਿਰ । ਦੁਖਦਾਈ ਪੱਖ ਹੈ ਕਿ ਇਹ ਪਰਿਵਾਰ ਆਪਣੇ  ਪਰਿਵਾਰਾਂ  ਨੂੰ ਬੜੇ ਔਖੇ ਹਾਲਾਤਾਂ ‘ਚ ਪਾਲ ਰਹੇ ਹਨ।
     ਇਸ ਪੱਤਰਕਾਰ ਨੇ ਕਈ ਪਰਿਵਾਰਾਂ ਨਾਲ ਗੱਲਬਾਤ ਕੀਤੀ ਤਾਂ ਹਰ ਇੱਕ ਨੂੰ  ਲੱਗਿਆ ਕਿ ਉਨ੍ਹਾਂ  ਦੇ ਦੁੱਖਾਂ ਦੀ ਪੋਟਲੀ ਦੂਸਰਿਆਂ ਨਾਲੋਂ ਭਾਰੀ ਹੈ ਜਦੋਂ ਕਿ ਦੁੱਖ ਹਰ ਇੱਕ ਦਾ ਹੀ ਵੱਡਾ ਹੈ।ਦੱਸਣਯੋਗ ਹੈ ਕਿ ਕਿਸਾਨ ਧਿਰਾਂ ਇਸ ਗੱਲੋਂ ਵੀ ਚਿੰਤਤ ਹਨ ਕਿ ਜੇਕਰ ਸਰਕਾਰ ਨੇ ਬਰਬਾਦੀ ਦੀ ਮਾਰ ਹੇਠ ਆਏ ਕਿਸਾਨਾਂ ਦੀ ਢੁੱਕਵੀਂ ਸਹਾਇਤਾ ਨਾ ਕੀਤੀ ਤਾਂ ਖੁਦਕੁਸ਼ੀਆਂ ਦਾ ਵਰਤਾਰਾ ਤੇਜ਼ ਹੋ ਸਕਦਾ ਹੈ।
ਬਾਂਹ ਫੜ੍ਹੇ ਸਰਕਾਰ : ਕਿਸਾਨ ਆਗੂ 
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ  ਆਗੂ ਜਗਸੀਰ ਸਿੰਘ ਝੁੰਬਾ ਨੇ ਕਿਹਾ ਕਿ ਸਰਕਾਰ ਉਨ੍ਹਾਂ ਪੀੜਤਾਂ ਦੇ ਚਿਹਰੇ ਪੜ੍ਹੇ ਜਿੰਨ੍ਹਾਂ ਦੇ  ਖੇਤ ਵਾਢੀ ਕਰਨ ਤੋਂ ਪਹਿਲਾਂ ਹੀ ਖਾਲੀ  ਹੋ ਗਏ ਹਨ। ਉਨ੍ਹਾਂ ਕਿਹਾ  ਕਿ ਪਿਛਲੇ ਦਿਨੀਂ ਹੋਈ ਤਬਾਹੀ ਕਾਰਨ ਕਿਸਾਨਾਂ ਦਾ ਆਰਥਕ ਤੌਰ ਤੇ ਲੱਕ ਟੁੱਟ ਗਿਆ ਹੈ। ਉਹਨਾਂ ਕਿਹਾ ਕਿ ਔਂਕੜ ਦੀ ਘੜੀ ਵਿੱਚ ਇਨ੍ਹਾਂ  ਕਿਸਾਨਾਂ ਦੀ ਪੂਰੀ ਪੂਰੀ ਸਹਾਇਤਾ ਕਰਨਾ ਸਰਕਾਰਾਂ ਦਾ ਫਰਜ਼ ਬਣਦਾ ਹੈ। ਇਨ੍ਹਾਂ ਆਗੂਆਂ ਨੇ ਪੀੜਤ ਪਰਿਵਾਰਾਂ  ਵਾਸਤੇ ਸਰਕਾਰ ਤੋਂ ਵਿਸ਼ੇਸ਼ ਸਹਾਇਤਾ ਦੀ ਮੰਗ ਕੀਤੀ ਹੈ।
    
50 ਹਜ਼ਾਰ ਮੁਆਵਜ਼ਾ ਮਿਲੇ: ਮਾਨ
      ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਕੁਦਰਤੀ ਆਫ਼ਤਾਂ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਲਈ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ  ਮੁਆਵਜ਼ਾ ਦਿੱਤਾ ਜਾਵੇ। ਕਿਸਾਨ ਆਗੂ ਨੇ  ਕਿਹਾ ਕਿ ਮੁੱਖ ਮੰਤਰੀ ਨੇ ਸਿਰਫ਼ 15 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਨਿਗੂਣਾ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ ਜਦੋਂ ਕਿ ਕਿਸਾਨਾਂ ਦੀ ਕਣਕ ਦੀ ਸਾਰੀ ਫਸਲ ਤਬਾਹ ਹੋ ਗਈ ਹੈ

Spread the love
Scroll to Top