ਦਬਕਿਆਂ ਦੀ ਦਹਿਸ਼ਤ, ਪੁਲਿਸ ਅਧਿਕਾਰੀ ਭੱਜਣੇ ਸ਼ੁਰੂ
-ਨਵੇਂ ਥਾਣੇਦਾਰ ਆਪਣੇ ਸਾਬ੍ਹ ਦਾ ਫੋਨ ਰਿਸੀਵ ਕਰਨ ਤੋਂ ਕੰਨੀ ਖਿਸਕਾਉਣ ਲੱਗ ਪਏ
ਬਰਨਾਲਾ ਟੂਡੇ ਬਿਊਰੋ
ਵੱਡੇ ਸਾਬ੍ਹ ਦੇ ਦਬਕਿਆਂ ਦੀ ਦਹਿਸ਼ਤ ਜਿਲ੍ਹਾ ਪੁਲਿਸ ਵਿੱਚ ਇੱਨ੍ਹੀਂ ਵੱਧ ਚੁੱਕੀ ਹੈ ਕਿ ਵੱਡੀ ਸੰਖਿਆ ਵਿੱਚ ਪੁਲਿਸ ਅਧਿਕਾਰੀ ਤੇ ਕਰਮਚਾਰੀ ਜਿਲ੍ਹੇ ਚੋਂ ਬਦਲੀਆਂ ਕਰਵਾ ਕਰਵਾ ਕੇ ਭੱਜਣੇ ਸ਼ੁਰੂ ਹੋ ਗਏ ਹਨ। ਹੁਣ ਤੱਕ ਇਹ ਗਿਣਤੀ ਡੇਢ ਦਰਜ਼ਨ ਦੇ ਨੇੜੇ ਤੇੜੇ ਪਹੁੰਚ ਚੁੱਕੀ ਹੈ। ਜੇਕਰ ਮੌਜੂਦਾ ਹਾਲਤ ਨਾ ਬਦਲੇ ਤਾਂ ਇਹ ਅੰਕੜਾ ਜਲਦੀ ਹੋਰ ਵੀ ਵਧ ਸਕਦਾ ਹੈ। ਪੁਲਿਸ ਦੇ ਆਲ੍ਹਾ ਅਧਿਕਾਰੀਆਂ ਦੀ ਛੋਟੇ ਅਧਿਕਾਰੀਆਂ ਤੇ ਕਰਮਚਾਰੀਆਂ ਪ੍ਰਤੀ ਬੇਰੁੱਖੀ ਹਰ ਦਿਨ ਵੱਧਦੀ ਹੀ ਜਾ ਰਹੀ ਹੈ। ਲੰਘੇ ਇੱਕ ਹਫਤੇ ਵਿੱਚ ਹੀ ਦੋ ਵੱਡੇ ਅਧਿਕਾਰੀਆਂ ਦੇ ਸਾਹਮਣੇ ਛੋਟੇ ਪੁਲਿਸ ਅਧਿਕਾਰੀਆਂ ਵੱਲੋਂ ਆਪਣੀ ਵਰਦੀ ਵਾਲੀ ਬੈਲਟ ਲਾਹ ਕੇ ਪ੍ਰੋਟੈਸਟ ਕਰਨ ਦੀਆਂ ਘਟਨਾਵਾਂ ਉਪਰੋਥੱਲੀ ਵਾਪਰ ਚੁੱਕੀਆਂ ਹਨ। ਇਸ ਤੋਂ ਇਲਾਵਾਂ ਇੱਕ ਐਸਪੀ ਵੱਲੋਂ ਤਾਂ ਨਾਕਿਆਂ ਤੇ ਕੁਝ ਕੁ ਮਿੰਟ ਦੀ ਦੇਰ ਨਾਲ ਪਹੁੰਚੇ ਅਧਿਕਾਰੀਆਂ ਨੂੰ ਵੀ ਜਵਾਬਦੇਹੀ ਦੇ ਨੋਟਿਸ ਤੱਕ ਘੱਲ ਦਿੱਤੇ ਗਏ ਹਨ। ਕਈ ਅਫਸਰਾਂ ਦੇ ਡਰ ਕਾਰਣ ਕੁਝ ਨਵੇਂ ਬਣੇ ਥਾਣੇਦਾਰ ਤਾਂ ਆਪਣੇ ਸਾਬ੍ਹ ਦਾ ਫੋਨ ਵੀ ਰਿਸੀਵ ਕਰਨ ਤੋਂ ਕੰਨੀ ਖਿਸਕਾਉਣ ਲੱਗ ਪਏ ਹਨ। ਸ਼ਹਿਰ ਦੇ ਇੱਕੋ ਥਾਣੇ ਦੇ ਦੋ ਏਐਸਆਈ ਤਾਂ ਆਲਾ ਅਧਿਕਾਰੀਆਂ ਦੇ ਦਬਕੇ ਤੋਂ ਇੱਨ੍ਹਾਂ ਘਬਰਾ ਚੁੱਕੇ ਹਨ ਕਿ ਉਹ ਕਈ ਦਿਨ ਤੋਂ ਫੋਨ ਹੀ ਸਵਿੱਚ ਆਫ ਕਰਕੇ ਹੀ ਬਹਿ ਗਏ ਹਨ। ਵੱਡੇ ਤੋਂ ਲੈ ਕੇ ਛੋਟੇ ਰੈਂਕ ਤੱਕ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਿੱਚ ਖੌਫ ਪੈਦਾ ਹੋ ਚੁੱਕਾ ਹੈ। ਪੁਲਿਸ ਦੇ ਅੰਦਰਲੇ ਸੂਤਰਾਂ ਤੋਂ ਪਤਾ ਇਹ ਵੀ ਲੱਗਿਆ ਹੈ ਕਿ ਵੱਡੇ ਸਾਬ੍ਹ ਦੇ ਨਾਮ ਤੇ ਦਬਕਾ ਉਨ੍ਹਾਂ ਦਾ ਜਿਆਦਾ ਕਰੀਬੀ ਤੇ ਭਰੋਸੇਮੰਦ ਰੀਡਰ ਵੀ ਮਾਰ ਜਾਂਦੈ। ਦਬਕਾ ਮਾਰਨ ਵਾਲਾ ਰੀਡਰ ਆਪਣੇ ਤੋਂ ਵੱਡੇ ਰੈਂਕ ਦੇ ਕਈ ਅਧਿਕਾਰੀਆਂ ਨਾਲ ਖਹਿਬੜਨ ਤੋਂ ਵੀ ਨਹੀਂ ਝਿਜਕਦਾ। ਕੁਝ ਦਿਨ ਪਹਿਲਾਂ ਇੱਕ ਐਸਪੀ ਦੀਆਂ ਗਾਲ੍ਹਾਂ ਤੋਂ ਤੰਗ ਆ ਕੇ ਬੈਲਟ ਸੁੱਟਣ ਵਾਲੇ ਏਐਸਆਈ ਦੀ ਘਟਨਾ ਹਾਲੇ ਠੰਡੀ ਵੀ ਨਹੀਂ ਸੀ ਪਈ, ਕਿ ਇੱਕ ਹੋਰ ਇੰਸਪੈਕਟਰ ਰੈਂਕ ਦੇ ਅਧਿਕਾਰੀ ਨੇ ਵੀ ਵੱਡੇ ਸਾਬ੍ਹ ਮੂਹਰੇ ਲਾਹ ਕੇ ਬੈਲਟ ਸੁੱਟ ਦਿੱਤੀ। ਦੋਵਾਂ ਦਰਮਿਆਨ ਤੂੰ-ਤੂੰ- ਮੈਂ-ਮੈਂ ਦੀਆਂ ਗੱਲਾਂ ਵੀ ਦਿਨ ਪਾ ਕੇ ਦਫਤਰ ਚੋਂ ਬਾਹਰ ਨਿੱਕਲ ਹੀ ਆਈਆਂ ਹਨ। ਭਾਂਵੇ ਐਸਪੀ ਦੇ ਮੂਹਰੇ ਬੈਲਟ ਸੁੱਟਣ ਵਾਲੇ ਏਐਸਆਈ ਦੇ ਵਿਰੁੱਧ ਹਾਲੇ ਤੱਕ ਕੋਈ ਵਿਭਾਗੀ ਕਾਰਵਾਈ ਦਾ ਹੋਣਾ ਸਾਹਮਣੇ ਨਹੀਂ ਆਇਆ। ਪਰੰਤੂ ਵੱਡੇ ਸਾਬ੍ਹ ਮੂਹਰੇ ਬੈਲਟ ਲਾਹ ਕੇ ਰੋਸ ਪ੍ਰਗਟਾਉਣ ਵਾਲੇ ਨੂੰ ਆਈਜੀ ਪਟਿਆਲਾ ਰੇਂਜ ਨੇ ਆਪਣੇ ਤਾਜ਼ਾ ਹੁਕਮਾਂ ਨਾਲ ਬਰਨਾਲੇ ਤੋਂ ਸੰਗਰੂਰ ਬਦਲ ਦਿੱਤਾ ਹੈ। ਇੱਥੇ ਹੀ ਬੱਸ ਨਹੀਂ, ਐਸਪੀ ਦੇ ਮੂਹਰੇ ਬੈਲਟ ਲਾਹ ਕੇ ਸੁੱਟਣ ਵਾਲੇ ਏਐਸਆਈ ਦੇ ਮੁੱਦੇ ਤੇ ਐਸਪੀ ਨੂੰ ਬਲੱਡ ਪ੍ਰੈਸ਼ਰ ਦੀ ਗੋਲੀ ਲੈਣ ਦੀ ਸਲਾਹ ਦੇਣ ਵਾਲੀ ਇੰਸਪੈਕਟਰ ਬੀਬੀ ਨੂੰ ਵੀ ਜਿਲ੍ਹਾ ਟਪਾ ਦਿੱਤਾ ਗਿਆ। ਪਰੰਤੂ ਇਸ ਬੀਬੀ ਦੇ ਕੁੱਬੇ ਵਾਲੀ ਲੱਤ ਰਾਸ ਹੀ ਆ ਗਈ। ਬਦਲੀ ਤੋਂ ਬਾਅਦ ਇੰਸਪੈਕਟਰ ਬੀਬੀ ਆਪਣੇ ਘਰ ਦੇ ਹੋਰ ਨਜ਼ਦੀਕ ਪਹੁੰਚ ਗਈ।
-ਸਿਆਣਪ ਵੀ ਕੰਮ ਨਾ ਆਈ,,
ਪੰਜਾਬ ਪੁਲਿਸ ਦੀ ਨੌਕਰੀ ਵਿੱਚ ਰਹਿ ਕੇ ਸਿਆਣਪ ਯਾਨੀ ਪੀਰਾਂ ਦੀ ਚੌਂਕੀ ਲਾ ਕੇ ਪੁੱਛਾਂ ਦੇਣ ਦਾ ਕੰਮ ਕਰਨ ਲਈ ਸੂਬੇ ਭਰ ਚ, ਮਸ਼ਹੂਰ ਇੰਸਪੈਕਟਰ ਬਾਬੇ ਦੀ ਸਿਆਣਪ ਵੀ ਉਸ ਦੀ ਬਦਲੀ ਨੂੰ ਨਾ ਰੋਕ ਸਕੀ। ਬੇਸ਼ੱਕ ਇੰਸਪੈਕਟਰ ਬਾਬੇ ਨੇ ਵੱਡੇ ਸਾਬ੍ਹ ਨੂੰ ਵੀ ਦਿਨ ਚ, ਤਾਰੇ ਦਿਖਾਉਣ ਦੀ ਕਾਫੀ ਵਧਵੀਂ ਗੱਲ ਕਹਿ ਦਿੱਤੀ ਸੀ। ਪਰ ਉਸ ਦੀ ਕਹੀ ਹੋਈ ਗੱਲ ਤੇ ਬਦਕਲਾਮੀ ਨੇ ਉਸਨੂੰ ਗ੍ਰਹਿ ਜਿਲ੍ਹੇ ਚੋਂ ਬਾਹਰ ਦਾ ਰਾਸਤਾ ਦਿਖਾ ਦਿੱਤਾ। ਦੱਸਣ ਵਾਲੇ ਤਾਂ ਇਹ ਵੀ ਦੱਸਦੇ ਹਨ ਕਿ ਇੰਸਪੈਕਟਰ ਬਾਬੇ ਨੇ ਸੱਚੇ ਤੇ ਝੂਠੇ ਦਾ ਨਿਬੇੜਾ ਕਰਨ ਲਈ ਦਫਤਰ ਮੁਹਰੇ ਹੀ ਪਾਥੀਆਂ ਦੇ ਦੋ ਗੁਹਾਰੇ ਚਿਣਵਾ ਕੇ ਉਨ੍ਹਾਂ ਵਿੱਚ ਦੋਵਾਂ ਜਣਿਆ ਦੇ ਬੈਠਣ ਦੀ ਵੀ ਚੁਣੌਤੀ ਦੇ ਦਿੱਤੀ ਸੀ। ਪਰ ਇਹ ਸ਼ਰਤ ਮਜਾਕ ਬਣ ਕੇ ਰਹਿ ਗਈ।
-ਜਿਲ੍ਹਾ ਬਦਲ ਗਏ 2 ਐਸਐਚਉ ਸਣੇ 3 ਇੰਸਪੈਕਟਰ
ਪ੍ਰਾਪਤ ਸੂਚਨਾ ਮੁਤਾਬਿਕ ਭਦੌੜ ਦੇ ਐਸਐਚਉ ਰਹੇ ਗੁਰਵੀਰ ਸਿੰਘ ਤੇ ਧਨੌਲਾ ਦੇ ਐਸਐਚਉ ਰਹੇ ਹਾਕਮ ਸਿੰਘ ਵੀ ਬਰਨਾਲਾ ਜਿਲ੍ਹੇ ਚੋਂ ਬਦਲ ਕੇ ਸੰਗਰੂਰ ਰਵਾਨਗੀ ਪਾ ਗਏ ਹਨ। ਸੂਤਰ ਇਹ ਵੀ ਦੱਸਦੇ ਹਨ ਕਿ ਬਦਲੇ ਗਏ ਇੱਕ ਐਸਐਚਉ ਦੀ ਪਤਨੀ ਸੰਗਰੂਰ ਦੀ ਇੱਕ ਸਬ ਡਿਵੀਜਨ ਵਿੱਚ ਐਸਡੀਐਮ ਦੇ ਅਹੁਦੇ ਤੇ ਤਾਇਨਾਤ ਹੈ,ਜਿਸ ਦਾ ਜਿਕਰ ਉਹ ਅਕਸਰ ਹੀ ਅਫਸਰਾਂ ਅਤੇ ਲੋਕਾਂ ਤੇ ਪ੍ਰਭਾਵ ਪਾਉਣ ਲਈ ਪਾਉਂਦਾ ਰਹਿੰਦਾ ਸੀ। ਇੰਸਪੈਕਟਰ ਗਮਦੂਰ ਸਿੰਘ ਆਰਥਿਕ ਅਪਰਾਧ ਸਾਖਾ ਭੰਗ ਕਰਨ ਤੋਂ ਬਾਅਦ ਹੀ ਇੱਥੋਂ ਕਿਨਾਰਾ ਕਰ ਗਿਆ। ਜਿਲ੍ਹਾ ਬਦਲ ਕੇ ਜਾਣ ਵਾਲਿਆਂ ਚ, ਸਾਂਝ ਕੇਂਦਰ ਤਪਾ ਦੇ ਇੰਚਾਰਜ ਇੰਸਪੈਕਟਰ ਹਰਵਿੰਦਰ ਸਿੰਘ ਤੇ ਸਬ ਇੰਸਪੈਕਟਰ ਬਲਵਿੰਦਰ ਕੌਰ ਪ੍ਰਮੁੱਖ ਹਨ। ਜਦੋਂ ਕਿ 7 ਏਐਸਆਈ ਤੇ ਹੋਰ ਕਝ ਹੌਲਦਾਰ ਤੇ ਸਿਪਾਹੀ ਵੀ ਜਿਲ੍ਹੇ ਚੋਂ ਬਦਲੀਆਂ ਕਰਵਾ ਕੇ ਫੁਰਰ ਹੋ ਗਏ ਹਨ।
-ਕਿਉਂ ਭੱਜਣ ਲੱਗੇ ਪੁਲਿਸ ਅਧਿਕਾਰੀ ਜਿਲ੍ਹਾ ਛੱਡ ਕੇ ਬਦਲੀਆਂ ਕਰਵਾ ਕਰਵਾ ਕੇ ਭੱਜ ਰਹੇ ਪੁਲਿਸ ਅਧਿਕਾਰੀਆਂ ਬਾਰੇ ਪੁਲਿਸ ਤੇ ਆਮ ਪਬਲਿਕ ਦੀਆਂ ਦੋ ਵੱਖ ਵੱਖ ਰਾਂਵਾ ਸਾਹਮਣੇ ਆ ਰਹੀਆ ਹਨ। ਡਿਸਪਲਨ ਫੋਰਸ ਹੋਣ ਕਰਕੇ ਭਾਂਵੇ ਕੋਈ ਵੀ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਖੁੱਲ ਕੇ ਬੋਲਣ ਲਈ ਤਿਆਰ ਨਹੀ ਹੈ। ਪਰ ਨਾਮ ਨਾ ਛਾਪਣ ਦੀ ਸ਼ਰਤ ਤੇ ਕੁਝ ਮੁਲਾਜ਼ਮਾ ਨੇ ਕਿਹਾ ਕਿ ਜਿਲ੍ਹੇ ਚ, ਪੁਲਿਸ ਨਫਰੀ ਦੀ ਘਾਟ ਤੇ ਹੁਣ ਨਵੇਂ ਕਪਤਾਨ ਦੇ ਅਨੁਸਾਰ ਡਿਊਟੀ ਦਾ ਵੱਧ ਹੋਣਾ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਜਿਲ੍ਹਾ ਬਦਲਣ ਦੇ ਮੁੱਖ ਕਾਰਣ ਹਨ। ਕਰਮਚਾਰੀਆਂ ਨੂੰ ਸਵੇਰ ਤੋਂ ਦੇਰ ਰਾਤ ਤੱਕ ਡਿਊਟੀ ਦੇਣ ਨੂੰ ਮਜਬੂਰ ਹੋਣਾ ਪੈਂਦਾ ਹੈ। ਪੁਲਿਸ ਮੁਲਾਜਿਮਾਂ ਦਾ ਕਹਿਣਾ ਹੈ ਕਿ ਕਈ ਕਈ ਵਾਰ ਸੁਭ੍ਹਾ ਤੋਂ ਰਾਤ ਨੂੰ ਵੱਡੇ ਤੜਕੇ ਕਰੀਬ ਢਾਈ ਢਾਈ ਵਜੇ ਤੱਕ ਵੀ ਖੜੀ ਲੱਤ ਰਹਿਣਾ ਪੈਂਦਾ ਹੈ। ਛੁੱਟੀ ਮੰਗਣ ਤੋ ਆਲ੍ਹਾ ਅਧਿਕਾਰੀ ਹੱਥ ਘੁੱਟ ਲੈਂਦੇ ਹਨ। ਉਧਰ ਪਬਲਿਕ ਦਾ ਕਹਿਣਾ ਹੈ ਕਿ ਦਰਅਸਲ ਪਹਿਲਾ ਵਾਲੇ ਸਾਬ੍ਹ ਨਰਮ ਰੁੱਖ ਦੇ ਹੋਣ ਕਰਕੇ ਕੰਮ ਚੱਲੀ ਜਾਂਦਾ ਸੀ, ਪਰ ਹੁਣ ਕੰਮ ਦੇ ਨਾਮ ਤੇ ਪੁਲਿਸ ਨੂੰ ਸੂਈ ਦੇ ਨੱਕੇ ਥਾਂਈ ਕੱਢਿਆ ਪਿਆ, ਫਿਰ ਭਲਾ ਵਿਚਾਰੇ ਭੱਜਣ ਨਾ ਤੇ ਹੋਰ ਕੀ ਕਰਨ।