ਗੁਰੂ ਘਰ ‘ਚ ਸ਼ਰਾਬ ਪੀਂਦੀ ਔਰਤ ਨੂੰ ਦੇਖਿਆ ਤਾਂ ,,, ਸ਼ਰਧਾਲੂ ਨੇ ਮਾਰੀ ਗੋਲੀ

Spread the love

ਸ਼ਰਧਾਲੂ ਨੂੰ ਚੜ੍ਹਿਆ ਗੁੱਸਾ, ਔਰਤ ਨੂੰ ਮਾਰੀ ਗੋਲੀ , ਮੌਕੇ ਤੇ ਹੀ ਮੌਤ

ਹਰਿੰਦਰ ਨਿੱਕਾ , ਪਟਿਆਲਾ 15 ਮਈ 2023

      ਲੰਘੀ ਦੇਰ ਰਾਤ ਇੱਥੋਂ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਅੰਦਰ ਸ਼ਰਾਬ ਪੀਂਦੀ ਔਰਤ ਨੂੰ ਇੱਕ ਸ਼ਰਧਾਲੂ ਨੇ ਮੌਕੇ ਤੇ ਹੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸ਼ਰਾਬੀ ਔਰਤ ਅਤੇ ਗੋਲੀ ਮਾਰਨ ਵਾਲਾ ਸ਼ਰਧਾਲੂ ਦੋਵੇਂ ਹੀ ਪਟਿਆਲਾ ਦੇ ਰਹਿਣ ਵਾਲੇ ਹਨ। ਇਸ ਘਟਨਾ ‘ਚ ਇਕ ਸੇਵਾਦਾਰ ਵੀ ਜ਼ਖਮੀ ਹੋਇਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਮ੍ਰਿਤਕ ਔਰਤ ਦੀ ਪਛਾਣ ਪਰਵਿੰਦਰ ਕੌਰ (32) ਵਾਸੀ ਪਟਿਆਲਾ ਵਜੋਂ ਹੋਈ ਹੈ। ਇਹ ਘਟਨਾ ਲੰਘੀ ਰਾਤ 9 -10 ਵਜੇ ਦੇ ਦਰਮਿਆਨ ਉਦੋਂ ਵਾਪਰੀ, ਜਦੋਂ ਉਹ ਔਰਤ ਗੁਰਦੁਆਰੇ ਦੇ ਸਰੋਵਰ ਨੇੜੇ ਕਥਿਤ ਤੌਰ ਤੇ ਸ਼ਰਾਬ ਪੀ ਰਹੀ ਸੀ। ਗੁਰਦੁਆਰੇ ਦੇ ਸਟਾਫ਼ ਨੇ ਪਹਿਲਾਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਹ ਉਸ ਨੂੰ ਪੁੱਛਗਿਛ ਲਈ ਗੁਰਦੁਆਰੇ ਦੇ ਮੈਨੇਜਰ ਦੇ ਕਮਰੇ ਵਿੱਚ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਸ਼ਰਾਬੀ ਔਰਤ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ‘ਤੇ ਸ਼ਰਾਬ ਦੀ ਬੋਤਲ ਨਾਲ ਵਾਰ ਕਰਨ ਦੀ ਵੀ ਕੋਸ਼ਿਸ਼ ਕੀਤੀ। ਅਜਿਹਾ ਮਾਹੌਲ ਦੇਖਦਿਆਂ ਸ਼ਰਧਾਲੂ ਨਿਰਮਲਜੀਤ ਵੀ ਉੱਥੇ ਆ ਗਿਆ ਅਤੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਨਿਰਮਲਜੀਤ ਸਿੰਘ ਨੇ 5 ਗੋਲੀਆਂ ਚਲਾਈਆਂ। ਜਿਸ ਵਿੱਚੋਂ ਔਰਤ ਨੂੰ ਤਿੰਨ ਗੋਲੀਆਂ ਲੱਗੀਆਂ। ਜਦਕਿ ਸੇਵਾਦਾਰ ਸਾਗਰ ਨੂੰ ਵੀ ਗੋਲੀ ਲੱਗੀ ਹੈ। ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੋਲੀ ਨਾਲ ਜਖਮੀ ਹੋਏ ਸੇਵਾਦਾਰ ਸਾਗਰ ਨੂੰ ਰਜਿੰਦਰਾ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਦੇ ਪੇਟ ਵਿੱਚ ਗੋਲੀ ਲੱਗੀ ਹੈ। ਸ਼ਰਾਬੀ ਔਰਤ ਨੂੰ ਗੋਲੀ ਮਾਰਨ ਵਾਲੇ ਨਿਰਮਲਜੀਤ ਸਿੰਘ ਨੇ ਉੱਥੋਂ ਭੱਜਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਅਤੇ ਆਤਮ ਸਮਰਪਣ ਕਰ ਦਿੱਤਾ। ਮ੍ਰਿਤਕ ਔਰਤ ਦੀ ਲਾਸ਼ ਪੋਟਮਾਰਟਮ ਲਈ ਰਜਿੰਦਰਾ ਹਸਪਤਾਲ ਦੀ ਮੌਰਚਰੀ ਵਿਖੇ ਭੇਜ ਦਿੱਤੀ ਗਈ ਹੈ। 

ਕੇਸ ਦਰਜ਼ ਤੇ ਰਿਵਾਲਵਰ ਬਰਾਮਦ
      ਪਟਿਆਲਾ ਦੇ ਥਾਣਾ ਅਨਾਜ ਮੰਡੀ ਦੇ ਐਸ.ਐਚ.ਓ. ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕਤਲ ਅਤੇ ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦਾ ਰਿਵਾਲਵਰ ਵੀ ਬਰਾਮਦ ਕਰ ਲਿਆ ਹੈ, ਜਿਸ ਨਾਲ ਉਸ ਨੇ ਔਰਤ ਨੂੰ ਗੋਲੀ ਮਾਰੀ ਸੀ। ਪੁਲਿਸ ਨੇ ਅਜੇ ਤੱਕ ਗ੍ਰਿਫਤਾਰੀ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਹੈ। ਪਰ ਮੌਕੇ ਤੇ ਮੌਜੂਦ ਸ਼ਰਧਾਲੂਆਂ ਅਨੁਸਾਰ ਨਾਮਜਦ ਦੋਸ਼ੀ ਨੇ ਕਤਲ ਤੋਂ ਬਾਅਦ ਖੁਦ ਹੀ ਪੁਲਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਪੁਲਿਸ ਟੀਮ ਸਾਹਮਣੇ ਆ ਰਹੇ ਤੱਥਾਂ ਦੀ ਪੁਸ਼ਟੀ ਲਈ ਸੀਸੀਟੀਵੀ ਫੁਟੇਜ ਦੀ ਖੰਗਾਲ ਰਹੀ ਹੈ। ਬੇਸ਼ੱਕ ਮ੍ਰਿਤਕ ਔਰਤ ਸਬੰਧੀ, ਫਿਲਹਾਲ ਕੋਈ ਹੋਰ ਵੇਰਵੇ ਸਾਹਮਣੇ ਨਹੀਂ ਆਏ, ਪਰੰਤੂ ਗੋਲੀ ਮਾਰਨ ਵਾਲੇ ਨਿਰਮਲਜੀਤ ਸਿੰਘ ਬਾਰੇ ਪਤਾ ਲੱਗਿਆ ਹੈ ਕਿ ਨਿਰਮਲਜੀਤ ਸਿੰਘ ਦਾ ਕੁਝ ਸਮਾਂ ਪਹਿਲਾਂ ਆਪਣੀ ਪਤਨੀ ਤੋਂ ਤਲਾਕ ਹੋ ਗਿਆ ਸੀ। ਤਲਾਕ ਤੋਂ ਬਾਅਦ ਉਹ ਕਾਫੀ ਤਣਾਅ ਵਿਚ ਰਹਿੰਦਾ ਸੀ ਅਤੇ ਨਿਰੰਤਰ ਗੁਰਦੁਆਰੇ ਮੱਥਾ ਟੇਕਣ ਲਈ ਆਉਂਦਾ ਸੀ।


Spread the love
Scroll to Top