ਗੁੰਡਾਗਰਦੀ ਖਿਲਾਫ ਭਲ੍ਹਕੇ, ਸ਼ਹਿਰ ਦੀਆਂ ਸੜਕਾਂ ਤੇ ਉਤਰਨਗੇ ਲੋਕ

Spread the love

ਵਾਹਿਗੁਰੂ ਸਿੰਘ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਵਫ਼ਦ ਐਸਐਸਪੀ ਬਰਨਾਲਾ ਨੂੰ ਮਿਲਿਆ 

20 ਜੂਨ ਨੂੰ ਗੁੰਡਾਗਰਦੀ ਖ਼ਿਲਾਫ਼ ਬਰਨਾਲਾ ਵਿਖੇ ਵਿਸ਼ਾਲ ਮੁਜ਼ਾਹਰੇ ਦੀਆਂ ਤਿਆਰੀਆਂ ਮੁਕੰਮਲ – ਬਲਵੰਤ ਸਿੰਘ ਉੱਪਲੀ 

ਹਰਿੰਦਰ ਨਿੱਕਾ , ਬਰਨਾਲਾ 19 ਜੂਨ 2023
     ਭਾਕਿਯੂ ਏਕਤਾ ਡਕੌਂਦਾ ਦੇ ਸਰਗਰਮ ਕਾਰਕੁੰਨ ਅਰੁਣ ਕੁਮਾਰ ਵਾਹਿਗੁਰੂ ਸਿੰਘ ਦੀ ਨਗਰ ਕੌਂਸਲ ਬਰਨਾਲਾ ਦੇ ਅਧਿਕਾਰੀਆਂ/ ਕਰਮਚਾਰੀਆਂ ਵੱਲੋਂ ਇੱਕ ਨਾਮੀ ਕਲੋਨੀ ਦੇ ਮਾਲਕ ਦੀ ਸ਼ਹਿ’ਤੇ ਕੁੱਟਮਾਰ ਕਰਨ ਦੇ ਮਾਮਲੇ ਪ੍ਰਤੀ ਪ੍ਰਸ਼ਾਸਨ ਵੱਲੋਂ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦਾ ਵਫ਼ਦ ਐਸਐਸਪੀ ਬਰਨਾਲਾ ਨੂੰ ਜਥੇਬੰਦੀ ਦੇ ਸਰਗਰਮ ਕਾਰਕੁੰਨ ਵਹਿਗੁਰੂ ਸਿੰਘ ਦੀ ਕੁੱਟਮਾਰ ਕਰਨ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਬਲਵੰਤ ਸਿੰਘ ਉੱਪਲੀ ਦੀ ਅਗਵਾਈ ਹੇਠ ਮਿਲਿਆ।
      ਵਫ਼ਦ ਨੇ ਮਿਲਣ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਸਾਹਿਬ ਸਿੰਘ ਅਤੇ ਬਾਬੂ ਸਿੰਘ ਖੁੱਡੀ ਕਲਾਂ ਨੇ  ਦੱਸਿਆ ਕਿ ਅਰੁਣ ਕੁਮਾਰ ਵਾਹਿਗਰੂ ਸਿੰਘ ਜਥੇਬੰਦੀ ਦਾ ਸਰਗਰਮ ਕਾਰਕੁੰਨ ਹੈ। 14 ਜੂਨ 2023 ਨੂੰ ਬਾਅਦ ਦੁਪਿਹਰ ਕਰੀਬ 1 ਵਜੇ ਅਰੁਣ ਕੁਮਾਰ ਵਾਹਿਗੁਰੂ ਸਿੰਘ, ਨਗਰ ਕੌਂਸਲ ਬਰਨਾਲਾ ਵਿਖੇ ਆਸਥਾ ਕਲੋਨੀ ਬਰਨਾਲਾ ਅੰਦਰ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਜਾਰੀ ਬੇਨਿਯਮਿਆਂ ਖ਼ਿਲਾਫ਼ ਮਿਤੀ 30-08-2022 ਨੂੰ ਦਿੱਤੀ ਦਰਖ਼ਾਸਤ ਦੇ ਸਬੰਧ ਵਿੱਚ ਨਗਰ ਕੌਂਸਲ ਦਫ਼ਤਰ ਗਿਆ ਸੀ। ਨਗਰ ਕੌਂਸਲ ਦੇ ਜੇ.ਈ.ਸਲੀਮ ਮੁਹੰਮਦ ਅਤੇ ਕੁੱਝ ਹੋਰ ਕਰਮਚਾਰੀਆਂ ਨੇ ਬਰਨਾਲਾ ਦੇ ਕਲੋਨਾਈਜਰ ਸੋਨੀ ਦੀ ਪਹਿਲਾਂ ਤੋਂ ਘੜੀ ਸਾਜਿਸ਼ ਤਹਿਤ ਸਾਡੇ ਕਿਸਾਨ ਕਾਰਕੁੰਨ ਨੂੰ ਕਮਰੇ ਵਿੱਚ ਬੰਦ ਕਰ ਲਿਆ। ਕਮਰੇ ਅੰਦਰ ਬੰਦ ਕਰਕੇ ਜੇ.ਈ. ਸਲੀਮ ਮੁਹੰਮਦ ਨੇ ਉੱਥੇ ਮੌਜੂਦ ਕਰਮਚਾਰੀਆਂ ਨੇ  ਬੇਰਹਿਮੀ ਨਾਲ ਵਹਿਗੁਰੂ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।                                           
        ਜੇ.ਈ. ਸਲੀਮ ਮੁਹੰਮਦ ਨੇ ਇਹ ਕਹਿ ਕੇ ਉਸ ਦੀ ਦਾੜੀ ਨੂੰ ਹੱਥ ਪਾ ਲਿਆ ਕਿ ਅਸੀਂ ਤੇਰੀ ਸਿੱਖੀ ਕੱਢ ਕੇ ਦਿਖਾਉਂਦੇ ਹਾਂ। ਹੋਰ ਕਰਮਚਾਰੀਆਂ ਨੇ ਉਸ ਦੀ ਪੱਗ ਲਾਹ ਦਿੱਤੀ। ਸਾਰੇ ਦੋਸ਼ੀ ਸਾਡੇ ਕਿਸਾਨ ਕਾਰਕੁੰਨ ਦੀ ਕੁੱਟਮਾਰ ਕਰਦੇ ਰਹੇ ਅਤੇ ਕਹਿੰਦੇ ਰਹੇ ਕਿ ਹੁਣ ਤੂੰ ਬੁਲਾ ਜੀਹਨੂੰ ਮਰਜੀ ਅਸੀਂ ਦੇਖਦੇ ਹਾਂ ਕਿਹੜਾ ਤੇਰਾ ਵਾਹਿਗੁਰੂ ਤੇਰੀ ਮਦਦ ਤੇ ਆ ਕੇ ਤੈਨੂੰ ਬਚਾਉਂਦਾ ਹੈ। ਵਾਹਿਗੁਰੂ ਸਿੰਘ ਦੀ ਕੁੱਟਮਾਰ ਕਰਦੇ ਹੋਏ ਕਰਮਚਾਰੀ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਇਸ ਨੂੰ ਪੱਖੇ ਨਾਲ ਲਟਕਾ ਕੇ ਮਾਰ ਦਿਓ। ਸਲੀਮ ਮੁਹੰਮਦ ਨੇ ਆਪਣੇ ਸਾਥੀਆਂ ਨੂੰ ਕਹਿ ਕੇ ਇੱਕ ਰੱਸਾ ਮੰਗਵਾ ਲਿਆ ਅਤੇ ਕਹਿਣ ਲੱਗੇ ਕਿ ਅੱਜ ਇਸ ਨੂੰ ਕਲੋਨਾਈਜ਼ਰ ਅਤੇ ਨਗਰ ਕੌਂਸਲ ਕਰਮਚਾਰੀਆਂ ਦੇ ਵਿਰੁੱਧ ਸ਼ਕਾਇਤਾਂ ਕਰਨ ਦਾ ਮਜ਼ਾ ਚਖਾਉਂਦੇ ਹਾਂ। ਇਸ ਦਾ ਪਤਾ ਲੱਗਣ ਤੇ ਬੀ.ਕੇ.ਯੂ.(ਏਕਤਾ)ਡਕੌਂਦਾ ਦਾ ਬਲਾਕ ਪ੍ਰਧਾਨ ਬਾਬੂ ਸਿੰਘ ਖੁੱਡੀ ਕਲਾਂ ਵੀ ਨਗਰ ਕੌਂਸਲ ਦਫ਼ਤਰ ਵਿੱਚ ਪਹੁੰਚ ਗਿਆ। ਉਨ੍ਹਾਂ ਨੇ ਹੀ ਵਾਹਿਗੁਰੂ ਸਿੰਘ ਨੂੰ ਨਗਰ ਕੌਂਸਲ ਦੇ ਕਰਮਚਾਰੀਆਂ ਤੋਂ ਛੁਡਾ ਕੇ ਹਸਪਤਾਲ ਵਿੱਚ ਦਾਖਿਲ ਕਰਵਾਇਆ।
       ਜਾਣਕਾਰੀ ਮੁਤਾਬਿਕ ਜੇ.ਈ.ਸਲੀਮ ਮੁਹੰਮਦ ਨੇ ਵਾਹਿਗੁਰੂ ਸਿੰਘ ਦੀ ਕੁੱਟਮਾਰ ਦੀ ਪੂਰੀ ਜਾਣਕਾਰੀ ਫੋਨ ਕਰਕੇ ਕਲੋਨੀ  ਮਾਲਕ ਨੂੰ ਵੀ ਦਿੱਤੀ। ਵਾਹਿਗੁਰੂ ਸਿੰਘ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਘਟਨਾ ਨੂੰ ਛੁਪਾਉਣ ਲਈ ਦੋਸ਼ੀਆਂ ਨੇ ਸੀ ਸੀ ਟੀ ਵੀ ਕੈਮਰੇ ਪਹਿਲਾਂ ਤੋਂ ਹੀ ਰਚੀ ਸਾਜਿਸ਼ ਤਹਿਤ ਬੰਦ ਕਰ ਦਿੱਤੇ ਸਨ। ਸਲੀਮ ਮੁਹੰਮਦ ਅਤੇ ਪ੍ਰਿੰਸ ਸਿੰਘ ਨੇ ਵਾਹਿਗਰੂ ਸਿੰਘ ਨੂੰ ਇਹ ਧਮਕੀ ਵੀ ਦਿੱਤੀ ਸੀ ਕਿ ਉਹ ਜਾਤੀਸੂਚਕ ਸ਼ਬਦਾਂ ਦਾ ਝੂਠਾ ਪਰਚਾ ਦਰਜ ਕਰਵਾਕੇ ਉਸ ਨੂੰ ਝੂਠੇ ਕੇਸ ਵਿੱਚ ਫਸਾ ਦੇਣਗੇ। ਆਗੂਆਂ ਨੇ ਕਿਹਾ ਕਿ ਬਣਦੇ ਸਾਰੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ । ਆਗੂਆਂ ਖੁੱਡੀ ਕਲਾਂ ,ਨਾਨਕ ਸਿੰਘ ਅਮਲਾ ਸਿੰਘ ਵਾਲਾ,ਨਾਹਰ ਸਿੰਘ ,ਬੂਟਾ ਸਿੰਘ, ਗੁਰਦਰਸ਼ਨ ਸਿੰਘ ਫਰਵਾਹੀ, ਬਲਵੰਤ ਸਿੰਘ ਠੀਕਰੀਵਾਲਾ ਅਤੇ ਗੁਰਮੀਤ ਸਿੰਘ ਬਰਨਾਲਾ ਆਦਿ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਦੋਸ਼ੀਆਂ ਦੇ ਖ਼ਿਲਾਫ਼ ਜਲਦ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਸਾਰੀਆਂ ਇਕਾਈਆਂ ਨੂੰ ਅਪੀਲ ਕੀਤੀ ਕਿ  20 ਜੂਨ ਨੂੰ 10 ਵਜੇ ਦਾਣਾ ਮੰਡੀ ਬਰਨਾਲਾ ਵਿੱਚ ਵੱਡੇ ਕਾਫਲੇ ਲੈਕੇ ਗੁੰਡਾਗਰਦੀ ਖ਼ਿਲਾਫ਼ ਵਿਸ਼ਾਲ ਮੁਜ਼ਾਹਰੇ ਵਿੱਚ ਸ਼ਾਮਲ ਹੋਣ।

Spread the love
Scroll to Top