ਘਟਨਾ ਤੋਂ 2 ਸਾਲ 17 ਦਿਨ ਬਾਅਦ ਪੁਲਿਸ ਨੇ ਫੜ੍ਹੇ 2 ਦੋਸ਼ੀ,1 ਦੀ ਤਲਾਸ਼ ਹਾਲੇ ਵੀ ਜਾਰੀ

Spread the love


ਫਾਈਨਾਂਸਰ ਨੂੰ ਅਗਵਾ ਕਰ ਮਾਰ-ਕੁੱਟ ਕਰਨ ਤੇ ਨਗਨ ਵੀਡੀਉ ਬਣਾਉਣ ਦਾ ਮਾਮਲਾ
ਦਿਲ ਦਹਿਲਾ ਦੇਣ ਵਾਲੀ ਇਸ ਘਟਨਾ ਦੀ ਐਫਆਈਆਰ ਕੈਂਸਲ ਕਰਨ ਦੀ ਐਸਪੀਡੀ ਨੇ ਕੀਤੀ ਸੀ ਸਿਫਾਰਸ਼
18 ਮਹੀਨੇ ਥਾਣੇ ਵਿੱਚ ਹੀ ਦਬੇ ਰਹੇ, ਆਈਜੀ ਦੁਆਰਾ ਜਾਂਚ ਕਰਵਾ ਕੇ ਦਿੱਤੇ ਕਾਰਵਾਈ ਕਰਨ ਦੇ ਹੁਕਮ

ਬਰਨਾਲਾ ਟੂਡੇ ਬਿਊਰੋ
ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ, ਫੈਸਲੇ ਦਾ ਇੰਤਜਾਰ ਕਰਦਿਆਂ ਕਰਦਿਆਂ, ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਦੀਆਂ ਇਹ ਸਤਰਾਂ ਅਦਾਲਤ ਵੱਲੋਂ ਇਨਸਾਫ ਦੇਣ ਵਿੱਚ ਹੁੰਦੀ ਬੇਲੋੜੀ ਦੇਰੀ ਤੇ ਉਂਗਲ ਜਰੂਰ ਧਰਦੀਆਂ ਹਨ। ਪਰੰਤੂ ਜੇਕਰ ਕਿਸੇ ਕੇਸ ਦੇ ਅਦਾਲਤ ਵਿੱਚ ਪਹੁੰਚਣ ਨੂੰ ਹੀ ਪੁਲਿਸ ਦਾ ਢਾਂਚਾ 2 ਸਾਲ ਤੋਂ ਵਧੇਰੇ ਦਾ ਸਮਾਂ ਲਗਾ ਦੇਵੇ,ਤਾਂ ਫਿਰ ਇਨਸਾਫ ਕਦੋਂ ਹੋਊ। ਪਾਤਰ ਦੀ ਕਵਿਤਾ ਦੀਆਂ ਸਤਰਾਂ ਤੋਂ ਵੀ ਪਰ੍ਹੇ ਦੀ ਗੱਲ ਹੋ ਨਿੱਬੜੀ, ਥਾਣਾ ਸਦਰ ਬਰਨਾਲਾ ਦੇ ਖੇਤਰ ਵਿੱਚ 2 ਮਾਰਚ 2018 ਦੀ ਬਾਅਦ ਦੁਪਹਿਰ ਵਾਪਰੀ ਦਿਲ ਦਹਿਲਾ ਦੇਣ ਵਾਲੀ ਇੱਕ ਘਟਨਾ। ਇਸ ਘਟਨਾ ਦੇ ਦੋ ਦੋਸ਼ੀਆਂ ਨੂੰ ਪੁਲਿਸ ਨੇ 2 ਸਾਲ 17 ਦਿਨ ਬਾਅਦ ਵੀਰਵਾਰ ਨੂੰ ਗਿਰਫਤਾਰ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਸੁਦਾਗਰ ਸਿੰਘ ਨਿਵਾਸੀ ਝਲੂਰ ਨੇ ਦੱਸਿਆ ਸੀ ਕਿ ਉਹ ਸ਼ੇਰਪੁਰ ਵਿਖੇ ਦਫਤਰ ਬਣਾ ਕੇ ਆਪਣੇ ਹਿੱਸੇਦਾਰ ਨਾਲ ਫਾਈਨਾਂਸ ਦਾ ਸਾਂਝਾ ਕੰਮ ਕਰਦਾ ਸੀ। ਸਾਲ 2017 ਵਿੱਚ ਉਸ ਨੇ ਰਵੀ ਕੁਮਾਰ ਤੇ ਪੁਨੀਤ ਕੁਮਾਰ ਦੋਵੇਂ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਸ਼ੇਰਪੁਰ ਨੂੰ 5/5 ਲੱਖ ਰੁਪਏ ਅਤੇ ਪਰਵਿੰਦਰ ਸਿੰਘ ਬਦੇਸ਼ਾ ਨੂੰ 1 ਲੱਖ ਰੁਪਏ ਨਗਦ ਕਰਜ਼ ਉਧਾਰ ਦਿੱਤੇ ਸਨ। ਕਰਜ਼ ਦੀ ਗਾਰੰਟੀ ਵਜੋਂ ਰਵੀ ਤੇ ਪੁਨੀਤ ਨੇ ਸਮੇਤ ਵਿਆਜ਼ 7/7 ਲੱਖ ਰੁਪਏ ਦੇ ਚੈਕ ਭਰ ਕੇ ਦਿੱਤੇ ਸਨ। ਪਰਵਿੰਦਰ ਸਿੰਘ ਨੇ ਵੀ ਗਾਰੰਟੀ ਵਜੋਂ ਚੈਕ ਦਿੱਤਾ ਸੀ। ਪਰੰਤੂ ਤਿੰਨੋਂ ਵਿਅਕਤੀ ਉਸਦਾ ਕਰਜ ਮੋੜਨ ਲਈ ਟਾਲਮਟੋਲ ਕਰਨ ਲੱਗ ਪਏ। ਆਖਿਰ ਉਸਨੇ ਤਿੰਨੋਂ ਦੋਸ਼ੀਆਂ ਨੂੰ ਦੱਸ ਕੇ ਵੱਖ ਵੱਖ ਬੈਂਕਾਂ ਵਿੱਚ ਚੈਕ ਲਗਾ ਦਿੱਤੇ। ਜਦੋਂ ਹੀ ਦੋਸ਼ੀਆਂ ਨੂੰ ਚੈਕ ਬੈਂਕ ਵਿੱਚ ਲਗਾਉਣ ਦਾ ਪਤਾ ਲੱਗਿਆ ਤਾਂ ਪਰਵਿਦਰ ਸਿੰਘ ਨੇ ਉਸ ਨੂੰ ਹਿਸਾਬ ਕਰਨ ਦੀ ਗੱਲ ਕਹਿ ਕੇ ਸ਼ੇਰਪੁਰ ਸੱਦਿਆ। ਪਰੰਤੂ ਪਹਿਲਾਂ ਤੋਂ ਹੀ ਰਾਸਤੇ ਵਿੱਚ ਘਾਤ ਲਗਾਈ ਖੜ੍ਹੇ ਰਵੀ,ਪੁਨੀਤ ਤੇ ਪਰਵਿੰਦਰ ਸਿੰਘ ਨੇ ਆਪਣੇ ਦੋ ਅਣਪਛਾਤੇ ਸਾਥੀਆਂ ਸਣੇ ਉਸ ਨੂੰ ਅਗਵਾ ਕਰ ਲਿਆ। ਸਾਰੇ ਦੋਸ਼ੀ ਉਸ ਨੂੰ ਜਬਰਦਸਤੀ ਆਪਣੀ ਗੱਡੀ ਚ, ਸੁੱਟ ਕੇ ਸ਼ੇਰਪੁਰ ਦੇ ਇੱਕ ਘਰ ਵਿੱਚ ਲੈ ਗਏ, ਸ਼ੋਰ ਮਚਾਉਣ ਤੋਂ ਰੋਕਣ ਲਈ ਦੋਸ਼ੀਆਂ ਨੇ ਉਸ ਦੇ ਗਰਦਨ ਤੇ ਹਥਿਆਰ ਲਾ ਕੇ ਗੋਲੀ ਨਾਲ ਜਾਨੋ ਮਾਰ ਦੇਣ ਦੀ ਧਮਕੀ ਵੀ ਦਿੱਤੀ। ਸਾਰੇ ਦੋਸ਼ੀਆਂ ਨੇ ਉਸ ਦੀਆਂ ਲੱਤਾਂ-ਬਾਹਾਂ ਪਲਾਸਟਿਕ ਦੀ ਰੱਸੀ ਨਾਲ ਬੰਨ੍ਹ ਕੇ ਉਸ ਦੀ ਬੜੀ ਬੇਰਹਿਮੀ ਨਾਲ ਮਾਰ-ਕੁੱਟ ਵੀ ਕੀਤੀ। ਅੱਤਿਆਚਾਰ ਦੀ ਹੱਦ ਉਦੋਂ ਸਾਰੇ ਹੱਦਾਂ-ਬੰਨੇ ਪਾਰ ਕਰ ਗਈ, ਜਦੋਂ ਦੋਸ਼ੀਆਂ ਨੇ ਜਬਰਦਸਤੀ ਉਸ ਦੇ ਕੱਪੜੇ ਲਾਹ ਕੇ ਮੋਬਾਇਲ ਨਾਲ ਨਗਨ ਹਾਲਤ ਵਿੱਚ ਉਸ ਦੀ ਵੀਡੀਉ ਵੀ ਬਣਾ ਲਈ। ਉਸ ਨੇ ਕਿਹਾ ਕਿ ਉਹ ਦਰਦ ਨਾਲ ਕੁਰਲਾਉਂਦਾ ਰਿਹਾ, ਤੇ ਦੋਸ਼ੀ ਕੋਲ ਬਹਿ ਕੇ ਸ਼ਰਾਬ ਪੀਂਦੇ ਰਹੇ। ਦੋਸ਼ੀਆਂ ਨੇ ਉਸ ਤੋਂ ਖਾਲੀ ਪੰਜ ਪਰਨੋਟਾਂ, ਕੁਝ ਚੈਕ ਬੁੱਕਾਂ ਤੇ ਵੀ ਜਬਰਦਸਤੀ ਦਸਤਖਤ ਵੀ ਕਰਵਾ ਲਏ। ਇੱਕ ਲੱਖ ਦਸ ਹਜਾਰ ਦੀ ਨਗਦੀ, 2 ਸੋਨੇ ਦੀਆਂ ਛਾਂਪਾ ਤੋ ਹੋਰ ਜਰੂਰੀ ਦਸਤਾਵੇਜ਼ ਵੀ ਖੋਹ ਲਏ। ਦੋਸੀਆਂ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਸ਼ਿਕਾਇਤ ਕੀਤੀ ਤਾਂ ਉਹ ਉਸ ਦੀ ਨਗਨ ਵੀਡੀਉ ਵਾਇਰਲ ਕਰ ਦੇਣਗੇ। ਪੀੜਤ ਨੇ ਦੱਸਿਆ ਕਿ ਜਦੋਂ ਦੋਸ਼ੀ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਗਏ, ਤਾਂ ਉਹ ਕਿਸੇ ਤਰਾਂ ਉੱਥੋਂ ਬਚ ਨਿੱਕਲਿਆ। ਫੋਨ ਤੇ ਆਪਣੇ ਬੇਟੇ ਨੂੰ ਸੂਚਨਾ ਦਿੱਤੀ, ਜਿਸ ਨੇ ਉਸ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ। ਪੁਲਿਸ ਨੇ ਮੈਡੀਕਲ ਰਿਪੋਰਟ ਅਤੇ ਪੀੜਤ ਦੇ ਬਿਆਨ ਤੇ ਦੋਸ਼ੀਆਂ ਦੇ ਵਿਰੁੱਧ ਅਧੀਨ ਜੁਰਮ 365,384 ਆਈਪੀਸੀ ਤੇ ਹੋਰ ਸੰਗੀਨ ਧਾਰਾਂਵਾ ਤਹਿਤ ਥਾਣਾ ਸਦਰ ਬਰਨਾਲਾ ਵਿਖੇ ਕੇਸ ਦਰਜ਼ ਕੀਤਾ। ਪਰੰਤੂ ਕੋਈ ਗਿਰਫਤਾਰੀ ਨਹੀ ਕੀਤੀ।
-ਬੇਗੁਨਾਹੀ ਦੀ ਦਿੱਤੀ ਦੁਰਖਾਸਤ,ਐਸਪੀ ਨੇ ਕੀਤੀ ਕੇਸ ਰੱਦ ਕਰਨ ਦੀ ਸਿਫਾਰਸ਼
ਮੁਕੱਦਮੇਂ ਦੇ ਦੋਸ਼ੀਆਂ ਨੇ ਖੁਦ ਦੇ ਬੇਗੁਨਾਹ ਹੋਣ ਸਬੰਧੀ ਦੁਰਖਾਸਤ ਤਤਕਾਲੀਨ ਐਸਐਸਪੀ ਨੂੰ ਦਿੱਤੀ,ਜਿੰਨ੍ਹਾਂ ਕੇਸ ਦੀ ਪੜਤਾਲ ਐਸਪੀਡੀ ਨੂੰ ਭੇਜ਼ ਦਿੱਤੀ ਸੀ। ਐਸਪੀ ਸਾਬ੍ਹ ਨੇ ਇਹੋ ਜਿਹੀ ਜਾਂਚ ਕੀਤੀ ਕਿ 30 ਮਈ 2018 ਨੂੰ ਕੇਸ ਹੀ ਰੱਦ ਕਰਨ ਦੀ ਸਿਫਾਰਸ਼ ਕਰ ਦਿੱਤੀ। ਕੇਸ ਰੱਦ ਹੋਣ ਤੋਂ ਨਿਰਾਸ਼ ਹੋਏ ਪੀੜਤ ਸੁਦਾਗਰ ਸਿੰਘ ਨੇ ਆਈਜੀ ਰੇਂਜ ਪਟਿਆਲਾ ਨੂੰ ਅਰਜ਼ੀ ਦਿੱਤੀ,ਜਿੰਨ੍ਹਾਂ ਨੇ ਮਾਮਲੇ ਦੀ ਜਾਂਚ ਐਸਪੀ ਟ੍ਰੈਫਿਕ ਪਟਿਆਲਾ ਨੂੰ ਸੌਂਪ ਦਿੱਤੀ। ਐਸਪੀ ਟ੍ਰੈਫਿਕ ਨੇ 18 ਸਿਤੰਬਰ 2018 ਨੂੰ ਐਸਪੀਡੀ ਬਰਨਾਲਾ ਦੀ ਰਿਪੋਰਟ ਨੂੰ ਰੱਦ ਕਰਕੇ ਕੇਸ ਦਾ ਚਲਾਨ ਪੇਸ਼ ਕਰਨ ਤੇ ਦੋਸ਼ੀਆਂ ਵਿਰੁੱਧ ਅਗਲੀ ਕਾਨੂੰਨੀ ਕਾਰਵਾਈ ਕਰਨ ਦੀ ਸਿਫਾਰਸ਼ ਕਰ ਦਿੱਤੀ।
-ਡੇਢ ਸਾਲ ਥਾਣਾ ਸਦਰ ਬਰਨਾਲਾ ਵਿਖੇ ਹੀ ਦਬੀ ਰਹੀ ਫਾਇਲ
ਪੁਲਿਸ ਦੀ ਕੰਮ ਕਰਨ ਲਈ ਮਤਵਾਲੀ ਚਾਲ ਦੇਖੋ, ਕਰੀਬ ਡੇਢ ਸਾਲ ਤੱਕ ਆਈਜੀ ਦੇ ਹੁਕਮ ਤੇ ਹੋਈ ਪੜਤਾਲ ਰਿਪੋਰਟ ਤੇ ਕੋਈ ਐਕਸ਼ਨ ਲੈਣ ਦੀ ਬਜਾਏ ਫਾਈਲ ਨੂੰ ਉਸੇ ਤਰਾਂ ਹੀ ਦਬਾਈ ਰੱਖਿਆ ਗਿਆ। ਹੁਣ ਜਦੋਂ ਨਵੇ ਐਸਐਸਪੀ ਸੰਦੀਪ ਗੋਇਲ ਨੇ ਅਹੁਦਾ ਸੰਭਾਲਿਆ ਤਾਂ ਦਬਾ ਕੇ ਰੱਖੀ ਫਾਇਲ ਵੀ ਖੁੱਲ ਗਈ। ਥਾਣਾ ਸਦਰ ਦੀ ਪੁਲਿਸ ਪਾਰਟੀ ਨੇ ਵੀਰਵਾਰ ਨੂੰ 2 ਦੋਸ਼ੀਆਂ ਰਵੀ ਤੇ ਪਰਵਿੰਦਰ ਬਦੇਸ਼ਾ ਨੂੰ ਗਿਰਫਤਾਰ ਵੀ ਕਰ ਲਿਆ। ਦੋਸ਼ੀ ਪੁਨੀਤ ਦੀ ਤਲਾਸ਼ ਵੀ ਪੁਲਿਸ ਮੁਸਤੈਦੀ ਨਾਲ ਕਰਨ ਵਿੱਚ ਜੁੱਟ ਗਈ।


Spread the love
Scroll to Top