ਚਾਈਨਾ ਡੋਰ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕਤਾ ਲਈ ਨਿੱਤਰੇ ਵਿਦਿਆਰਥੀ

Spread the love

ਸ਼ਹਿਰ ਵਿਚ ਵੱਖ ਵੱਖ ਥਾਵਾਂ ਤੇ ਕੀਤਾ ਲੋਕਾਂ ਨੂੰ ਜਾਗਰੂਕ

ਰਘਵੀਰ ਹੈਪੀ, ਬਰਨਾਲਾ, 23 ਜਨਵਰੀ 2023
    ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਵਾਹੀ ਦੇ ਐਨ ਐਸ ਐਸ ਯੁਨਿਟ ਵਲੋਂ ਚੀਨੀ ਮਾਂਝੇ (ਡੋਰ)ਦੀ ਵਰਤੋਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਇੱਕਠ ਕਰਕੇ ਲੋਕਾਂ ਨੂੰ ਦੱਸਿਆ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਸ਼ਹਿਰ ਦੇ ਨਾਗਰਿਕਾਂ, ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਚੀਨੀ ਡੋਰ ਦੀ ਵਰਤੋਂ ਨਾ ਕਰਨ ਕਿਉਂਕਿ ਇਹ ਮਨੁੱਖਾਂ ਅਤੇ ਪੰਛੀਆਂ ਲਈ  ਖ਼ਤਰਨਾਕ ਹੈ।
   ਸਕੂਲ ਦੇ ਪ੍ਰਿੰਸੀਪਲ ਮੈਡਮ ਨਿਦਾ ਅਲਤਾਫ ਨੇ ਕਿਹਾ ਕਿ ਪੈਦਲ ਚੱਲਣ ਵਾਲਿਆਂ ਅਤੇ ਬਾਈਕ ਸਵਾਰਾਂ ਦੇ ਸਾਵਧਾਨ ਨਜ਼ਰੀਏ ਦੇ ਬਾਵਜੂਦ ਵੀ ਚੀਨੀ ਡੋਰ ਅਚਾਨਕ ਜਾਨਲੇਵਾ ਸੱਟਾਂ ਦਾ ਕਾਰਨ ਬਣਦੀ ਹੈ। ਸ਼ਹਿਰੀ ਖੇਤਰ ਵਿੱਚ ਇਸ ਡੋਰ ਦੀ ਵਰਤੋਂ ਕਰਨ ਨਾਲ ਬਿਜਲੀ ਦੇ ਕਰੰਟ ਲੱਗਣ ਦੀਆਂ ਘਟਨਾਵਾਂ ਵੀ ਸਾਡੇ ਸਾਹਮਣੇ ਆ ਰਹੀਆਂ ਹਨ ।
   ਐਨ.ਐਸ.ਐਸ ਯੂਨਿਟ ਇੰਚਾਰਜ ਪਾਵੇਲ ਬਾਂਸਲ ਨੇ ਇਸ ‘ਮਾਰੂ ਦੁਸ਼ਮਣ’ ਦਾ ਮੁਕੰਮਲ ਤੌਰ ’ਤੇ ਬਾਈਕਾਟ ਕਰਨ ’ਤੇ ਜ਼ੋਰ ਦਿੱਤਾ। ਐਨ.ਐਸ.ਐਸ. ਯੂਨਿਟ ਦੇ ਸਹਾਇਕ ਪੰਕਜ ਬਾਂਸਲ ਨੇ ਨਿਯਮਤ ਸੂਤੀ ਧਾਗੇ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ, ਚਾਈਨਾ ਡੋਰ ਦੀ ਵਰਤੋਂ ਨਾ ਕਰਕੇ ਅਸੀਂ ਪੰਛੀਆਂ ਅਤੇ ਇਨਸਾਨਾਂ ਦੀ ਜਾਨ ਬਚਾ ਸਕਦੇ ਹਾਂ।  ਚਾਈਨਾ ਡੋਰ ਤੇ ਸੰਪੂਰਨ ਤੌਰ ਤੇ ਪਾਬੰਦੀ ਲਗਾਉਣ ਨਾਲ ਵੱਡੇ ਪੱਧਰ ਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਸਕਦਾ ਹੈ ।                                                                         
    ਰੈਲੀ ਦੀ ਅਗਵਾਈ ਕਰ ਰਹੇ ਸਕੂਲ ਦੇ ਇੱਕ ਵਿਦਿਆਰਥੀ ਪ੍ਰਭਜੋਤ ਸਿੰਘ ਨੇ  ਕਿਹਾ ਕਿ ਹਾਨੀਕਾਰਕ ਪਦਾਰਥਾਂ ਨਾਲ ਲੇਪ ਕੀਤੇ ਨਾਈਲੋਨ ਜਾਂ ਸਿੰਥੈਟਿਕ ਧਾਗੇ ਨਾ ਸਿਰਫ਼ ਮਨੁੱਖਾਂ ਲਈ ਖਤਰਨਾਕ ਹਨ, ਸਗੋਂ ਪੰਛੀਆਂ ਲਈ ਵੀ ਜਾਨਲੇਵਾ ਹਨ।
    ਸਕੂਲੀ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਖੇਡ ਮੰਤਰੀ ਦੇ ਓ.ਐਸ.ਡੀ ਹਸਨਪ੍ਰੀਤ ਭਾਰਦਵਾਜ ਨੇ ਕਿਹਾ ਕਿ ਸੂਬੇ ਵਿੱਚ ਚਾਈਨਾ ਡੋਰ ‘ਤੇ ਪਾਬੰਦੀ ਲਗਾਉਣ ਨਾਲ ਨਾਲ ਅਪਰਾਧੀਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੁੰਦੀ ਹੈ, ਚਾਹੇ ਉਹ ਚੀਨੀ ਡੋਰ ਵੇਚਣ ਵਾਲੇ ਹੋਣ ਜਾਂ ਪਤੰਗ ਉਡਾਉਣ ਵਾਲੇ ਲੋਕ। ਉਨ੍ਹਾਂ ਵਲੋਂ ਬੱਚਿਆਂ ਦੇ ਮਾਪਿਆਂ ਨੂੰ ਵੀ ਇਸ ਮੁਹਿੰਮ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ।                                 
   ਇਸ ਜਾਗਰੂਕ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੈਡਮ ਰੈਨੂੰ ਬਾਲਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਸਰਬਜੀਤ ਸਿੰਘ ਤੂਰ  ਵਲੋਂ ਇਸ ਉਪਰਾਲੇ ਲਈ ਸਕੂਲ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਇਸ ਤਰ੍ਹਾਂ ਦੇ ਜਾਗਰੂਕ ਕੈਂਪ ਆਯੋਜਿਤ ਕਰਨ ਲਈ ਹੋਰ ਸਿੱਖਿਆ ਸੰਸਥਾਵਾਂ ਨੂੰ ਅਪੀਲ ਕੀਤੀ। ਇਸ ਲੋਕ ਭਲਾਈ ਦੇ ਕਾਰਜ ਵਿੱਚ ਸਹਿਯੋਗ ਦੇਣ ਲਈ ਜ਼ਿਲ੍ਹਾ ਖਜ਼ਾਨਾ ਅਫ਼ਸਰ ਸ ਬਲਵੰਤ ਸਿੰਘ , ਸਿਮਰਦੀਪ ਸਿੰਘ ਡੀ ਐਮ ਸਪੋਰਟਸ, ਪਿ੍ੰਸੀਪਲ ਕਸ਼ਮੀਰ ਸਿੰਘ , ਸੁਨੀਲ ਕੁਮਾਰ, ਮਲਕੀਤ ਸਿੰਘ ਡੀ ਪੀ ਈ , ਮੱਲ ਸਿੰਘ , ਨੀਰਜ ਕੁਮਾਰ ਆਦਿ ਨੇ ਹਾਜ਼ਰੀ ਲਗਵਾਈ।

Spread the love
Scroll to Top