ਚੋਰਾਂ ਨੂੰ ਮਾਫੀ ਦੇ ਕੇ, ਫਸ ਗਿਆ ਥਾਣੇਦਾਰ ,,,

Spread the love

ਹਾਈਕੋਰਟ ਦੀ ਘੁਰਕੀ ਤੋਂ ਬਾਅਦ ਚੋਰਾਂ ਨੂੰ ਕਲੀਨ ਚਿੱਟ ਦੇਣ ਵਾਲੀ ਪੁਲਿਸ ਦਾ ਰੁਖ ਬਦਲਿਆ, ਕਰਤਾ ਪਰਚਾ

ਉਹ 1320 ਰੁਪੈ ਦੇ ਸਮਾਨ ਦੀ ਚੋਰੀ ਦਾ ਕੇਸ ਦਰਜ ਕਰਵਾਉਣ ਲਈ 925 ਦਿਨ ਲੜਿਆ ਕਾਨੂੰਨੀ ਲੜਾਈ !

ਜੇ ਪੁਲਿਸ ਮੌਕੇ ਤੇ ਕਰਦੀ ਕਾਰਵਾਈ ਤਾਂ ਚੋਰ ਸਲਾਖਾਂ ਪਿੱਛੇ ਹੁੰਦੇ ਤੇ ਚੋਰੀ ਦੇ ਮਾਲ ਦੀ ਹੁੰਦੀ ਬਰਾਮਦਗੀ-ਤੇਜਿੰਦਰ ਸਿੰਘ

ਹਰਿੰਦਰ ਨਿੱਕਾ , ਬਰਨਾਲਾ 12 ਜੁਲਾਈ  2023

   ਜਿੱਤ ਲੜਦੇ ਲੋਕਾਂ ਦੀ , ਆਪਣੇ ਹੱਕਾਂ ਲਈ ਜੂਝਦੇ ਜੁਝਾਰੂ ਲੋਕਾਂ ਦੇ ਇਸ ਨਾਅਰੇ ਤੋਂ ਪ੍ਰੇਰਿਤ ਹੋ ਕੇ ਤੇਜਿੰਦਰ ਸਿੰਘ ਉਰਫ ਗਗਨ ਸਿਰਫ 1320 ਰੁਪਏ ਮੁੱਲ ਦੇ ਸਮਾਨ ਦੀ ਚੋਰੀ ਦਾ ਕੇਸ ਦਰਜ਼ ਕਰਵਾਉਣ ਲਈ 925 ਦਿਨ ਕਾਨੂੰਨੀ ਲੜਾਈ ਲੜਿਆ। ਆਖਿਰ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਘੁਰਕੀ ਤੋਂ ਬਾਅਦ ਚੋਰਾਂ ਨੂੰ ਕਲੀਨ ਚਿੱਟ ਦੇਣ ਵਾਲੀ ਮੁਕਾਮੀ ਪੁਲਿਸ ਨੇ 2 ਕਥਿਤ ਚੋਰਾਂ ਖਿਲਾਫ ਐਫ.ਆਈ.ਆਰ. ਦਰਜ਼ ਕਰਕੇ, ਚੋਰਾਂ ਨੂੰ ਮਾਫੀ ਦੇਣ ਵਾਲੇ (ASI) ਥਾਣੇਦਾਰ ਦੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਉਣ ਦਾ ਹੁਕਮ ਦੇ ਦਿੱਤਾ। ਜਦੋਂਕਿ ਹੰਡਿਆਇਆ ਪੁਲਿਸ ਚੌਂਕੀ ਦੇ ਤਤਕਾਲੀ ਇੰਚਾਰਜ ਸਬ-ਇੰਸਪੈਕਟਰ ਗੁਲਾਬ ਸਿੰਘ ਅਤੇ ਇੱਕ ਹੋਰ ਏ.ਐਸ.ਆਈ. ਗੁਰਮੇਲ ਸਿੰਘ ਦੇ ਸਿਰ ਤੇ ਹਾਲੇ ਕਾਨੂੰਨੀ/ਵਿਭਾਗੀ ਕਾਰਵਾਈ ਦੀ ਤਲਵਾਰ ਲਟਕੀ ਹੋਈ ਹੈ।

    ਮਾਮੂਲੀ ਚੋਰੀ ਦੀ ਘਟਨਾ ਦਾ ਕੇਸ ਦਰਜ਼ ਕਰਵਾਉਣ ਲਈ ਢਾਈ ਵਰ੍ਹਿਆਂ ਤੋਂ ਜਿਆਦਾ ਸਮਾਂ ਜੱਦੋਜਹਿਦ ਕਰਨ ਵਾਲੇ ਤੇਜਿੰਦਰ ਸਿੰਘ ਗਗਨ ਦੇ ਚਿਹਰੇ ਤੇ ਸਚਾਈ ਦੀ ਜਿੱਤ ਹੋਣ ਦਾ ਸਰੂਰ ਸਾਫ ਝਲਕਦਾ ਹੈ। ਤੇਜਿੰਦਰ ਗਗਨ, ਆਪਣੇ ਦਸਤਾਵੇਜਾਂ ਦਾ ਪੁਲੰਦਾ ਹੱਥ ਵਿੱਚ ਫੜ੍ਹੀ, ਬਰਨਾਲਾ ਟੂਡੇ ਦੇ ਦਫਤਰ ਵਿੱਚ ਪਹੁੰਚਿਆ। ਤੇਜਿੰਦਰ ਸਿੰਘ ਗੱਲ ਕਰਦਾ ਭਾਵੁਕ ਹੋ ਗਿਆ, ਕਹਿੰਦਾ ਜੇ ਮੁਕਾਮੀ ਪੁਲਿਸ ਦੇ ਅਧਿਕਾਰੀ ਸਮੇਂ ਸਿਰ ਕਾਰਵਾਈ ਕਰ ਦਿੰਦੇ ਤਾਂ ਮੇਰੇ ਕੀਮਤੀ ਸਮੇਂ ਦੀ ਬਰਬਾਦੀ ਬਚ ਹੀ ਜਾਂਦੀ ਅਤੇ ਦੋਸ਼ੀਆਂ ਤੋਂ ਪੁੱਛਗਿੱਛ ਕਰਕੇ, ਪਹਿਲਾਂ ਚੋਰੀ ਹੋਏ ਕਰੀਬ ਇੱਕ ਲੱਖ ਰੁਪੈ ਦੇ ਸਮਾਨ ਦੀ ਬਰਾਮਦਗੀ ਵੀ ਹੋ ਜਾਣੀ ਸੀ, ਚਲੋ ਉਦੋਂ ਜੋ ਪੁਲਿਸ ਨੂੰ ਮੰਜੂਰ ਸੀ, ਉਹ ਨੇ ਉਹੀ ਕੀਤਾ। ਹੁਣ ਹਾਈਕੋਰਟ ਦਾ ਧੰਨਵਾਦ, ਜੀਹਨੇ ਮੈਨੂੰ ਇਨਸਾਫ ਅਤੇ ਦੋਸ਼ੀਆਂ ਨੂੰ ਸਜਾ ਦਿਵਾਉਣ ਵੱਲ ਕਦਮ ਵਧਾਇਆ ਹੈ।

ਫਲੈਸ਼ਬੈਕ- ਕਦੋਂ ਕੀ ਹੋਇਆ,

     ਤੇਜਿੰਦਰ ਸਿੰਘ ਗਗਨ ਪੁੱਤਰ ਅਮਰਜੀਤ ਸਿੰਘ ਵਾਸੀ ਹੰਡਿਆਇਆ ਅਨੁਸਾਰ ਦਸੰਬਰ 2020 ਤੋਂ ਪਹਿਲਾਂ ਕਰੀਬ ਡੇਢ ਸਾਲ ਦੇ ਅੰਦਰ ਅੰਦਰ ਉਸ ਦੀ ਵਰਕਸ਼ਾਪ ਵਿੱਚੋਂ ਕਰੀਬ ਇੱਕ ਲੱਖ ਰੁਪੈ ਦਾ ਸਮਾਨ ਦੀ ਚੋਰੀ ਹੋਇਆ। ਕਾਫੀ ਚੌਕਸੀ ਤੋਂ ਬਾਅਦ  27/12/2020 ਨੂੰ ਬਲਕਾਰ ਸਿੰਘ ਵਾਸੀ ਅਤਰ ਸਿੰਘ ਵਾਲਾ ਦੇ ਕਹਿਣ ਤੇ ਵਰਕਸ਼ਾਪ ਵਿੱਚੋਂ ਸਮਾਨ ਚੋਰੀ ਕਰਕੇ, ਲਿਜਾ ਰਹੇ ਕੁਲਵੀਰ ਸਿੰਘ ਉਰਫ ਰਾਜੂ ਵਾਸੀ ਧਨੌਲਾ ਖੁਰਦ ਨੂੰ ਚੋਰੀ ਕੀਤੀਆਂ 6 ਟੂਲ ਬਿੱਟਾਂ (ਔਜਾਰਾਂ) ਸਣੇ ਕਾਬੂ ਕਰ ਲਿਆ। ‘ਤੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਪੁਲਿਸ ਚੌਂਕੀ ਹੰਡਿਆਇਆ ਦਾ ਤਤਕਾਲੀ ਇੰਚਾਰਜ ਗੁਲਾਬ ਸਿੰਘ ਦੋ ਹੋਰ ਪੁਲਿਸ ਮੁਲਾਜਮਾਂ ਸਣੇ ਮੌਕਾ ਪਰ ਵਰਕਸ਼ਾਪ ਵਿੱਚ ਪਹੁੰਚਿਆ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਕੇ, ਪੁਲਿਸ ਚੋਂਕੀ ਲੈ ਗਿਆ। ਉਨਾਂ ਇਸ ਦੀ ਜਾਂਚ ਏ.ਐਸ.ਆਈ. ਗੁਰਮੇਲ ਸਿੰਘ ਨੂੰ ਦੇ ਦਿੱਤੀ ਸੀ। ਚੋਰੀ ਕੀਤੀਆਂ ਬਿੱਟਾਂ ( ਟੂਲ ) ਦੀ ਬਜ਼ਾਰੀ ਕੀਮਤ 1320 ਰੁਪੈ ਬਣਦੀ ਸੀ।

-ਤੇਜਿੰਦਰ ਸਿੰਘ ਨੇ ਦੱਸਿਆ ਕਿ ਐਸ.ਆਈ. ਗੁਲਾਬ ਸਿੰਘ, ਏਐਸਆਈ ਗੁਰਮੇਲ ਸਿੰਘ ਅਤੇ ਏਐਸਆਈ ਸਤਗੁਰ ਸਿੰਘ , ਤਿੰਨੋਂ ਹੀ ਮੇਰੇ ਪਰ, ਚੋਰਾਂ ਨਾਲ ਸਮਝੌਤਾ ਕਰਨ ਲਈ ਦਬਾਅ ਪਾਉਂਦੇ ਰਹੇ। ਪੁਲਿਸ ਨੇ ਚੋਰੀ ਕਰਨ ਵਾਲੇ ਕੁਲਵਿੰਦਰ ਸਿੰਘ ਰਾਜੂ ਅਤੇ ਕਰਵਾਉਣ ਵਾਲੇ ਬਲਕਾਰ ਸਿੰਘ ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਚੋਰੀ ਸਮੇਂ ਮੌਕਾ ਦੇ ਗਵਾਹ ਤੇ ਮੇਰੇ ਵਰਕਸ਼ਾਪ ਵਿਖੇ ਮੁਲਾਜਮ ਪਰਮਿੰਦਰ ਸਿੰਘ ਕਾਲਾ ਨੂੰ ਵੀ ਗੈਰਕਾਨੂੰਨੀ ਹਿਰਾਸਤ ਵਿੱਚ ਹਵਾਲਾਤ ਵਿੱਚ ਤਾੜਿਆ ਅਤੇ ਉਸ ਨੂੰ ਛੱਡਣ ਬਦਲੇ 4 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਆਖਿਰ ਉਨਾਂ ਮੇਰੀ ਸਹਿਮਤੀ ਤੋਂ ਬਿਨਾਂ ਹੀ, ਇੱਕ ਸਮਝੌਤਾ ਲਿਖ ਕੇ ਦੋਵਾਂ ਦੋਸ਼ੀਆਂ ਨੂੰ ਛੱਡ ਦਿੱਤਾ। ‘ਤੇ ਮੈਨੂੰ ਕੇਸ ਦਰਜ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। 

-ਤੇਜਿੰਦਰ ਸਿੰਘ ਨੇ ਦੱਸਿਆ ਕਿ ਚੋਰੀ ਦਾ ਕੇਸ ਦਰਜ਼ ਕਰਵਾਉਣ ਲਈ ਐਸ.ਐਚ.ੳ., ਡੀਐਸਪੀ ਤੇ ਮੌਕੇ ਦੇ ਐਸਐਸਪੀ ਨੂੰ ਵੀ ਕੇਸ ਦਰਜ਼ ਕਨ ਲਈ ਸ਼ਕਾਇਤਾਂ ਦੇ ਕੇ, ਫਰਿਆਦ ਕੀਤੀ। ਪਰੰਤੂ ਕਿਸੇ ਨੇ ਮੇਰੀ ਇੱਕ ਨਹੀਂ ਸੁਣੀ। ਸਾਰਿਆਂ ਨੇ ਆਪਣੀਆਂ ਰਿਪੋਰਟਾਂ ਵਿੱਚ ਦੋਸ਼ੀਆਂ ਨੂੰ ਕਲੀਨ ਚਿੱਟ ਦੇ ਕੇ ਦੁਰਖਾਸਤਾਂ ਦਫਤਰ ਦਾਖਿਲ ਕਰ ਦਿੱਤੀਆਂ।

ਸ਼੍ਰੀ ਚਾਹਿਤ ਬਾਂਸਲ ਐਡਵੋਕੇਟ, ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ

ਜਿਸ ਤੋਂ ਖਫਾ ਹੋ ਕੇ ਮੈਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਰਿੱਟ ਦਾਇਰ ਕੀਤੀ। ਜਿੱਥੇ ਸ਼੍ਰੀ ਚਾਹਿਤ ਬਾਂਸਲ ਐਡਵੋਕੇਟ ਸਾਹਿਬ ਦੀਆਂ ਦਲੀਲਾਂ ਨਾਲ ਸਹਿਮਤ ਹੋ ਕੇ ਮਾਨਯੋਗ ਹਾਈਕੋਰਟ ਨੇ ਤੇਜਿੰਦਰ ਸਿੰਘ ਵੱਲੋਂ ਦਾਇਰ ਕ੍ਰਿਮੀਨਲ ਰਿੱਟ ਦੀ ਸੁਣਵਾਈ ਕਰਦਿਆਂ ਪੰਜਾਬ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਕਿ ਅੱਠ ਹਫਤਿਆਂ ਦੇ ਅੰਦਰ ਅੰਦਰ ਪੁਲਿਸ ਦੁਆਰਾ ਕੀਤੀ ਕਾਰਵਾਈ ਸਬੰਧੀ ਸਪੀਕਿੰਗ ਆਰਡਰ ਜਾਰੀ ਕੀਤਾ ਜਾਵੇ। ਆਈਜੀ ਰੇਂਜ ਪਟਿਆਲਾ ਨੇ ਹਾਈਕੋਰਟ ਦੇ ਹੁਕਮਾਂ ਦੀ ਤਾਮੀਲ ਕਰਨ ਲਈ, ਐਸ ਪੀ ਸਿਟੀ ਪਟਿਆਲਾ ਨੂੰ ਤਾਕੀਦ ਕੀਤੀ। ਸਰਫਰਾਜ ਆਲਮ, ਆਈ.ਪੀ.ਐਸ. ਐਸ.ਪੀ. (ਸਿਟੀ), ਪਟਿਆਲਾ ਨੇ ਆਪਣੀ ਰਿਪੋਰਟ ਵਿੱਚ ਲਿਖਿਆ:-

  ਪਟੀਸ਼ਨ ਕਰਤਾ ਤੇਜਿੰਦਰ ਸਿੰਘ ਨੇ ਮੌਕਾ ਪਰ ਚੋਰੀਸੁਦਾ ਬਿੱਟਾਂ ਸਮੇਤ ਕਾਬੂ ਕਰ ਲਿਆ ਸੀ। ਜਿਸ ਦਾ ਮੌਕਾ ਦਾ ਗਵਾਹ ਪਰਮਿੰਦਰ ਸਿੰਘ ਉਰਫ ਕਾਲਾ ਵੀ ਸੀ। ਜਦੋਂ ਉਸ ਵੱਲੋਂ ਚੁੱਕੀ ਹੰਡਾਇਆ ਜਿਲ੍ਹਾ ਬਰਨਾਲਾ ਵਿਖੇ ਦਰਖਾਸਤ ਦਿੱਤੀ ਗਈ ਤਾਂ ਏ.ਐਸ.ਆਈ, ਸਤਿਗੁਰ ਸਿੰਘ ਨੰਬਰ, 186/ਬਰਨਾਲਾ ਨੇ ਮੁਕਦਮਾ ਦਰਜ ਕਰਨ ਦੀ ਬਜਾਏ ਉਹਨਾਂ ਦਾ ਇੱਕ ਮੁਆਫੀਨਾਮਾ ਅਤੇ ਆਪਸੀ ਸਮਝੌਤਾਂ ਲਿਖ ਦਿੱਤਾ। ਜਦੋਂ ਕਿ ਚੋਰੀ ਦੀ ਵਾਰਦਾਤ ਕਾਬਿਲੇ ਰਾਜੀਨਾਮਾ ਨਹੀਂ ਹੈ। ਸ:ਥ: ਸਤਿਗੁਰ ਸਿੰਘ  ਦੀ ਡਿਊਟੀ ਬਣਦੀ ਸੀ, ਕਿ ਜਦੋਂ ਉਸਨੂੰ ਚੋਰੀ ਦੀ ਵਾਰਦਾਤ ਹੋਣ ਸਬੰਧੀ ਇਤਲਾਹ/ਦਰਖਾਸਤ ਮਿਲੀ ਸੀ, ਤਾਂ ਉਹ ਉਸੇ ਸਮੇਂ ਮੁਕੱਦਮਾ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਉਂਦਾ। ਜਿਸ ਨੇ ਅਜਿਹਾ ਨਾ ਕਰਕੇ ਆਪਣੀ ਡਿਊਟੀ ਪ੍ਰਤੀ ਅਣਗਹਿਲੀ ਅਤੇ ਲਾਪ੍ਰਵਾਹੀ ਦਾ ਸਬੂਤ ਦਿੱਤਾ ਹੈ। ਜਿਸ ਦੇ ਖਿਲਾਫ਼ ਮਹਿਕਮਾਨਾ ਕਾਰਵਾਈ ਕਰਨੀ ਬਣਦੀ ਹੈ। ਇਸ ਤੋਂ ਇਲਾਵਾ ਮੁੱਖ ਅਫਸਰ, ਥਾਣਾ ਸਦਰ ਬਰਨਾਲਾ ਨੂੰ ਬਲਕਾਰ ਸਿੰਘ ਅਤੇ ਕੁਲਵੀਰ ਸਿੰਘ ਉਰਫ ਰਾਜੂ ਖਿਲਾਫ ਜੁਰਮ 380, 120-ਬੀ, ਆਈਪੀਸੀ ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਉਣ ਲਈ ਲਿਖਿਆ ਹੈ।
    ਸ੍ਰੀਮਾਨ ਸੰਦੀਪ ਕੁਮਾਰ ਮਾਲਿਕ IPS SSP  ਬਰਨਾਲਾ ਨੇ ਲਿਖਿਆ,,
1) DSP Barnala for n/action as per law 2) Steno for n/action as per rules SD/- SSP Bamala ,ਇਸ ਤੇ ਕਾਰਵਾਈ ਅੱਗੇ ਵਧਾਉਂਦੇ  DSP ਸਾਹਿਬ ਬਰਨਾਲਾ ਜੀ ਨੇ ਲਿਖਿਆ ਹੈ ਕਿ “SHO Sadar Barnala, To register the case and investigate” SD/- Satvir singh PPS Deputy Supdt. Of Police Barnala DT 10/07/2023 ਪੱਤਰ ਸਮੇਤ ਪੜਤਾਲੀਆ ਰਿਪੋਰਟ  ਮੌਸੂਲ ਹੋਣ ਤੇ ਮੁਕੱਦਮਾ ਨੰਬਰ 97 ਮਿਤੀ 10-07-2023 380, 120ਬੀ IPC ਥਾਣਾ ਬਰਨਾਲਾ ਬਰਖਿਲਾਫ਼ ਕੁਲਵੀਰ ਸਿੰਘ ਉਰਫ ਰਾਜੂ ਪੁੱਤਰ ਸਰਦਾਰਾ ਸਿੰਘ ਵਾਸੀ ਧਨੌਲਾ ਖੁਰਦ ਅਤੇ ਬਲਕਾਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਅਤਰ ਸਿੰਘ ਵਾਲਾ ਦੇ ਦਰਜ ਕਰਕੇ ,ਮਾਮਲੇ ਦੀ ਤਫਤੀਸ਼ ਤਰਸੇਮ ਸਿੰਘ ਇੰਨਚਾਰਜ ਪੁਲਿਸ ਚੌਕੀ ਹੰਡਿਆਇਆ  ਨੂੰ ਸੌਂਪ ਦਿੱਤੀ।
ਇਨਸਾਫ ਹਾਲੇ ਅਧੂਰਾ, ਲੜਾਈ ਰੱਖਾਂਗਾ ਜਾਰੀ-ਤੇਜਿੰਦਰ
ਤੇਜਿੰਦਰ ਸਿੰਘ ਗਗਨ ਨੇ ਕਿਹਾ ਕਿ ਬੇਸ਼ੱਕ ਹਾਈਕੋਰਟ ਦੇ ਹੁਕਮਾਂ ਤੇ ਪੁਲਿਸ ਨੇ ਦੋ ਜਣਿਆਂ ਵਿਰੁੱਧ ਕੇਸ ਦਰਜ ਕਰਕੇ, ਚੋਰਾਂ ਵੱਲੋਂ ਮਾਫੀਨਾਮਾ ਲਿਖਣ ਵਾਲੇ ਏਐਸਆਈ ਸਤਿਗੁਰ ਸਿੰਘ ਖਿਲਾਫ ਵਿਭਾਗੀ ਕਾਰਵਾਈ ਵਿੱਢੀ ਗਈ ਹੈ।ਪਰੰਤੂ ਹਾਲੇ ਇਨਸਾਫ ਅਧੂਰਾ ਹੈ,ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਕਾਰਵਾਈ ਕਰਨ ਵਿਚ ਟਾਲਮਟੋਲ ਕਰਨ ਸਬੰਧੀ ਕਟਿਹਰੇ ਵਿੱਚ ਖੜ੍ਹਾ ਕਰਵਾਉਣ ਲਈ ਕਾਨੂੰਨੀ ਲੜਾਈ ਜਾਰੀ ਰੱਖਾਂਗਾ।

Spread the love
Scroll to Top