ਛਾਉਣੀ ਕਤਲ ਕਾਂਡ ਬਾਰੇ ਪੁੱਛਗਿਛ ਲਈ ਫੌਜ ਦੇ 10 ਜਵਾਨਾਂ ਨੂੰ ਜ਼ਾਰੀ ਕਰਿਆ ਨੋਟਿਸ!

Spread the love

ਉੱਘ ਸੁੱਘ ਲਾਉਣ ‘ਚ ਫੇਲ੍ਹ ਰਹੀ ਬਠਿੰਡਾ ਪੁਲਿਸ

ਅਸ਼ੋਕ ਵਰਮਾ , ਬਠਿੰਡਾ,16 ਅਪ੍ਰੈਲ 2023
      ਲੰਘੇ ਬੁੱਧਵਾਰ ਸਵੇਰੇ 4.30 ਵਜੇ ਬਠਿੰਡਾ ਫੌਜੀ ਛਾਉਣੀ ਵਿੱਚ 80 ਮੀਡੀਅਮ ਰੈਜੀਮੈਂਟ ਦੇ ਚਾਰ ਜਵਾਨਾਂ ਨੂੰ ਬੇਰਹਿਮੀ ਨਾਲ ਕਤਲ ਕਰਨ  ਦੇ ਮਾਮਲੇ ਵਿਚ ਬਠਿੰਡਾ ਪੁਲਿਸ  ਦੇ ਚੋਥੇ ਦਿਨ ਵੀ ਹੱਥ ਖਾਲੀ ਹਨ। ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਅੱਤ ਦਰਜੇ ਦੀ ਸੁਰੱਖਿਆ ਵਾਲੀ  ਛਾਉਣੀ ਵਿੱਚ ਵਾਪਰੇ ਇਸ ਕਤਲ ਕਾਂਡ ਦੇ ਹਮਲਾਵਰਾਂ ਨੂੰ ਜ਼ਮੀਨ ਨਿਗਲ ਗਈ ਜਾਂ ਫਿਰ ਅਸਮਾਨ ਖਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਅਤੇ ਫੌਜ ਦੀਆਂ ਸਾਂਝੀਆਂ ਟੀਮਾਂ ਹਤਿਆਰਿਆਂ ਦੀ ਭਾਲ ਵਿੱਚ ਦਿਨ ਰਾਤ ਇੱਕ ਕਰ ਰਹੀਆਂ ਹਨ ਪਰ  ਕੋਈ ਸੁਰਾਗ ਨਹੀਂ ਲੱਗ ਸਕਿਆ ਹੈ।
               ਜਾਂਚ ਪੜਤਾਲ ਦਾ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ  ਕਾਫੀ ਗੁੰਝਲਦਾਰ ਬਣ ਚੁੱਕੇ ਇਸ ਮਾਮਲੇ ਦੀ ਗੁੱਥੀ ਸੁਲਝਾਉਣ ਲਈ ਦਿੱਲੀ ਤੋਂ ਫੌਜ ਦੇ ਅਧਿਕਾਰੀਆਂ ਦੀ ਟੀਮ ਵੀ ਬਠਿੰਡਾ ਛਾਉਣੀ ਪੁੱਜੀ  ਅਤੇ ਵਾਰਦਾਤ ਵਾਲੀ ਥਾਂ ਦਾ ਜਾਇਜ਼ਾ ਵੀ ਲਿਆ । ਪੜਤਾਲੀਆਂ ਟੀਮ ਨੇ ਵਾਰਦਾਤ ਦੇ  ਸੀਨ ਨੂੰ ਰੀਕ੍ਰਿਏਟ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਹਮਲਾਵਰ ਗੋਲੀਬਾਰੀ ਕਰਨ ਤੋਂ ਬਾਅਦ ਕਿਸ ਦਿਸ਼ਾ ਵੱਲ ਭੱਜ ਜਾਂ ਫਿਰ ਛੁਪ ਸਕਦੇ ਹਨ। ਇਸ ਤੋਂ ਪਹਿਲਾਂ ਹਮਲਾਵਰਾਂ ਦੇ ਜੰਗਲ ਵਿੱਚ ਭੱਜਣ ਦੇ ਸ਼ੱਕ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਜਾ ਚੁੱਕੀ ਹੈ ਪਰ ਕੁੱਝ ਵੀ ਹਾਸਲ ਨਹੀਂ ਹੋਇਆ।
            ਸੂਤਰ ਦੱਸਦੇ ਹਨ ਕਿ ਪੁਲਿਸ ਪੜਤਾਲ ਦੌਰਾਨ ਸ਼ੱਕ ਦੀ ਸੂਈ ਹੁਣ ਗੋਲੀਬਾਰੀ ਦੇ ਇਸ ਮਾਮਲੇ ਦੀ ਸਭ ਤੋਂ ਪਹਿਲਾਂ ਆਪਣੇ ਸੀਨੀਅਰ ਅਫਸਰਾਂ ਨੂੰ ਸੂਚਨਾ ਦੇਣ ਵਾਲੇ ਗਨਰ ਡਿਸਾਈ ਮੋਹਨ ਤੇ ਟਿਕ ਗਈ ਹੈ। ਪੁਲਿਸ ਵੱਲੋਂ ਡਿਸਾਈ ਮੋਹਨ ਤੇ ਉਨ੍ਹਾਂ  ਬਿਆਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ ਜਿਨ੍ਹਾਂ ਵਿੱਚ ਉਸ ਨੇ ਕਿਹਾ ਸੀ ਕਿ ਕੁੜਤੇ ਪਜਾਮੇ ਵਾਲੇ ਦੋ ਵਿਅਕਤੀਆਂ ਵਿੱਚੋਂ ਇੱਕ ਕੋਲ ਰਾਇਫਲ ਤੇ ਇੱਕ ਕੋਲ ਕੁਹਾੜੀ ਸੀ । ਹੈਰਾਨਕੁੰਨ ਗੱਲ ਇਹ ਵੀ ਹੈ ਕਿ ਪੋਸਟਮਾਰਟਮ ਰਿਪੋਰਟ ਵਿੱਚ ਮ੍ਰਿਤਕ ਜਵਾਨਾਂ ਦੀਆਂ ਲਾਸ਼ਾਂ ‘ਤੇ ਕਿਸੇ ਵੀ ਤੇਜ਼ਧਾਰ ਹਥਿਆਰ ਨਾਲ ਸੱਟਾਂ ਦੇ ਨਿਸ਼ਾਨ ਸਾਹਮਣੇ ਨਹੀਂ ਆਏ ਹਨ ਜਿਸ ਕਰਕੇ ਇਹ ਮਾਮਲਾ ਹੋਰ ਪੇਚੀਦਾ ਹੋ ਗਿਆ ਹੈ।    
     ਕੁਹਾੜੀ ਦੇ  ਕਿਧਰੇ ਕੋਈ ਨਿਸ਼ਾਨ ਨਾ ਆਉਣ ਕਰਕੇ  ਹੀ ਹੁਣ ਪੁਲਸ ਨੇ ਡਿਸਾਈ ਮੋਹਨ ਨੂੰ ਪੜਤਾਲ ਵਿੱਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਹੈ। ਵੇਰਵਿਆਂ ਅਨੁਸਾਰ ਆਪਣੀ ਜਾਂਚ ਨੂੰ ਹੋਰ ਪੁਖਤਾ ਬਣਾਉਣ ਲਈ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਇਸ ਮਾਮਲੇ ਵਿੱਚ ਪੁੱਛਗਿਛ ਲਈ ਹੁਣ ਫੌਜ ਦੇ 10 ਜਵਾਨਾਂ ਨੂੰ ਧਾਰਾ 160 ਤਹਿਤ ਨੋਟਿਸ ਜਾਰੀ ਕੀਤਾ  ਹੈ।  ਪੁਲਿਸ ਅਤੇ ਫੌਜ ਦੀ ਜਾਂਚ ਟੀਮ ਅਜੇ ਵੀ ਇਹ ਮੰਨ ਰਹੀ ਹੈ ਕਿ ਇਸ ਵਾਰਦਾਤ ਨੂੰ ਛਾਉਣੀ ਦੇ ਅੰਦਰ ਰਹਿੰਦੇ ਕੁਝ ਲੋਕਾਂ ਵੱਲੋਂ ਅੰਜਾਮ ਦਿੱਤਾ ਹੋ ਸਕਦਾ  ਹੈ।  ਘਟਨਾ ਵਾਲੇ ਦਿਨ ਵੀ ਬਠਿੰਡਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਵਾਰਦਾਤ ਪਿੱਛੇ ਬਾਹਰੀ ਤਾਕਤਾਂ ਦਾ ਹੱਥ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਸੀ।
       ਇਸ ਤਰ੍ਹਾਂ ਦੇ ਵੱਖ ਵੱਖ ਪਹਿਲੂਆਂ ਨੂੰ ਦੇਖਦਿਆਂ ਫੌਜ  ਬਠਿੰਡਾ ਛਾਉਣੀ ਵਿੱਚ ਤਾਇਨਾਤ ਵੱਖ-ਵੱਖ ਰੈਜੀਮੈਂਟਾਂ ਅਤੇ ਬਟਾਲੀਅਨਾਂ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਗਿਣਤੀ ਕਰ ਰਹੀ ਹੈ।  ਇਸ ਤੋਂ ਇਲਾਵਾ ਫੌਜ ਦੇ ਅਧਿਕਾਰੀ ਵੀ ਇਸ ਮਾਮਲੇ ਨੂੰ ਨਿੱਜੀ ਦੁਸ਼ਮਣੀ ਮੰਨ ਕੇ ਜਾਂਚ ਕਰ ਰਹੇ ਹਨ। ਜਾਨ ਗਵਾਉਣ ਵਾਲੇ ਜਵਾਨਾਂ ਦੀ ਪਿਛਲੇ ਕੁਝ ਦਿਨਾਂ ਵਿੱਚ ਕਿਸੇ ਨਾਲ ਤਕਰਾਰਬਾਜੀ ਹੋਣ ਦੀ ਸੰਭਾਵਨਾ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ।  ਇਸ ਦੇ ਲਈ ਮਿਰਤਕ ਫੌਜੀਆਂ ਦੇ ਨਾਲ ਤਾਇਨਾਤ ਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।                         
        ਏਸ਼ੀਆ ਦੀ ਸਭ ਤੋਂ ਵੱਡੀ ਫ਼ੌਜੀ ਛਾਉਣੀ ਬਠਿੰਡਾ ਵਿੱਚ ਵਾਪਰੀ ਇਹ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਪੁਲੀਸ ਅਤੇ ਫੌਜ ਲਈ ਚੁਣੌਤੀ ਬਣੀ ਹੋਈ ਹੈ।ਸ਼ਨੀਵਾਰ ਨੂੰ ਸਿੱਖ ਫਾਰ ਜਸਟਿਸ (ਐਸਐਫਜੇ) ਤੇ ਕੇਟੀਐਫ (ਖਾਲਿਸਤਾਨ ਟਾਈਗਰ ਫੋਰਸ) ਵੱਲੋਂ ਜਿੰਮੇਵਾਰੀ ਲੈਂਣ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ  ਮਾਮਲਾ ਹੋਰ ਗੁੰਝਲਦਾਰ ਬਣ ਗਿਆ ਹੈ। ਸੂਤਰ ਆਖਦੇ ਹਨ ਕਿ ਫੌਜ ਵੱਲੋਂ  ਪੜਤਾਲ ਦੌਰਾਨ ਦਿਖਾਈ ਜਾ ਰਹੀ ਸੰਜੀਦਗੀ ਤੇ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਫਿਰ ਵੀ ਪੁਲਸ ਵਿੱਚ ਇਹ ਧਾਰਨਾ   ਹੈ ਕਿ ਕਤਲ ਵਰਗੇ ਸੰਗੀਨ ਮਾਮਲੇ ਦੀ  ਜਾਂਚ ਪੁਲਿਸ ਜਿਆਦਾ ਪ੍ਰੋਫੈਸ਼ਨਲ ਤਰੀਕੇ ਨਾਲ ਕਰ ਸਕਦੀ ਹੈ।
         ਅੱਜ ਵੀ ਇਸ ਸਬੰਧ ਵਿਚ ਜਦੋਂ ਥਾਣਾ ਕੈਂਟ ਦੇ ਮੁੱਖ ਥਾਣਾ ਅਫਸਰ ਗੁਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਬਹੁਤ ਜ਼ਿਆਦਾ ਰੁੱਝੇ ਹੋਏ ਹਨ ਇਸ ਲਈ ਹਾਲੇ ਕੋਈ ਗੱਲ ਨਹੀਂ ਕਰ ਸਕਦੇ । ਬਠਿੰਡਾ ਜ਼ੋਨ ਦੇ ਏਡੀਜੀਪੀ ਸੁਰਿੰਦਰਪਾਲ ਸਿੰਘ ਪਰਮਾਰ ਦਾ ਕਹਿਣਾ ਹੈ ਕਿ  ਫੌਜ ਤੇ ਪੁਲਿਸ ਵੱਖ-ਵੱਖ ਪਹਿਲੂਆਂ ਤੇ ਜਾਂਚ ਕਰ ਰਹੀ ਹੈ । ਉਨ੍ਹਾਂ ਆਖਿਆ ਕਿ ਜਦੋਂ ਵੀ ਕੋਈ ਨਤੀਜਾ ਸਾਹਮਣੇ ਆਵੇਗਾ ਤਾਂ ਉਹ ਮੀਡੀਆ ਨਾਲ ਸਾਂਝਾ ਕਰਨਗੇ।
ਇਹ ਹੈ ਬਠਿੰਡਾ ਛਾਉਣੀ ਕਤਲ ਕਾਂਡ
 ਦੱਸਣਯੋਗ ਹੈ ਕਿ ਲੰਘੇ ਬੁੱਧਵਾਰ ਸਵੇਰੇ 4.30 ਵਜੇ 80 ਮੀਡੀਅਮ ਰੈਜੀਮੈਂਟ ਦੀ ਬੈਰਕ ‘ਚ ਸੌਂ ਰਹੇ ਚਾਰ ਜਵਾਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ  ਸੀ।ਮ੍ਰਿਤਕ ਫੌਜੀਆਂ ਦੀ ਪਹਿਚਾਣ ਸਾਗਰ ਬੰਨੇ, ਯੁਗੇਸ਼ ਕੁਮਾਰ, ਸੰਤੋਸ਼ ਤੇ ਕਮਲੇਸ਼ ਵਜੋਂ ਹੋਈ ਸੀ । ਇਸ ਮਾਮਲੇ ਵਿੱਚ ਥਾਣਾ ਕੈਂਟ ਦੀ ਪੁਲੀਸ ਨੇ ਰੈਜੀਮੈਂਟ ਦੇ ਮੇਜਰ ਆਸ਼ੂਤੋਸ਼ ਸ਼ੁਕਲਾ ਦੀ ਸ਼ਿਕਾਇਤ ’ਤੇ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਸੀ। 

Spread the love
Scroll to Top