ਰਘੁਵੀਰ ਹੈੱਪੀ/ 4 ਨਵੰਬਰ, ਬਰਨਾਲਾ 2022
ਸਿੱਖਿਆ ਮੰਤਰੀ (ਸਕੂਲਜ਼) ਵੱਲੋਂ ਓ.ਡੀ.ਐੱਲ. ਅਧਿਆਪਕਾਂ ਅਤੇ 180 ਈ.ਟੀ.ਟੀ. ਅਧਿਆਪਕਾਂ ਦੇ ਬੇਇਨਸਾਫ਼ੀ ਤੇ ਪੱਖਪਾਤ ਨਾਲ ਸਬੰਧਤ ਮਾਮਲਿਆਂ ਸਬੰਧੀ ਕੋਈ ਠੋਸ ਹੱਲ ਨਾ ਕਰਨ ਖ਼ਿਲਾਫ਼ ਪੰਜਾਬ ਦੀਆਂ ਤਿੰਨ ਪ੍ਰਮੁੱਖ ਜੱਥੇਬੰਦੀਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ, ਈ.ਟੀ.ਟੀ. ਟੈੱਟ ਪਾਸ ਅਧਿਆਪਕ ਐਸੋਸੀਏਸ਼ਨ 6505 ਅਤੇ ਓ.ਡੀ.ਐੱਲ. ਅਧਿਆਪਕ ਯੂਨੀਅਨ ਦੀ ਅਗਵਾਈ ਵਿੱਚ 23 ਅਕਤੂਬਰ ਨੂੰ 9 ਕੈਬਨਿਟ ਮੰਤਰੀਆਂ ਦੇ ਘਰਾਂ ਮੂਹਰੇ ਅਰਥੀ ਫੂਕ ਮੁਜ਼ਾਹਰੇ ਅਤੇ ਸ਼ਿਮਲਾ ਰਿਜ਼ ਉੱਪਰ ” ਇਤਿਹਾਸਕ “ਪੋਲ ਖੋਲ” ਧਰਨਾ ਦੇਣ ਤੋਂ ਬਾਅਦ ਹੁਣ 6 ਨਵੰਬਰ ਨੂੰ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਦੀ ਅਨੰਦਪੁਰ ਸਾਹਿਬ (ਪੰਜਾਬ) ਰਿਹਾਇਸ਼ ਨੇੜੇ ਵਿਸ਼ਾਲ ਰੋਸ ਮੁਜ਼ਾਹਰਾ ਕਰਨ ਦੀ ਤਿਆਰੀ ਵਿੱਢ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਟੀ.ਐੱਫ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ, ਈ.ਟੀ.ਟੀ. ਟੈੱਟ ਪਾਸ ਅਧਿਆਪਕ ਐਸੋਸੀਏਸ਼ਨ 6505 ਦੇ ਸੋਹਣ ਬਰਨਾਲਾ ਤੇ ਓ.ਡੀ.ਐੱਲ. ਅਧਿਆਪਕ ਯੂਨੀਅਨ ਦੇ ਬਲਜਿੰਦਰ ਅਕਲੀਆ ਨੇ ਦੱਸਿਆ ਕਿ ਸਿੱਖਿਆ ਮੰਤਰੀ ਵੱਲੋਂ ਡੈਮੋਕ੍ਰੇਟਿਕ ਢੰਗ ਨਾਲ ਅਧਿਆਪਕਾਂ ਦੇ ਮਸਲਿਆਂ ਦਾ ਹੱਲ ਕਰਨ ਦੀ ਥਾਂ ਪਹਿਲੀਆਂ ਕਾਂਗਰਸ-ਅਕਾਲੀ-ਬੀ.ਜੇ.ਪੀ. ਸਰਕਾਰਾਂ ਵਰਗਾਂ ਹੀ ਅੜੀਅਲ ਰਵੱਈਆ ਅਪਣਾਇਆ ਜਾ ਰਿਹਾ ਹੈ, ਜਿਸ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਹੈ। ਪੀਡ਼ਤ ਅਧਿਆਪਕਾਂ ਦੇ ਮਸਲਿਆਂ ਸਬੰਧੀ ਦੱਸਿਆ ਕਿ 7654, 3442 ਅਤੇ 5178 ਭਰਤੀਆਂ ਦੇ ਬਾਕੀ ਸਾਰੇ ਅਧਿਆਪਕ ਤਿੰਨ ਸਾਲ ਦੀ ਠੇਕਾ ਅਧਾਰਿਤ ਨੌਕਰੀ ਪੂਰੀ ਹੋਣ ਉਪਰੰਤ ਇਸ਼ਤਿਹਾਰ ਅਤੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਤਹਿਤ ਰੈਗੂਲਰ ਹੋ ਚੁੱਕੇ ਹਨ, ਪੰਤੂ 125 ਦੇ ਕਰੀਬ ਓਪਨ ਡਿਸਟੈਂਸ ਲਰਨਿੰਗ ਵਾਲੇ ਅਧਿਆਪਕਾਂ ਨਾਲ ਪੱਖਪਾਤ ਕੀਤਾ ਗਿਆ ਅਤੇ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਦੀ ਡਿਗਰੀ ਦੇ ਹਵਾਲੇ ਨਾਲ ਰੈਗੂਲਰ ਨਹੀਂ ਕੀਤਾ ਗਿਆ। ਜਦ ਕਿ ਇਨ੍ਹਾਂ ਤੋਂ ਪਹਿਲਾਂ ਅਤੇ ਬਾਅਦ ਦੀਆਂ ਕਈ ਭਰਤੀਆਂ ਦੇ ਹਜ਼ਾਰਾਂ ਓ.ਡੀ.ਅੇੈੱਲ. ਅਧਿਆਪਕ ਰੈਗੂਲਰ ਅਤੇ ਪ੍ਰਮੋਟ ਵੀ ਕੀਤੇ ਗਏ ਹਨ। ਇਸੇ ਤਰ੍ਹਾਂ ਸਿੱਖਿਆ ਵਿਭਾਗ ਅਧੀਨ ਸਾਲ 2016 ਵਿੱਚ 4500 ਈ.ਟੀ.ਟੀ. ਅਸਾਮੀਆਂ ‘ਤੇ ਰੈਗੂਲਰ ਭਰਤੀ ਹੋਏ 180 ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ ਪਿਛਲੇ ਪੰਜ ਸਾਲ ਦੀ ਸਰਵਿਸ ਨੂੰ ਜਬਰੀ ਖਤਮ ਕਰਦਿਆਂ, ਮੁੱਢਲੀ ਭਰਤੀ ਦੀਆਂ ਸੇਵਾ ਸ਼ਰਤਾਂ ਤੋਂ ਵੱਖ ਕਰ ਦਿੱਤਾ ਗਿਆ ਅਤੇ ਦੋ ਸਾਲਾਂ ਦਾ ਪਰਖ ਸਮਾਂ ਸਫ਼ਲਤਾ ਨਾਲ ਪਾਰ ਕਰ ਚੁੱਕੇ ਹੋਣ ਦੇ ਬਾਵਜੂਦ ਮਈ 2021 ਵਿੱਚ ਨਿਯਮਾਂ ਤੋਂ ਉਲਟ ਨਵੇਂ ਨਿਯੁਕਤ ਪੱਤਰ ਜਾਰੀ ਕਰਕੇ ਨਵੇਂ ਸਿਰੇ ਤੋਂ ਪਰਖ ਸਮਾਂ ਅਤੇ ਤਨਖਾਹ ਘਟਾ ਕੇ ਨਵੇਂ ਤਨਖ਼ਾਹ ਸਕੇਲ ਲਾਗੂ ਕਰ ਦਿੱਤੇ ਗਏ ਹਨ।