ਜਲਦੀ ਹੀ ਡਿਜ਼ੀਟਲ ਲਾਇਬ੍ਰੇਰੀ ਵਿੱਚ ਤਬਦੀਲ ਹੋਵੇਗੀ ਜ਼ਿਲ੍ਹਾ ਲਾਇਬ੍ਰੇਰੀ – ਨਰਿੰਦਰ ਕੌਰ ਭਰਾਜ
ਸੰਗਰੂਰ, 10 ਸਤੰਬਰ (ਹਰਪ੍ਰੀਤ ਕੌਰ ਬਬਲੀ)
ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਹੇਠ ਨੌਜਵਾਨ ਪੀੜ੍ਹੀ ਨੂੰ ਪੁਸਤਕ ਸਭਿਆਚਾਰ ਨਾਲ ਜੋੜਨ ਦੇ ਕੀਤੇ ਜਾ ਰਹੇ ਸਾਰਥਕ ਉਪਰਾਲਿਆਂ ਦੀ ਲੜੀ ਤਹਿਤ ਸੰਗਰੂਰ ਸ਼ਹਿਰ ਵਿਚ ਸਥਿਤ ਜ਼ਿਲ੍ਹਾ ਲਾਇਬ੍ਰੇਰੀ ਨੂੰ ਡਿਜ਼ੀਟਲ ਲਾਇਬ੍ਰੇਰੀ ਵਜੋਂ ਤਬਦੀਲ ਕੀਤਾ ਜਾ ਰਿਹਾ ਹੈ ਜਿਸ ਲਈ ਇੱਕ ਮਹੀਨੇ ਦੇ ਅੰਦਰ ਅੰਦਰ ਕਾਰਜ ਸ਼ੁਰੂ ਹੋ ਜਾਣਗੇ। ਇਹ ਪ੍ਰਗਟਾਵਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅੱਜ ਐਸ ਡੀ ਐਮ ਨਵਰੀਤ ਕੌਰ ਸੇਖੋਂ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਜ਼ਿਲ੍ਹਾ ਲਾਇਬ੍ਰੇਰੀ ਦਾ ਦੌਰਾ ਕਰਦਿਆਂ ਕੀਤਾ। ਵਿਧਾਇਕਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਇਸ ਲਾਇਬ੍ਰੇਰੀ ਦੇ ਕਾਇਆ ਕਲਪ ਲਈ 75 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੁਝ ਮਹੀਨਿਆਂ ਅੰਦਰ ਇਸ ਲਾਇਬ੍ਰੇਰੀ ਨੂੰ ਡਿਜ਼ੀਟਲ ਲਾਇਬ੍ਰੇਰੀ ਵਿੱਚ ਤਬਦੀਲ ਕਰਨ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਵਿਧਾਇਕਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਵੱਲੋਂ ਇਸ ਲਾਇਬ੍ਰੇਰੀ ਦਾ ਦੌਰਾ ਕਰਦਿਆਂ ਇਥੇ ਪੜ੍ਹ ਰਹੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਸੀ ਅਤੇ ਵਿਦਿਆਰਥੀਆਂ ਦੀ ਮੰਗ ਦੇ ਸਨਮੁੱਖ ਉਹਨਾਂ ਨੇ ਭਰੋਸਾ ਦਿਵਾਇਆ ਸੀ ਕਿ ਜਲਦੀ ਹੀ ਇਸ ਲਾਇਬ੍ਰੇਰੀ ਦੇ ਨਵੀਨੀਕਰਨ ਲਈ ਢੁਕਵੇਂ ਕਦਮ ਚੁੱਕੇ ਜਾਣਗੇ। ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਡਿਜ਼ੀਟਲ ਲਾਇਬ੍ਰੇਰੀ ਬਣਨ ਨਾਲ ਵਿਦਿਆਰਥੀ ਅਤਿ ਆਧੁਨਿਕ ਸੁਵਿਧਾਵਾਂ ਪ੍ਰਾਪਤ ਕਰਦੇ ਹੋਏ ਹੋਰ ਵੀ ਵਧੀਆ ਅਤੇ ਉਸਾਰੂ ਮਾਹੌਲ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਵਿੱਚ ਪਈਆਂ ਪੁਰਾਤਨ ਦੁਰਲੱਭ ਪੁਸਤਕਾਂ, ਰੈਫਰੈਂਸ ਮੈਗਜ਼ੀਨ ਅਤੇ ਰਸਾਲਿਆਂ ਨੂੰ ਵੀ ਸੁਰੱਖਿਅਤ ਢੰਗ ਨਾਲ ਸੰਭਾਲਿਆ ਜਾ ਸਕੇਗਾ।ਵਿਧਾਇਕਾ ਭਰਾਜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਬੱਚਿਆਂ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਰੌਸ਼ਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਲਾਇਬ੍ਰੇਰੀ ਦੇ ਨਵੀਨੀਕਰਨ ਕਾਰਜਾਂ ਦੇ ਸਮੇਂ ਦੌਰਾਨ ਬਦਲਵੇਂ ਪ੍ਰਬੰਧ ਵਜੋਂ ਲਾਇਬ੍ਰੇਰੀ ਨੂੰ ਸੁਨਾਮ ਰੋਡ ਉਤੇ ਸਥਿਤ ਇੰਪਰੂਵਮੈਂਟ ਟਰੱਸਟ ਸੰਗਰੂਰ ਦੇ ਹਾਲ ਵਿਚ ਤਬਦੀਲ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਾ ਪੈਦਾ ਹੋ ਸਕੇ।
Pingback: ਜਲਦੀ ਹੀ ਡਿਜ਼ੀਟਲ ਲਾਇਬ੍ਰੇਰੀ ਵਿੱਚ ਤਬਦੀਲ ਹੋਵੇਗੀ ਜ਼ਿਲ੍ਹਾ ਲਾਇਬ੍ਰੇਰੀ – ਨਰਿੰਦਰ ਕੌਰ ਭਰਾਜ