ਜਲੰਧਰ-ਬੁੱਝ ਮੇਰੀ ਮੁੱਠੀ ਵਿੱਚ ਕੀ! ਖ਼ਾਮੋਸ਼ ਵੋਟਰਾਂ ਨੇ ਵਧਾਈ ਸਿਆਸੀ ਧਿਰਾਂ ਦੀ ਬੇਚੈਨੀ

Spread the love

ਅਸ਼ੋਕ ਵਰਮਾ , ਜਲੰਧਰ 12 ਮਈ 2023

   ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ , ਸ਼੍ਰੋਮਣੀ ਅਕਾਲੀ ਦਲ, ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਭਾਜਪਾ ਵੱਲੋਂ ਜਿੱਤ ਹਾਸਲ ਕਰਨ ਲਈ ਆਪਣੀ ਪੂਰੀ ਤਾਕਤ ਝੋਕਣ ਦੇ ਬਾਵਜੂਦ ਪੰਜਾਬ ਦੀਆਂ ਇਨ੍ਹਾਂ ਚਾਰਾਂ ਸਿਆਸੀ ਧਿਰਾਂ ਦੇ ਆਗੂਆਂ ਵਿੱਚ ਬੇਚੈਨੀ ਦਾ ਆਲਮ ਬਣਿਆ ਹੋਇਆ ਹੈ। ਖਾਮੋਸ਼ ਵੋਟਰਾਂ ਨੇ ਧੁਨੰਤਰ ਲੀਡਰਾਂ ਨੂੰ ਚੁਪਕੇ ਜਿਹੇ ਬੁਝਾਰਤ ਪਾ ਦਿੱਤੀ ਕਿ ਬੁੱਝ ਮੇਰੀ ਮੁੱਠੀ ਵਿੱਚ ਕੀ!  10 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਭਲ੍ਹਕੇ 13 ਮਈ ਨੂੰ ਹੋਣ ਵਾਲੀ ਗਿਣਤੀ ਤੋਂ ਬਾਅਦ ਹੀ ਖਾਮੋਸ਼ ਵੋਟਰਾਂ ਦੀ ਬੁਝਾਰਤ ਦਾ ਜੁਆਬ ਸਮੇਂ ਦੀ ਮੁੱਠੀ ਵਿੱਚੋਂ ਬਾਹਰ ਨਿੱਕਲੇਗਾ।

          ਉਂਝ ਇਸ ਹਲਕੇ ਵਿੱਚ ਜਿੱਤ ਦਾ ਤਾਜ ਕਿਸ ਸਿਰ ਸਜੇਗਾ ਦੁਪਹਿਰ ਤੱਕ ਸਪਸ਼ਟ ਹੋਣਾ ਸ਼ੁਰੂ ਹੋ ਜਾਵੇਗਾ। ਜਲੰਧਰ ਪ੍ਰਸ਼ਾਸਨ ਨੇ ਗਿਣਤੀ ਲਈ ਪ੍ਰਬੰਧ ਮੁਕੰਮਲ ਕਰ ਲਏ ਹਨ।  ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਕਾਂਗਰਸ ਦੇ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਕਰਵਾਈ ਗਈ ਹੈ ਜੋ ਰਾਹੁਲ ਗਾਂਧੀ ਦੀ ਪੈਦਲ ਯਾਤਰਾ ਦੌਰਾਨ ਹੋਈ ਸੀ। ਹਲਕੇ ਵਿੱਚ ਕਾਂਗਰਸ  ਦੀ ਉਮੀਦਵਾਰ ਸੰਤੋਖ ਸਿੰਘ ਚੌਧਰੀ ਦੀ ਧਰਮ ਪਤਨੀ ਕਰਮਜੀਤ ਕੌਰ ਚੌਧਰੀ , ਸੱਤਾਧਾਰੀ  ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ, ਅਕਾਲੀ ਦਲ ਦੇ ਸੁਖਵਿੰਦਰ ਸੁੱਖੀ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਇਕਬਾਲ ਇੰਦਰ ਸਿੰਘ ਅਟਵਾਲ ਵਿਚਕਾਰ ਫਸਵਾਂ ਮੁਕਾਬਲਾ  ਹੈ।

        ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਦੌਰਾਨ ਜੋ ਮਹੌਲ ਬਣਿਆ ਹੈ ਉਸ ਮੁਤਾਬਕ ਚਾਰਾਂ ਪ੍ਰਮੁੱਖ ਪਾਰਟੀਆਂ ਵੱਲੋਂ ਚੋਣ ਮੈਦਾਨ ਵਿਚ ਉੱਤਰੇ ਵੱਡੇ ਦਿੱਗਜਾਂ ਵਿਚੋਂ ਕਿਸੇ ਦੀ ਵੀ ਬੁਲੰਦੀ ਢਹਿ-ਢੇਰੀ ਹੋ ਸਕਦੀ ਹੈ । ਹਾਲਾਂਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਅਤੇ ਉਮੀਦਵਾਰ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ। ਪਰ  ਵਿਧਾਨ ਸਭਾ ਚੋਣਾਂ ਮਗਰੋਂ ਉੱਭਰੇ ਅਣਕਿਆਸੇ ਮੁੱਦੇ ਦਲਬਦਲੀ ਅਤੇ ਵੋਟਰਾਂ ਦੇ ਖ਼ਾਮੋਸ਼ੀ ਕਾਰਨ ਚੋਣ ਨਤੀਜੇ ਹੈਰਾਨਕੁੰਨ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 

        ਸਿਆਸੀ ਤੌਰ ਤੇ  ਮਹੱਤਵਪੂਰਨ ਮੰਨੀ ਜਾ ਰਹੀ ਇਸ ਜਿਮਨੀ ਚੋਣ ਦੌਰਾਨ ਪਿੰਡਾਂ ਅਤੇ ਸ਼ਹਿਰਾਂ ਦੀ ‘ਖ਼ਾਕ ਛਾਣਨ’ ਮਗਰੋਂ ਵੀ ਨੇਤਾ ਲੋਕਾਂ ਦੇ ਦਿਲ ਦੀ ਗੱਲ ਬੁੱਝ ਨਹੀਂ ਸਕੇ ਹਨ। ਭਾਵੇਂ ਲੋਕਾਂ ਨੇ 10 ਮਈ ਨੂੰ ਵੋਟਾਂ ਪਾ ਕੇ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਹੈ । ਪਰ ਨਤੀਜਾ ਆਉਣ ਤੱਕ ਲੀਡਰਾਂ ਦੇ ਦਿਲ ਦੀ ਧੜਕਨ ਤੇਜ ਰਹੇਗੀ । ਖਾਸ ਤੌਰ ਤੇ ਦਲਬਦਲੀ ਕਰਕੇ ਉਮੀਦਵਾਰ ਬਣਨ ਵਾਲਿਆਂ ਨੂੰ ਤਾਂ ਨਤੀਜੇ ਤੱਕ ਧੜਕੂ ਲੱਗਾ ਰਹੇਗਾ।

        ਜਲੰਧਰ ਜ਼ਿਮਨੀ ਚੋਣ ਦਾ ਨਿਵੇਕਲਾ ਪਹਿਲੂ ਇਹ ਰਿਹਾ  ਹੈ ਕਿ ਇਸ ਵਾਰ ਸਮੂਹ ਸਿਆਸੀ ਧਿਰਾਂ ਦੇ ਆਗੂਆਂ ਨੇ ਮੰਨਿਆ ਹੈ ਕਿ  ਚਾਰੇ ਪਾਰਟੀਆਂ ਦਰਮਿਆਨ ਸਖ਼ਤ ਟੱਕਰ ਹੈ।  ਰੌਚਕ ਪਹਿਲੂ ਹੈ ਕਿ ਪੱਕੇ ਸਮਰਥਕਾਂ ਤੋਂ ਸਿਵਾਏ ਪੇਂਡੂ ਤੇ ਸ਼ਹਿਰੀ ਵੋਟਰ ਆਪਣੇ ਮਨ ਦੀ ਗੱਲ ਦੱਸਣ ਲਈ ਤਿਆਰ ਨਹੀਂ ਹੋਏ । ਸਿੱਧੂ ਮੂਸੇਵਾਲਾ ਦੇ ਕਤਲ ਸਮੇਤ ਵਾਪਰੀਆਂ ਵੱਖੋ-ਵੱਖ ਘਟਨਾਵਾਂ, ਲਤੀਫਪੁਰਾ ਉਜਾੜਾ ਅਤੇ ਨਸ਼ਿਆਂ ਦੇ ਮੁੱਦੇ ਤੇ ਲੋਕਾਂ ਦਾ ਸਾਹਮਣਾ ਕਰਨਾ ਪਿਆ ਹੈ।

           ਕਾਂਗਰਸ ਪਾਰਟੀ  ਵੀ ਮੁੱਖ ਵਿਰੋਧੀ ਧਿਰ ਵਜੋਂ ਲੰਘੇ ਇੱਕ ਸਾਲ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿੱਚ ਰਹੀ ਹੈ। ਖਾਸ ਤੌਰ ਤੇ ਇਸ ਪਾਰਟੀ ਦੇ ਕਈ ਆਗੂ ਭ੍ਰਿਸ਼ਟਾਚਾਰ ਵਿਚ ਘਿਰੇ ਹੋਣ ਕਰਕੇ ਵੀ ਸਵਾਲ ਉੱਠੇ ਹਨ। ਏਦਾਂ ਹੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਵੀ ਕਈ ਤਰ੍ਹਾਂ ਦੇ ਮੁੱਦੇ ਚੋਣ ਪ੍ਰਚਾਰ ਦੌਰਾਨ ਵਿਆਪਕ ਪੱਧਰ ਤੇ ਉੱਭਰਨ ਕਾਰਨ ਸਫ਼ਾਈ ਦੇਣ ਲਈ ਮਜਬੂਰ ਹੋਏ ਹਨ।

     ਸੰਸਦੀ ਹਲਕੇ ਦੇ ਰੁਝਾਨ ਬਾਰੇ ਪੁੱਛੇ ਜਾਣ ਤੇ ਦੋ ਅਹਿਮ ਸ਼ਖਸ਼ੀਅਤਾਂ  ਨੇ ਸਿਆਸੀ ਹਾਲਾਤਾਂ ਬਾਰੇ ਬੇਬਾਕ ਗੱਲਾਂ ਕੀਤੀਆਂ ਪਰ ਵੋਟਾਂ ਬਾਰੇ ਕੁਝ ਵੀ ਕਹਿਣ ਤੋਂ ਟਾਲਾ ਵੱਟ ਲਿਆ। ਸਿਰਫ ਇੰਨਾ ਹੀ ਕਿਹਾ ਕਿ ਆਮ ਲੋਕਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਸਿਆਸੀ ਧਿਰਾਂ ਦੇ ਨੀਤੀ ਪ੍ਰੋਗਰਾਮਾਂ ਬਾਰੇ ਖੁੱਲ੍ਹ ਕੇ ਭੜਾਸ ਕੱਢਣ ਕਾਰਨ ਇਸ ਵਾਰ ਵੋਟਰ ਦੀ ਤਾਕਤ ਵਧੀ ਹੈ ਜੋ ਲੋਕਤੰਤਰ ਲਈ ਚੰਗਾ ਸ਼ਗਨ ਹੈ ।ਉਨ੍ਹਾਂ ਕਿਹਾ ਕਿ ਬੇਸ਼ੱਕ ਸਾਰੇ ਨੇਤਾ ਜਿੱਤ ਦਾ ਦਾਅਵਾ ਕਰ ਰਹੇ ਹਨ , ਪਰ ਚਿੰਤਾ ਦੀ ਲਕੀਰ ਹਰੇਕ ਉਮੀਦਵਾਰ ਦੇ ਚਿਹਰੇ ਤੇ ਦੇਖੀ ਜਾ ਸਕਦੀ ਹੈ , ਜਿਸ ਤੋਂ ਪਤਾ ਲਗਦਾ ਹੈ ਕਿ ਜਿੱਤ ਦੀ ਰਾਹ ਐਨੀ ਸੁਖਾਲੀ ਨਹੀਂ ਹੈ। 


Spread the love
Scroll to Top