ਗਾਇਕੀ ਦੇ ਖੇਤਰ ‘ਚ ਰੰਗਾ ਸਿੰਘ ਮਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਿਆ ਕਰਨਗੀਆਂ
ਅਸ਼ੋਕ ਵਰਮਾ , ਬਠਿੰਡਾ 23 ਜੂਨ 2023
‘ਜੁਆਨੀ ਵੇਲੇ ਲੁੱਟੇ ਬਾਣੀਏ ,ਹੁਣ ਰੱਬ ਦੀ ਭਗਤਣੀ ਹੋਈ’ ਦੋਗਾਣਾ ਜਦੋਂ ਵੀ ਜਿੱਥੇ ਵੀ ਵਜਾਇਆ ਜਾਂ ਸੁਣਿਆ ਜਾਏਗਾ ਤਾਂ ਲੋਕ ਇਸ ਪੰਜਾਬੀ ਗੀਤ ਨੂੰ ਗਾਉਣ ਵਾਲੇ ਲੋਕ ਰੰਗਾ ਸਿੰਘ ਮਾਨ ਨੂੰ ਯਾਦ ਕਰਿਆ ਕਰਨਗੇ। ਇਹ ਦੋਗਾਣਾ ਉਸ ਨੇ ਗਾਇਕੀ ਦੇ ਜ਼ੋਰ ਤੇ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਗਾਇਕਾ ਰਣਜੀਤ ਕੌਰ ਨਾਲ ਗਾਇਆ ਜੋ ਬੇਹੱਦ ਮਕਬੂਲ ਹੋਇਆ ਸੀ। ਇਸ ਗੀਤ ਦੀ ਮਕਬੂਲੀਅਤ ਦਾ ਅੰਦਾਜ਼ਾ ਇਸ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਕਰੀਬ 4 ਸਾਲ ਪਹਿਲਾਂ ਰੰਗਾ ਸਿੰਘ ਮਾਨ ਅਤੇ ਰਣਜੀਤ ਕੌਰ ਨੇ ਇਹੋ ਗੀਤ ਵਿਸ਼ੇਸ਼ ਤੌਰ ਤੇ ਦੁਬਾਰਾ ਰਿਕਾਰਡ ਕੀਤਾ ਸੀ।
ਭਾਵੇਂ ਰੰਗਾ ਸਿੰਘ ਮਾਨ ਪਿਛਲੇ ਦਿਨੀਂ 17 ਜੂਨ ਨੂੰ ਇਸ ਫਾਨੀ ਜਹਾਨ ਨੂੰ ਅਲਵਿਦਾ ਆਖ ਗਿਆ ਹੈ । ਪਰ ਪੰਜਾਬ ਦੀਆਂ ਨਾਮਵਰ ਗਾਇਕਾਵਾਂ ਨਾਲ ਗੀਤ ਗਾਉਣ ਵਾਲੇ ਗਾਇਕੀ ਤੇ ਗੀਤਕਾਰੀ ਦੇ ਸੁਮੇਲ ਰੰਗਾ ਸਿੰਘ ਮਾਨ ਦਾ ਨਾਮ ਸੰਗੀਤ ਦੀ ਦੁਨੀਆਂ ਵਿੱਚ ਅਮਰ ਰਹੇਗਾ। ਸਟੇਜ ਤੇ ਗਾਉਣ ਵੇਲੇ ਜਦੋਂ ਉਹ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਤੂੰਬੀ ਆਪਣੀਆਂ ਉਂਗਲਾਂ ਤੇ ਨਚਾਉਂਦਾ ਤਾਂ ਲੋਕ ਅਸ਼ ਅਸ਼ ਕਰ ਉਠਦੇ ਸਨ। ਰੰਗਾ ਸਿੰਘ ਮਾਨ ਨੇ ਲੰਮਾ ਸਮਾਂ ਗਾਇਕੀ ਦੇ ਖੇਤਰ ਵਿੱਚ ਰੰਗ ਬੰਨ੍ਹਿਆ ਅਤੇ ਆਪਣੀ ਲੇਖਣੀ ਰਾਹੀਂ ਗੀਤਕਾਰੀ ਦਾ ਲੋਹਾ ਮਨਵਾਇਆ। ਜਦੋਂ ਤਾੜੀਆਂ ਦੀ ਗੂੰਜ਼ ਸੁਣਾਈ ਦਿੰਦੀ ਤਾਂ ਪਤਾ ਲੱਗ ਜਾਂਦਾ ਸੀ ਕਿ ਰੰਗਾ ਸਿੰਘ ਮਾਨ ਅਖਾੜੇ ਦੀ ਸਟੇਜ਼ ਤੇ ਹੈ।
ਰੰਗਾ ਸਿੰਘ ਮਾਨ ਨੇ ਆਪਣੇ ਵੇਲੇ ਦੀ ਪ੍ਰਸਿੱਧ ਗਾਇਕਾ ਜਗਮੋਹਨ ਕੌਰ ਨਾਲ ਵੀ ਕਈ ਗੀਤ ਗਾਏ। ਇਹਨਾਂ ਵਿਚੋਂ ‘ਜਵਾਨੀ ਮੁਸ਼ਕਣ ਬੂਟੀ ਵੇ ਰਾਂਝਣਾ ਸੰਭਲ ਕੇ ਵਰਤਾ’ ਈ ਪੀ ਰਿਕਾਰਡ ਹੱਥੋ-ਹੱਥੀ ਵਿਕਿਆ ਸੀ। ਇਸੇ ਤਰ੍ਹਾਂ 78 ਦੀ ਸਪੀਡ ਤੇ ਚਲਣ ਵਾਲਾ ਪੱਥਰ ਦਾ ਰਿਕਾਰਡ ‘ਤੈਥੋਂ ਡਰ ਬੱਦਲਾਂ ਨੂੰ ਆਵੇ ਕਾਲਾ ਸੂਟ ਪਾਉਣ ਵਾਲੀਏ’ ਅੱਜ ਵੀ ਲੋਕਾਂ ਦੇ ਦਿਲ ਵਿੱਚ ਵਸਿਆ ਹੋਇਆ ਹੈ। ਗਾਇਕੀ ਦੇ ਸਫਰ ਦੌਰਾਨ ਉਸ ਨੇ ਰਣਜੀਤ ਕੌਰ ਅਤੇ ਜਗਮੋਹਣ ਕੌਰ ਤੋਂ ਇਲਾਵਾ ਸੁਮਨ ਆਨੰਦ, ਪਰਮਜੀਤ ਸੰਧੂ ਅਤੇ ਬੇਅੰਤ ਲਵਲੀ ਸਮੇਤ ਕਈ ਗਾਇਕਾਂ ਨਾਲ ਦੋਗਾਣੇ ਅਤੇ ਕੈਸਿਟਾਂ ਰਿਕਾਰਡ ਕਰਵਾਈਆਂ। ਉਂਝ ਰੰਗਾ ਸਿੰਘ ਮਾਨ ਜ਼ਿਆਦਾਤਰ ਆਪਣੇ ਲਿਖੇ ਹੋਏ ਗੀਤ ਹੀ ਗਾਉਂਦਾ ਸੀ, ਪਰ ਉਸ ਨੇ ਬਾਬੂ ਸਿੰਘ ਮਾਨ ਅਤੇ ਦੇਵ ਥਰੀਕੇਵਾਲਾ ਤੋਂ ਇਲਾਵਾ ਹੋਰ ਲੇਖਕਾਂ ਦੀਆਂ ਰਚਨਾਵਾਂ ਵੀ ਪੂਰੀ ਰੂਹ ਨਾਲ ਗਾਈਆਂ ।
ਦਰਅਸਲ ਜਦੋਂ ਰੰਗਾ ਸਿੰਘ ਮਾਨ ਗਾਇਕੀ ਦੇ ਖੇਤਰ ਵਿਚ ਆਇਆ ਤਾਂ ਉਸ ਵਕਤ ਗਾਉਣ ਨੂੰ ਚੰਗੀ ਨਜ਼ਰ ਨਾਲ ਨਹੀ ਵੇਖਿਆ ਜਾਂਦਾ ਸੀ। ਜੱਟਾਂ ਦਾ ਮੁੰਡਾ ਹੋਣ ਕਰਕੇ ਰੰਗਾ ਸਿੰਘ ਮਾਨ ਨੂੰ ਆਪਣੇ ਪਰਿਵਾਰ ਵੱਲੋਂ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਅਤੇ ਬਜ਼ੁਰਗਾਂ ਦੀਆਂ ਝਿੜਕਾਂ ਵੀ ਸਹਿਣੀਆਂ ਪਈਆਂ। ਇਸ ਦੇ ਬਾਵਜੂਦ ਉਸ ਨੇ ਆਪਣੀ ਰਾਹ ਨਾ ਛੱਡੀ ਤੇ ਤੁਰਦਾ-ਤੁਰਦਾ ਗਾਇਕੀ ਦੀ ਦੁਨੀਆਂ ਵਿੱਚ ਇੱਕ ਮੁਕਾਮ ਤੇ ਪੁੱਜ ਗਿਆ।ਰੰਗਾ ਸਿੰਘ ਮਾਨ ਦਾ ਜੱਦੀ ਪਿੰਡ ਮੋਗਾ ਜ਼ਿਲ੍ਹੇ ਦੇ ਕਸਬਾ ਧਰਮਕੋਟ ਇਲਾਕੇ ਵਿੱਚ ਪੰਡੋਰੀ ਅਰਾਈਆਂ ਸੀ ਪਰ ਜ਼ਿੰਦਗੀ ਦਾ ਸਫ਼ਰ ਉਸ ਨੂੰ ਸ੍ਰੀ ਮੁਕਤਸਰ ਸਾਹਿਬ ਤੱਕ ਲੈ ਆਇਆ ਜਿੱਥੇ ਉਹ ਆਖਰੀ ਸਾਹ ਤੱਕ ਰਿਹਾ।
ਗੀਤ ਸੰਗੀਤ ਦੀ ਸਿੱਖਿਆ ਉਸ ਨੇ ਉਸਤਾਦ ਜਸਵੰਤ ਭੰਵਰਾ ਕੋਲੋਂ ਹਾਸਲ ਕੀਤੀ। ਤੂੰਬੀ ਉਸ ਦਾ ਮਨਭਾਉਂਦਾ ਸਾਜ਼ ਰਿਹਾ ਹੈ ਪਰ ਜਸਵੰਤ ਭੰਵਰਾ ਦੀ ਸਾਜ਼ਾਂ ਦੀ ਦੁਕਾਨ ਹੋਣ ਕਰਕੇ ਉਸ ਨੇ ਆਪਣੇ ਗੁਰੂ ਕੋਲੋਂ, ਤਬਲਾ, ਹਾਰਮੋਨੀਅਮ, ਢੋਲਕ ਅਤੇ ਅਲਗੋਜ਼ੇ ਆਦਿ ਵਜਾਉਣ ਦੀਆਂ ਬਰੀਕੀਆਂ ਸਿੱਖੀਆਂ ।ਇਸੇ ਦੌਰਾਨ ਰੰਗਾ ਸਿੰਘ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ‘ਚ ਨੌਕਰੀ ਮਿਲ ਗਈ ਜਿਥੋਂ ਉਹ ਹੈਲਥ ਇੰਸਪੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ। ਸਰਕਾਰੀ ਸੇਵਾ ਦੌਰਾਨ ਉਸ ਨੇ ਸਿਹਤ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਮੈਗਜ਼ੀਨ ਲਈ ਪਰਿਵਾਰ ਨਿਯੋਜਨ ਵਰਗੇ ਅਹਿਮ ਮਸਲੇ ਅਤੇ ਉਨ੍ਹਾਂ ਦਿਨਾਂ ਵਿੱਚ ਖਤਰਨਾਕ ਮੰਨੀ ਜਾਂਦੀ ਬਿਮਾਰੀ ਮਲੇਰੀਆ ਮੇਰੇ ਬਾਰੇ ਜਾਗਰੂਕ ਕਰਨ ਲਈ ਗੀਤ ਵੀ ਲਿਖੇ।
ਆਪਣੀ ਲਿਖਣ ਦੀ ਚੇਟਕ ਦੇ ਚਲਦਿਆਂ ਉਹ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਗੀਤ ਲਿਖਣ ਲੱਗ ਪਿਆ। ਆਲ ਇੰਡੀਆ ਰੇਡੀਓ ਸਟੇਸ਼ਨ ਤੇ ਉਸਦੇ ਕਈ ਗੀਤ ਪ੍ਰਸਾਰਿਤ ਹੋਏ ਜਿਨ੍ਹਾਂ ਨੇ ਉਸ ਨੂੰ ਗੀਤ ਸੰਗੀਤ ਦੀ ਦੁਨੀਆਂ ਵਿੱਚ ਮਸ਼ਹੂਰ ਕਰਨ ‘ਚ ਵੱਡਾ ਯੋਗਦਾਨ ਪਾਇਆ। ਉਹ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦਾ ਮੈਂਬਰ ਤੇ ਲੋਕ ਸੰਪਰਕ ਵਿਭਾਗ ਦਾ ਮਾਨਤਾ-ਪ੍ਰਾਪਤ ਕਲਾਕਾਰ ਵੀ ਰਿਹਾ ਹੈ। ਉਸ ਨੇ ਜਲੰਧਰ ਰੇਡੀਓ ਸਟੇਸ਼ਨ , ਦੂਰਦਰਸ਼ਨ ਕੇਂਦਰ ਅਤੇ ਡੀ.ਡੀ.ਪੰਜਾਬੀ ਦੇ ਵੱਖ-ਵੱਖ ਪ੍ਰੋਗਰਾਮਾਂ ਵਿਚ ਵੱਡੀ ਗਿਣਤੀ ਗੀਤ ਪੇਸ਼ ਕੀਤੇ ਅਤੇ ਆਪਣੀ ਗਾਇਕੀ ਦਾ ਸਿੱਕਾ ਜਮਾਇਆ। ਪਿਛਲੇ ਕਰੀਬ ਦੋ ਸਾਲਾਂ ਤੋਂ ਰੰਗਾ ਸਿੰਘ ਮਾਨ ਬਿਮਾਰ ਚੱਲਿਆ ਆ ਰਿਹਾ ਸੀ।
ਪਰਿਵਾਰ ਵੱਲੋਂ ਕੀਤੇ ਅਣਥੱਕ ਯਤਨ ਵੀ ਕੰਮ ਨਾ ਆਏ ਅਤੇ ਅੰਤ ਨੂੰ ਮੌਤ ਨੇ ਇਸ ਨਾਮੀ ਗਾਇਕ ਨੂੰ ਆਪਣੇ ਕਲਾਵੇ ਵਿਚ ਲੈ ਲਿਆ। ਉਹ ਆਪਣੇ ਪਿੱਛੇ ਦੋ ਲੜਕੇ ਛੱਡ ਗਿਆ ਹੈ। ਰੰਗਾ ਸਿੰਘ ਮਾਨ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੈ ਬਠਿੰਡਾ ਰੋਡ ਤੇ ਸਥਿਤ ਸ਼ਾਂਤੀ ਭਵਨ ਵਿੱਚ 24 ਜੂਨ ਦਿਨ ਸ਼ਨੀਵਾਰ ਨੂੰ 12 ਤੋਂ 1 ਵਜੇ ਤੱਕ ਉਨ੍ਹਾਂ ਦੇ ਰਿਸ਼ਤੇਦਾਰ, ਦੋਸਤ ਮਿੱਤਰ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨਗੇ।ਸੀਨੀਅਰ ਪੱਤਰਕਾਰ ਸੁਖਪਾਲ ਸਿੰਘ ਢਿੱਲੋਂ ਜੋ ਰੰਗਾ ਸਿੰਘ ਮਾਨ ਦੇ ਰਿਸ਼ਤੇਦਾਰ ਵੀ ਹਨ ਨੇ ਕਿਹਾ ਕਿ ਗਾਇਕੀ ਦੀ ਦੁਨੀਆਂ ਦਾ ਇਹ ਧਰੂ ਤਾਰਾ ਭਾਵੇਂ ਸੰਗੀਤ ਦੇ ਅਸਮਾਨ ਤੋਂ ਸਦਾ ਲਈ ਛੁਪ ਗਿਆ ਹੈ । ਪਰ ਗਾਇਕੀ ਦੇ ਖੇਤਰ ਵਿੱਚ ਪਾਏ ਯੋਗਦਾਨ ਸਦਕਾ ਰੰਗਾ ਸਿੰਘ ਮਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਿਆ ਕਰਨਗੀਆਂ।