ਝੋਨੇ ਦੀ ਖ਼ਰੀਦ: ਟਰਾਂਸਪੋਰਟਰਾਂ ਦੀਆਂ ਡੀਸੀ ਨੇ ਸੁਣੀਆਂ ਮੁਸ਼ਕਿਲਾਂ ਤੇ ਅਧਿਕਾਰੀਆਂ ਨਾਲ ਕੀਤੀ ਬੈਠਕ

Spread the love

ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ: ਡਾ. ਹਰੀਸ਼ ਨਈਅਰ


 ਸੋਨੀ ਪਨੇਸਰ , ਬਰਨਾਲਾ, 4 ਅਕਤੂਬਰ 2022
    ਜ਼ਿਲ੍ਹੇ ਦੀਆਂ ਮੰਡੀਆਂ ਵਿਚ ਝੋਨੇ ਦੇ ਸੁਚੱਜੇ ਖਰੀਦ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਝੋਨੇ ਦੀ ਖ਼ਰੀਦ ਸਬੰਧੀ ਫੂਡ ਸਪਲਾਈ ਅਧਿਕਾਰੀਆਂ, ਆੜ੍ਹਤੀਆਂ, ਖਰੀਦ ਏਜੰਸੀਆਂ, ਮਾਰਕੀਟ ਕਮੇਟੀ ਅਧਿਕਾਰੀਆਂ, ਮੰਡੀ ਬੋਰਡ ਅਧਿਕਾਰੀਆਂ, ਟਰਾਂਸਪੋਰਟਰਾਂ ਤੇ ਹੋਰ ਧਿਰਾਂ ਨਾਲ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਕੀਤਾ।
    ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਬਹੁਤੀ ਫਸਲ ਅਜੇ ਮੰਡੀਆਂ ਵਿਚ ਨਹੀਂ ਆਈ ਹੈ, ਪਰ ਉਸ ਤੋਂ ਪਹਿਲਾਂ ਸਾਰੇ ਤਰ੍ਹਾਂ ਦੇ ਪ੍ਰਬੰਧ ਸੁਚੱਜੇ ਰੂਪ ਵਿੱਚ ਕੀਤੇ ਜਾਣ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੰਡੀਆਂ ਦੀ ਸਾਫ਼ ਸਫ਼ਾਈ, ਬਾਰਦਾਨੇ, ਲੇਬਰ, ਟਰਾਂਸਪੋਰਟ ਆਦਿ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਆੜਤੀਆ ਐਸੋਸੀਏਸ਼ਨ ਨੂੰ ਕਿਹਾ  ਕਿ ਉਹ ਕਿਸਾਨਾਂ ਨੂੰ ਸੁੱਕਾ ਝੋਨਾ ਮੰਡੀਆਂ ਵਿੱਚ ਲਿਆਉਣ ਵਾਸਤੇ ਪ੍ਰੇਰਿਤ ਕਰਨ।
   ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਨੇ ਪ੍ਰਸ਼ਾਸਨ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਉਕਤ ਸੀਜ਼ਨ ਦੌਰਾਨ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਟਰਾਂਸਪੋਰਟਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ।
      ਇਸ ਮੌਕੇ ਡੀਐੱਫਐੱਸਸੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਸੀਜ਼ਨ ਦੌਰਾਨ ਮੰਡੀਆਂ ਵਿਚ  873131 ਮੀਟਰਿਕ ਟਨ ਫਸਲ ਦੀ ਆਮਦ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 98 ਮੰਡੀਆਂ ਹਨ, ਜਦੋਂਕਿ 33 ਆਰਜ਼ੀ ਯਾਰਡ ਹਨ। ਉਨ੍ਹਾਂ ਦੱਸਿਆ ਕਿ 3 ਅਕਤੂਬਰ ਤੱਕ ਸਿਰਫ਼ ਤਪੇ ਵਿਚ 33 ਮੀਟ੍ਰਿਕ ਟਨ ਫ਼ਸਲ ਦੀ ਆਮਦ ਹੋਈ ਹੈ।
    ਇਸ ਮੌਕੇ ਐਸਡੀਐਮ ਗੋਪਾਲ ਸਿੰਘ, ਸਹਾਇਕ ਕਮਿਸ਼ਨਰ ਸੁਖਪਾਲ ਸਿੰਘ, ਵੱਖ ਵੱਖ ਖ਼ਰੀਦ ਏਜੰਸੀਆਂ ਦੇ ਡੀਐਮਜ਼ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਨੁਮਾਇੰਦੇ  ਹਾਜ਼ਰ ਸਨ।


Spread the love
Scroll to Top