ਡਿਪਟੀ ਕਮਿਸ਼ਨਰ ਨੇ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕੀਤੀ ਬੈਠਕ

Spread the love

ਡਿਪਟੀ ਕਮਿਸ਼ਨਰ ਨੇ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕੀਤੀ ਬੈਠਕ

ਫਿਰੋਜ਼ਪੁਰ, 7 ਸਤੰਬਰ 2022 (ਬਿੱਟੂ ਜਲਾਲਾਬਾਦੀ)

ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਮ੍ਰਿਤ ਸਿੰਘ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸਾਉਣੀ 2022 ਦੌਰਾਨ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਅਤੇ ਇਸ ਨੂੰ ਲੱਗਣ ਵਾਲੀ ਅੱਗ ਨੂੰ ਰੋਕਣ ਲਈ ਲੋੜੀਂਦੇ ਅਗਾਂਹੂ ਪ੍ਰਬੰਧ ਕਰਨ ਲਈ ਵੱਖ ਵੱਖ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਜੀ ਵੱਲੋਂ ਚਿੰਤਾ ਜਾਹਿਰ ਕਰਦੇ ਹੋਏ ਦੱਸਿਆ ਗਿਆ ਕਿ ਝੋਨੇ ਦੀ ਪਰਾਲੀ ਨੂੰ ਲੱਗਣ ਵਾਲੀ ਅੱਗ ਜਿੱਥੇ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀ ਹੈ, ਉੱਥੇ ਹੀ ਅੱਗ ਲਗਾਉਣ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਲੱਖਾਂ ਰੁਪਏ ਦੇ ਫਸਲਾਂ ਲਈ ਜਰੂਰੀ ਤੱਤ ਸੜ ਕੇ ਸੁਆਹ ਹੋ ਜਾਂਦੇ ਹਨ। ਉਹਨਾਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਅਤੇ ਇਸ ਨੂੰ ਸਾੜਨ ਨਾਲ ਹੁੰਦੇ ਨੁਕਸਾਨਾਂ ਬਾਰੇ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ। ਉਹਨਾਂ ਨੇ ਦੱਸਿਆ ਕਿ ਪਰਾਲੀ ਦੀ ਸਾਂਭ ਸੰਭਾਲ ਲਈ ਖੇਤੀਬਾੜੀ ਵਿਭਾਗ ਵੱਲੋਂ ਹੁਣ ਤੱਕ ਜੋ ਮਸ਼ੀਨਾਂ ਕਿਸਾਨਾਂ, ਨਿੱਜੀ ਕਿਸਾਨਾਂ, ਕਿਸਾਨ ਗਰੁੱਪਾਂ, ਕੋਆਪ੍ਰੇਟਿਵ ਸੋਸਾਇਟੀਆਂ ਅਤੇ ਪੰਚਾਇਤਾਂ ਨੂੰ ਸਬਸਿਡੀ ਉੱਤੇ ਮੁਹੱਈਆ ਕਰਵਾਈਆਂ ਗਈਆਂ ਹਨ, ਉਹਨਾਂ ਦੀ ਵੱਧ ਤੋ ਵੱਧ ਵਰਤੋਂ ਕਰਵਾ ਕੇ ਝੋਨੇ ਦੀ ਪਰਾਲੀ ਦੀ ਖੇਤਾਂ ਵਿੱਚ ਹੀ ਸਾਂਭ ਸੰਭਾਲ ਕਰਵਾਈ ਜਾਵੇ ਤਾਂ ਜ਼ੋ ਹਵਾ, ਪਾਣੀ ਅਤੇ ਧਰਤੀ ਜੋ ਕਿ ਜੀਵਨ ਦੇ ਤਿੰਨ ਜਰੂਰੀ ਸਾਧਨ ਹਨ ਉਹਨਾਂ ਨੂੰ ਪ੍ਰਦੂਸ਼ਿਤ ਹੋਣ ਤੋ ਬਚਾਇਆ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਵੀ ਪਰਾਲੀ ਦੀ ਖੇਤਾਂ ਵਿੱਚ ਸਾਂਭ ਸੰਭਾਲ ਲਈ ਅਤੇ ਇਸ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਪ੍ਰਸ਼ਾਸਨ ਦਾ ਸਾਥ ਦੇਣ। ਮੁੱਖ ਖੇਤੀਬਾੜੀ ਅਫਸਰ ਫਿਰੋਜ਼ਪੁਰ ਸ਼੍ਰੀ ਤੇਜਪਾਲ ਸਿੰਘ ਜੀ ਨੇ ਦੱਸਿਆ ਕਿ ਸਾਲ 2022-23 ਦੌਰਾਨ ਕਿਸਾਨਾਂ ਨੂੰ ਸਬਸਿਡੀ ਉੱਤੇ ਮਸ਼ੀਨਾਂ ਮੁਹੱਈਆ ਕਰਵਾਉਣ ਲਈ ਡਰਾਅ ਕੱਢ ਕੇ ਲਿਸਟਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਜਿਹੜੇ ਕਿਸਾਨਾਂ ਦੇ ਡਰਾਅ ਨਿੱਕਲੇ ਹਨ ਉਹਨਾਂ ਦੇ ਰਿਕਾਰਡ ਦੀ ਘੋਖ ਕਰਨ ਉਪਰੰਤ ਉਨ੍ਹਾਂ ਨੂੰ ਮਸ਼ੀਨਰੀ ਖਰੀਦਣ ਉਪਰੰਤ ਸੈਂਕਸ਼ਨ ਲੈਟਰ ਜਾਰੀ ਕੀਤੇ ਜਾਣਗੇ। ਇਸ ਮੌਕੇ ਐਸ.ਡੀ.ਐਮ. ਜ਼ੀਰਾ ਇੰਦਰਪਾਲ, ਤਹਿਸੀਲਕਾਰ ਫਿਰੋਜ਼ਪੁਰ ਸ੍ਰੀਮਤੀ ਸੁਖਬੀਰ ਕੌਰ, ਡੀ.ਐਸ.ਪੀ. ਰਵੀ ਸ਼ੇਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।


Spread the love
Scroll to Top