* ਕੈਮਿਸਟ ਨੂੰ ਗੈਰ ਕਾਨੂੰਨੀ ਹਿਰਾਸਤ ਚ, ਰੱਖਣ ਦੀ ਜਿਲ੍ਹਾ ਪ੍ਰਸਾਸਨ ਨੇ ਕੀਤੀ ਨਿੰਦਾ
* 2 ਕੈਮਿਸਟ ਰੋਜਾਨਾ ਪ੍ਰਬੰਧਕੀ ਕੰਪਲੈਕਸ ਚ, ਬੈਠਿਆ ਕਰਨਗੇ
ਬਰਨਾਲਾ 25 ਮਾਰਚ
ਥਾਣਾ ਸਿਟੀ 1 ਦੇ ਪੁਲਿਸ ਕਰਮਚਾਰੀਆਂ ਦੁਆਰਾ ਬੁੱਧਵਾਰ ਦੁਪਹਿਰ ਕਰੀਬ 11 ਵਜੇ ਕਰਫਿਊ ਦੌਰਾਨ ਦਵਾਈਆਂ ਦੀ ਹੋਮ ਡਿਲਵਰੀ ਕਰਨ ਜਾ ਰਹੇ ਕੈਮਿਸਟ ਕ੍ਰਾਂਤੀ ਨੂੰ ਫੜ੍ਹ ਕੇ ਕਰੀਬ ਤਿੰਨ ਘੰਟੇ ਗੈਰਕਾਨੂੰਨੀ ਹਿਰਾਸਤ ਚ, ਰੱਖਣ ਤੋਂ ਭੜਕੇ ਕੈਮਿਸਟਾ ਵੱਲੌਂ ਹੋਮ ਡਿਲਵਰੀ ਬੰਦ ਕਰ ਦੇਣ ਦੇ ਐਲਾਨ ਤੋਂ ਬੈਕਫੁਟ ਤੇ ਆਏ ਪ੍ਰਸਾਸਨ ਨੇ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਬੈਠਕ ਕਰਕੇ ਉਨ੍ਹਾਂ ਦਾ ਰੋਸ ਦੂਰ ਕਰਕੇ ਮਨਾ ਲਿਆ। ਬੈਠਕ ਵਿੱਚ ਡੀਸੀ ਤੇਜ਼ ਪ੍ਰਤਾਪ ਸਿੰਘ ਫੂਲਕਾ, ਐਸ ਐਸ ਪੀ ਸੰਦੀਪ ਗੋਇਲ, ਏਡੀਸੀ ਰੂਹੀ ਦੁਗ, ਐਸਡੀਐਮ ਅਨਮੋਲ ਸਿੰਘ ਧਾਲੀਵਾਲ ਤੇ ਹੋਰ ਅਧਿਕਾਰੀ ਹਾਜਰ ਰਹੇ, ਜਦੋਂ ਕਿ ਐਸੋਸੀਏਸ਼ਨ ਦੀ ਤਰਫੋ ਪ੍ਰਧਾਨ ਨਰਿੰਦਰ ਅਰੌੜਾ ਤੇ ਹੋਰ ਅਹੁਦੇਦਾਰ ਵੀ ਮੌਜੂਦ ਰਹੇ। ਇਹ ਬੈਠਕ ਲੰਬੇ ਸਮੇਂ ਤੱਕ ਚਲੀ। ਜਿਲ੍ਹਾ ਪ੍ਰਸਾਸਨ ਨੇ ਕੈਮਿਸਟ ਨਾਲ ਪੁਲਿਸ ਕਰਮਚਾਰੀਆਂ ਵੱਲੋਂ ਕੀਤੀ ਬਦਸਲੂਕੀ ਦੀ ਕਰੜੀ ਨਿੰਦਿਆ ਕੀਤੀ ਗਈ ਤੇ ਅੱਗੇ ਤੋਂ ਕੋਈ ਅਜਿਹੀ ਘਟਨਾ ਨਾ ਹੋਣ ਦੇਣ ਦਾ ਭਰੋਸਾ ਵੀ ਦਿੱਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਅਰੋੜਾ ਨੇ ਬੈਠਕ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਪ੍ਰਸਾਸਨ ਨੇ ਇੱਕ ਦਿਨ ਦੇ ਟ੍ਰਾਇਲ ਦੇ ਤੌਰ ਤੇ ਫੈਸਲਾ ਕੀਤਾ ਕਿ ਰੌਜਾਨਾ ਦੋ ਕੈਮਿਸਟ ਪ੍ਰਬੰਧਕੀ ਕੰਪਲੈਕਸ ਚ, ਬੈਠਿਆ ਕਰਨਗੇ, ਜੇ ਐਮਰਜੈਂਸੀ ਦਵਾਈਆਂ ਮਰੀਜ਼ਾਂ ਦੀ ਮੰਗ ਮੁਤਾਬਿਕ ਪਰਚੀ ਲੈ ਕੇ ਕੈਮਿਸਟਾ ਕੋਲ ਭੇਜਿਆ ਕਰਨਗੇ, ਮਰੀਜ਼ ਨੂੰ ਕੈਮਿਸਟ ਤੋਂ ਦਵਾਈਆਂ ਦਿਵਾਉਣ ਲਈ ਪੁਲਿਸ ਕਰਮਚਾਰੀ ਵੀ ਨਾਲ ਜਾਇਆ ਕਰਨਗੇ, ਤਾਂ ਕਿ ਮਰੀਜ਼ਾਂ ਤੇ ਕੈਮਿਸਟ ਨੂੰ ਕਰਫਿਊ ਦੌਰਾਨ ਕੋਈ ਦਿੱਕਤ ਪੇਸ ਨਾ ਆਵੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸਾਸਨ ਦਾ ਸੁਝਾਇਆ ਇਹ ਫਾਰਮੂਲਾ ਠੀਕ ਆਇਆ ਤਾਂ ਕਰਫਿਊ ਦੌਰਾਨ ਇਸ ਢੰਗ ਨਾਲ ਹੀ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ।