ਡੇਂਗੂ ਮੱਛਰ ਦਾ ਲਾਰਵਾ ਪਨਪਣ ਤੋਂ ਪਹਿਲਾਂ ਹੀ ਰੋਕਣ ਲਈ ਲੋਕ ਸਹਿਯੋਗ ਕਰਨ-ਸਾਕਸ਼ੀ ਸਾਹਨੀ

Spread the love

ਰਿਚਾ ਨਾਗਪਾਲ/ ਪਟਿਆਲਾ 29 ਅਕਤੂਬਰ 2022

ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਡੇਂਗੂ ਮੱਛਰ ਦਾ ਲਾਰਵਾ ਚੈਕ ਕਰਨ ਲਈ ਸਿਹਤ ਵਿਭਾਗ, ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਦੀ ਖ਼ੁਦ ਅਗਵਾਈ ਕੀਤੀ। ਇਨ੍ਹਾਂ ਟੀਮਾਂ ਨੇ ਸ਼ਹਿਰ ਅੰਦਰ ਦਾਰੂ ਕੁਟੀਆ ਮੁਹੱਲਾ, ਸੰਜੇ ਕਲੋਨੀ, ਤਫ਼ੱਜਲਪੁਰਾ ਤੇ ਡੇਂਗੂ ਤੋਂ ਪ੍ਰਭਾਵਤ ਹੋਣ ਵਾਲੀਆਂ ਹੋਰ ਕਲੋਨੀਆਂ ਦਾ ਨਿਰੀਖਣ ਕੀਤਾ। ਇਸ ਟੀਮ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉਪਲ, ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਸਹਾਇਕ ਸਿਵਲ ਸਰਜਨ ਡਾ. ਵਿਕਾਸ ਗੋਇਲ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਸਨ।

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਡੇਂਗੂ ਵਿਰੁੱਧ ਜਾਗਰੂਕ ਕਰਦਿਆਂ ਕਿਹਾ ਕਿ ਡੇਂਗੂ ਮੱਛਰ ਦੇ ਪਨਪਣ ਤੋਂ ਪਹਿਲਾਂ ਹੀ ਇਸ ਨੂੰ ਰੋਕਣ ਲਈ ਲੋਕ ਸਹਿਯੋਗ ਕਰਨ ਅਤੇ ਆਪਣੇ ਘਰਾਂ ਸਮੇਤ ਆਲੇ-ਦੁਆਲੇ ਵਿੱਚ ਸਾਫ਼ ਪਾਣੀ ਦੇ ਸਰੋਤ ਦੀ ਨਿਯਮਤ ਸਫ਼ਾਈ ਕਰਨ ਤਾਂ ਕਿ ਡੇਂਗੂ ਮੱਛਰ ਦਾ ਲਾਰਵਾ ਨਾ ਪਨਪ ਸਕੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਖੇਤਰਾਂ, ਜਿੱਥੇ ਪਿਛਲੇ ਸਾਲ ਡੇਂਗੂ ਦੇ ਮਾਮਲੇ ਸਾਹਮਣੇ ਆਏ ਸਨ ਅਤੇ ਇਸ ਵਾਰ ਵੀ ਡੇਂਗੂ ਫੈਲਣ ਦਾ ਖ਼ਤਰਾ ਹੈ, ਵਿਖੇ ਡੇਂਗੂ ਮੱਛਰ ਏਡੀਜ ਦੀ ਪੈਦਾਵਾਰ ਰੋਕਣ ਲਈ ਖੜ੍ਹੇ ਪਾਣੀ ‘ਚ ਤੇਲ ਤੇ ਮੱਛਰ ਮਾਰ ਦਵਾਈ ਦਾ ਛਿੜਕਾਅ ਕੀਤਾ ਜਾਵੇ ਅਤੇ ਫਾਗਿੰਗ ਵੀ ਕੀਤੀ ਜਾ ਰਹੀ ਹੈ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਡੇਂਗੂ ਬੁਖਾਰ ਹੋਣ ‘ਤੇ ਸਰਕਾਰੀ ਹਸਪਤਾਲਾਂ ‘ਚ ਇਸਦਾ ਇਲਾਜ ਕਰਵਾਉਣ ਅਤੇ ਡੇਂਗੂ ਟੈਸਟ ਦੇ ਪ੍ਰਬੰਧ ਕੀਤੇ ਗਏ ਹਨ। ਜਦੋਂਕਿ ਡਾਇਰੈਕਟਰ ਸਿਹਤ ਸੇਵਾਵਾਂ, ਪੰਜਾਬ ਤੋਂ ਪਟਿਆਲਾ ਜ਼ਿਲੇ ਦੇ ਸਾਰੇ ਐਸ.ਐਮ.ਓਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਖੇਤਰਾਂ ਵਿੱਚ ਡੇਂਗੂ ਦੇ ਸਾਰੇ ਕੇਸਾਂ ਦੇ ਠੀਕ ਹੋਣ ਤੱਕ (ਆਮ ਤੌਰ ‘ਤੇ ਸਤਵੇਂ ਦਿਨ ਤੱਕ) ਦਿਨ ਵਿੱਚ ਇੱਕ ਵਾਰ ਟੈਲੀਫੋਨ ਰਾਹੀਂ ਫਾਲੋ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਸੇ ਦੌਰਾਨ ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਬੀਤੇ ਸਾਲਾਂ ਦੇ ਰਿਕਾਰਡ ਤੇ ਇਸ ਵਰ੍ਹੇ ਦੇ ਅੰਕੜਿਆਂ ਮੁਤਾਬਕ ਸ਼ਹਿਰ ਵਿੱਚ ਡੇਂਗੂ ਤੋਂ ਪ੍ਰਭਾਵਤ ਹੋਣ ਵਾਲੇ ਇਲਾਕਿਆਂ ਵਿੱਚ ਭਰਤ ਨਗਰ, ਡੀ.ਐਮ.ਡਬਲਿਯੂ, ਅਰਬਨ ਅਸਟੇਟ, ਰਣਜੀਤ ਨਗਰ, ਅਲੀਪੁਰ ਅਰਾਈਆਂ, ਬਾਜਵਾ ਕਲੋਨੀ, ਗੁਰਬਖ਼ਸ਼ ਕਲੋਨੀ, ਸ਼ਾਂਤੀ ਨਗਰ, ਸੰਜੇ ਕਲੋਨੀ, ਵਿਰਕ ਕਲੋਨੀ, ਤਫ਼ੱਜਲਪੁਰਾ, ਘੁੰਮਣ ਨਗਰ, ਬਾਬਾ ਦੀਪ ਸਿੰਘ ਨਗਰ, ਕ੍ਰਿਸ਼ਨਾ ਕਲੋਨੀ, ਬਾਬੂ ਸਿੰਘ ਕਲੋਨੀ ਅਤੇ ਪੰਜਾਬੀ ਬਾਗ ਵਿਖੇ ਡੇਂਗੂ ਦਾ ਲਾਰਵਾ ਪਾਇਆ ਜਾ ਸਕਦਾ ਹੈ, ਇਨ੍ਹਾਂ ਕਲੋਨੀਆਂ ਵਿੱਚ ਲੋਕਾਂ ਨੂੰ ਖਾਸ ਤੌਰ ‘ਤੇ ਆਪਣੇ ਘਰਾਂ ਤੇ ਆਲੇ ਦੁਆਲੇ ਸਾਫ਼ ਪਾਣੀ ਦੇ ਸਰੋਤਾਂ ਦੀ ਚੈਕਿੰਗ ਕਰਕੇ ਲਾਰਵਾ ਪਨਪਣ ਤੋਂ ਬਚਾਅ ਕਰਨਾ ਚਾਹੀਦਾ ਹੈ।


Spread the love
Scroll to Top