ਪਿੰਡ ਨਰਾਇਣਗੜ੍ਹ ਸੋਹੀਆਂ ਵਿਚ ਦੁੱਧ ਉਤਪਾਦਕ ਜਾਗਰੂਕਤਾ ਕੈਂਪ
ਬਰਨਾਲਾ, 13 ਮਾਰਚ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪਸ਼ੂ ਪਾਲਣ, ਮੱਛੀ ਪਾਲਣ, ਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦੀ ਰਹਿਨੁਮਾਈ ਹੇਠ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਇੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਡਾਇਰੈਕਟਰ ਜਸਵਿੰਦਰ ਸਿੰਘ ਜੀ ਦੇ ਹੁਕਮਾਂ ਅਨੁਸਾਰ ਡੀ.ਡੀ.6 ਸਕੀਮ ਅਧੀਨ ਪਿੰਡ ਨਰਾਇਣਗੜ੍ਹ ਸੋਹੀਆਂ ਵਿਚ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਡੇਅਰੀ ਵਿਕਾਸ ਇੰਸਪੈਕਟਰ ਲਖਮੀਤ ਸਿੰਘ ਨੇ ਆਧੁਨਿਕ ਸ਼ੈਡਾਂ ਅਤੇ ਵਿਭਾਗ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਚਾਰਾ ਵਿਕਾਸ ਅਫਸਰ (ਰਿਟ.) ਸੁਰਜੀਤ ਸਿੰਘ ਨੇ ਪਸ਼ੂਆਂ ਦੀਆਂ ਨਸਲਾਂ, ਹਰੇ-ਚਾਰੇ ਤੋਂ ਆਚਾਰ ਤਿਆਰ ਕਰਨ ਅਤੇ ਤੂੜੀ ਨੂੰ ਸੋਧ ਕੇ ਵਰਤੋ ਵਿੱਚ ਲਿਆਉਣ ਬਾਰੇ ਦੱਸਿਆ। ਇਸ ਕੈਂਪ ਵਿੱਚ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਸਟਾਫ ਨੇ ਬਿਓਰੋ ਵਿਖੇ ਦਿੱਤੀ ਜਾਂਦੀ ਸਿਖਲਾਈ ਅਤੇ ਵਿਭਾਗੀ ਸਕੀਮਾਂ ਬਾਰੇ, ਜਦੋਂਕਿ ਪਸ਼ੂ ਪਾਲਣ ਵਿਭਾਗ ਵੱਲੋਂ ਡਾ. ਮਨਦੀਪ ਸਿੰਘ ਨੇ ਪਸ਼ੂ ਪਾਲਣ ਵਿਭਾਗ ਦੀਆਂ ਸਕੀਮਾਂ ਬਾਰੇ, ਸਮੇਂ-ਸਮੇਂ ’ਤੇ ਪਸ਼ੂਆਂ ਦੀ ਵੈਕਸੀਨ ਕਰਵਾ ਕੇ ਵਧੀਆਂ ਨਸਲ ਤਿਆਰ ਕਰਨ ਬਾਰੇ ਦੱਸਿਆ। ਡਾ. ਰਵਨੀਤ ਸਿੰਘ ਨੇ ਇਨ੍ਹਾਂ ਦਿਨਾਂ ਵਿੱਚ ਹੋਣ ਵਾਲੀਆਂ ਪਸ਼ੂਆਂ ਦੀਆਂ ਬਿਮਾਰੀਆਂ, ਇਲਾਜ ਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਡੇਅਰੀ ਇੰਸਪੈਕਟਰ ਗੁਰਮੀਤ ਸਿੰਘ ਨੇ ਡੇਅਰੀ ਵਿਭਾਗ ਵੱਲੋਂ ਅਨੁਸੂਚਿਤ ਜਾਤੀ ਵਰਗ ਲਈ ਚੱਲ ਰਹੀ ਵਿਸ਼ੇਸ਼ ਮੁਫਤ ਟੇ੍ਰਨਿੰਗ ਬਾਰੇ ਅਤੇ ਹੋਰ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ, ਕਰਜ਼ਿਆਂ ਅਤੇ ਸਬਸਿਡੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਰਪੰਚ ਸ. ਤੇਜਿੰਦਰ ਸਿੰਘ , ਸ. ਹਰਜਿੰਦਰ ਸਿਘ, ਸ. ਸੋਭਾ ਸਿੰਘ ਤੇ ਪਿੰਡ ਵਾਸੀਆਂ ਨੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡੇਅਰੀ ਵਿਭਾਗ ਦੇ ਕਰਮਚਾਰੀ ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਵੀ ਹਾਜ਼ਰ ਸਨ।