ਡੇਰਾ ਸਿਰਸਾ ਦੇ ਸਮਾਗਮ ’ਚ ਪੁੱਜੇ  ਸ਼ਰਧਾਲੂਆਂ ਵੱਲੋਂ ਨਸ਼ਿਆਂ ਦੇ ਖਾਤਮੇ ਦਾ ਸੰਕਲਪ

Spread the love

ਅਸ਼ੋਕ ਵਰਮਾ , ਹਨੂੰਮਾਨਗੜ੍ਹ 21 ਮਈ 2023 
     ਦੇਸ਼ ਤੇ ਪ੍ਰਦੇਸ਼ ਨੂੰ ਨਸ਼ਾ ਮੁਕਤ ਕਰਨ ਲਈ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੀਆਂ ਸਿੱਖਿਆਵਾਂ ਤੇ ਚੱਲਦਿਆਂ ਸਤਿਸੰਗ ਭੰਡਾਰਾ ਮਹੀਨੇ ਦੀ ਖੁਸ਼ੀ ’ਚ ਹਨੂੰਮਾਨਗੜ੍ਹ ਟਾਊਨ ਦੀ ਨਵੀਂ ਝੋਨਾ ਮੰਡੀ ’ਚ ਐਤਵਾਰ ਨੂੰ ਵਿਸ਼ਾਲ ਰੂਹਾਨੀ ਨਾਮ ਚਰਚਾ ਕੀਤੀ ਗਈ ਜਿਸ ਵਿੱਚ ਇਕੱਠਿਆ ਲੱਖਾਂ ਲੋਕਾਂ ਨੇ ਨਸ਼ੇ ਰੂਪੀ ਦੈਂਤ ਨੂੰ ਜੜ ਤੋਂ ਪੁੱਟਣ ਦਾ ਸੰਕਲਪ ਦੁਹਰਾਇਆ। ਭਿਆਨਕ ਗਰਮੀ ਦੀ ਪਰਵਾਹ ਕੀਤੇ ਬਿਨਾ ਅਨੁਸ਼ਾਸਨਮਈ ਤਰੀਕੇ ਨਾਲ ਸਤਿਸੰਗ ਭੰਡਾਰਾ ਮਨਾਉਣ ਪਹੁੰਚੀ ਰਾਜਸਥਾਨ ਸੂਬੇ ਦੇ ਕੋਨੇ-ਕੋਨੇ ਦੀ ਸਾਧ ਸੰਗਤ  ਦੇ ਪ੍ਰੇਮ, ਸ਼ਰਧਾ ਅੱਗੇ ਝੋਨਾ ਮੰਡੀ ਦਾ ਪੂਰਾ ਪੰਡਾਲ ਨਾਮ ਚਰਚਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਚਾਖਚ ਭਰ ਗਿਆ ਅਤੇ ਨਾਮ ਚਰਚਾ ਦੀ ਸਮਾਪਤੀ ਤੱਕ ਸਾਧ-ਸੰਗਤ ਦਾ ਆਉਣਾ ਲਗਾਤਾਰ ਜਾਰੀ ਰਿਹਾ।
       ਪੰਡਾਲ ਭਰਨ ਤੋਂ ਬਾਅਦ ਕੜਾਕੇ ਦੀ ਧੁੱਪ ’ਚ ਸੜਕਾਂ ’ਤੇ ਬੈਠ ਕੇ ਤੇ ਖੜ੍ਹੇ ਹੋਕੇ ਲੋਕਾਂ ਨੇ ਰਾਮ-ਨਾਮ ਦੀ ਚਰਚਾ ਨੂੰ ਸੁਣਿਆ। ਨਾਮ ਚਰਚਾ ਸਮਾਪਤੀ ਮੌਕੇ  ਪੰਛੀ ਉਧਾਰ ਮੁਹਿੰਮ ਤਹਿਤ 175 ਕਟੋਰੇ ਵੰਡੇ ਗਏ। ਫੂਡ ਬੈਂਕ ਮੁਹਿੰਮ ਤਹਿਤ 75 ਜ਼ਰੂਰਤਮੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ। ਇਸ ਤੋਂ ਇਲਾਵਾ ਕਲਾਥ ਬੈਂਕ ਮੁਹਿੰਮ ਤਹਿਤ 75 ਗਰੀਬ ਬੱਚਿਆਂ ਨੂੰ ਕੱਪੜੇ ਦਿੱਤੇ ਗਏ। ਨਾਮ ਚਰਚਾ ਪ੍ਰੋਗਰਾਮ ਦੌਰਾਨ 29 ਅਪਰੈਲ ਨੂੰ ਪੂਜਨੀਕ ਗੁਰੂ ਜੀ ਵੱਲੋਂ ਭੇਜੀ ਗਈ ਰੂਹਾਨੀ ਚਿੱਠੀ ਪੜ੍ਹ ਕੇ ਸੁਣਾਈ ਗਈ।                                                       
ਜ਼ਿਕਰਯੋਗ ਹੈ ਕਿ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ 1948 ਨੂੰ ਜੀਵਾਂ ਦਾ ਓਧਾਰ ਕਰਨ ਲਈ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਅਤੇ ਇਸ ਤੋਂ ਬਾਅਦ ਮਈ ਮਹੀਨੇ ’ਚ ਪਹਿਲਾਂ ਸਤਿਸੰਗ ਫ਼ਰਮਾਇਆ। ਇਸ ਲਈ ਮਈ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਸਤਿਸੰਗ ਮਹੀਨਾ ਭੰਡਾਰੇ ਦੇ ਰੂਪ ’ਚ ਮਨਾ ਰਹੀ ਹੈ ਅਤੇ ਐਤਵਾਰ ਨੂੰ ਰਾਜਸਥਾਨ ਦੀ ਸ੍ਰੀਗੰਗਾਨਗਰ ਤੇ ਹਨੂੰਮਾਨਗੜ੍ਹ ਦੀ ਸਾਧ-ਸੰਗਤ ਨੇ ਇਸ ਸਤਿਸੰਗ ਭੰਡਾਰੇ ਦੇ ਰੂਪ ’ਚ ਮਨਾਇਆ ਹੈ।
ਐਤਵਾਰ ਸਵੇਰੇ 11 ਵਜੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਬੋਲ ਕੇ ਸ਼ੁੱਭ ਭੰਡਾਰੇ ਦੀ ਨਾਮ ਚਰਚਾ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਬਾਅਦ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਰਾਹੀਂ ਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ। ਬਾਅਦ ’ਚ ਨਾਮ ਚਰਚਾ ਪੰਡਾਲ ’ਚ ਲਾਈਆਂ ਗਈਆਂ ਵੱਡੀਆਂ-ਵੱਡੀਆਂ ਐੱਲਈਡੀ ਸਕਰੀਨਾਂ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਅਨਮੋਲ ਬਚਨਾਂ ਨੂੰ ਸਾਧ-ਸੰਗਤ ਨੇ ਇੱਕਚਿੱਤ ਹੋ ਕੇ ਸਰਵਣ ਕੀਤਾ। 

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪੁਰਾਣੇ ਸਮੇਂ ’ਚ ਸਾਡੇ ਸਾਂਝੇ ਪਰਿਵਾਰ ਰਿਹਾ ਕਰਦੇ ਸਨ ਪਰ ਅੱਜ ਉਹ ਵਿਗੜਦੇ ਜਾ ਰਹੇ ਹਨ। ਜੇਕਰ ਤੁਸੀਂ ਪਿੰਡਾਂ ’ਚ ਵੀ ਦੇਖੋਗੇ ਤਾਂ ਬਹੁਤ ਘੱਟ ਪਰਿਵਾਰ ਰਹਿ ਗਏ ਜੋ ਸਾਂਝੇ ਰਹਿੰਦੇ ਹਨ। ਰਿਸ਼ਤੇ ਖਿੰਡਣ ਦਾ ਸਭ ਤੋਂ ਵੱਡਾ ਕਾਰਨ ਹੈ ਹੰਕਾਰ, ਸਹਿਣਸ਼ਕਤੀ ਦੀ ਕਮੀ। ਛੋਟੀ ਜਿਹੀ ਗੱਲ ਹੁੰਦੀ ਹੈ ਇਨਸਾਨ ਝਗੜਾ-ਝਮੇਲਾ ਸ਼ੁਰੂ ਕਰ ਦਿੰਦਾ ਹੈ ਥੋੜ੍ਹੀ ਜਿਹੀ ਗੱਲ ’ਤੇ ਪਰੇਸ਼ਾਨ ਹੋਣ ਲੱਗ ਜਾਂਦਾ ਹੈ। 

    ਥੋੜ੍ਹੀ ਜਿਹੀ ਗੱਲ ਹੁੰਦੀ ਹੈ ਕਿ ਆਪਾਂ ਇੱਕ ਦੂਜੇ ਨਾਲ ਬੋਲਣਾ ਬੰਦ ਕਰ ਦਿੰਦੇ ਹਾਂ। ਪਹਿਲਾਂ ਔਰਤਾਂ ’ਚ ਇਹ ਆਦਤ ਹੁੰਦੀ ਸੀ ਕਿ ਛੋਟੀ ਜਿਹੀ ਕੋਈ ਗੱਲ ਹੋਈ ਕਿ ਮੈਂ ਇਸ ਨਾਲ ਨਹੀਂ ਬੋਲਦੀ ਪਰ ਹੁਣ ਪੁਰਸ਼ ਵੀ ਔਰਤਾਂ ਤੋਂ ਕਿਤੇ ਘੱਟ ਨਹੀਂ ਹਨ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਰਿਵਾਰ ਨੂੰ ਇਕੱਠਿਆਂ ਦੇਖਣ ਵਾਲੇ ਤਾਂ ਬਹੁਤ ਘੱਟ ਲੋਕ ਹੋਣਗੇ, ਪਰ ਪਰਿਵਾਰ ਨੂੰ ਵੱਖ-ਵੱਖ ਕਰਨ ਵਾਲੇ ਬਹੁਤ ਹਨ ਜਿਸ ਦੇ ਚੰਗੇ ਸੰਸਕਾਰ ਹੋਣਗੇ ਜਾਂ ਸੰਤ ਮਹਾਂਪੁਰਸ਼ ਹੋਣਗੇ ਉਹ ਹੀ ਪਰਿਵਾਰ ਨੂੰ ਇਕੱਠਿਆ ਦੇਖ ਕੇ ਖੁਸ਼ ਹੋ ਸਕਦਾ ਹੈ।
ਦੇਸ਼ ਭਗਤੀ ਗੀਤ ’ਤੇ ਝੂਮੀ ਸਾਧ-ਸੰਗਤ
        ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਨਸ਼ਿਆਂ ’ਤੇ ਪ੍ਰਹਾਰ ਕਰਦੇ ਹੋਏ ਗਾਇਆ ਗਿਆ ਦੇਸ਼ ਭਗਤੀ ਗੀਤ ਮੇਰੇ ਦੇਸ਼ ਕੀ ਜਵਾਨੀ… ਤੇ ਅਸ਼ੀਰਵਾਦ ਮਾਓਂ ਕਾ… ਨੂੰ ਨਾਮ ਚਰਚਾ ਦੌਰਾਨ ਚਲਾਇਆ ਗਿਆ। ਇਸ ਦੌਰਾਨ ਸ਼ਰਧਾਲੂਆਂ ਨੇ ਨੱਚ ਕੇ ਖੁਸ਼ੀ ਮਨਾਈ ਨਾਲ ਹੀ ਦੋਵਾਂ ਗੀਤਾਂ ਰਾਹੀਂ ਪੂਜਨੀਕ ਗੁਰੂੁ ਜੀ ਨੇ ਨਸ਼ੇ ਨੂੰ ਖ਼ਤਮ ਕਰਨ ਦਾ ਸੱਦਾ ਦਿੱਤਾ ਅਤੇ ਸੰਦੇਸ਼ ਦਿੱਤਾ ਗਿਆ ਕਿ ਦੇਸ਼ ਦਾ ਨੌਜਵਾਨ ਨਸ਼ੇ ਰੂਪੀ ਦੈਂਤ ਨੂੰ ਛੱਡ ਕੇ ਖੇਡ ਸਮੇਤ ਹੋਰ ਸਾਰੇ ਫੀਲਡ ’ਚ ਆਪਣਾ ਤੇ ਆਪਣੇ ਦੇਸ਼ ਦਾ ਨਾਂਅ ਰੋਸ਼ਨ ਕਰ ਸਕਦਾ ਹੈ।  


Spread the love
Scroll to Top