ਆਹ ਤਾਂ ਬਾਬੇ ਨੇ ਮੈਡਲਾਂ ਦੇ ਥੱਬੇ ਨਾਲ ਬੋਝਾ ਭਰਕੇ ਪਾਈ ਉਮਰ ਨੂੰ ਮਾਤ

Spread the love

ਅਸ਼ੋਕ ਵਰਮਾ , ਸਿਰਸਾ /ਬਠਿੰਡਾ 7 ਜੂਨ 2023
      ਜਦੋਂ ਸਿਰੜ ਨੇ ਅਸਲੇ ਦੀ ਉਡਾਣ ਭਰੀ ਤਾਂ ਇਲਮ ਚੰਦ ਇੰਸਾਂ ਨੇ ਉਹ ਕਰ ਦਿਖਾਇਆ ਜਿਸ ਨੂੰ ਦੇਖ ਕੇ ਹਰ ਕੋਈ ਦੰਦਾਂ ਥੱਲੇ ਉਂਗਲੀਆਂ ਦਬਾਉਣ ਨੂੰ ਮਜਬੂਰ ਹੋ ਜਾਂਦਾ  ਹੈ। ਇਲਮ ਚੰਦ  ਹੁਣ ਤੱਕ ਐਨੇ ਮੈਡਲ ਜਿੱਤ ਚੁੱਕਿਆ ਹੈ ਜਿਸ ਨਾਲ ਥੱਬਾ ਭਰਿਆ ਜਾ ਸਕਦਾ ਹੈ। ਕੇਂਦਰੀ ਰੱਖਿਆ ਮੰਤਰੀ‌ ਰਾਜਨਾਥ ਸਿੰਘ ਵੀ ਉਸ ਦੇ ਮੈਡਲਾਂ ਨੂੰ ਦੇਖ ਕੇ ਦੰਗ ਰਹਿ ਗਏ ਸਨ। ਉਂਝ ਵੀ ਸਮਾਜ ਵਿਚ ਕਿਹਾ ਜਾਂਦਾ ਹੈ ਕਿ ਹਿੰਮਤ ਏ ਮਰਦਾਂ  ਮੱਦਦੇ ਖੁਦਾ ਜਿਸ ਤੇ ਇਲਮ ਚੰਦ ਖਰਾ ਉਤਰਿਆ ਹੈ।ਉਮਰ ਦੇ 90 ਵੇਂ ਸਾਲ ਵਿੱਚ ਪੁੱਜੇ ਇਲਮ ਚੰਦ ਨੇ  ਹਮਉਮਰਾਂ ਨੂੰ ਹੀ ਨਹੀਂ ਸਗੋਂ ਆਪਣੇ ਪੋਤੇ ਦੀ ਉਮਰ ਦੇ ਬੱਚਿਆਂ ਨੂੰ ਹਰਾ ਕੇ ਤਮਗਿਆਂ ਦਾ ਚੌਹਰਾ ਸੈਂਕੜਾ ਲਗਾਇਆ ਹੈ।
      ਕੌਮਾਂਤਰੀ ਯੋਗਾ ਖਿਡਾਰੀ ਅਤੇ ਵੈਟਰਨ ਐਥਲੀਟ ਇਲਮ ਚੰਦ ਨੇ ਤਾਜਾ ਸਫਲਤਾ ਗੁੜਗਾਓਂ ਦੇ ਤਾਊ ਦੇਵੀਲਾਲ ਸਟੇਡੀਅਮ ਵਿੱਚ 25 ਤੋਂ 28 ਮਈ 2023 ਤੱਕ ਕਰਵਾਈ  ਪੇਂਡੂ ਭਾਰਤ ਖੇਡ ਵਿਕਾਸ ਪ੍ਰੋਗਰਾਮ ਦੇ ਤਹਿਤ ਓਪਨ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ ਦੌਰਾਨ ਮਿਲੀ ਹੈ  ਜਿਸ ਵਿੱਚ 10 ਹਜ਼ਾਰ ਤੋਂ ਵੱਧ ਖਿਡਾਰੀਆਂ ਨੇ ਆਪਣੇ ਖੇਡ੍ਹ ਕਲਾ ਜੌਹਰ ਦਿਖਾਏ ਸਨ। ਇਨ੍ਹਾਂ ਮੁਕਾਬਲਿਆਂ ਦੌਰਾਨ  90 ਸਾਲਾ ਵੈਟਰਨ ਅਥਲੀਟ ਇਲਮ ਚੰਦ ਨੇ 85 ਸਾਲ ਤੋਂ ਵੱਧ ਉਮਰ ਵਰਗ ਵਿੱਚ ਖੇਡ੍ਹਦਿਆਂ ਪੋਲ ਵਾਲਟ, ਲੰਬੀ ਛਾਲ ਅਤੇ ਉੱਚੀ ਛਾਲ ਵਿੱਚ 4 ਸੋਨ ਤਗਮੇ ਜਿੱਤੇ ਹਨ। ਇਸ ਦੇ ਨਾਲ ਹੀ 30 ਸਾਲ ਤੋਂ ਵੱਧ ਉਮਰ ਵਰਗ ਦੇ ਯੋਗਾ ਮੁਕਾਬਲਿਆਂ ਵਿੱਚ ਸੋਨੇ ਦਾ ਤਗਮਾ ਜਿੱਤਿਆ ਹੈ।
    ਵੈਟਰਨ ਅਥਲੀਟ ਇਲਮ ਚੰਦ ਇੰਸਾਂ ਹੁਣ ਤੱਕ 450 ਤੋਂ ਵੱਧ ਮੈਡਲ ਜਿੱਤ ਚੁੱਕਿਆ ਹੈ ਜਿਨ੍ਹਾਂ ਵਿੱਚੋ 100 ਦੇ ਕਰੀਬ ਕੌਮਾਂਤਰੀ, ਤਕਰੀਬਨ 200  ਰਾਸ਼ਟਰਪਤੀ ਅਤੇ ਬਾਕੀ ਜ਼ਿਲ੍ਹਾ ਅਤੇ ਪਿੰਡ ਪੱਧਰੀ ਮੈਡਲ ਹਨ। ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਲਾਈਫ ਅਚੀਵਮੈਂਟ ਐਵਾਰਡ ਤੋਂ ਇਲਾਵਾ  ਪ੍ਰਧਾਨ ਮੰਤਰੀ  ਸਨਮਾਨ ਵੀ ਮਿਲਿਆ ਹੈ। ਤੱਤਕਾਲੀ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ  ਸਪੋਰਟਸਮੈਨ ਐਡਵੈਂਚਰ ਵਿੱਚ ਵੈਟਰਨ ਪੁਰਸਕਾਰ ਨਾਲ ਸਨਮਾਨ ਕਰ ਚੁੱਕੇ ਹਨ। ਹਾਲ ਹੀ ਵਿਚ ਜਾਟ ਮਹਾਸਭਾ ਦੇ ਪ੍ਰਧਾਨ, ਸੀਨੀਅਰ ਸਿਟੀਜ਼ਨ ਐਸੋਸੀਏਸ਼ਨ, ਸਮੰਤ ਸਮਰਾਟ ਸਲਕਸ਼ਣ ਪਾਲ ਦੇਵ ਤੋਮਰ ਟਰੱਸਟ ਅਤੇ ਖਜ਼ਾਨਾ ਬਾਗਪਤ (ਯੂ.ਪੀ.) ਵੱਲੋਂ ਵੀ ਸਨਮਾਨਿਤ ਕੀਤਾ ਗਿਆ । 
       ਅਧਿਆਤਮਕ ਪ੍ਰੇਰਨਾ, ਦ੍ਰਿੜ ਇੱਛਾ ਸ਼ਕਤੀ ਅਤੇ ਪੂਰੇ ਆਤਮ ਵਿਸ਼ਵਾਸ ਨਾਲ ਮੈਡਲਾਂ ਦੀ ਝੜੀ ਲਗਾ ਚੁੱਕਿਆ ਇਲਮ ਚੰਦ ਇੰਸਾਂ  ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦਾ ਰਹਿਣ ਵਾਲਾ ਹੈ । ਇਲਮ  ਚੰਦ ਇਸ ਤੋਂ ਪਹਿਲਾਂ ਆਮ ਇਨਸਾਨਾਂ ਦੀ ਤਰ੍ਹਾਂ ਜਿੰਦਗੀ ਜਿਉਣ ਵਾਲਾ ਸੀ ਅਤੇ ਉਸ ਦੇ ਜੀਵਨ ਵਿੱਚ ਹੁਣ ਵਰਗੀ ਖੁਸ਼ਹਾਲੀ ਨਹੀਂ ਸੀ।ਖੇਡ੍ਹ ਦੇ ਮੈਦਾਨ ਵਿੱਚ ਆਉਣ ਤੋਂ ਪਹਿਲਾਂ ਉਸ ਨੇ 16 ਸਾਲ ਕਈ ਸਕੂਲਾਂ ਵਿੱਚ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ। ਇਲਮ ਚੰਦ ਅੱਜ ਕੱਲ੍ਹ  ਡੇਰਾ ਸੱਚਾ ਸੌਦਾ ਸਿਰਸਾ ਦੇ ਸ਼ਾਹ ਸਤਿਨਾਮ ਜੀ ਨਗਰ ‘ਚ ਸਾਦਗੀ ਵਾਲਾ ਜੀਵਨ ਜਿਉਂ ਰਿਹਾ ਹੈ। ਹੁਣ ਤਾਂ ਸਥਿਤੀ ਇਹ ਹੈ ਕਿ ਉਹ ਜਿਸ ਵੀ ਖੇਡ੍ਹ ਮੁਕਾਬਲੇ ਵਿਚ ਜਾਂਦਾ ਹੈ , ਮੈਡਲ ਜਿੱਤ ਕੇ ਹੀ ਲਿਆਉਂਦਾ ਹੈ।
    ਸਾਲ 1996 ਦੌਰਾਨ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਸ਼ੂਗਰ ਸਮੇਤ ਹੋਰ ਬੀਮਾਰੀਆਂ ਨੇ ਉਸ ਨੂੰ ਪੂਰੀ ਤਰ੍ਹਾਂ ਜਕੜ ਲਿਆ ਜੋ ਲਗਭਗ ਉਸ ਨੂੰ ਮੌਤ ਦੇ ਮੂੰਹ ਵਿੱਚ ਲੈ ਗਈਆਂ ਸਨ। ਇਲਮ ਚੰਦ ਇੰਸਾਂ ਨੇ ਦੱਸਿਆ ਕਿ  ਉਸ ਸਮੇਂ ਦੌਰਾਨ ਉਹ ਡੇਰਾ ਸੱਚਾ ਸੌਦਾ ਵਿਖੇ ਆਇਆ ਅਤੇ  ਡੇਰਾ ਸਿਰਸਾ ਮੁਖੀ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਨੂੰ ਮਿਲੇ ਅਤੇ ਆਪਣਾ ਗੁਰੂ ਬਣਾਇਆ। ਇਲਮ ਚੰਦ ਨੇ ਦੱਸਿਆ ਕਿ  ਉਨ੍ਹਾਂ ਉਸ ਨੂੰ ਅਧਿਆਤਮਿਕ ਗਿਆਨ ਪ੍ਰਦਾਨ ਕਰਨ ਦੇ ਨਾਲ ਨਾਲ ਉਸ ਨੂੰ ਉਮਰ ਦਾ ਤਕਾਜ਼ਾ ਛੱਡ ਕੇ ਆਤਮਵਿਸ਼ਵਾਸ ਪੈਦਾ ਕਰਨ ਤੇ ਲਗਾਤਾਰ ਯੋਗ ਅਭਿਆਸ ਨਾਲ ਜੁੜਨ ਕਰਨ ਦੀ ਪ੍ਰੇਰਨਾ ਦਿੱਤੀ । ਇਹ ਯੋਗ ਅਭਿਆਸ ਉਸ ਨੇ ਸਾਲ 2000 ਦੌਰਾਨ ਸ਼ੁਰੂ ਕੀਤਾ ਜੋ ਹੁਣ ਵੀ ਜਾਰੀ ਹੈ।
ਸਫ਼ਲਤਾ ਦਾ ਸਿਹਰਾ ਰਾਮ ਰਹੀਮ ਸਿਰ
     ਇਲਮ ਚੰਦ ਇਨਸਾਨ ਨੇ ਆਪਣੀ ਸਫਲਤਾ ਦਾ ਸਿਹਰਾ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਨੂੰ ਦਿੱਤਾ ਹੈ । ਉਨ੍ਹਾਂ ਦੱਸਿਆ  ਕਿ ਜੇਕਰ ਇਨਸਾਨ ਦਾ ਹੌਂਸਲਾ ਬੁਲੰਦ ਹੋਵੇ ਤਾਂ ਉਮਰ ਅੱਗੇ ਵਧਣ ਦੇ ਰਾਹ ਵਿਚ ਕਦੇ ਰੁਕਾਵਟ ਨਹੀਂ ਆਉਂਦੀ ਅਤੇ ਸੰਘਰਸ਼ ਅਤੇ ਜਨੂੰਨ ਨਾਲ ਕੋਈ ਵੀ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਆਪਣੇ ਗੁਰੂ ਦੀ ਪ੍ਰੇਰਨਾ ਸਦਕਾ ਇਹ ਸਾਰੇ ਮੈਡਲ ਜਿੱਤੇ ਹਨ। ਉਹ ਦੱਸਦਾ ਹੈ ਕੀ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਮੁਕਾਮ ਤੱਕ ਪੁੱਜ ਜਾਏਂਗਾ। ਉਸ ਨੇ ਨਵੇਂ ਪੋਚ ਨੂੰ ਨਸ਼ਿਆਂ ਤੋਂ ਦੂਰ ਰਹਿਣ  ਦੀ ਅਪੀਲ ਕੀਤੀ ਹੈ।

Spread the love
Scroll to Top