‘ਤੇ ਚੋਰਾਂ ਦੀ ਚਤੁਰਾਈ ਨੂੰ POLICE ਸਾਹਮਣੇ ਲੈ ਆਈ

Spread the love

ਹਰਿੰਦਰ ਨਿੱਕਾ , ਬਰਨਾਲਾ 19 ਮਈ 2023 

   ਕਿਸੇ ਨੇ ਜਮ੍ਹਾਂ ਸਹੀ ਕਿਹੈ ,ਬਈ ਚੋਰ ਨਾਲ ਚਤੁਰਾਈ , ਪਰ ਇਹ ਪੁਲਿਸ  ਐ , ਜਿਹੜੀ ਚੋਰਾਂ ਦੀ ਚਤੁਰਾਈ ਨੂੰ ਵੀ ਸਾਹਮਣੇ ਲੈ ਆਈ । ਥਾਣਾ ਭਦੌੜ ਦੀ ਪੁਲਿਸ ਨੇ ਇੱਕ ਵਹੀਕਲ ਚੋਰ ਨੂੰ ਗਿਰਫਤਾਰ ਕਰਕੇ,ਉਹ ਦੇ ਕਬਜ਼ੇ ਵਿੱਚੋਂ ਚੋਰੀ ਕੀਤਾ ਹੋਇਆ ਮੋਟਰਸਾਈਕਲ ਬਰਾਮਦ ਵੀ ਕਰ ਲਿਆ। ਜਦੋਂਕਿ ਚੋਰ ਦੇ ਦੂਜੇ ਸਾਥੀ ਦੀ ਤਲਾਸ਼ ਲਈ ਹੁਣ ਪੁਲਿਸ ਪੱਬਾਂ ਭਾਰ ਹੋਈ ਫਿਰਦੀ ਹੈ। ਹੋਇਆ ਇਉਂ ਕਿ ਮੁਖਬਰ ਖਾਸ ਨੇ ਪੁਲਿਸ ਕੋਲ ਇਤਲਾਹ ਦਿੱਤੀ ਕਿ ਦੋਸੀ ਜਸਦੀਪ ਸਿੰਘ ਉਰਫ ਦੀਪ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਖੋਟਾ , ਜਿਲਾ ਮੋਗਾ ਹਾਲ ਅਬਾਦ ਪਿੰਡ ਅਲਕੜਾ (ਭਦੌੜ) ਅਤੇ ਸੁਰਿੰਦਰਪਾਲ ਸਰਮਾਂ ਉਰਫ ਸਿਵ ਪੁੱਤਰ ਪ੍ਰੇਮ ਕੁਮਾਰ ਵਾਸੀ ਭਦੌੜ ਆਪਣੇ ਹੋਰ ਸਾਥੀਆਂ ਨਾਲ ਰਲਕੇ ਬਾਹਰਲੇ ਜਿਲ੍ਹਿਆਂ ਵਿੱਚੋਂ ਵੱਡੇ ਅਤੇ ਛੋਟੇ ਵਹੀਕਲ ਚੋਰੀ ਕਰਦੇ ਹਨ । ਚੋਰੀ ਕੀਤੇ ਵਹੀਕਲਾਂ ਨੂੰ ਗਰੈਂਡਰ ਨਾਲ ਵੱਢ ਕੇ ਸਸਤੇ ਭਾਅ ਕਬਾੜ ਵਿੱਚ ਵੇਚਣ ਦੇ ਆਦੀ ਹਨ । ਪੁਲਿਸ ਨੂੰ ਇਹ ਵੀ ਭਿਣਕ ਪਈ ਕਿ ਜਸਦੀਪ ਸਿੰਘ ਉਰਫ ਦੀਪ ਅੱਜ ਵੀ ਅਲਕੜਾ ਸਾਈਡ ਤੋਂ ਚੋਰੀ ਕੀਤੇ ਹੋਏ ਇੱਕ ਸਿਲਵਰ ਰੰਗ ਦੇ ਮੋਟਰਸਾਈਕਲ ਸਪਲੈਂਡਰ ਉੱਪਰ ਸਵਾਰ ਹੋ ਕੇ ਭਦੌੜ ਵੱਲ ਨੂੰ ਆ ਰਿਹਾ ਹੈ। ਪੁਲਿਸ ਨੇ ਇਤਲਾਹ ਭਰੋਸੇਯੋਗ ਅਤੇ ਸੱਚੀ ਮੰਨ ਕੇ ਉਕਤ ਜਿਕਰਯੋਗ ਦੋਵਾਂ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ, ਦੋਸ਼ੀ ਜਸਦੀਪ ਸਿ਼ੰਘ ਉੱਤੇ ਦੱਸੀ ਗਈ ਦਿਸ਼ਾ ਵੱਲ ਪੈਣੀ ਨਜਰ ਟਿਕਾ ਲਈ। ਆਖਿਰ ਪੁਲਿਸ ਪਾਰਟੀ ਨੂੰ ਸਫਲਤਾ ਮਿਲੀ ‘ਤੇ ਉਨਾਂ ਬਿਨਾਂ ਨੰਬਰੀ ਮੋਟਰਸਾਈਕਲ ਪਰ ਆ ਰਹੇ ਦੋਸ਼ੀ ਜਸਦੀਪ ਸਿੰਘ ਦੀਪਾ ਨੂੰ ਚੋਰੀ ਕੀਤੇ ਬਿਨਾਂ ਨੰਬਰੀ ਮੋਟਰਸਾਇਕਲ ਸਣੇ ਗਿਰਫਤਾਰ ਕਰ ਲਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਹਰਪ੍ਰੀਤ ਸਿੰਘ ਅਨੁਸਾਰ ਗਿਰਫਤਾਰ ਜਸਦੀਪ ਸਿੰਘ ਦੀਪਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕੇਸ ਵਿੱਚ ਨਾਮਜਦ ਦੂਜੇ ਦੋਸ਼ੀ ਸੁਰਿੰਦਰਪਾਲ ਸਰਮਾਂ ਉਰਫ ਸ਼ਿਵ ਦੀ ਗ੍ਰਿਫਤਾਰੀ ਲਈ ਵੀ ਪੁਲਿਸ ਯਤਨਸ਼ੀਲ ਹੈ, ਜਲਦ ਹੀ ਉਸ ਨੂੰ ਵੀ ਗਿਰਫਤਾਰ ਕਰ ਲਿਆ ਜਾਵੇਗਾ।


Spread the love
Scroll to Top