ਤੈਂ ਕੀ ਦਰਦ ਨਾ ਆਇਆ-ਚੱਤੋ ਪਹਿਰ ਅੱਖਾਂ ਰਹਿਣ ਸਿੱਲ੍ਹੀਆਂ ‘ਤੇ ਦੁੱਖ ਸਾਡੇ ਵਿਹੜੇ ਆ ਗਏ

Spread the love

“”””””ਵਿਸਾਖੀ ਮੇਲੇ ਤੇ ਇਉਂ ਛਲਕਿਆ ਕਿਸਾਨੀ ਦਾ ਦਰਦ

ਅਸ਼ੋਕ ਵਰਮਾ , ਬਠਿੰਡਾ, 13 ਅਪਰੈਲ 2023
   ਲੰਘੇ ਕਈ ਸਾਲਾਂ ਤੋਂ ਖੇਤੀ ਸੰਕਟ ਨਾਲ ਜੂਝ ਰਹੇ ਪੰਜਾਬ ਵਿੱਚ ਐਤਕੀਂ ਪਿਛਲੇ ਦਿਨਾਂ ਦੌਰਾਨ ਪਏ ਮੀਂਹ ਅਤੇ  ਗੜ੍ਹੇਮਾਰੀ ਨੇ  ‘ਜੱਟ ਦੇ ਦਮਾਮੇ’ ਫਿੱਕੇ ਪਾ ਦਿੱਤੇ ਹਨ। ਕਿਸਾਨਾਂ ਨੂੰ ਇਸ ਵੇਲੇ ਸਭ ਤੋਂ ਵੱਡਾ ਫਿਕਰ ਆਪਣੀ ਕਣਕ ਦੀ ਫ਼ਸਲ ਨੂੰ ਸੰਭਾਲਣ ਅਤੇ ਵੇਚਣ ਦਾ ਬਣਿਆ ਹੋਇਆ ਹੈ। ਬਠਿੰਡਾ ਜ਼ਿਲ੍ਹੇ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਵਾਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਲੱਗੇ ਵਿਸਾਖੀ ਮੇਲੇ ਮੌਕੇ ਕਿਸਾਨ ਗੁਰੂ ਘਰ ਵਿੱਚ ਨਤਮਸਤਕ ਹੋਣ ਆਏ ਕਿਸਾਨਾਂ ਨੇ ਇਸ ਸਬੰਧ ਵਿਚ ਫਿਕਰ ਜ਼ਾਹਰ ਕੀਤੇ । 
               ਇਨ੍ਹਾਂ ਕਿਸਾਨਾਂ ਨੇ ਆਪਣੇ  ਪਰਿਵਾਰਾਂ ਦੇ ਨਾਲ ਨਾਲ ਪੰਜਾਬ ਦੇ  ਖੇਤਾਂ ਦੀ ਸੁੱਖ ਮੰਗੀ। ਕੋਈ ਸਮਾਂ ਸੀ ਜਦੋਂ ਕਿਸਾਨ ਵਿਸਾਖੀ ਮੇਲੇ ਤੇ ਜਾਣ ਮੌਕੇ ਢੋਲ ਦੀ ਥਾਪ ਤੇ ਨੱਚਦਾ ਗਾਉਂਦਾ ਹੁੰਦਾ ਸੀ । ਪਰ ਖੇਤੀ ਤੇ ਆਏ ਸੰਕਟ ਅਤੇ ਵਕਤ ਦੇ ਥਪੇੜਿਆਂ ਨੇ ਸਭ ਕੁਝ ਉਲਟ ਫੇਰ ਕਰ ਕੇ ਰੱਖ ਦਿੱਤਾ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕੇ ਪੰਜਾਬ ਦੇ ਅੱਧੀ ਦਰਜਨ ਜ਼ਿਲ੍ਹਿਆ ਵਿੱਚ  ਫਸਲ ਦੀ ਹੋਈ ਤਬਾਹੀ ਨੇ ਕਿਸਾਨੀ ਨੂੰ ਘੁੰਮਣਘੇਰੀ ’ਚ ਪਾ ਰੱਖਿਆ ਹੈ।
           ਕੁੱਝ ਦਿਨ ਪਹਿਲਾਂ ਇਸ ਖਿੱਤੇ ’ਚ  ਪਏ ਗੜਿਆਂ ਅਤੇ ਤੇਜ ਬਾਰਸ਼ ਨੇ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆ ਤੋਂ ਇਲਾਵਾ ਬਾਕੀ ਥਾਵਾਂ ਤੋਂ  ਆਈਆਂ ਕਣਕ ਦਾ ਝਾੜ ਘਟਣ ਦੀ ਰਿਪੋਰਟਾਂ ਨੇ ਵੀ ਕਿਸਾਨਾਂ ਨੂੰ ਫਿਕਰਮੰਦ ਕੀਤਾ ਹੋਇਆ ਹੈ। ਜਾਣਕਾਰੀ ਅਨੁਸਾਰ ਅੱਜ ਜਿਲ੍ਹਾ ਬਠਿੰਡਾ ਵਿਚਲੇ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਵਾਲੇ ਕਸਬੇ ਤਲਵੰਡੀ ਸਾਬੋ ਵਿਖੇ ਲਗਦੇ ਵਿਸਾਖੀ ਦੇ ਮੇਲੇ ‘ਤੇ ਆਮ ਲੋਕਾਂ ਦਾ ਇਕੱਠ ਘੱਟ ਰਿਹਾ  । ਜਦੋਂਕਿ  ਕਿਸਾਨ ਵੀ ਪਹਿਲਾਂ ਵਾਲੇ ਜਲੌਅ ਵਿੱਚ ਨਜ਼ਰ ਨਹੀਂ ਆਏ ।
        ਗੁਰੂ ਘਰ ਨਤਮਸਤਕ ਹੋਣ ਆਏ ਕਿਸਾਨ ਜਤਿੰਦਰ ਸਿੰਘ ਨੇ ਦੱਸਿਆ ਕਿ  ਲਗਾਤਾਰ ਨਖਿੱਧ ਹੁੰਦੀ ਜਾ ਰਹੀ ਖੇਤੀ ਕਾਰਨ ਕਿਸਾਨ ਭਾਈਚਾਰਾ ਇਕੱਲੇ ਵਿਸਾਖੀ ਦੇ ਮੇਲੇ ‘ਚੋਂ ਹੀ ਨਹੀਂ ਬਲਕਿ ਖੁਸ਼ੀਆਂ ਖੇੜਿਆਂ ਦੇ ਹਰੇਕ ਸਮਾਗਮ ਚੋਂ ਮਨਫ਼ੀ ਹੁੰਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਤਾਂ ਵਿਸਾਖੀ ਮੇਲੇ ‘ਤੇ ਆਏ ਕਿਸਾਨ ਬਹੁਤੇ ਸਜ ਧੱਜ ਕੇ ਨਹੀਂ ਆਏ । ਜਦੋਂ ਕਿ ਪੁਰਾਣੇ ਵੇਲਿਆਂ ਵਿੱਚ ਥਾਂ ਕਿਸਾਨਾਂ ਦਾ  ਢੋਲ ਢਮੱਕਾ ਦੇਖਣਾ ਬਣਦਾ ਹੁੰਦਾ ਸੀ । ਕਿਸਾਨ ਆਖਦੇ ਹਨ ਕਿ ਉਹਨਾਂ ਨੂੰ ਪਹਿਲਾਂ ਅਮਰੀਕਨ ਸੁੰਡੀ ਨੇ ਮਾਰਿਆ ਅਤੇ ਬਾਅਦ ਵਿੱਚ ਚਿੱਟਾ ਮੱਛਰ ਤੇ ਗੁਲਾਬੀ ਸੁੰਡੀ ਕਿਸਾਨੀ ਨੂੰ ਆਰਥਕ ਤੌਰ ਤੇ ਤਬਾਹ ਕਰ ਗਏ ਜਦੋਂ ਕਿ ਐਤਕੀਂ  ਕਣਕ ਦੀ ਫਸਲ ਮਾਰਨ ਲੱਗੀ ਹੈ। 
 ਤਲਵੰਡੀ ਸਾਬੋ  ਆਏ ਜ਼ਿਲ੍ਹੇ ਦੇ ਵੱਡੇ ਪਿੰਡ ਮਹਿਰਾਜ ਦੇ ਕਿਸਾਨ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਇਹੋ ਜਿਹੇ ਕਈ ਕਾਰਨ ਹਨ ਜਿੰਨਾ ਕਰਕੇ ਕਿਸਾਨਾਂ ਦੀ ਵਿਸਾਖੀ ਹੀ ਨਹੀਂ ਬਲਕਿ ਮੇਲਿਆਂ ਮੁਜਾਰਿਆਂ ‘ਤੇ ਜਾਣ ਦੀ ਤਰਜੀਹ ਨਹੀਂ ਰਹੀ ਹੈ । ਇਸੇ ਪਿੰਡ ਦੇ ਕਿਸਾਨ ਜਸਬੀਰ ਸਿੰਘ ਦਾ ਕਹਿਣਾ ਸੀ ਕਿ ਕਾਫ਼ੀ ਸਾਲ ਪਹਿਲਾਂ ਪਿੰਡਾਂ ਦੇ 80 ਫੀਸਦੀ ਲੋਕ ਵਿਸਾਖੀ ਮੇਲੇ ‘ਤੇ ਜਾਂਦੇ ਸਨ। ਉਨ੍ਹਾਂ ਆਖਿਆ ਕਿ  ਜਦੋਂ ਤੋਂ ਖੇਤੀ ਘਾਟੇ ‘ਚ ਜਾਣ ਲੱਗੀ ਹੈ, ਉਦੋਂ ਤੋਂ  ਕਿਸਾਨਾਂ ਦਾ ਰੁਝਾਨ ਲਗਾਤਾਰ ਘਟਦਾ ਹੀ ਜਾ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਵੱਡੀ ਗਿਣਤੀ  ਪਰਿਵਾਰ ਅਜਿਹੇ ਹਨ ਜਿਨ੍ਹਾਂ ਦੇ ਪੱਲੇ ਖਰਚ ਵੀ ਨਹੀਂ ਪਿਆ ਅਤੇ ਸਰਕਾਰ ਮੁਆਵਜ਼ਾ ਵੀ ਘੱਟ ਦੇ ਰਹੀ ਹੈ ਤਾਂ ਕਿਸਾਨ ਕਿਸ ਖੂਹ-ਖਾਤੇ ਪਵੇ।
           ਉਸ ਨੇ ਦੱਸਿਆ ਕਿ ਉਹ ਵੀ ਅੱਜ ਬਹੁਤੇ ਕਿਸਾਨਾਂ ਦੀ ਤਰ੍ਹਾਂ ਗੁਰੂ ਘਰ ’ਚ ਨਤਮਸਤਕ ਹੋਣ ਪਿੱਛੋਂ ਘਰ ਮੁੜ ਰਿਹਾ ਹੈ।   ਉਨ੍ਹਾਂ ਆਖਿਆ ਕਿ ਹਰ ਕਿਸਾਨ ਦੀ ਤਰਜੀਹ ਆਪਣੇ ਖੇਤਾਂ ’ਚ ਖਲੋਤੀ ਕਣਕ ਦੀ ਪੱਕੀ ਫਸਲ ਹੈ । ਉਨ੍ਹਾਂ ਆਖਿਆ ਕਿ ਸੁੱਖੀਂ ਸਾਂਦੀਂ  ਕਣਕ ਦੀ ਫਸਲ ਨੇਪਰੇ ਚੜ੍ਹ ਜਾਵੇ ਬੱਸ ਇਹੋ ਵਿਸਾਖੀ ਹੈ।ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਦਾ ਕਹਿਣਾ ਸੀ ਕਿ ਪਹਿਲਾਂ ਤਾਂ ਵਾਢੀ ਦੇ ਜ਼ੋਰ ਦੇ ਬਾਵਜੂਦ ਪਿੰਡਾਂ ‘ਚੋਂ ਕਈ ਕਈ ਟਰਾਲੀਆਂ ਵਿਸਾਖੀ ਮੇਲੇ ‘ਤੇ ਜਾਂਦੀਆਂ ਸਨ ਪ੍ਰੰਤੂ ਹੁਣ ਲੋਕ ਪਾਸਾ ਵੱਟਣ ਲੱਗੇ ਹਨ। ਉਨ੍ਹਾਂ ਕਿਹਾ ਕਿ ਹਰ ਕਿਸਾਨ ਨੂੰ ਫਸਲ  ਦੀ ਚਿੰਤਾ ਸਤਾ ਰਹੀ ਹੋਵੇ ਤਾਂ ਮੇਲੇ ਕਿੱਥੇ ਚੰਗੇ ਲੱਗਦੇ ਹਨ।
              ਫੂਲ  ਦੇ ਕਿਸਾਨ ਕਰਨੈਲ ਸਿੰਘ ਨੇ ਆਖਿਆ ਕਿ  ਕਿਸਾਨਾਂ ਦਾ ਪਹਿਲਾਂ ਵਾਲਾ ਉਤਸ਼ਾਹ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਮੌਸਮ ਕਾਰਨ ਪੈਦਾ ਹੋਏ ਹਲਾਤਾਂ ਨੇ ਕਿਸਾਨ ਪਰਿਵਾਰਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ ਜਿਸ ਕਾਰਨ ਹੁਣ ਮੇਲਾ ਚਾਅ ਦਾ ਸਬੱਬ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਕਿ ਹੈ ਤਖਤ ਸਾਹਿਬ ਤੇ ਨਤਮਸਤਕ ਹੋਕੇ ਵਾਹਿਗੁਰੂ ਦਾ ਸ਼ੁਕਰਾਨਾ ਉਨ੍ਹਾਂ ਦੀ ਪਹਿਲ ਰਹੀ ਹੈ ਅਤੇ ਹਮੇਸ਼ਾਂ ਹੀ ਰਹੇਗੀ।ਉਨ੍ਹਾਂ ਕਿਹਾ ਕਿ ਹੁਣ ਸੁੱਖੀਂ ਸਾਂਦੀ ਦਾਣੇ ਘਰ ਆ ਜਾਣ ਬੱਸ ਇਹੋ ਕਾਫੀ ਹੈ।  ਉਸ ਦਾ ਕਹਿਣਾ ਸੀ ਕਿ ਉਸ ਨੇ ਤਾਂ ਸਥਿਤੀ ਨੂੰ ਦੇਖਦਿਆਂ ਫਸਲ ਠੀਕ ਠਾਕ ਸਾਂਭੀ ਜਾਵੇ, ਇਹ ਅਰਦਾਸ  ਕੀਤੀ ਹੈ।
        ਕਿਸਾਨਾਂ ਲਈ ਫਸਲ ਤਰਜੀਹ 
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਅਸਲ ’ਚ ਕਿਸਾਨਾਂ ਦੀ ਪਹਿਲ ਸੁੱਖੀ ਸਾਂਦੀ ਫਸਲ ਨਿਪਟਾਉਣਾ ਹੈ। ਉਨ੍ਹਾਂ ਕਿਹਾ ਕਿ ਖੇਤੀ ਤੇ ਲਗਾਤਾਰ ਪੈ ਰਹੀਆਂ ਮਾਰਾਂ ਕਾਰਨ ਕਿਸਾਨਾਂ ਦੀਆਂ   ਖੁਸ਼ੀਆਂ ਖੰਭ ਲਾਕੇ ਉੱਡ ਗਈਆਂ ਹਨ। ਉਨ੍ਹਾਂ ਕਿਸਾਨਾਂ ਨੂੰ ਪ੍ਰਤੀ ਏਕੜ ਪੰਜਾਹ ਹਜ਼ਾਰ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਕਿਉਂਕਿ ਕਾਫੀ ਥਾਵਾਂ ਤੇ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਕਿਸਾਨ ਆਗੂ ਨੇ ਕਿਹਾ ਕਿ ਅੱਜ ਖ਼ਾਲਸਾ ਸਾਜਨਾ ਦਿਵਸ ਤੇ ਕਿਸਾਨਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ਵਾਸਤੇ ਤਿਆਰ ਰਹਿਣ ਦਾ ਪ੍ਰਣ ਕਰਨਾ ਚਾਹੀਦਾ ਹੈ।
ਪੱਛਮੀ ਹਵਾ ਦਾ  ਅਸਰ-ਘਣੀਆਂ
 ਸਾਹਿਤ ਸਭਾ ਪੰਜਾਬ ਬਠਿੰਡਾ ਦੇ ਜਿਲ੍ਹਾ ਪ੍ਰਧਾਨ ਤੇ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਦਾ ਕਹਿਣਾ ਸੀ ਕਿ ਪੱਛਮੀ ਹਵਾ ਦੇ ਪ੍ਰਭਾਵ ਨੇ ਨਵੀਂ ਪੀੜ੍ਹੀ ਨੂੰ ਸੱਭਿਆਚਾਰ ਤੇ ਇਤਿਹਾਸ ਨਾਲੋਂ ਤੋੜ ਦਿੱਤਾ ਹੈ ਅਤੇ ਰਹਿੰਦੀ ਕਸਰ ਬਾਜ਼ਾਰਵਾਦ ਨੇ ਕੱਢ ਦਿੱਤੀ ਹੈ। ਉਨ੍ਹਾਂ ਆਖਿਆ ਕਿ  ਹੁਣ ਮੇਲੇ ਲਾਉਣੇ ਪੈਂਦੇ ਹਨ ਜਦੋਂਕਿ ਪਹਿਲਾਂ ਮੇਲੇ ਲੱਗਦੇ ਹੁੰਦੇ ਸਨ। ਉਨ੍ਹਾਂ ਆਖਿਆ ਕਿ ਅਧੁਨਿਕ ਯੁੱਗ ’ਚ ਸਮਾਰਟਫੋਨ ਵੀ ਆਪਸੀ ਪ੍ਰੇਮ ਪਿਆਰ ਅਤੇ ਮੇਲਿਆਂ ਦਾ ਵੈਰੀ ਸਾਬਤ ਹੋਇਆ ਹੈ।

Spread the love
Scroll to Top