? ਦਵਾਈਆਂ ਦੀ ਉਹ ਫੈਕਟਰੀ, ਜਿੱਥੋਂ ਰਿੰਕੂ ਮਿੱਤਲ ਤੇ ਕੁਰੈਸ਼ੀ ਖਰੀਦਦੇ ਰਹੇ ਨਸ਼ੀਲੀਆਂ ਗੋਲੀਆਂ

Spread the love


ਹੰਭ ਗਈ ਪੁਲਿਸ ਪੁੱਛਗਿੱਛ ਕਰਕੇ, 14 ਦਿਨ ਦੇ ਪੁਲਿਸ ਰਿਮਾਂਡ ਚ, ਨਹੀਂ ਲੱਭਿਆ ਰਿੰਕੂ ਦਾ ਕੋਈ ਗੋਦਾਮ –

ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ-ਹੁਣ ਕੁਰੈਸ਼ੀ ਦੀ ਨਿਸ਼ਾਨਦੇਹੀ ਤੇ ਫੜ੍ਹੇ ਜਾਣ ਵਾਲਿਆਂ ਤੇ ਟਿਕੀਆਂ ਨਜ਼ਰਾਂ
ਬਰਨਾਲਾ ਟੂਡੇ ਬਿਊਰੋ।
ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ ਦੇ ਅੰਤਰ-ਰਾਜ਼ੀ ਗਿਰੋਹ ਦਾ ਬੇਤਾਜ਼ ਬਾਦਸ਼ਾਹ ਨਰੇਸ਼ ਕੁਮਾਰ ਰਿੰਕੂ ਮਿੱਤਲ ਨਾ ਖੁਦ ਨਸ਼ੀਲੀਆਂ ਦਵਾਈਆਂ ਬਣਾਉਦਾ ਸੀ ਅਤੇ ਨਾ ਹੀ ਚਾਲੀ ਲੱਖ ਤੋਂ ਵਧੇਰੇ ਨਸ਼ੀਲੀਆਂ ਗੋਲੀਆਂ,ਕੈਪਸੂਲ ਤੇ ਟੀਕਿਆਂ ਸਮੇਤ ਸੀਆਈਏ ਸਟਾਫ ਬਰਨਾਲਾ ਦੀ ਪੁਲਿਸ ਟੀਮ ਦੁਆਰਾ ਯੂਪੀ ਦੇ ਮਥੁਰਾ ਸ਼ਹਿਰ ਤੋਂ ਕਾਬੂ ਕਰਕੇ ਲਿਆਂਦਾ ਗਿਆ ਤਾਇਬ ਕੁਰੈਸ਼ੀ। ਇਹ ਗੱਲ ਰਿੰਕੂ ਮਿੱਤਲ ਦੇ 14 ਦਿਨ ਦੇ ਪੁਲਿਸ ਰਿਮਾਂਡ ਤੇ ਤਾਇਬ ਕੁਰੈਸ਼ੀ ਦੀ 7 ਦਿਨਾਂ ਚ, ਹੋਈ ਪੁਲਿਸ ਤਫਤੀਸ਼ ਦੇ ਦੌਰਾਨ ਹਾਲੇ ਤੱਕ ਰਿਕਾਰਡ ਵਿੱਚ ਸਾਹਮਣੇ ਨਹੀਂ ਆਈ। ਫਿਰ ਆਖਿਰ ਇੰਨੀਆਂ ਨਸ਼ੀਲੀਆਂ ਗੋਲੀਆਂ ਦੀ ਪ੍ਰਾਪਤੀ ਦਾ ਸਰੋਤ ਕੀ ਰਿਹਾ। ਇਹ ਗੱਲ ਹਰ ਕਿਸੇ ਚੇਤੰਨ ਵਿਅਕਤੀ ਦੇ ਜ਼ਿਹਨ ਵਿੱਚ ਵਾਰ ਵਾਰ ਉੱਠਦੀ
ਆ ਰਹੀ ਹੈ। ਪਰ ਇਸ ਸਵਾਲ ਦਾ ਜੁਆਬ ਨਸ਼ਾ ਤਸਕਰੀ ਰੈਕਟ ਦੀ ਤਫਤੀਸ਼ ਕਰਨ ਵਾਲੀ ਟੀਮ ਵਿੱਚ ਸ਼ਾਮਿਲ ਕੋਈ ਵੀ ਵੱਡਾ ਜਾਂ ਛੋਟਾ ਅਧਿਕਾਰੀ ਦੇਣ ਨੂੰ ਤਿਆਰ ਨਹੀਂ ਹੈ। ਪਿੰਡਾਂ ਦੀਆਂ ਸੱਥਾਂ ਅਤੇ ਸ਼ਹਿਰੀ ਖੇਤਰਾਂ ਦੇ ਚੌਕ ਚੌਰਾਹਿਆਂ, ਜਾਂ ਫਿਰ ਪਾਰਕਾਂ ਵਿੱਚ ਬੈਠਣ ਵਾਲੇ ਲੋਕਾਂ ਦੀ ਖੁੰਡ ਚਰਚਾ ਦਾ ਚਲੰਤ ਮੁੱਦਾ ਜਰੂਰ ਬਣਿਆ ਹੋਇਆ ਹੈ। ਪੰਜਾਬ ਪੁਲਿਸ ਦੇ ਮੁਖੀ ਸ੍ਰੀ ਦਿਨਕਰ ਗੁਪਤਾ ਤੋਂ ਲੈ ਕੇ ਬਰਨਾਲਾ ਜਿਲ੍ਹੇ ਦੇ ਪੁਲਿਸ ਮੁਖੀ ਸੰਦੀਪ ਗੋਇਲ ਤੱਕ ਨੇ ਕੀਤੀਆਂ ਦੋ ਵੱਖ-ਵੱਖ ਪ੍ਰੈਸ ਕਾਨਫਰੰਸਾਂ ਦੌਰਾਨ ਰਿੰਕੂ ਮਿੱਤਲ ਨੂੰ ਰੈਕਟ ਦਾ ਮੁਖੀ ਐਲਾਣਿਆ ਤੇ ਤਾਇਬ ਕੁਰੈਸ਼ੀ ਤੋਂ ਬਰਾਮਦ ਹੋਈ 40 ਲੱਖ , 1 ਹਜਾਰ 40 ਨਸ਼ੀਲੀਆਂ ਦਵਾਈਆਂ,ਕੈਪਸੂਲ ਤੇ ਟੀਕਿਆਂ ਦੀ ਵੱਡੀ ਬਰਾਮਦਗੀ ਨੂੰ ਪੰਜਾਬ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਵੀ ਦੱਸਿਆ। ਇਸ ਵਿੱਚ ਕੋਈ ਦੋ ਰਾਵਾਂ ਵੀ ਨਹੀਂ ਕਿ ਬਰਨਾਲਾ ਪੁਲਿਸ ਇਸ ਪ੍ਰਾਪਤੀ ਲਈ ਵਧਾਈ ਦੀ ਹੱਕਦਾਰ ਜਰੂਰ ਹੈ।
-ਪੁੱਟਿਆਂ ਪਹਾੜ, ਨਿੱਕਲਿਆ ਚੂਹਾ,,
ਹੁਣ ਤੱਕ ਯਾਨੀ ਰਿੰਕੂ ਦੇ ਨਿਆਂਇਕ ਹਿਰਾਸਤ ਚ, ਪਹੁੰਚ ਜਾਣ ਤੱਕ ਪੁਲਿਸ ਵੱਲੋਂ ਰੈਕਟ ਦੇ ਮੁਖੀ ਵਜੋਂ ਪੇਸ਼ ਕੀਤੇ ਰਿੰਕੂ ਮਿੱਤਲ ਦੀ ਦੁਕਾਨ ਤੇ ਗੋਦਾਮ ਤੋਂ ਹੋਈ ਕੁੱਲ ਬਰਾਮਦਗੀ 6 ਹਜ਼ਾਰ ਨਸ਼ੀਲੀਆਂ ਗੋਲੀਆਂ ਦਾ ਅੰਕੜਾ ਵੀ ਨਹੀ ਛੋਹ ਸਕੀ। ਇੱਨ੍ਹਾਂ ਹੀ ਨਹੀਂ, ਰਿੰਕੂ ਮਿੱਤਲ ਤੇ ਤਾਇਬ ਕੁਰੈਸ਼ੀ ਦੀ ਸਾਂਝੀ ਪੁੱਛਗਿੱਛ ਚੋਂ ਹੋਈ ਕੋਈ ਵੱਡੀ ਰਿਕਵਰੀ ਦਾ ਖੁਲਾਸਾ ਵੀ ਪੁਲਿਸ ਨੇ ਹਾਲੇ ਤੱਕ ਨਹੀਂ ਕੀਤਾ ਹੈ। ਜਦੋਂ ਕਿ ਐਸਐਸਪੀ ਗੋਇਲ ਨੇ ਬਰਨਾਲਾ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਇਹ ਦਾਅਵਾ ਵੀ ਹਿੱਕ ਠੋਕ ਕੇ ਕੀਤਾ ਸੀ ਕਿ ਦੋਵਾਂ ਦੋਸ਼ੀਆਂ ਦੀ ਪੁੱਛਗਿੱਛ ਤੋਂ ਬਾਅਦ ਹੋਣ ਵਾਲੀ ਸੰਭਾਵਿਤ ਨਸ਼ੀਲੇ ਪਦਾਰਥਾਂ ਦੀ ਰਿਕਵਰੀ ਪਹਿਲਾਂ ਬਰਨਾਲਾ ਪੁਲਿਸ ਵੱਲੋਂ ਹੀ ਸਥਾਪਿਤ ਆਪਣੇ ਰਿਕਾਰਡ ਨੂੰ ਵੀ ਤੋੜ ਦੇਵੇਗੀ। ਪਰੰਤੂ ਹੁਣ ਬਰਨਾਲਾ ਪੁਲਿਸ ਦੀ ਹਾਲਤ ਉਹ ਹੋਈ ਹੈ ਕਿ ,,ਨਾ ਖੁਦਾ ਹੀ ਮਿਲਾ, ਨਾ ਵਿਸਾਲ ਏ ਸਨਮ,, । ਰਿੰਕੂ ਮਿੱਤਲ ਦੇ ਕੁਰੈਸ਼ੀ ਦੀ ਸਾਂਝੀ 7 ਦਿਨ ਦੀ ਪੁਲਿਸ ਤਫਤੀਸ਼ ਤੋਂ ਬਾਅਦ ਪੁਲਿਸ ਨੇ ਰਿੰਕੂ ਤੋਂ ਨਸ਼ੀਲੀਆਂ ਗੋਲੀਆਂ ਖਰੀਦਣ ਵਾਲੇ ਬਰਨਾਲਾ ਸ਼ਹਿਰ ਦੇ ਹੀ 2 ਕੈਮਿਸਟਾਂ, ਪ੍ਰੇਮ ਤੇ ਰੁਪੇਸ਼ ਦੀ ਗਿਰਫਤਾਰੀ ਤੋਂ ਬਿਨਾਂ ਕੁਝ ਹਾਸਿਲ ਨਹੀਂ ਹੋਇਆ। ਇੱਨ੍ਹਾਂ ਹੀ ਨਹੀਂ, ਪੁਲਿਸ ਟੀਮ ਰਿੰਕੂ ਤੋਂ ਨਸ਼ੀਲੀਆਂ ਦਵਾਈਆਂ ਖਰੀਦਣ ਵਾਲੇ ,ਬੱਸ ਅੱਡਾ ਰੋਡ ਖੇਤਰ ਚੋਂ ਕਈ ਦਿਨ ਤੋਂ ਰੂਪੋਸ਼ ਚੱਲ ਰਹੇ ਕੈਮਿਸਟਾਂ ਦਾ ਨਾਮ ਪੁੱਛਣ ਚ, ਵੀ ਸਫਲ ਨਹੀਂ ਹੋਈ।
ਜਵਾਬ ਲਈ ਮੂੰਹ ਖੋਲ੍ਹੇ ਖੜ੍ਹੇ ਕੁਝ ਸਵਾਲ
? ਸਾਈਕੋਟਰੋਪਿਕ ਨਸ਼ਾ ਤਸਕਰੀ ਰੈਕਟ ਤੋਂ ਪੁਲਿਸ ਨੇ ਚਾਲੀ ਲੱਖ ਤੋਂ ਵਧੇਰੇ ਨਸ਼ੀਲੀਆਂ ਗੋਲੀਆਂ, ਕੈਪਸੂਲ ਤੇ ਟੀਕੇ ਬਰਾਮਦ ਕਰ ਲਏ ਹਨ। ਇਹਨਾਂ ਨੂੰ ਤਿਆਰ ਕਰਨ ਵਾਲੀ ਦਵਾਈਆਂ ਦੀ ਕੰਪਨੀ ਦੇ ਨਾਮ ਦਾ ਖੁਲਾਸਾ ਕਰਨ ਤੋਂ ਪੁਲਿਸ ਕਿਉਂ ਝਿਜ਼ਕ ਰਹੀ ਹੈ
? ਪੁਲਿਸ ਵੱਲੋਂ ਬਰਾਮਦ ਨਸ਼ੀਲੀਆਂ ਦਵਾਈਆਂ ਤਿਆਰ ਕਰਨ ਵਾਲੀ ਕੰਪਨੀ ਦੁਆਰਾ ਬਿਨਾਂ ਕਿਸੇ ਬਿਲ ਜਾਂ ਲਾਈਸੰਸ ਤੋਂ ਹੀ ਲੱਖਾਂ ਨਸ਼ੀਲੀਆਂ ਗੋਲੀਆਂ ਕਿਵੇਂ ਦੇ ਦਿੱਤੀਆਂ। ਜਦੋਂ ਕਿ ਨਿਯਮਾਂ ਅਨੁਸਾਰ ਕੋਈ ਆਮ ਕੈਮਿਸਟ ਵੀ ਡਾਕਟਰ ਦੇ ਲਿਖੇ ਬਿਨਾਂ ਕੋਈ ਦਵਾਈ ਮਰੀਜ਼ ਨੂੰ ਨਹੀਂ ਦੇ ਸਕਦਾ।
? ਕੀ ਨਸ਼ਾ ਤਸਕਰਾਂ ਨੂੰ ਬਿਨਾਂ ਲਾਈਸੰਸ ਜਾਂ ਬਿਲ ਦੇ ਨਸ਼ੀਲੀਆਂ ਦਵਾਈਆਂ ਵੇਚਣ ਵਾਲੀ ਕੰਪਨੀ ਦੇ ਵਿਰੁੱਧ ਵੀ ਕੋਈ ਕੇਸ ਦਰਜ਼ ਨਹੀਂ ਕਰਨਾ ਚਾਹੀਦਾ।
ਇੰਤਜ਼ਾਰ ਕਰੋ, ਇੰਤਜ਼ਾਰ ਕਰੋ,,,
ਹਿੰਦੀ ਦੀ ਇੱਕ ਕਹਾਵਤ ਹੈ, ਜਬ ਤੱਕ ਸਾਸ,ਤਬ ਤੱਕ ਆਸ, ਬਰਕਰਾਰ ਰਹਿਣੀ ਹੀ ਚਾਹੀਦੀ ਹੈ। ਕਿਉਂ ਜੋਂ ਜਿਲ੍ਹਾ ਪੁਲਿਸ ਦੀ ਕਮਾਨ ਇੱਕ ਇਮਾਨਦਾਰ ਤੇ ਦ੍ਰਿੜ ਇਰਾਦੇ ਵਾਲੇ ਸਖਤ ਸੁਭਾਅ ਦੇ ਅਧਿਕਾਰੀ ਸੰਦੀਪ ਗੋਇਲ ਦੇ ਹੱਥ ਵਿੱਚ ਹੈ। ਸ੍ਰੀ ਗੋਇਲ ਦੀ ਇਸ ਤਰਾਂ ਦੀ ਹੁਣ ਤੱਕ ਕਾਇਮ ਛਬੀ ਕਾਰਣ ਲੋਕਾਂ ਨੂੰ ਉੱਨ੍ਹਾਂ ਤੋਂ ਉਮੀਦਾਂ ਵੀ ਕੁਝ ਜਿਆਦਾ ਹੀ ਵਧ ਗਈਆਂ ਹਨ। ਪਰ ਹਾਲੇ ,,ਇੰਤਜ਼ਾਰ ਕਰੋ, ਇੰਤਜ਼ਾਰ ਕਰੋ,, ਵਾਲਾ ਹਿੰਦੀ ਗੀਤ ਗੁਣਗੁਣਾਉਣਾਂ ਹੀ ਸਮੇਂ ਦੀ ਨਜ਼ਾਕਤ ਵੀ ਹੈ। ਬਾਕੀ ਆਗੇ ਆਗੇ ਦੇਖੀਏ ਹੋਤਾ ਹੈ ਕਿਆ।


Spread the love
Scroll to Top