ਦੇਸ਼ ਭਰ ‘ਚ ਹੋਟਲਾਂ ਦੀ ਵਧ ਰਹੀ ਮੰਗ ,ਪਰ ਸਾਡੇ ਕੋਲ ਹੁਨਰਮੰਦ ਪੇਸ਼ੇਵਰਾਂ ਦੀ ਘਾਟ-M.P. ਅਰੋੜਾ

Spread the love

MP ਸੰਜੀਵ ਅਰੋੜਾ ਨੇ ਕਿਹਾ ,ਪੰਜਾਬ ਨੂੰ ਹੋਰ ਹੋਟਲ ਮੈਨੇਜਮੈਂਟ ਇੰਸਟੀਚਿਊਟ ਦੀ ਲੋੜ 

ਦਵਿੰਦਰ ਡੀ.ਕੇ. ਲੁਧਿਆਣਾ, 31 ਜੁਲਾਈ 2022

     ਐਮ. ਪੀ. ਸ੍ਰੀ ਸੰਜੀਵ ਅਰੋੜਾ (ਰਾਜ ਸਭਾ) ਵੱਲੋਂ ਪੰਜਾਬ ਵਿੱਚ ਕੇਂਦਰ ਸਰਕਾਰ ਵੱਲੋਂ ਫੰਡ ਪ੍ਰਾਪਤ ਹੋਰ ਹੋਟਲ ਮੈਨੇਜਮੈਂਟ ਇੰਸਟੀਚਿਊਟ ਸਥਾਪਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ, ਜਿਸ ਵਿੱਚ ਲੁਧਿਆਣਾ, ਅੰਮ੍ਰਿਤਸਰ, ਮੋਹਾਲੀ ਅਤੇ ਜਲੰਧਰ ਵਿੱਚ ਵੱਡੀ ਗਿਣਤੀ ਵਿੱਚ ਹੋਟਲ ਮੌਜੂਦ ਹਨ। ਇਸ ਨਾਲ ਜਿੱਥੇ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣ ਵਿੱਚ ਮਦਦ ਮਿਲੇਗੀ ਉੱਥੇ ਅਪਰਾਧ ਅਤੇ ਨਸ਼ਿਆਂ ਦੀ ਸਮੱਸਿਆ ਵੀ ਘੱਟ ਹੋਵੇਗੀ।
    ਅੱਜ ਆਪਣੇ ਜਾਰੀ ਬਿਆਨ ਵਿੱਚ, ਉਨ੍ਹਾਂ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਦੇਸ਼ ਭਰ ਵਿੱਚ ਹੋਟਲਾਂ ਦੀ ਮੰਗ ਵਧ ਰਹੀ ਹੈ ਪਰ ਸਾਡੇ ਕੋਲ ਹੁਨਰਮੰਦ ਪੇਸ਼ੇਵਰਾਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹੀ ਨਹੀਂ ਬਲਕਿ ਦੁਨੀਆ ਭਰ ਵਿੱਚ ਹੋਟਲ ਉਦਯੋਗ ਵਿੱਚ ਹੁਨਰਮੰਦ ਪੇਸ਼ੇਵਰਾਂ ਦੀ ਬਹੁਤ ਮੰਗ ਹੈ।
         ਸ੍ਰੀ ਅਰੋੜਾ ਨੇ ਅੱਗੇ ਕਿਹਾ ਕਿ ਹਾਲ ਹੀ ਵਿੱਚ, ਉਨ੍ਹਾਂ ਰਾਜ ਸਭਾ ਵਿੱਚ ਦੇਸ਼ ਵਿੱਚ ਹੋਟਲ ਮੈਨੇਜਮੈਂਂਟ ਇੰਸਟੀਚਿਊਟ ਦੇ ਸਬੰਧ ਵਿੱਚ ਕੁਝ ਸਵਾਲ ਰੱਖੇ ਅਤੇ ਜਵਾਬ ਵਿੱਚ, ਕੇਂਦਰੀ ਸੈਰ-ਸਪਾਟਾ ਮੰਤਰੀ ਨੇ ਜਵਾਬ ਦਿੱਤਾ ਕਿ ਦੇਸ਼ ਭਰ ਵਿੱਚ ਕੁੱਲ 21 ਸੈਂਟਰਲ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ (ਸੀ.ਆਈ.ਐਚ.ਐਮ.) ਮੌਜੂਦ ਹਨ। ਇਨ੍ਹਾਂ ਵਿੱਚੋਂ ਇੱਕ ਸੀ.ਆਈ.ਐਚ.ਐਮ. ਗੁਰਦਾਸਪੁਰ ਵਿੱਚ ਸਥਿਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਜਿਹੀਆਂ ਹੋਰ ਸੰਸਥਾਵਾਂ ਦੀ ਲੋੜ ਹੈ।
        ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਹੋਟਲਾਂ ਦੀ ਵਧਦੀ ਮੰਗ ਦੇ ਨਾਲ, ਹੋਟਲ ਉਦਯੋਗ ਵਿੱਚ ਆਉਣ ਵਾਲੇ ਸਮੇਂ ਵਿੱਚ ਵਿਕਾਸ ਦੀ ਵੱਡੀ ਸੰਭਾਵਨਾ ਹੈ। ਇਸ ਉਦਯੋਗ ਵਿੱਚ ਸਮਾਰਟ ਅਤੇ ਹੁਨਰਮੰਦ ਪੇਸ਼ੇਵਰਾਂ ਦੀ ਮੰਗ ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਸ਼ਵ ਭਰ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ। ਇਸ ਅਨੁਸਾਰ, ਹੁਨਰਮੰਦ ਅਤੇ ਬਰਕਰਾਰ ਰੱਖਣ ਯੋਗ ਪੇਸ਼ੇਵਰਾਂ ਦੀ ਸਖ਼ਤ ਲੋੜ ਹੈ। ਜੇਕਰ ਨਿੱਜੀ ਖੇਤਰ ਦੇ ਨਾਲ-ਨਾਲ ਸਰਕਾਰੀ ਖੇਤਰ ਵਿੱਚ ਵੀ ਲੋੜੀਂਦੀ ਗਿਣਤੀ ਵਿੱਚ ਹੋਟਲ ਪ੍ਰਬੰਧਨ ਸੰਸਥਾਵਾਂ ਹੋਣ ਤਾਂ ਪੰਜਾਬ ਇਸ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ।
       ਉਨ੍ਹਾਂ ਕਿਹਾ ਕਿ ਕੇਂਦਰੀ ਸੈਰ ਸਪਾਟਾ ਮੰਤਰੀ ਨੇ ਸਦਨ ਨੂੰ ਅੱਗੇ ਦੱਸਿਆ ਕਿ ਬਿਹਾਰ, ਉੜੀਸਾ, ਰਾਜਸਥਾਨ, ਝਾਰਖੰਡ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਕੁੱਲ ਛੇ ਸਟੇਟ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ (ਐਸ.ਆਈ.ਐਚ.ਐਮ) ਪਿਛਲੇ ਤਿੰਨ ਸਾਲਾਂ (2019-2020, 2020-21 ਅਤੇ 2021-22) ਦੌਰਾਨ ਮਾਨਤਾ ਪ੍ਰਾਪਤ ਹੋਏ ਹਨ ਅਤੇ ਇਨ੍ਹਾਂ ਸੰਸਥਾਵਾਂ ਨੂੰ 5930.56 ਲੱਖ ਰੁਪਏ ਦੇ ਫੰਡ ਅਲਾਟ ਕੀਤੇ ਗਏ ਸਨ। ਹਾਲਾਂਕਿ, ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਵਿੱਚ ਕੋਈ ਵੀ ਐਸ.ਆਈ.ਐਚ.ਐਮ ਮਾਨਤਾ ਪ੍ਰਾਪਤ ਨਹੀਂ ਹੋਇਆ ਹੈ।
      ਸ੍ਰੀ ਅਰੋੜਾ ਨੇ ਕਿਹਾ ਕਿ ਨਵੇਂ ਹੋਟਲ ਮੈਨੇਜਮੈਂਟ ਇੰਸਟੀਚਿਊਟ ਦੀ ਸਥਾਪਨਾ ਇੱਕ ਨਿਰੰਤਰ ਪ੍ਰਕਿਰਿਆ ਹੈ ਅਤੇ ਕੇਂਦਰੀ ਸੈਰ-ਸਪਾਟਾ ਮੰਤਰਾਲਾ ਰਾਜ ਸਰਕਾਰ/ਯੂਟੀ ਪ੍ਰਸ਼ਾਸਨ ਤੋਂ ਪ੍ਰਸਤਾਵ ਪ੍ਰਾਪਤ ਹੋਣ ‘ਤੇ ਇਸ ਸਬੰਧ ਵਿੱਚ ਜ਼ਰੂਰੀ ਫੈਸਲਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਇਹ ਮਾਮਲਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਕੋਲ ਉਠਾਉਣਗੇ ਤਾਂ ਜੋ ਹੋਟਲ ਮੈਨੇਜਮੈਂਟ ਸੰਸਥਾਵਾਂ ਵਿੱਚ ਪੇਸ਼ੇਵਰ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਨੌਜਵਾਨਾਂ ਦੀ ਬਿਹਤਰ ਸੰਭਾਵਨਾ ਲਈ ਇਸ ਸਬੰਧ ਵਿੱਚ ਪਹਿਲਕਦਮੀ ਕੀਤੀ ਜਾ ਸਕੇ।
      ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਜਿਹੀਆਂ ਹੋਰ ਸੰਸਥਾਵਾਂ ਦੀ ਸਥਾਪਨਾ ਦੀ ਮਹੱਤਤਾ ਇਸ ਤੱਥ ਦੇ ਮੱਦੇਨਜ਼ਰ ਵੱਧ ਗਈ ਹੈ ਕਿ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.) ਰਾਹੀਂ ਹਾਸਪਿਟੈਲਿਟੀ ਐਜੂਕੇਸ਼ਨ ਦੀ ਸ਼ੁਰੂਆਤ ਮੌਜੂਦਾ ਵਿੱਤੀ ਸਾਲ ਤੋਂ ਸਥਾਈ ਵਿੱਤ ਕਮੇਟੀ ਦੀ ਸਿਫ਼ਾਰਸ਼ ‘ਤੇ ਬੰਦ ਕਰ ਦਿੱਤੀ ਗਈ ਹੈ।


Spread the love
Scroll to Top