ਨਗਰ ਕੌਂਂਸਲ ਬਰਨਾਲਾ ‘ਚ ਹੋਈ ਗੁੰਡਾਗਰਦੀ ਤੇ Police ਦੀ ਤਫਤੀਸ਼ੀ ਮੋਹਰ

Spread the love

ਹੁਣ ਜੁਰਮ ‘ਚ ਵਾਧੇ ਲਈ ਅਗਲੇ ਪੜਾਅ ਵੱਲ ਵਧਿਆ BKU ਡਕੌਂਦਾ ਦਾ ਵਿੱਢਿਆ ਸੰਘਰਸ਼ 

ਨਗਰ ਕੌਂਸਲ ਦਫਤਰ ਵਿੱਚ ਹੋਈ ਗੁੰਡਾਗਰਦੀ ਖ਼ਿਲਾਫ਼ ਸ਼ਹਿਰ ਵਿੱਚ ਰੋਹ ਭਰਪੂਰ ਵਿਸ਼ਾਲ ਮੁਜ਼ਾਹਰਾ 

ਹਰਿੰਦਰ ਨਿੱਕਾ , ਬਰਨਾਲਾ 20 ਜੂਨ 2023 
     ਪੰਜ ਦਿਨ ਪਹਿਲਾਂ ਨਗਰ ਕੌਂਸਲ ਬਰਨਾਲਾ ਦੇ ਦਫਤਰ ਅੰਦਰ ਕੁੱਝ ਮੁਲਾਜਮਾਂ ਦੀ ਕਥਿਤ ਗੁੰਡਾਗਰਦੀ ਦੇ ਦੋਸ਼ਾਂ ਤੇ ਹੁਣ ਪੁਲਿਸ ਨੇ ਤਫਤੀਸ਼ੀ ਮੋਹਰ ਲਾ ਦਿੱਤੀ ਹੈ। ਯਾਨੀ ਭਾਕਿਯੂ ਏਕਤਾ ਡਕੌਂਦਾ ਦੇ ਸਰਗਰਮ ਕਾਰਕੁੰਨ ਅਰੁਣ ਕੁਮਾਰ ਉਰਫ ਵਾਹਿਗੁਰੂ ਸਿੰਘ ਦੇ ਬਿਆਨ ਪਰ ਪੁਲਿਸ ਨੇ ਜੇ.ਈ. ਸਲੀਮ ਮੁਹੰਮਦ ਅਤੇ ਕਲਰਕ ਪ੍ਰਿੰਸ ਸਿੰਘ ਦੇ ਖਿਲਾਫ ਕਮਰੇ ਵਿੱਚ ਬੰਦੀ ਬਣਾਉਣ, ਕੁੱਟਮਾਰ ਕਰਨ ਅਤੇ ਜਾਨੋ ਮਾਰ ਦੇਣ ਦੀਆਂ ਧਮਕੀਆਂ ਦੇ ਦੋਸ਼ਾਂ ਵਿੱਚ ਐਫ.ਆਈ.ਆਰ. ਦਰਜ਼ ਕਰ ਦਿੱਤੀ ਹੈ। ਦੂਜੇ ਪਾਸੇ  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਝੰਡੇ ਹੇਠ, ਯੂਨੀਅਨ ਵੱਲੋਂ ਜੁਰਮ ਵਿੱਚ ਵਾਧੇ ਅਤੇ ਸਾਜਿਸ਼ ਵਿੱਚ ਸ਼ਾਮਿਲ ਵਿਅਕਤੀਆਂ ਨੂੰ ਵੀ ਕੇਸ ਵਿੱਚ ਨਾਮਜਦ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ਹਿਰ ਅੰਦਰ ਵਿਸ਼ਾਲ ਰੋਸ ਮੁਜਾਹਿਰਾ ਵੀ ਕੀਤਾ। ਉੱਧਰ ਜੇ.ਈ. ਸਲੀਮ ਮੁਹੰਮਦ ਨੇ ਇਸ ਕੇਸ ਨੂੰ ਦਬਾਅ ਹੇਠ ਕੀਤਾ ਗਿਆ ਝੂਠਾ ਕੇਸ ਕਰਾਰ ਦਿੱਤਾ ਹੈ। ਪੁਲਿਸ ਨੇ ਕੇਸ ਦਰਜ਼ ਕਰਨ ਵਿੱਚ ਹੋਈ ਦੇਰੀ ਦੀ ਵਜ੍ਹਾ ਕਾਰ ਸਰਕਾਰ ਦੇ ਕੰਮਾਂ ਵਿੱਚ ਮਸ਼ਰੂਫ ਹੋਣਾ ਲਿਖੀ ਹੈ। ਪੁਲਿਸ ਦੇ ਤਫਤੀਸ਼ ਅਧਿਕਾਰੀ ਨੇ ਪੜਤਾਲੀਆ ਰਿਪੋਰਟ ਵਿੱਚ ਬੇਸ਼ੱਕ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਘਟਨਾ ਨੂੰ ਨਹੀਂ ਮੰਨਿਆ,ਪਰ ਉਨ੍ਹਾਂ ਬਾਕੀ ਦੋਸ਼ਾਂ ਦੀ ਪੁਸ਼ਟੀ ਜਰੂਰ ਕਰ ਦਿੱਤੀ ਹੈ। ਮੁਲਾਜਮਾਂ ਖਿਲਾਫ ਦਰਜ਼ ਹੋਇਆ ਕੇਸ ਜਮਾਨਤਯੋਗ ਹੈ, ਜਿਸ ਦੀ ਜਮਾਨਤ ਥਾਣੇ ਵਿੱਚ ਹੀ ਲਈ ਜਾ ਸਕਦੀ ਹੈ।                                               
        ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਆਗੂਆਂ ਬਲਵੰਤ ਸਿੰਘ ਉੱਪਲੀ, ਕੁਲਵੰਤ ਸਿੰਘ ਭਦੌੜ, ਸਾਹਿਬ ਸਿੰਘ ਬਡਬਰ, ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਕਰਮਜੀਤ ਸਿੰਘ ਛੰਨਾਂ, ਦਰਸ਼ਨ ਸਿੰਘ ਕਾਤਰੋਂ ਅਤੇ ਬਾਬੂ ਸਿੰਘ ਖੁੱਡੀ ਕਲਾਂ ਨੇ ਸਾਰੀ ਘਟਨਾ ਦਾ ਵਿਸਥਾਰ ਦਿੰਦਿਆਂ ਦੱਸਿਆ ਕਿ ਅਰੁਣ ਕੁਮਾਰ ਵਾਹਿਗਰੂ ਸਿੰਘ ਜਥੇਬੰਦੀ ਦਾ ਸਰਗਰਮ ਕਾਰਕੁੰਨ ਹੈ। 14 ਜੂਨ 2023 ਨੂੰ ਬਾਅਦ ਦੁਪਿਹਰ ਕਰੀਬ 1 ਵਜੇ ਅਰੁਣ ਕੁਮਾਰ ਉਰਫ ਵਾਹਿਗੁਰੂ ਸਿੰਘ ਨਗਰ ਕੌਂਸਲ ਬਰਨਾਲਾ ਵਿਖੇ ਇੱਕ ਕਲੋਨੀ ਅੰਦਰ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਜਾਰੀ ਬੇਨਿਯਮਿਆਂ ਖ਼ਿਲਾਫ਼ ਮਿਤੀ 30-08-2022 ਨੂੰ ਦਿੱਤੀ ਦਰਖ਼ਾਸਤ ਦੇ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਨਗਰ ਕੌਂਸਲ ਦਫ਼ਤਰ ਗਿਆ ਸੀ। ਨਗਰ ਕੌਂਸਲ ਦੇ ਜੇ.ਈ. ਸਲੀਮ ਮੁਹੰਮਦ ਅਤੇ ਕੁੱਝ ਹੋਰ ਕਰਮਚਾਰੀਆਂ ਨੇ ਕਲੋਨਾਈਜਰ ਨਾਲ ਮਿਲਕੇ ਪਹਿਲਾਂ ਤੋਂ ਘੜੀ ਸਾਜਿਸ਼ ਤਹਿਤ ਸਾਡੇ ਕਿਸਾਨ ਕਾਰਕੁੰਨ ਨੂੰ ਕਮਰੇ ਵਿੱਚ ਬੰਦ ਕਰ ਲਿਆ। ਕਮਰੇ ਅੰਦਰ ਬੰਦ ਕਰਕੇ ਜੇ.ਈ. ਸਲੀਮ ਮੁਹੰਮਦ ਨੇ ਮੌਜੂਦ ਕਰਮਚਾਰੀਆਂ ਨੇ ਬੇਰਹਿਮੀ ਨਾਲ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜੇ.ਈ. ਸਲੀਮ ਮੁਹੰਮਦ ਨੇ ਇਹ ਕਹਿ ਕੇ ਉਸ ਦੀ ਦਾੜੀ ਨੂੰ ਹੱਥ ਪਾ ਲਿਆ ਸੀ ਕਿ ਅਸੀਂ ਤੇਰੀ ਸਿੱਖੀ ਕੱਢ ਕੇ ਦਿਖਾਉਂਦੇ ਹਾਂ। ਹੋਰ ਕਰਮਚਾਰੀਆਂ ਨੇ ਉਸ ਦੀ ਪੱਗ ਲਾਹ ਦਿੱਤੀ। ਦੋਸ਼ੀ ਸਾਡੇ ਕਿਸਾਨ ਕਾਰਕੁੰਨ ਦੀ ਕੁੱਟਮਾਰ ਕਰਦੇ ਰਹੇ ਅਤੇ ਕਹਿੰਦੇ ਰਹੇ ਕਿ ਹੁਣ ਤੂੰ ਬੁਲਾ ਜੀਹਨੂੰ ਮਰਜੀ ਅਸੀਂ ਦੇਖਦੇ ਹਾਂ ਕਿਹੜਾ ਤੇਰਾ ਵਾਹਿਗੁਰੂ ਤੇਰੀ ਮਦਦ ਤੇ ਆ ਕੇ ਤੈਨੂੰ ਬਚਾਉਂਦਾ ਹੈ। ਵਾਹਿਗੁਰੂ ਸਿੰਘ ਦੀ ਕੁੱਟਮਾਰ ਕਰਦੇ ਰਹੇ। ਸਲੀਮ ਮੁਹੰਮਦ ਨੇ ਆਪਣੇ ਸਾਥੀਆਂ ਨੂੰ ਕਹਿ ਕੇ ਇੱਕ ਰੱਸਾ ਮੰਗਵਾ ਲਿਆ ਅਤੇ ਕਹਿਣ ਲੱਗੇ ਕਿ ਅੱਜ ਇਸ ਨੂੰ ਕਲੋਨਾਈਜ਼ਰ ਅਤੇ ਨਗਰ ਕੌਂਸਲ ਕਰਮਚਾਰੀਆਂ ਦੇ ਵਿਰੁੱਧ ਸ਼ਕਾਇਤਾਂ ਕਰਨ ਦਾ ਮਜ਼ਾ ਚਖਾਉਂਦੇ ਹਾਂ। ਇਸ ਦਾ ਪਤਾ ਲੱਗਣ ਤੇ ਬੀ.ਕੇ.ਯੂ.ਏਕਤਾ (ਡਕੌਂਦਾ) ਦਾ ਬਲਾਕ ਪ੍ਰਧਾਨ ਬਾਬੂ ਸਿੰਘ ਖੁੱਡੀ ਕਲਾਂ ਵੀ ਨਗਰ ਕੌਂਸਲ ਦਫ਼ਤਰ ਵਿੱਚ ਪਹੁੰਚ ਗਿਆ ਸੀ । ਉਨ੍ਹਾਂ ਨੇ ਹੀ ਵਾਹਿਗੁਰੂ ਸਿੰਘ ਨੂੰ ਨਗਰ ਕੌਂਸਲ ਦੇ ਕਰਮਚਾਰੀਆਂ ਤੋਂ ਛੁਡਾ ਕੇ ਹਸਪਤਾਲ ਵਿੱਚ ਦਾਖਿਲ ਕਰਵਾਇਆ।
        ਜੇ.ਈ. ਸਲੀਮ ਮੁਹੰਮਦ ਨੇ ਵਾਹਿਗੁਰੂ ਸਿੰਘ ਦੀ ਕੁੱਟਮਾਰ ਦੀ ਪੂਰੀ ਜਾਣਕਾਰੀ ਫੋਨ ਕਰਕੇ ਕਲੋਨੀ ਮਾਲਕ ਨੂੰ ਵੀ ਦਿੱਤੀ। ਵਾਹਿਗੁਰੂ ਸਿੰਘ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਘਟਨਾ ਨੂੰ ਛੁਪਾਉਣ ਲਈ ਦੋਸ਼ੀਆਂ ਨੇ ਸੀ ਸੀ ਟੀ ਵੀ ਕੈਮਰੇ ਪਹਿਲਾਂ ਤੋਂ ਹੀ ਰਚੀ ਸਾਜਿਸ਼ ਤਹਿਤ ਬੰਦ ਕਰ ਦਿੱਤੇ ਸਨ।  ਆਗੂਆਂ ਨੇ ਕਿਹਾ ਕਿ ਬਣਦੇ ਸਾਰੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ । ਆਗੂਆਂ ਨਾਨਕ ਸਿੰਘ ਅਮਲਾ ਸਿੰਘ ਵਾਲਾ, ਅਮਨਦੀਪ ਸਿੰਘ ਰਾਏਸਰ, ਕਾਲਾ ਸਿੰਘ ਜੈਦ, ਅਮਰਜੀਤ ਸਿੰਘ ਠੁੱਲੀਵਾਲ, ਸੁਖਦੇਵ ਸਿੰਘ ਕੁਰੜ, ਜੱਗਾ ਸਿੰਘ ਮਹਿਲ ਕਲਾਂ, ਬੂਟਾ ਸਿੰਘ ਫਰਵਾਹੀ, ਬਲਵੰਤ ਸਿੰਘ ਠੀਕਰੀਵਾਲਾ, ਗੁਰਮੀਤ ਸਿੰਘ ਸੁਖਪੁਰਾ, ਡਾ ਰਜਿੰਦਰ ਪਾਲ, ਗੁਰਪ੍ਰੀਤ ਸਿੰਘ ਛੰਨਾਂ ਅਤੇ ਗੁਰਮੀਤ ਸਿੰਘ ਬਰਨਾਲਾ ਆਦਿ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੁਰਮ ਵਿੱਚ ਵਾਧਾ ਕੀਤਾ ਜਾਵੇ ਅਤੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਕੇਸ ਵਿੱਚ ਨਾਮਜਦ ਕੀਤਾ ਜਾਵੇ।
  ਯੂਨੀਅਨ ਆਗੂਆਂ ਨੇ ਕਿਹਾ ਕਿ ਡੀਸੀ ਬਰਨਾਲਾ ਦਾ ਰਵੱਈਆ ਵੀ ਲੁਟੇਰਿਆਂ ਦੇ ਹੱਕ ਵਿੱਚ ਭੁਗਤਣ ਵਾਲਾ ਬਹੁਤ ਪੱਖਪਾਤੀ ਤੇ ਨਿੰਦਣਯੋਗ ਰਵੱਈਆ ਸਾਹਮਣੇ ਆਇਆ। ਉੱਨਾਂ ਕਿਹਾ ਕਿ ਐਸ ਐਸ ਪੀ ਬਰਨਾਲਾ ਦਾ ਰਵੱਈਆ ਵੀ ਗੁੰਡਾਗਰਦੀ ਕਰਨ ਵਾਲਿਆਂ ਨੂੰ ਰਿਆਇਤ ਮੰਜੂਰ ਹੋਣ ਵਾਲਾ ਹੀ ਦਿਖਿਆ। ਉਨਾਂ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲਿਆਂ ਦੀ ਅਗਵਾਈ ਕਰ ਰਹੇ ਐਸਐਸਪੀ ਨੂੰ ਮਿਲਣ ਗਏ ਵਫ਼ਦ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ । ਗੁੱਸੇ ਵਿੱਚ ਭਰੇ ਪੀਤੇ ਕਿਸਾਨਾਂ ਨੇ ਐਸ ਐਸ ਪੀ ਬਰਨਾਲਾ ਦੇ ਦਫ਼ਤਰ ਅੱਗੇ ਧਰਨਾ ਸ਼ੁਰੂ ਕਰਕੇ ਚਿਤਾਵਨੀ ਦਿੱਤੀ ਕਿ ਬਰਨਾਲਾ ਜ਼ਿਲ੍ਹੇ ਦੇ ਸੰਘਰਸ਼ਮਈ ਇਤਿਹਾਸ ਨੂੰ ਜਾਣ ਲੈਣਾ ਚਾਹੀਦਾ ਹੈ। ਇਹ ਕਾਫ਼ਲੇ ਨਾ ਝੁਕਣਗੇ ਨਾ ਡਰਨਗੇ। ਬੇਖੌਫ ਹੋਕੇ ਅੱਗੇ ਵਧਦੇ ਜਾਣਗੇ। ਆਖਿਰ ਲੋਕ ਸੰਘਰਸ਼ ਦੇ ਦਬਾਅ ਅੱਗੇ ਝੁਕਦਿਆਂ ਐਸ ਪੀ ਡੀ ਰਮਨੀਸ਼ ਚੌਧਰੀ ਨੇ ਭਰੇ ਇਕੱਠ ਵਿੱਚ ਆਕੇ ਜਥੇਬੰਦੀ ਨਾਲ ਕੀਤੇ ਵਰਤਾਓ ਪ੍ਰਤੀ ਅਹਿਸਾਸ ਕਰਕੇ ਮੰਗ ਪੱਤਰ ਹਾਸਲ ਕੀਤਾ ਅਤੇ ਇਨਸਾਫ਼ ਦਿਵਾਉਣ ਦਾ ਵਿਸ਼ਵਾਸ ਵੀ ਦਿਵਾਇਆ।

Spread the love
Scroll to Top