ਨਗਰ ਨਿਗਮ ਨੇ ਖ਼ਾਲੀ ਪਲਾਟਾਂ ਦੀ ਸਾਫ਼ ਸਫ਼ਾਈ ਕਰਵਾਉਣ ਲਈ ਵਿੱਢੀ ਮੁਹਿੰਮ ,ਅਦਿੱਤਿਆ ਉੱਪਲ

Spread the love

ਰਿਚਾ ਨਾਗਪਾਲ, ਪਟਿਆਲਾ,  21 ਜੁਲਾਈ 2023


     ਨਗਰ ਨਿਗਮ ਪਟਿਆਲਾ ਨੇ ਸ਼ਹਿਰ ਵਿੱਚ ਪਏ ਖ਼ਾਲੀ ਪਲਾਟਾਂ ਦੀ ਸਾਫ਼ ਸਫ਼ਾਈ ਕਰਵਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉੱਪਲ ਨੇ ਦੱਸਿਆ ਕਿ ਜਿਥੇ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਸ਼ਹਿਰ ਵਿੱਚ ਪਏ ਖ਼ਾਲੀ ਪਲਾਟ ਵਿੱਚ ਮਾਲਕਾਂ ਵੱਲੋਂ ਕਰਵਾਈ ਜਾ ਰਈ ਸਫ਼ਾਈ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਉਥੇ ਹੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਨਾਦੀ ਵੀ ਕਰਵਾਈ ਜਾ ਰਹੀ ਹੈ।
     ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਮੌਸਮ ਵਿੱਚ ਅਜਿਹੀਆਂ ਥਾਵਾਂ ‘ਤੇ ਪਾਣੀ ਖੜਾਂ ਹੋਣ ਨਾਲ ਮਲੇਰੀਆ/ਡੇਂਗੂ ਅਤੇ ਹੋਰ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਰਹਿੰਦਾ ਹੈ ਤੇ ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਖ਼ਾਲੀ ਸਥਾਨ ਦੀ ਚੰਗੀ ਤਰ੍ਹਾਂ ਸਫ਼ਾਈ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਨਿਗਮ ਦੀਆਂ ਟੀਮਾਂ ਵੱਲੋਂ ਜਿਥੇ ਚੱਲ ਰਹੇ ਸਫ਼ਾਈ ਕਾਰਜਾਂ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ ਉਥੇ ਹੀ ਜਿਹੜੇ ਮਾਲਕ ਖ਼ਾਲੀ ਪਲਾਟਾਂ ਦੀ ਸਫ਼ਾਈ ਨਹੀਂ ਕਰਵਾ ਰਹੇ ਉਨ੍ਹਾਂ ਨੂੰ ਪਹਿਲਾ ਸੁਚੇਤ ਕੀਤਾ ਜਾ ਰਿਹਾ ਹੈ ਤੇ ਜੇਕਰ ਫੇਰ ਵੀ ਸਫ਼ਾਈ ਨਾ ਕੀਤੀ ਗਈ ਤਾਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।                                                   
     ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਵਿੱਚ ਪਏ ਖ਼ਾਲੀ ਪਲਾਟਾਂ ਦੇ ਮਾਲਕਾਂ ਨੂੰ ਸਾਫ਼ ਸਫ਼ਾਈ ਕਰਵਾਉਣ ਲਈ ਵੱਖ ਵੱਖ ਵਿਭਾਗਾਂ ਨੂੰ ਪੱਤਰ ਜਾਰੀ ਕੀਤਾ ਸੀ ਜਿਸ ‘ਤੇ ਅਮਲ ਕਰਦਿਆਂ ਨਗਰ ਨਿਗਮ ਪਟਿਆਲਾ ਨੇ ਸ਼ਹਿਰ ਵਿੱਚ ਅਜਿਹੇ ਸਥਾਨਾਂ ਦੀ ਪਹਿਚਾਣ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਥੇ ਸਫ਼ਾਈ ਕਰਵਾਉਣੀ ਤੁਰੰਤ ਜ਼ਰੂਰੀ ਹੈ ਤੇ ਨਾਲ ਹੀ ਜਾਗਰੂਕਤਾ ਮੁਹਿੰਮ ਵੀ ਵਿੱਢੀ ਦਿੱਤੀ ਗਈ ਹੈ।
     ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਪਟਿਆਲਾ ਸ਼ਹਿਰ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਬਿਮਾਰੀਆਂ ਤੋਂ ਬਚਾਅ ਲਈ ਆਪਣੇ ਆਲੇ ਦੁਆਲੇ ਦੀ ਸਫ਼ਾਈ ਕਰਨੀ ਯਕੀਨੀ ਬਣਾਈ ਜਾਵੇ ਅਤੇ ਪਾਣੀ ਖੜਨ ਵਾਲੇ  ਸਰੋਤਾ ਨੂੰ ਜ਼ਰੂਰ ਖ਼ਾਲੀ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਮਲੇਰੀਆ/ਡੇਂਗੂ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਹੀ ਸਭ ਤੋਂ ਵੱਡਾ ਹਥਿਆਰ ਹੈ।


Spread the love
Scroll to Top