ਅਸ਼ੋਕ ਵਰਮਾ, ਬਠਿੰਡਾ 30 ਅਕਤੂਬਰ 2022
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਬਰਨਾਵਾ ਤੋਂ ਆਨਲਾਈਨ ਗੁਰੂਕੁਲ ਪ੍ਰੋਗਰਾਮ ਤਹਿਤ ਯੂਟਿਊਬ ਰਾਹੀਂ ਦੇਸ਼-ਵਿਦੇਸ਼ ਦੀ ਸਾਧ-ਸੰਗਤ ਨੂੰ ਆਪਣੇ ਅਨਮੋਲ ਬਚਨਾਂ ਨਾਲ ਨਿਹਾਲ ਕੀਤਾ। ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਨ ਲਈ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ ਸਲਾਬਤਪੁਰਾ (ਬਠਿੰਡਾ) ਵਿਖੇ ਵੱਡੀ ਗਿਣਤੀ ’ਚ ਸਾਧ-ਸੰਗਤ ਪੁੱਜੀ ਹੋਈ ਸੀ। ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਸਾਧ-ਸੰਗਤ ਪਹੁੰਚਣੀ ਸ਼ੁਰੂ ਹੋ ਚੁੱਕੀ ਸੀ। ਸਤਿਸੰਗ ਦੀ ਸਮਾਪਤੀ ਤੱਕ ਵੀ ਦੂਰ-ਦੂਰ ਤੱਕ ਸਾਧ-ਸੰਗਤ ਦੇ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਸਾਧ-ਸੰਗਤ ਲਈ ਬਣਾਏ ਗਏ ਪੰਡਾਲ ਵਿੱਚ ਕਿਤੇ ਵੀ ਤਿਲ ਸੁੱਟਣ ਨੂੰ ਜਗਾ ਨਹੀਂ ਸੀ।
ਵੱਡੀ ਗਿਣਤੀ ’ਚ ਨਸ਼ਾ ਤੇ ਹੋਰ ਬੁਰਾਈਆਂ ਛੱਡਣ ਆਏ ਲੋਕਾਂ ਨੂੰ ਆਪ ਜੀ ਨੇ ਨਾਮ ਸ਼ਬਦ ਦੀ ਅਨਮੋਲ ਦਾਤ ਦੀ ਬਖਸ਼ਿਸ਼ ਕੀਤੀ। ਨਸ਼ੇ ਤੇ ਬੁਰਾਈਆਂ ਛੱਡਣ ਲਈ ਆਏ ਨਵੇਂ ਜੀਵਾਂ ਲਈ ਬਣਿਆ ਵੱਡਾ ਪੰਡਾਲ ਪੂਰਾ ਭਰਿਆ ਹੋਇਆ ਸੀ। ਪੂਜਨੀਕ ਗੁਰੂ ਜੀ ਅੱਜ ਕਈ ਜ਼ਿਲਿਆਂ ਦੀਆਂ ਵੱਡੀ ਗਿਣਤੀ ਪੰਚਾਇਤਾਂ, ਵੱਖ-ਵੱਖ ਬੈਂਕਾਂ ਦੇ ਮੈਨੇਜ਼ਰ, ਅਫ਼ਸਰ ਸਹਿਬਾਨ, ਐੱਮਸੀ ਤੇ ਭਾਰੀ ਗਿਣਤੀ ਸਾਧ-ਸੰਗਤ ਦੇ ਰੂ-ਬ-ਰੂ ਹੋਏ।
ਆਪ ਜੀ ਨੇ ਵੱਖ-ਵੱਖ ਜ਼ਿਲਿਆਂ ਤੋਂ ਪਹੰੁਚੇ ਪਤਵੰਤਿਆਂ ਤੇ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਫਰਮਾਇਆ ਕਿ ਨਸ਼ਾ ਰੂਪੀ ਦੈਂਤ ਕਈ ਸੂਬਿਆਂ ਵਿੱਚ ਆ ਗਿਆ ਹੈ। ਇਸ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਇਸ ਲਈ ਸਾਡੇ ਜੀਵਨ ਦਾ ਮਕਸਦ ਨਸ਼ਾ ਛੁਡਾਉਣਾ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਬੱਚੇ ਨਸ਼ੇ ਦੀ ਭੇਂਟ ਨਾ ਚੜਨ। ਫਕੀਰ ਦੇ ਸਾਰੇ ਹੀ ਬੱਚੇ ਹੁੰਦੇ ਹਨ ਤੇ ਜੇਕਰ ਉਨਾਂ ਦੇ ਬੱਚੇ ਆਪਣੇ ਜੀਵਨ ਨੂੰ ਬਰਬਾਦ ਕਰ ਰਹੇ ਹੋਣ ਤਾਂ ਫਕੀਰ ਨੂੰ ਬਹੁਤ ਦੁੱਖ ਹੰੁਦਾ ਹੈ। ਆਪ ਜੀ ਨੇ ਫਰਮਾਇਆ ਕਿ ਸਮਾਜ ਵਿੱਚ ਤੁਹਾਡੇ ਬੱਚੇ ਜਦੋਂ ਬਰਬਾਦ ਹੋ ਰਹੇ ਹਨ ਤਾਂ ਤੁਹਾਨੂੰ ਤਕਲੀਫ਼ ਹੰੁਦੀ ਹੈ ਅਤੇ ਤੁਹਾਨੂੰ ਤਕਲੀਫ਼ ਵਿੱਚ ਵੇਖ ਕੇ ਫਕੀਰ ਨੂੰ ਹੋਰ ਜ਼ਿਆਦਾ ਤਕਲੀਫ਼ ਹੰੁਦੀ ਹੈ। ਆਪ ਜੀ ਨੇ ਫਰਮਾਇਆ ਕਿ ਜਦੋਂ ਕੋਈ ਬੱਚਾ ਚਿੱਟੇ ਦੀ ਭੇਂਟ ਚੜ ਜਾਂਦਾ ਹੈ ਤਾਂ ਉਸ ਦੀ ਮਾਂ ਰੋਂਦੀ ਹੈ, ਪਿਓ ਰੋਂਦਾ ਹੈ, ਉਸ ਨਾਲ ਵਿਆਹੀ ਗਈ ਨੌਜਵਾਨ ਲੜਕੀ ਕੁਰਲਾਉਂਦੀ ਹੈ ਉਨਾਂ ਨੂੰ ਰੋਂਦਿਆਂ ਦੇਖ ਕੇ ਸਾਨੂੰ ਬਹੁਤ ਦਰਦ ਹੰੁਦਾ ਹੈ। ਆਪ ਜੀ ਨੇ ਫਰਮਾਇਆ ਕਿ ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ ਕਿਸੇ ਧਰਮ ਬਾਰੇ ਗਲਤ ਸੋਚ ਵੀ ਨਹੀਂ ਸਕਦੇ। ਕਿਸੇ ਵੀ ਧਰਮ ਜਾਤੀ ਦਾ ਬੱਚਾ ਜੇਕਰ ਬੁਰਾਈਆਂ ਵਿੱਚ ਪੈ ਕੇ ਨਸ਼ਿਆਂ ਦੇ ਰਾਹ ਪੈ ਕੇ ਜਵਾਨੀ ਬਰਬਾਦ ਕਰਦਾ ਹੈ ਤਾਂ ਉਸ ਨੂੰ ਦੇਖ ਕੇ ਸਾਨੂੰ ਬਹੁਤ ਦੁੱਖ ਹੰੁਦਾ ਹੈ। ਇਸ ਲਈ ਸਾਡਾ ਇੱਕੋ ਹੀ ਮਕਸਦ ਹੈ ਕਿ ਨਸ਼ੇ ਦੇ ਦੈਂਤ ਨੂੰ ਸਮਾਜ ਵਿੱਚੋਂ ਭਜਾਉਣਾ ਹੈ। ਆਪ ਜੀ ਨੇ ਫਰਮਾਇਆ ਕਿ ਜਿਹੜੇ ਵੀ ਪੰਚਾਇਤਾਂ ਦੇ ਮੁਖੀ ਤੇ ਜ਼ਿੰਮੇਵਾਰ ਸੱਜਣ ਆਏ ਹੋਏ ਹਨ ਉਹ ਆਪਣੇ ਪਿੰਡਾਂ ਨਸ਼ਾ ਨਾ ਵੜਨ ਦੇਣ।
ਆਪ ਜੀ ਨੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ‘ਹੇ ਮਲਕਾ ਪੰਜਾਬ ਦੀ ਧਰਤੀ ’ਤੇ ਪੰਜ ਦਰਿਆਵਾਂ ਤੋਂ ਬਿਨਾ ਛੇਵਾਂ ਦਰਿਆ ਵਾਹਿਗੁਰੂ ਦੇ ਨਾਮ ਦਾ ਵਗੇ ਨਾ ਕਿ ਨਸ਼ਿਆਂ ਦਾ। ਸਭ ਦੇ ਘਰਾਂ ਵਿੱਚ ਖੁਸ਼ੀਆਂ ਆਉਣ।’ ਆਪ ਜੀ ਨੇ ਫਰਮਾਇਆ ਕਿ ਨਸ਼ੇ ਦਾ ਨਾਂਅ ਤਾਂ ਚਿੱਟਾ ਹੈ ਪਰ ਇਹ ਸਾੜ ਕੇ ਜਵਾਨੀ ਨੂੰ ਕੋਲਾ ਕਰ ਰਿਹਾ ਹੈ। ਇਸ ਤੋਂ ਜਵਾਨੀ ਨੂੰ ਬਚਾਉਣਾ ਹੈ।
ਇਸ ਦੌਰਾਨ ਪੰਡਾਲ ਨੂੰ ਬੜੇ ਹੀ ਸੋਹਣੇ ਤਰੀਕੇ ਨਾਲ ਸਜ਼ਾਇਆ ਗਿਆ। ਸਤਿਸੰਗ ਪੰਡਾਲ ਨੂੰ ਪੁਰਾਤਣ ਸੱਭਿਆਚਾਰ ਦੀ ਝਲਕ ਪੇਸ਼ ਕਰਦੇ ਚਰਖਾ, ਛੱਜ, ਅਟੇਰਨਾਂ, ਊਰੀ, ਚੱਕੀ, ਕੂੰਡਾ-ਘੋਟਾ, ਕੱਢੀਆਂ ਪੱਖੀਆਂ, ਫੁਲਕਾਰੀਆਂ ਚਾਰ ਚੰਨ ਲਾ ਰਹੀਆਂ ਸਨ। ਪੁਰਾਤਣ ਪੰਜਾਬੀ ਵਿਰਸੇ ਦੀ ਝਲਕ ਨੂੰ ਦੇਖ ਕੇ ਪੂਜਨੀਕ ਗੁਰੂ ਜੀ ਨੇ ਭਰਪੂਰ ਸ਼ਲਾਘਾ ਕੀਤੀ। ਆਪ ਜੀ ਨੇ ਫਰਮਾਇਆ ਕਿ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ। ਸਤਿਸੰਗ ਦੀ ਸਮਾਪਤੀ ਉਪਰੰਤ ਸਾਧ-ਸੰਗਤ ਨੂੰ ਕੁਝ ਹੀ ਸਮੇਂ ਵਿੱਚ ਲੰਗਰ ਭੋਜਨ ਛਕਾ ਦਿੱਤਾ ਗਿਆ।
ਪੂਜਨੀਕ ਗੁਰੂ ਜੀ ਵੱਲੋਂ ਮਾਨਵਤਾ ਭਲਾਈ ਲਈ ਸ਼ੁਰੂ ਕੀਤੇ ਹੋਏ 144 ਭਲਾਈ ਕਾਰਜਾਂ ਤਹਿਤ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ ਸਲਾਬਤਪੁਰਾ ਵਿਖੇ ਸਾਧ ਸੰਗਤ ਵੱਲੋਂ ਲੋੜਵੰਦ 50 ਪਰਿਵਾਰਾਂ ਨੂੰ ਰਾਸ਼ਨ ਅਤੇ 250 ਪਰਿਵਾਰਾਂ ਨੂੰ ਗਰਮ ਕੱਪੜੇ ਤੇ ਬੂਟ ਜੁਰਾਬਾਂ ਵੀ ਵੰਡੇ ਗਏ ।