ਨਾਜਾਇਜ਼ ਮਾਈਨਿੰਗ ਦੇ ਦਰਜ਼ ਮਾਮਲੇ ਰੱਦ ਕਰਵਾਉਣ BKU ਉਗਰਾਹਾਂ ਮੈਦਾਨ ‘ਚ ਨਿੱਤਰੀ

Spread the love

ਅਸ਼ੋਕ ਵਰਮਾ ,ਬਠਿੰਡਾ 10 ਸਤੰਬਰ 2022

      ਕਿਸਾਨਾਂ ਤੇ ਕੀਤੇ ਨਾਜਾਇਜ਼ ਮਾਈਨਿੰਗ ਦੇ ਝੂਠੇ ਮਾਮਲੇ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਵੱਲੋਂ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਮੌੜ ਬਲਾਕ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਮਨਗਰ ਦੀ ਅਗਵਾਈ ਵਿਚ ਥਾਣਾ ਮੌੜ ਅੱਗੇ ਧਰਨਾ ਦਿੱਤਾ ਗਿਆ । ਇਸ ਸਬੰਧੀ ਅੱਜ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਵਿੱਚ ਕਿਸਾਨਾਂ ਦਾ ਇੱਕ ਵਫ਼ਦ ਐਸਐਸਪੀ ਬਠਿੰਡਾ ਨੂੰ ਵੀ ਮਿਲਿਆ ਅਤੇ ਐਸਐਸਪੀ ਬਠਿੰਡਾ ਤੋਂ ਮੰਗ ਕੀਤੀ ਕਿ ਕਿਸਾਨਾਂ ਤੇ ਕੀਤਾ ਝੂਠਾ ਪੁਲਿਸ ਪਰਚਾ ਰੱਦ ਕੀਤਾ ਜਾਵੇ । ਐਸਐਸਪੀ ਬਠਿੰਡਾ ਨੇ ਕਿਹਾ ਕਿ ਉਹ ਖੁਦ ਸੋਮਵਾਰ ਨੂੰ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਮਾਮਲੇ ਦੀ ਪੜਤਾਲ ਕਰਨਗੇ ਇੱਥੇ ਪੜਤਾਲ ਦੌਰਾਨ ਜੋ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਅੱਜ ਥਾਣੇ ਅੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪਿੰਡ ਮੌੜ ਚੜ੍ਹਤ ਸਿੰਘ ਦੇਾ ਕਿਸਾਨ ਹਰਜਿੰਦਰ ਸਿੰਘ ਜੋ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਵੀ ਹੈ ਆਪ ਦੇ ਖੇਤ ਵਿਚੋਂ ਜੋ ਕਿ ਟਿੱਬਾ ਹੈ ਉਸ ਨੂੰ ਨਹਿਰੀ ਪਾਣੀ ਦੇ ਲੈਵਲ ਕਰ ਕੇ ਉਸ ਨੂੰ ਨਹਿਰੀ ਪਾਣੀ ਲੱਗਦਾ ਕਰਨ ਲਈ ਮਿੱਟੀ ਚੁਕਵਾ ਰਿਹਾ ਸੀ ਤਾਂ ਹਲਕੇ ਮੋੜ ਦੇ ਵਿਧਾਇਕ ਸੁਖਬੀਰ ਸਿੰਘ ਨੇ ਮਾਈਸਰਖਾਨਾ ਵੱਲੋਂ ਭੜਕਾਹਟ ਵਿੱਚ ਆ ਕੇ ਮਿੱਟੀ ਚੁੱਕ ਰਹੇ ਟਰੈਕਟਰ ਚਾਲਕਾਂ ਨੂੰ ਭੱਦੀ ਸ਼ਬਦਾਵਲੀ ਬੋਲੀ ਅਤੇ ਆਪਣੇ ਸਿਆਸੀ ਦਬਾਅ ਦੇ ਜੋਰ ਵਿਧਾਇਕ ਦੇ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਥਾਣਾ ਕੋਟ ਫੱਤਾ ਵਿਖੇ ਗੈਰਕਾਨੂੰਨੀ ਤੌਰ ਤੇ ਪਰਚਾ ਦਰਜ ਕਰਵਾ ਦਿੱਤਾ ਅਤੇ ਉਸ ਤੋਂ ਬਾਅਦ ਇਕ ਹੋਰ ਪਰਚਾ ਥਾਣਾ ਮੌੜ ਵਿਖੇ ਦਰਜ ਕਰਵਾ ਦਿੱਤਾ ।ਅੱਜ ਦੇ ਬੁਲਾਰਿਆਂ ਨੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਤੇ ਦੋਸ਼ ਲਾਉਂਦਿਆਂ ਕਿਹਾ ਕਿ ਬਣਦਾ ਤਾਂ ਇਹ ਸੀ ਕਿ ਵਿਧਾਇਕ ਆਰਥਿਕ ਤੌਰ ਤੇ ਟੁੱਟੇ ਹੋਏ ਕਿਸਾਨਾਂ ਦੀ ਜ਼ਮੀਨ ਉਪਜਾਊ ਕਰਨ ਲਈ ਪੱਧਰਾ ਕਰਨ ਵਿੱਚ ਸਰਕਾਰ ਤੋਂ ਮਦਦ ਕਰਵਾਉੰਦੇ ਪਰ ਆਪਣੀ ਜ਼ਮੀਨ ਪੱਧਰਾ ਕਰ ਰਹੇ ਕਿਸਾਨਾਂ ਤੇ ਪਰਚੇ ਦਰਜ ਕਰਵਾ ਕੇ ਆਮ ਆਦਮੀ ਪਾਰਟੀ ਦਾ ਕਿਸਾਨਾਂ ਪ੍ਰਤੀ ਚਿਹਰਾ ਨੰਗਾ ਹੋ ਗਿਆ ।ਅੱਜ ਧਰਨੇ ਚ ਪਹੁੰਚੇ ਕਿਸਾਨਾਂ ਨੇ ਕਿਹਾ ਕਿ ਜੇ ਵਿਧਾਇਕ ਸੁਖਬੀਰ ਮਾਈਸਰਖਾਨਾ ਨੂੰ ਰੇਤੇ ਦੀ ਨਾਜਾਇਜ਼ ਮਾਈਨਿੰਗ ਲੱਗਦੀ ਹੈ ਤਾਂ ਕਿਸਾਨ ਉਨ੍ਹਾਂ ਨੂੰ ਆਪਣੇ ਉੱਚੇ ਟਿੱਬੇ ਇਕ ਸਾਲ ਲਈ ਸੰਭਾਉਣ ਨੂੰ ਤਿਆਰ ਹਨ ਪਰ ਇੱਕ ਸਾਲ ਬਾਅਦ ਉਹ ਮਿੱਟੀ ਚੁੱਕ ਕੇ ਜਿੰਨੇ ਮਰਜ਼ੀ ਪੈਸੇ ਕਮਾ ਲਵੇ ਉਸ ਤੋਂ ਬਾਅਦ ਉਨ੍ਹਾਂ ਨੂੰ ਨਹਿਰੀ ਪਾਣੀ ਲੱਗਣ ਯੋਗ ਜ਼ਮੀਨ ਪੱਧਰੀ ਕਰਕੇ ਦੇ ਦੇਵੇ। ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕੱਲ੍ਹ ਨੂੰ ਜਥੇਬੰਦੀ ਜ਼ਿਲ੍ਹੇ ਦੀ ਮੀਟਿੰਗ ਸੱਦੀ ਗਈ ਹੈ ਜੇਕਰ ਐੱਸਐੱਸਪੀ ਬਠਿੰਡਾ ਵੱਲੋਂ ਦਿੱਤੇ ਵਿਸ਼ਵਾਸ ਮੁਤਾਬਕ ਕਿਸਾਨਾਂ ਤੇ ਕੀਤੇ ਪਰਚੇ ਰੱਦ ਨਾ ਕੀਤੇ ਗਏ ਤਾਂ ਮੀਟਿੰਗ ਵਿਚ ਅਗਲੇ ਸੰਘਰਸ਼ ਦੀ ਵਿਉਂਤਬੰਦੀ ਕੀਤੀ ਜਾਵੇ ।ਅੱਜ ਦੇ ਧਰਨੇ ਨੂੰ ਪਰਮਜੀਤ ਕੌਰ ਪਿੱਥੋ , ਜਗਦੇਵ ਸਿੰਘ ਜੋਗੇਵਾਲਾ ,ਗੁਰਮੇਲ ਸਿੰਘ ਬਬਲੀ, ਕਾਲਾ ਸਿੰਘ ਚੱਠੇਵਾਲਾ , ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਬਲਜੀਤ ਸਿੰਘ ਪੂਹਲਾ,ਬਲਦੇਵ ਸਿੰਘ ਚੌਕੇ ,ਨਛੱਤਰ ਸਿੰਘ ਢੱਡੇ ਅਤੇ ਸਿਕੰਦਰ ਸਿੰਘ ਘੁੰਮਣ ਨੇ ਵੀ ਸੰਬੋਧਨ ਕੀਤਾ ।


Spread the love
Scroll to Top