ਨਗਰ ਕੌਂਸਲ ਦੀ ਫਰਜ਼ੀ ਚਿੱਠੀ ਤੋਂ,ਮੁਲਾਜਮਾਂ ‘ਚ ਪੈ ਗਿਆ ਭੜਥੂ
RERA ਕੋਲ ਪੇਸ਼ ਦਸਤਾਵੇਜਾਂ ਦੀ ਫਰੋਲਾ-ਫਰਾਲੀ ‘ਚੋਂ ਨਿੱਕਲਿਆ ਜਾਲੀ ਪੱਤਰ
ਨਗਰ ਕੌਂਸਲ ਦੇ ਰਿਕਾਰਡ ‘ਚ ਨਹੀਂ ਲੱਭ ਰਿਹਾ ਕਲੋਨਾਇਜਰ ਵਲੋਂ ਪੇਸ਼ ਪ੍ਰਵਾਨਗੀ ਪੱਤਰ
ਹਰਿੰਦਰ ਨਿੱਕਾ , ਬਰਨਾਲਾ 11 ਅਕਤੂਬਰ 2022
ਕੁੱਝ ਅਰਸਾ ਪਹਿਲਾਂ ਨਵੀਂ ਕਲੋਨੀ ਦਾ ਸਿਰਫ ਨਕਸ਼ਾ ਦਿਖਾ ਕੇ ਹੀ ਇਲਾਕੇ ਦੇ ਲੋਕਾਂ ਤੋਂ ਰਾਤੋ-ਰਾਤ ਕਰੋੜਾਂ ਰੁਪਏ ਇਕੱਠੇ ਕਰਨ ਤੋਂ ਬਾਅਦ, ਚਰਚਾ ਵਿੱਚ ਆਏ, ਵੱਡੇ ਕਲੋਨਾਈਜ਼ਰ ਵੱਲੋਂ, RERA ਤੋਂ ਮੰਜੂਰੀ ਲੈਣ ਸਬੰਧੀ , ਨਗਰ ਕੌਂਸਲ ਦੇ ਈ.ੳ. ਵੱਲੋਂ ਜ਼ਾਰੀ ਹੋਏ, ਕਥਿਤ ਜਾਲੀ ਪ੍ਰਵਾਨਗੀ ਪੱਤਰ ਨੇ ,ਜਿੱਥੇ ਹੁਣ ਕੌਂਸਲ ਮੁਲਾਜਮਾਂ ਵਿੱਚ ਭੜਥੂ ਪਾ ਦਿੱਤਾ ਹੈ। ਉੱਥੇ ਹੀ ਕਲੋਨਾਈਜ਼ਰ ਦੇ ਸਿਰ ਤੇ ਵੀ ਜਾਲੀ ਫਰਜੀ ਦਸਤਾਵੇਜ਼ ਤਿਆਰ ਕਰਕੇ, ਉਸਦਾ ਫਾਇਦਾ ਲੈਣ ਕਾਰਣ, ਅਪਰਾਧਿਕ ਮਾਮਲਾ ਦਰਜ਼ ਹੋਣ ਦੀ ਤਲਵਾਰ ਲਟਕਣ ਲੱਗ ਪਈ ਹੈ। ਕਰੀਬ ਸਵਾ ਕੁ ਸਾਲ ਪਹਿਲਾਂ, ਸ਼ਹਿਰ ਦੇ ਇੱਕ ਵੱਡੇ ਕਲੋਨਾਈਜਰ ਨੇ, ਕਲੋਨੀ ਦੀ ਪ੍ਰਵਾਨਗੀ ਲਈ, ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਪੰਜਾਬ ਕੋਲ ਦਿੱਤੀ ਜਾਣਕਾਰੀ ‘ਚ , ਕਲੋਨੀ ਨੂੰ ਹਰ ਪੱਖ ਤੋਂ ਕਾਨੂੰਨੀ ਮਾਨਤਾ ਹੋਣ ਸਬੰਧੀ ਪੇਸ਼ ਕੀਤੇ ਵੱਖ ਵੱਖ ਦਸਤਾਵੇਜਾਂ ਵਿੱਚੋਂ, ਹੁਣ ਇੱਕ ਜਾਲੀ ਪ੍ਰਵਾਨਗੀ ਪੱਤਰ ਦਾ ਭੂਤ ਬਾਹਰ ਨਿੱਕਲਿਆ ਹੈ। ਜਿਸ ਤੋਂ ਬਾਅਦ, ਲੰਬੇ ਸਮੇਂ ਤੋਂ ਕਲੋਨਾਈਜਰ ਨਾਲ ਸਾਂਝ ਭਿਆਲੀ ਰੱਖਣ ਵਾਲੇ, ਨਗਰ ਕੌਂਸਲ ਦੇ ਕੁੱਝ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਧੜਕਣਾਂ ਵੀ ਤੇਜ਼ ਹੋ ਗਈਆਂ ਹਨ।
ਇਸ ਬੇਹੱਦ ਗੰਭੀਰ ਮਾਮਲੇ ਸੰਬੰਧੀ ਕੀਤੀ ਗਈ ਜਾਂਚ ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਉਕਤ ਕਲੋਨਾਇਜਰ ਵੱਲੋਂ ਕਲੋਨੀ ਦੀ ਅਪਰੂਵਲ ਹੋਣ ਸੰਬੰਧੀ ‘ ਰੇਰਾ’ ਕੋਲ ਜਮਾਂ ਕਰਵਾਏ ਕਾਗਜ਼ਾਤ ਵਿੱਚ ਕਲੋਨੀ ਦੇ ਸੋਲਿਡ ਅਤੇ ਸੀਵਰੇਜ ਵੇਸਟਿੰਗ ਸੰਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਦੇ ਦਸਤਖ਼ਤਾਂ ਅਧੀਨ ਪ੍ਰਵਾਨਗੀ ਪੱਤਰ ਲਗਾਇਆ ਗਿਆ ਹੈ। ਇਹ ਪੱਤਰ ਨਗਰ ਕੌਂਸਲ ਦਫ਼ਤਰ ਦੀ ਕਿਸੇ ਵੀ ਸ਼ਾਖਾ ਤੋਂ ਜਾਰੀ ਹੀ ਨਹੀਂ ਹੋਇਆ ਹੈ । ਹੈਰਾਨੀਜਨਕ ਤੱਥ ਇਹ ਵੀ ਉੱਭਰ ਕੇ ਸਾਹਮਣੇ ਆਇਆ ਹੈ , ਉਸ ਦਿਨ ਤਤਕਾਲੀ ਕਾਰਜ ਸਾਧਕ ਅਫਸਰ ਦੀ ਬਦਲੀ ਹੋ ਗਈ ਸੀ, ਦੂਸਰੇ ਹੀ ਦਿਨ, ਉਹ ਰਿਲੀਵ ਵੀ ਹੋ ਗਿਆ ਸੀ ਤੇ ਨਵੇਂ ਕਾਰਜਸਾਧਕ ਅਫਸਰ ਨੇ ਚਾਰਜ ਵੀ ਸੰਭਾਲ ਲਿਆ ਸੀ।
ਹਮੇਸ਼ਾ ਲੋਕ ਹਿੱਤ ਲਈ ਕਾਨੂੰਨੀ ਲੜਾਈ ਲੜਨ ਵਾਲੇ ਆਰਟੀਆਈ ਐਕਟੀਵਿਸਟ ਭਗਵੰਤ ਰਾਏ ਨੇ, ਇਹ ਪੱਤਰ ਦੀ ਫੋਟੋ ਕਾਪੀ ਲੈਣ ਲਈ, ਬਕਾਇਦਾ, ਨਗਰ ਕੋਂਸਲ ਬਰਨਾਲਾ ਨੂੰ ਆਰ.ਟੀ.ਆਈ. ਵੀ ਪਾ ਦਿੱਤੀ ਹੈ। ਜਿਸ ਤੋਂ ਵੱਖ ਵੱਖ ਸ਼ਾਖਾ ਦੇ ਕਰਮਚਾਰੀਆਂ ਵੱਲੋਂ ਕੀਤੀ ਰਿਕਾਰਡ ਦੀ ਨਜਰਸਾਨੀ ਨੇ, ਮੁਲਾਜਮਾਂ ਵਿੱਚ ਨਵੀਂ ਚਰਚਾ ਛੇਡ ਦਿੱਤੀ ਹੈ ਕਿ ਆਖਿਰ ਪੱਤਰ ਤੇ ਲਿਖੇ ਨੰਬਰ ਦੇ ਨਾਲ, ਕਿਸੇ ਵੀ ਸ਼ਾਖਾ ਦਾ ਨਾਮ ਕਿਉਂ ਨਹੀਂ ਲਿਖਿਆ ਗਿਆ। ਜਦੋਂਕਿ ਹਰ ਪੱਤਰ ਦੇ ਨਾਲ ਸਬੰਧਿਤ ਸ਼ਾਖਾ ਦਾ ਕੋਡ ਅੱਖਰ ਲਿਖਿਆ ਜਾਂਦਾ ਹੈ। ਇੱਥੇ ਹੀ ਬੱਸ ਨਹੀਂ , ਨਗਰ ਕੌਂਸਲ ਦਾ ਇਹ ਪਹਿਲਾ ਹੀ ਪ੍ਰਵਾਨਗੀ ਪੱਤਰ ਹੈ, ਜਿਸ ਲਈ ਨਗਰ ਕੌਂਸਲ ਦਾ ਲੈਟਰਹੈਡ ਹੀ ਨਹੀਂ ਵਰਤਿਆ ਗਿਆ। ਇਹ ਪੱਤਰ ਦੀ ਦਿੱਖ ਪਹਿਲੀ ਨਜ਼ਰੇ ਹੀ ਫਰਜ਼ੀ ਜਾਪਦੀ ਹੈ। ਬਾ ਕਮਾਲ ਗੱਲ ਇਹ ਵੀ ਸਾਹਮਣੇ ਨਿੱਕਲ ਕੇ ਆਈ ਹੈ ਕਿ ਏ.ਡੀ.ਸੀ. ਅਰਬਨ ਵੱਲੋਂ 22 ਸਤੰਬਰ 2021 ਨੂੰ ਕਲੋਨਾਈਜ਼ਰ ਨੂੰ ਜਿੰਨ੍ਹਾ ਸ਼ਰਤਾਂ ਤਹਿਤ , ਕਲੋਨੀ ਦੇ ਨਿਰਮਾਣ ਦੀ ਪ੍ਰਵਾਨਗੀ ਦਿੱਤੀ ਹੈ, ਉਸ ਵਿੱਚ ਕਲੋਨਾਈਜਰ ਨੇ ਕਲੋਨੀ ਵਿੱਚ ਐਸ.ਟੀ.ਪੀ. ਪਲਾਟ ਲਾਏ ਜਾਣ ਦਾ ਜਿਕਰ ਕੀਤਾ ਹੈ,ਜਦੋਂ ਕਿ ਕਲੋਨੀ ਦੇ ਲੇਅਆਊਟ ਵਿੱਚ ਐਸ.ਟੀ.ਪੀ. ਪਲਾਟ ਦਾ ਕੋਈ ਥਾਂ ਹੀ ਦਰਜ਼ ਨਹੀਂ ਹੈ, ਪਰੰਤੂ ਕਾਰਜ ਸਾਧਕ ਅਫਸਰ ਦੇ ਕਥਿਤ ਪੱਤਰ ਵਿੱਚ ਸਾਫ ਤੌਰ ਤੇ ਦਰਜ਼ ਹੈ ਕਿ ਕਲੋਨੀ ਦੇ ਐਸ.ਟੀ.ਪੀ. ਦਾ ਕੁਨੈਕਸ਼ਨ, ਨਗਰ ਕੌਂਸਲ ਦੀ ਸੀਵਰੇਜ ਲਾਈਨ ਨਾਲ ਜੋੜਿਆ ਜਾਵੇਗਾ। ਉੱਧਰ ਇਹ ਵੀ ਪਤਾ ਲੱਗਾ ਹੈ ਕਿ ਉਕਤ ਪ੍ਰਵਾਨਗੀ ਪੱਤਰ ਤੇ ਜਿਸ ਕਾਰਜ ਸਾਧਕ ਅਫ਼ਸਰ ਦੇ ਦਸਤਖ਼ਤ ਦਰਸਾਏ ਗਏ ਹਨ ,ਉਨ੍ਹਾਂ ਵੀ ਆਪਣੇ ਦਸਤਖ਼ਤਾਂ ਪ੍ਰਤੀ ਖੁਦ ਵੀ ਅਗਿਆਨਤਾ ਤੇ ਹੈਰਾਨੀ ਪ੍ਰਗਟਾਈ ਜਾ ਰਹੀ ਹੈ ।
ਸ਼ੱਕ ਦੇ ਘੇਰੇ ਵਿੱਚ ਨਗਰ ਕੌਂਸਲ ਦੇ ਕਰਮਚਾਰੀ
ਕਲੋਨਾਈਜਰ ਨੂੰ ਫਾਇਦਾ ਪਹੁੰਚਾਉਣ ਅਤੇ ਰੇਰਾ ਅਥਾਰਟੀ ਦੇ ਅੱਖੀਂ ਘੱਟਾ ਪਾਉਣ ਦੇ ਇਸ ਜਾਲੀ ਫਰਜੀ ਪੱਤਰ ਮਾਮਲੇ ਸੰਬੰਧੀ ਨਗਰ ਕੌਂਸਲ ਦੇ ਕੁੱਝ ਮੁਲਾਜ਼ਮਾਂ ਦੀ ਕਥਿਤ ਮਿਲੀਭੁਗਤ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਪੱਤਰ ਤੇ ਹੱਥ ਨਾਲ ਲਿਖੀ ਤਾਰੀਖ ਅਤੇ ਪੱਤਰ ਨੰਬਰ ਦੀ ਲਿਖਾਈ ਤੋਂ ਵੱਖ ਵੱਖ ਮੁਲਾਜਮ, ਵੱਖ ਵੱਖ ਮੁਲਾਜਮ ਹੋਣ ਦੀ ਸ਼ਨਾਖਤ ਕਰਨ ਤੇ ਲੱਗੇ ਹੋਏ ਹਨ। ਕੁੱਝ ਵੀ, ਹੋਵੇ, ਜੇਕਰ ਕਿਸੇ ਇਮਾਨਦਾਰ ਤੇ ਨਿਰਪੱਖ ਆਲ੍ਹਾ ਅਧਿਕਾਰੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤਾਂ ਖੁਦ ਨੂੰ ਸਮਾਜ ਸੇਵੀ ਵਜੋਂ ਪੇਸ਼ ਕਰ ਰਹੇ, ਕਲੋਨਾਈਜਰ ਦਾ ਚਿਹਰਾ,ਬੇਨਕਾਬ ਹੋ ਜਾਵੇਗਾ।