ਨਿਆਂ ਦੀ ਤੱਕੜੀ ‘ਚ ਪੂਰੀ ਨਾ ਉਤਰੀ ਪੁਲਸੀਆ ਕਹਾਣੀ

Spread the love

ਤੈਅ ਸਮੇਂ ਵਿੱਚ ਚਲਾਨ ਪੇਸ਼ ਕਰਨ ਤੋਂ ਖੁੰਝੀ ਪੁਲਿਸ, ਮੁਲਜਮਾਂ ਨੂੰ ਮਿਲਿਆ ਜਮਾਨਤੀ ਲਾਹਾ

ਕਤਲ ਕੇਸ ਦੇ ਮੁਲਜਮਾਂ ਨੂੰ ਸਜਾ ਦਿਵਾਉਣ ਲਈ ਪੱਬਾਂ ਭਾਰ ਹੋਈ ਪੁਲਿਸ ਦੀ ਕਹਾਣੀ ਦੇ ਬਚਾਅ ਪੱਖ ਦੇ ਵਕੀਲਾਂ ਨੇ ਉਡਾਏ ਪਰਖੱਚੇ

ਹਰਿੰਦਰ ਨਿੱਕਾ , ਬਰਨਾਲਾ 3 ਮਈ 2023

   4 ਕੁ ਵਰ੍ਹੇ ਪਹਿਲਾਂ ਜਿਲ੍ਹੇ ਦੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਵਿਖੇ ਹੋਏ ਇੱਕ ਕਤਲ ਕੇਸ ਵਿੱਚ ਨਾਮਜਦ 2 ਦੋਸ਼ੀਆਂ ਨੂੰ ਕਟਿਹਰੇ ‘ਚ ਸਜਾ ਦਿਵਾਉਣ ਲਈ ਪੇਸ਼ ਕੀਤੀ ਕਹਾਣੀ ਨਿਆਂ ਦੀ ਤੱਕੜੀ ਵਿੱਚ ਪੂਰੀ ਨਾ ਉਤਰ ਸਕੀ। ਬਚਾਅ ਪੱਖ ਦੀ ਪੈਰਵੀ ਕਰਦੇ ਵਕੀਲਾਂ ਨੇ ਪੁਲਿਸ ਵੱਲੋਂ ਪੇਸ਼ ਕੀਤੀ ਕਹਾਣੀ ਦੇ ਪਰਖੱਚੇ ਉਡਾ ਦਿੱਤੇੇ । ਅਦਾਲਤ ਵਿੱਚ 4 ਵਰ੍ਹਿਆਂ ਤੋਂ ਵੱਧ ਸਮੇਂ ਤੱਕ ਚੱਲੀ ਸੁਣਵਾਈ ਦੌਰਾਨ ਮੁਦਈ ਧਿਰ ਵੱਲੋਂ ਪੇਸ਼ ਹੋਏ 17 ਗਵਾਹਾਂ ਉੱਪਰ ਬਚਾਅ ਪੱਖ ਦੇ 2 ਗਵਾਹ ਹੀ ਭਾਰੂ ਪੈ ਗਏ। ਨਤੀਜੇ ਵੱਜੋਂ ਮਾਨਯੋਗ ਜਿਲ੍ਹਾ ਤੇ ਸ਼ੈਸ਼ਨ ਜੱਜ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਵੇਂ ਨਾਮਜਦ ਮੁਲਜਮਾਂ ਨੂੰ ਬਾਇੱਜਤ ਬਰੀ ਕਰ ਦਿੱਤਾ।

ਕੀ ਕਹਿੰਦੀ ਐ ਕਤਲ ਦੀ ਫਾਇਲ ਦੇ ਫਰੋਲੇ ਪੰਨਿਆਂ ਦੀ ਕਹਾਣੀ

   ਥਾਣਾ ਭਦੌੜ ਦੀ ਪੁਲਿਸ ਕੋਲ ਦਰਜ਼ ਕਰਵਾਏ ਬਿਆਨ ਵਿੱਚ ਅੰਮ੍ਰਿਤਪਾਲ ਸਿੰਘ ਪੁੱਤਰ ਸਰਗੰਗ ਸਿੰਘ ਵਾਸੀ ਛੰਨਾ ਗੁਲਾਬ ਸਿੰਘ ਵਾਲਾ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਅਮਰਜੀਤ ਸਿੰਘ ਉਰਫ ਗੋਗੀ ਉਮਰ ਕਰੀਬ 42 ਸਾਲ ਦੀ ਸ਼ਾਦੀ ਮਨਪ੍ਰੀਤ ਕੌਰ ਉਰਫ ਹੈਪੀ ਪੁੱਤਰੀ ਹਰਨੇਕ ਸਿੰਘ ਵਾਸੀ ਪਿੰਡ ਸੇਲਬਰਾਹ , ਜਿਲ੍ਹਾ ਬਠਿੰਡਾ ਨਾਲ ਅਰਸਾ ਕਰੀਬ 10 ਕੁ ਸਾਲ ਪਹਿਲਾ ਹੋਈ ਸੀ। ਉਨਾਂ ਕਿਹਾ ਕਿ ਸਾਡੇ ਪਾਸ ਜਮੀਨ ਘੱਟ ਹੋਣ ਕਰਕੇ , ਮੇਰਾ ਭਰਾ ਅਮਰਜੀਤ ਸਿੰਘ ਉਰਫ ਗੋਗੀ ਮਿਹਨਤ ਮਜਦੂਰੀ ਦਾ ਹੀ ਕੰਮ ਕਰਦਾ ਸੀ । ਮੁਦਈ ਨੇ ਦੋਸ਼ ਲਾਇਆ ਕਿ ਉਸ ਦੀ ਭਰਜਾਈ ਮਨਪ੍ਰੀਤ ਕੌਰ ਉਰਫ ਹੈਪੀ ਦੇ ਸਾਡੇ ਪਿੰਡ ਦੇ ਹੀ ਰਹਿਣ ਵਾਲੇ ਰਾਜਪਾਲ ਕੁਮਾਰ ਉਰਫ ਰੌਲੀ ਪੁੱਤਰ ਬਿੱਲੂ ਰਾਮ ਨਾਲ ਨਜਾਇਜ ਸਬੰਧ ਸਨ । ਜਿਸ ਕਰਕੇ ਰਾਜਪਾਲ ਕੁਮਾਰ ਉਰਫ ਰੈਲੀ ਮੇਰੇ ਭਰਾ ਦੀ ਗੈਰਹਾਜਰੀ ਵਿੱਚ ਉਸ ਦੇ ਘਰ ‘ ਆਉਂਦਾ ਜਾਂਦਾ ਸੀ । ਦੋਵਾਂ ਦੇ ਨਜਾਇਜ ਸਬੰਧਾਂ ਬਾਰੇ ਅਮਰਜੀਤ ਸਿੰਘ ਨੂੰ ਵੀ ਪਤਾ ਲਗ ਗਿਆ ਸੀ। ਉਹ ਆਪਣੀ ਘਰਵਾਲੀ ਮਨਪ੍ਰੀਤ ਕੌਰ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ ਜੋ ਉਸਦੀ ਕੋਈ ਵੀ ਗਲ ਨਹੀ ਸੀ ਮੰਨਦੀ । ਜਿਸ ਕਰਕੇ ਉਹ ਉਸ ਨਾਲ ਅਕਸਰ ਕਲੇਸ਼ ਕਰਦੀ ਰਹਿੰਦੀ ਸੀ।                                   

    ਮੁਦਈ ਅੰਮ੍ਰਿਤਪਾਲ ਸਿੰਘ ਨੇ ਆਪਣੇ ਭਰਾ ਅਮਰਜੀਤ ਸਿੰਘ ਦੇ ਹਵਾਲੇ ਨਾਲ ਦੱਸਿਆ ਕਿ ਇਹ ਸਾਰੀ ਜਾਣਕਾਰੀ ਉਸ ਨੂੰ ਅਮਰਜੀਤ ਸਿੰਘ ਨੇ ਖੁਦ ਹੀ ਦੱਸੀ ਸੀ ਕਿ ਉਸ ਦੀ ਘਰਵਾਲੀ , ਰਾਜਪਾਲ ਕੁਮਾਰ ਨਾਲ ਰਲਕੇ ਉਸ ਨੂੰ ਮਾਰਨ ਨੂੰ ਫਿਰਦੇ ਹਨ । ਇਸ ਕੰਮ ਲਈ ਉਸ ਦੀ ਸਾਲੀ ਕੁਲਵਿੰਦਰ ਕੌਰ ਪਤਨੀ ਜਸਪਾਲ ਸਿੰਘ ਕੌਮ ਜੱਟ ਵਾਸੀ ਢਿਪਾਲੀ ਵੀ ਉਸ ਦੀ ਘਰਵਾਲੀ ਅਤੇ ਰਾਜਪਾਲ ਕੁਮਾਰ ਨੂੰ ਮੈਨੂੰ ਮਾਰਨ ਲਈ ਸ਼ਹਿ ਦਿੰਦੀ ਸੀ। ਮੁਦਈ ਅਨੁਸਾਰ ਮਿਤੀ 31-12-2018 ਨੂੰ ਦੇਰ ਰਾਤ ,ਉਹ ਆਪਣੇ ਭਰਾ ਦੇ ਘਰ ਅੱਗੋਂ ਦੀ ਲੰਘਿਆ ਤਾਂ ਉਸ ਦੀ ਭਰਜਾਈ ਮਨਪ੍ਰੀਤ ਕੌਰ, ਜੋ ਮੇਰੇ ਭਰਾ ਨੂੰ ਗਾਲੀ ਗਲੋਚ ਕਰ ਰਹੀ ਸੀ , ਰਾਜਪਾਲ ਕੁਮਾਰ ਵੀ ਮੇਰੇ ਭਰਾ ਦੇ ਘਰ ਹੀ ਖੜ੍ਹਾ ਸੀ । ਦੂਜੇ ਦਿਨ ਸਵੇਰੇ ਜਦੋਂ ਮੈਂ ਮੇਰੇ ਭਰਾ ਅਮਰਜੀਤ ਸਿੰਘ ਦੇ ਘਰ ਰਾਤ ਸਮੇਂ ਹੋ ਰਹੇ ਗਾਲੀ ਗਲੋਚ ਬਾਰੇ ਪਤਾ ਕਰਨ ਲਈ ਗਿਆ ਤਾਂ ਮੇਰਾ ਭਰਾ ਆਪਣੇ ਕਮਰੇ ਵਿੱਚ ਬੈਡ ਤੇ ਪਿਆ ਸੀ । ਜਦੋਂ ਉਸ ਨੂੰ ਬੁਲਾਇਆ ਤਾਂ ਉਹ ਨਹੀਂ ਬੋਲਿਆ ਤਾਂ ਮੈਂ ਉਸ ਨੂੰ ਹਿਲਾ ਕੇ ਰੱਖਿਆ ਤਾਂ ਉਹ ਮਰਿਆ ਪਿਆ ਸੀ। ਜਿਸ ਦਾ ਮੂੰਹ ਝੰਗ ਨਾਲ ਲਿਬੜਿਆ ਹੋਇਆ ਸੀ। ਮਨਪ੍ਰੀਤ ਕੌਰ ਵੀ ਨਾਲ ਵਾਲੇ ਕਮਰੇ ਵਿੱਚ ਹੀ ਬੈਠੀ ਸੀ, ਜੋ ਕਾਫੀ ਘਬਰਾਈ ਹੋਈ ਸੀ। ਮੁਦਈ ਨੇ ਕਿਹਾ ਕਿ ਉਸ ਨੂੰ ਪੱਕਾ ਯਕੀਨ ਹੈ ਕਿ ਮਨਪ੍ਰੀਤ ਕੌਰ ਉਰਫ ਹੈਪੀ ਨੇ ਰਾਜਪਾਲ ਕੁਮਾਰ ਨਾਲ ਮਿਲਕੇ ਆਪਣੀ ਭੈਣ ਕੁਲਵਿੰਦਰ ਕੌਰ ਦੀ ਸਹਿ ਪਰ ਆਪਣੇ ਨਜਾਇਜ ਸਬੰਧਾਂ ਦੇ ਰਾਹ ਵਿੱਚੋਂ ਅੜਿੱਕਾ ਦੂਰ ਕਰਨ ਲਈ ਅਰਮਜੀਤ ਸਿੰਘ ਨੂੰ ਕੋਈ ਜਹਿਰੀਲੀ ਚੀਜ ਦੇ ਕੇ ਜਾਂ ਉਸ ਦਾ ਗਲਾ ਦਬਾਕੇ ਮਾਰ ਦਿੱਤਾ ਹੈ । ਮਾਮਲੇ ਦੇ ਤਫਤੀਸ਼ ਅਧਿਕਾਰੀ ਐਸ.ਐਚ.ੳ. ਗੌਰਵਵੰਸ਼ ਸਿੰਘ ਨੇ ਮੁਦਈ ਦੇ ਬਿਆਨ ਪਰ, ਮਨਪ੍ਰੀਤ ਕੌਰ ਹੈਪੀ, ਉਸ ਦੀ ਭੈਣ ਕੁਲਵਿੰਦਰ ਕੌਰ ਅਤੇ ਪ੍ਰੇਮੀ ਰਾਜਪਾਲ ਕੁਮਾਰ ਦੇ ਖਿਲਾਫ 302/34 ਆਈਪੀਸੀ ਤਹਿਤ ਕੇਸ ਦਰਜ਼ ਕਰ ਦਿੱਤਾ ਸੀ। 

ਪੁਲਿਸ ਕਾਰਵਾਈ ਦੀਆਂ ਕਮੀਆਂ ਦੀ ਫਹਿਰਿਸ਼ਤ ਲੰੰਬੀ 

   ਐਫ.ਆਈ.ਆਰ. ਅਨੁਸਾਰ ਅਮਰਜੀਤ ਸਿੰਘ ਦੀ ਹੱਤਿਆ 31 ਦਿਸੰਬਰ 2018 ਤੇ 1 ਜਨਵਰੀ 2019 ਦੀ ਦਰਮਿਆਨੀ ਰਾਤ ਕਿਸੇ ਸਮੇਂ ਵਾਪਰੀ। ਪੁਲਿਸ ਨੇ ਐਫ.ਆਈ.ਆਰ. ਇੱਕ ਜਨਵਰੀ ਦੀ ਸ਼ਾਮ ਕਰੀਬ ਸਾਢੇ ਪੰਜ ਵਜੇ ਦਰਜ਼ ਕੀਤੀ, ਜਦੋਂਕਿ ਮੁਦਈ ਨੂੰ ਉਸੇ ਦਿਨ ਸਵੇਰ ਵੇਲੇ ਹੀ ਹੱਤਿਆ ਬਾਰੇ ਪਤਾ ਲੱਗ ਗਿਆ ਸੀ। ਇੱਥੇ ਹੀ ਬੱਸ ਨਹੀਂ, ਪੁਲਿਸ ਨੇ ਹੱਤਿਆ ਦੀ ਐਫ.ਆਈ.ਆਰ. ਇਲਾਕਾ ਮਜਿਸਟ੍ਰੇਟ ਕੋਲ 2 ਜਨਵਰੀ ਦੀ ਸਵੇਰੇ ਕਰੀਬ 10 ਵਜੇ ਭੇਜੀ, ਜਦੋਂਕਿ ਨਿਯਮਾਂ ਮੁਤਾਬਿਕ ਐਫ.ਆਈ.ਆਰ. ਤੁਰੰਤ ਅਦਾਲਤ ਨੂੰ ਭੇਜੀ ਜਾਣੀ ਚਾਹੀਦੀ ਸੀ। ਪੁਲਿਸ ਨੇ ਦੋਸ਼ੀਆਂ ਦੀ ਗਿਰਫਤਾਰੀ ਤੋਂ 90 ਦਿਨ ਬਾਅਦ ਅਦਾਲਤ ਵਿੱਚ ਚਲਾਨ ਪੇਸ਼ ਕਰਨਾ ਬਣਦਾ ਸੀ। ਪਰੰਤੂ ਤੈਅ ਸਮੇਂ ਵਿੱਚ ਚਲਾਨ ਪੇਸ਼ ਨਾ ਕਰਨ ਕਰਕੇ, ਹੱਤਿਆ ਦੇ ਦੋਸ਼ ਵਿੱਚ ਗਿਰਫਤਾਰ ਦੋਵਾਂ ਦੋਸ਼ੀਆਂ ਨੂੰ 167(2) ਸੈਕਸ਼ਨ ਤਹਿਤ ਅਦਾਲਤ ਨੇ ਜਮਾਨਤ ਪਰ ਰਿਹਾ ਕਰ ਦਿੱਤਾ ਸੀ। ਤੀਜੀ ਨਾਮਜ਼ਦ ਦੋਸ਼ੀ ਕੁਲਵਿੰਦਰ ਕੌਰ ਨੂੰ ਤਫਤੀਸ਼ ਦੌਰਾਨ ਹੀ ਪੁਲਿਸ ਨੇ ਬੇਗੁਨਾਹ ਕਰਾਰ ਦੇ ਦਿੱਤਾ ਗਿਆ ਸੀ।       ਕੇਸ ਦੀ ਮੁੱਖ ਮੁਲਜਮ ਮਨਪ੍ਰੀਤ ਕੌਰ ਹੈਪੀ ਦੀ ਤਰਫੋਂ ਸੀਨੀਅਰ ਐਡਵੋਕੇਟ ਰਾਹੁਲ ਗੁਪਤਾ ਅਤੇ ਰਾਜਪਾਲ ਕੁਮਾਰ ਵੱਲੋਂ ਐਡਵੋਕੇਟ ਸਰਬਜੀਤ ਨੰਗਲ ਪੇਸ਼ ਹੋਏ। ਦੋਵਾਂ ਵਕੀਲਾਂ ਨੇ ਅਦਾਲਤ ਵਿੱਚ ਚੱਲੀ ਸੁਣਵਾਈ ਦੌਰਾਨ ਉਕਤ ਖਾਮੀਆਂ ਨੂੰ ਬਾਖੂਬੀ ਪ੍ਰਮੁੱਖਤਾ ਨਾਲ ਉਭਾਰਿਆ ਅਤੇ ਪੁਲਿਸ ਤੇ ਮੁਦਈ ਵੱਲੋਂ ਘੜੀ ਕਹਾਣੀ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ । ਐਡਵੋਕੇਟ ਰਾਹੁਲ ਗੁਪਤਾ ਨੇ ਦੱਸਿਆ ਕਿ ਮਨਪ੍ਰੀਤ ਕੌਰ ਤਾਂ ਘਟਨਾ ਵਾਲੇ ਦਿਨ ਆਪਣੇ ਪੇਕੇ ਘਰ ਸੀ, ਜਿਸਦੀ ਪੁਸ਼ਟੀ ਸਫਾਈ ਦੇ ਗਵਾਹ ਅਤੇ ਉਸ ਦੇ ਪਿਤਾ ਨੇ ਅਦਾਲਤ ਵਿੱਚ ਵੀ ਕੀਤੀ। ਬਚਾਅ ਪੱਖ ਵੱਲੋਂ ਅਦਾਲਤ ਵਿੱਚ ਪੇਸ਼ ਹੋਏ ਆਦੇਸ਼ ਹਸਪਤਾਲ ਭੁੱਚੋ ,ਬਠਿੰਡਾ ਦੇ ਫੋਰੈਂਸਿਕ ਮੈਡੀਸਨ ਦੇ ਐਮਡੀ ਡਾਕਟਰ ਵਿਸ਼ਾਲ ਗਰਗ ਨੇ  ਕਿਹਾ ਕਿ ਬਿਸਰਾ ਦੀ ਲੈਬ ਟੈਸਟ ਰਿਪੋਰਟ ਵਿੱਚ ਜਹਿਰੀਲੀ ਦਵਾਈ ਦੀ ਮਿਕਦਾਰ ਬਾਰੇ ਕੁੱਝ ਨਹੀਂ ਦੱਸਿਆ ਗਿਆ, ਜਿਸ ਤੋਂ ਇਹ ਕਦਾਚਿਤ ਸਾਬਿਤ ਨਹੀਂ ਹੁੰਦਾ ਕਿ ਵਿਅਕਤੀ ਦੀ ਮੌਤ ਜਹਿਰੀਲੀ ਦਵਾਈ ਨਾਲ ਹੀ ਹੋਈ ਹੈ। ਵਕੀਲਾਂ ਨੇ ਇਹ ਵੀ ਕਿਹਾ ਕਿ ਰਾਜਪਾਲ ਕੁਮਾਰ ਨੂੰ 3 ਜਨਵਰੀ ਨੂੰ ਗਿਰਫਤਾਰ ਕਰਕੇ,ਉਸ ਦੀ ਨਿਸ਼ਾਨਦੇਹੀ ਪਰ, ਮ੍ਰਿਤਕ ਦੇ ਘਰੋਂ 5 ਜਨਵਰੀ ਨੂੰ ਜਹਿਰੀਲੀ ਦਵਾਈ ਦੀ ਬੋਤਲ ਤੇ ਗਿਲਾਸ ਬਰਾਮਦ ਕਰਵਾਇਆ ਗਿਆ। ਜਦੋਂਕਿ ਫਰਦ ਇੰਕਸ਼ਾਫ ਵਿੱਚ ਰਾਜਪਾਲ ਕੁਮਾਰ ਨੇ ਪੁਲਿਸ ਵੱਲੋਂ ਪੇਸ਼ ਕੀਤੀ ਕਹਾਣੀ ਨੂੰ ਹੀ ਮੰਨਿਆ ਗਿਆ ਸੀ,ਆਈ.ੳ. ਅਨੁਸਾਰ ਗਿਰਫਤਾਰੀ ਤੋਂ ਬਾਅਦ ਰਾਜਪਾਲ ਨੂੰ ਮ੍ਰਿਤਕ ਦੇ ਘਰ ਲਿਜਾ ਕੇ ਬਕਾਇਦਾ ਘਰ ਦੀ ਤਲਾਸ਼ੀ ਵੀ ਕੀਤੀ ਗਈ ਸੀ। ਫਿਰ ਉਸ ਸਮੇਂ ਕੋਈ ਬਰਾਮਦਗੀ ਕਿਉਂ ਨਹੀਂ ਦਿਖਾਈ ਗਈ। ਦੋਵਾਂ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਮੁਦਈ ਨੇ ਅਮਰਜੀਤ ਸਿੰਘ ਦੀ ਜਮੀਨ ਹੜੱਪ ਲੈਣ ਦੀ ਨੀਯਤ ਨਾਲ ਹੀ, ਉਸ ਦੀ ਪਤਨੀ ਮਨਪ੍ਰੀਤ ਕੌਰ ਅਤੇ ਅਮਰਜੀਤ ਸਿੰਘ ਦੀ ਜਮੀਨ ਠੇਕਾ ਪਰ ਵਾਹ ਰਹੇ ਰਾਜਪਾਲ ਕੁਮਾਰ ਨੂੰ  ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਮਾਨਯੋਗ ਜਿਲਾ ਤੇ ਸ਼ੈਸ਼ਨ ਜੱਜ ਬੀ.ਬੀ.ਐਸ. ਤੇਜੀ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਨਪ੍ਰੀਤ ਕੌਰ ਅਤੇ ਰਾਜਪਾਲ ਕੁਮਾਰ ਨੂੰ ਬਾਇੱਜਤ ਬਰੀ ਕਰ ਦਿੱਤਾ। 


Spread the love
Scroll to Top